ਹਿਜ਼ਕੀਏਲ 34:1-31

  • ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ (1-10)

  • ਯਹੋਵਾਹ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਦਾ ਹੈ (11-31)

    • ਮੇਰਾ “ਸੇਵਕ ਦਾਊਦ” ਉਨ੍ਹਾਂ ਦਾ ਚਰਵਾਹਾ ਬਣੇਗਾ (23)

    • “ਸ਼ਾਂਤੀ ਦਾ ਇਕਰਾਰ” (25)

34  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। ਹਾਂ, ਭਵਿੱਖਬਾਣੀ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਇਜ਼ਰਾਈਲ ਦੇ ਚਰਵਾਹਿਆਂ ਉੱਤੇ+ ਜਿਹੜੇ ਆਪਣਾ ਢਿੱਡ ਭਰਨ ਵਿਚ ਲੱਗੇ ਹੋਏ ਹਨ! ਕੀ ਚਰਵਾਹਿਆਂ ਨੂੰ ਭੇਡਾਂ ਦਾ ਢਿੱਡ ਨਹੀਂ ਭਰਨਾ ਚਾਹੀਦਾ?+  ਤੁਸੀਂ ਜਾਨਵਰਾਂ ਦੀ ਚਰਬੀ ਖਾਂਦੇ ਹੋ, ਉੱਨ ਦੇ ਕੱਪੜੇ ਪਾਉਂਦੇ ਹੋ ਅਤੇ ਮੋਟੇ-ਤਾਜ਼ੇ ਜਾਨਵਰ ਵੱਢਦੇ ਹੋ,+ ਪਰ ਭੇਡਾਂ ਦਾ ਢਿੱਡ ਨਹੀਂ ਭਰਦੇ।+  ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਚੰਗਾ ਨਹੀਂ ਕੀਤਾ, ਜ਼ਖ਼ਮੀਆਂ ਦੇ ਮਲ੍ਹਮ-ਪੱਟੀ ਨਹੀਂ ਕੀਤੀ, ਭਟਕੀਆਂ ਨੂੰ ਵਾਪਸ ਨਹੀਂ ਲਿਆਂਦਾ ਅਤੇ ਗੁਆਚੀਆਂ ਨੂੰ ਲੱਭਣ ਨਹੀਂ ਗਏ।+ ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਸਖ਼ਤੀ ਤੇ ਬੇਰਹਿਮੀ ਨਾਲ ਪੇਸ਼ ਆਏ।+  ਭੇਡਾਂ ਦਾ ਕੋਈ ਚਰਵਾਹਾ ਨਹੀਂ ਸੀ, ਇਸ ਕਰਕੇ ਉਹ ਖਿੰਡ-ਪੁੰਡ ਗਈਆਂ।+ ਉਹ ਤਿੱਤਰ-ਬਿੱਤਰ ਹੋ ਗਈਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਈਆਂ।  ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਸਾਰੀਆਂ ਉੱਚੀਆਂ ਪਹਾੜੀਆਂ ’ਤੇ ਭਟਕਦੀਆਂ ਰਹੀਆਂ; ਮੇਰੀਆਂ ਭੇਡਾਂ ਸਾਰੀ ਧਰਤੀ ’ਤੇ ਖਿੱਲਰ ਗਈਆਂ। ਕਿਸੇ ਨੇ ਵੀ ਉਨ੍ਹਾਂ ਦੀ ਤਲਾਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਲੱਭਿਆ।  “‘“ਇਸ ਲਈ ਹੇ ਚਰਵਾਹਿਓ, ਯਹੋਵਾਹ ਦਾ ਸੰਦੇਸ਼ ਸੁਣੋ:  ‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ ਅਤੇ ਹਰ ਜੰਗਲੀ ਜਾਨਵਰ ਦਾ ਭੋਜਨ ਬਣ ਗਈਆਂ ਕਿਉਂਕਿ ਉਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ ਅਤੇ ਮੇਰੇ ਚਰਵਾਹਿਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਉਹ ਮੇਰੀਆਂ ਭੇਡਾਂ ਦਾ ਢਿੱਡ ਭਰਨ ਦੀ ਬਜਾਇ ਆਪਣਾ ਢਿੱਡ ਭਰਨ ਵਿਚ ਲੱਗੇ ਰਹੇ,”’  ਇਸ ਲਈ ਹੇ ਚਰਵਾਹਿਓ, ਯਹੋਵਾਹ ਦਾ ਸੰਦੇਸ਼ ਸੁਣੋ। 10  ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਚਰਵਾਹਿਆਂ ਦੇ ਖ਼ਿਲਾਫ਼ ਹਾਂ। ਮੈਂ ਉਨ੍ਹਾਂ ਤੋਂ ਆਪਣੀਆਂ ਭੇਡਾਂ ਦਾ ਹਿਸਾਬ ਲਵਾਂਗਾ।* ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦਾ ਢਿੱਡ ਭਰਨ* ਦੀ ਜ਼ਿੰਮੇਵਾਰੀ ਤੋਂ ਹਟਾ ਦਿਆਂਗਾ+ ਅਤੇ ਫਿਰ ਚਰਵਾਹੇ ਅੱਗੇ ਤੋਂ ਆਪਣਾ ਢਿੱਡ ਨਹੀਂ ਭਰ ਸਕਣਗੇ। ਮੈਂ ਆਪਣੀਆਂ ਭੇਡਾਂ ਨੂੰ ਉਨ੍ਹਾਂ ਦੇ ਮੂੰਹੋਂ ਛੁਡਾਵਾਂਗਾ ਅਤੇ ਉਹ ਅੱਗੇ ਤੋਂ ਉਨ੍ਹਾਂ ਦਾ ਭੋਜਨ ਨਹੀਂ ਬਣਨਗੀਆਂ।’” 11  “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਖ਼ੁਦ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ ਅਤੇ ਉਨ੍ਹਾਂ ਦੀ ਦੇਖ-ਭਾਲ ਕਰਾਂਗਾ।+ 12  ਜਿਵੇਂ ਇਕ ਚਰਵਾਹਾ ਆਪਣੀਆਂ ਤਿੱਤਰ-ਬਿੱਤਰ ਹੋਈਆਂ ਭੇਡਾਂ ਨੂੰ ਲੱਭ ਕੇ ਲਿਆਉਂਦਾ ਹੈ ਅਤੇ ਉਨ੍ਹਾਂ ਦਾ ਢਿੱਡ ਭਰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਾਂਗਾ।+ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾ ਕੇ ਲਿਆਵਾਂਗਾ ਜਿੱਥੇ ਉਹ ਕਾਲੀਆਂ ਘਟਾਵਾਂ ਅਤੇ ਘੁੱਪ ਹਨੇਰੇ ਦੇ ਦਿਨ+ ਖਿੰਡ-ਪੁੰਡ ਗਈਆਂ ਸਨ। 13  ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਕੱਢ ਕੇ ਅਤੇ ਦੇਸ਼ਾਂ ਵਿੱਚੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ, ਪਾਣੀ ਦੇ ਚਸ਼ਮਿਆਂ ਕੋਲ ਅਤੇ ਦੇਸ਼ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਉਨ੍ਹਾਂ ਦਾ ਢਿੱਡ ਭਰਾਂਗਾ।+ 14  ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ’ਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ’ਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।” 15  “‘“ਮੈਂ ਖ਼ੁਦ ਆਪਣੀਆਂ ਭੇਡਾਂ ਦਾ ਢਿੱਡ ਭਰਾਂਗਾ+ ਅਤੇ ਮੈਂ ਖ਼ੁਦ ਉਨ੍ਹਾਂ ਨੂੰ ਆਰਾਮ ਕਰਨ ਲਈ ਲੈ ਕੇ ਜਾਵਾਂਗਾ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 16  “ਮੈਂ ਗੁਆਚੀ ਹੋਈ ਭੇਡ ਦੀ ਤਲਾਸ਼ ਕਰਾਂਗਾ,+ ਭਟਕੀ ਹੋਈ ਨੂੰ ਵਾਪਸ ਲਿਆਵਾਂਗਾ, ਜ਼ਖ਼ਮੀ ਦੇ ਮਲ੍ਹਮ-ਪੱਟੀ ਕਰਾਂਗਾ ਅਤੇ ਕਮਜ਼ੋਰ ਨੂੰ ਤਕੜੀ ਕਰਾਂਗਾ; ਪਰ ਮੋਟੀ ਅਤੇ ਤਕੜੀ ਭੇਡ ਨੂੰ ਮਾਰ ਸੁੱਟਾਂਗਾ। ਮੈਂ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦਿਆਂਗਾ।” 17  “‘ਹੇ ਮੇਰੀਓ ਭੇਡੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇੱਜੜ ਦੀਆਂ ਭੇਡਾਂ ਦਾ, ਭੇਡੂਆਂ ਅਤੇ ਬੱਕਰਿਆਂ ਦਾ ਨਿਆਂ ਕਰਨ ਵਾਲਾ ਹਾਂ।+ 18  ਕੀ ਤੁਹਾਡੇ ਲਈ ਇੰਨਾ ਕਾਫ਼ੀ ਨਹੀਂ ਕਿ ਤੁਸੀਂ ਸਭ ਤੋਂ ਵਧੀਆ ਚਰਾਂਦਾਂ ਵਿਚ ਚਰਦੇ ਹੋ? ਹੁਣ ਤੁਸੀਂ ਆਪਣੀਆਂ ਬਾਕੀ ਚਰਾਂਦਾਂ ਨੂੰ ਆਪਣੇ ਪੈਰਾਂ ਨਾਲ ਕਿਉਂ ਮਿੱਧਦੇ ਹੋ? ਅਤੇ ਤੁਸੀਂ ਆਪ ਤਾਂ ਸਾਫ਼-ਸੁਥਰਾ ਪਾਣੀ ਪੀ ਲਿਆ, ਪਰ ਹੁਣ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਦਾ ਕਿਉਂ ਕਰਦੇ ਹੋ? 19  ਕੀ ਹੁਣ ਮੇਰੀਆਂ ਭੇਡਾਂ ਇਨ੍ਹਾਂ ਚਰਾਂਦਾਂ ਵਿਚ ਚਰਨ ਜਿਨ੍ਹਾਂ ਨੂੰ ਤੁਸੀਂ ਆਪਣੇ ਪੈਰਾਂ ਹੇਠ ਮਿੱਧਿਆ ਹੈ ਅਤੇ ਉਹ ਪਾਣੀ ਪੀਣ ਜਿਸ ਨੂੰ ਤੁਸੀਂ ਆਪਣੇ ਪੈਰਾਂ ਨਾਲ ਗੰਦਾ ਕੀਤਾ ਹੈ?” 20  “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਉਨ੍ਹਾਂ ਨੂੰ ਕਹਿੰਦਾ ਹੈ: “ਦੇਖੋ, ਮੈਂ ਆਪ ਮੋਟੀ ਭੇਡ ਵਿਚ ਅਤੇ ਲਿੱਸੀ ਭੇਡ ਵਿਚ ਨਿਆਂ ਕਰਾਂਗਾ 21  ਕਿਉਂਕਿ ਤੁਸੀਂ ਪਾਸੇ ਅਤੇ ਮੋਢੇ ਮਾਰ ਕੇ ਸਾਰੀਆਂ ਬੀਮਾਰ ਭੇਡਾਂ ਨੂੰ ਧੱਕਦੇ ਰਹੇ ਅਤੇ ਸਿੰਗ ਮਾਰ ਕੇ ਉਨ੍ਹਾਂ ਨੂੰ ਭਜਾਉਂਦੇ ਰਹੇ ਜਦ ਤਕ ਉਹ ਦੂਰ-ਦੂਰ ਤਕ ਖਿੱਲਰ ਨਾ ਗਈਆਂ। 22  ਮੈਂ ਆਪਣੀਆਂ ਭੇਡਾਂ ਨੂੰ ਬਚਾਵਾਂਗਾ ਅਤੇ ਉਹ ਅੱਗੇ ਤੋਂ ਕਿਸੇ ਦਾ ਸ਼ਿਕਾਰ ਨਹੀਂ ਬਣਨਗੀਆਂ+ ਅਤੇ ਮੈਂ ਭੇਡਾਂ ਦਾ ਨਿਆਂ ਕਰਾਂਗਾ। 23  ਮੈਂ ਆਪਣੇ ਸੇਵਕ ਦਾਊਦ ਨੂੰ ਉਨ੍ਹਾਂ ਦਾ ਚਰਵਾਹਾ ਨਿਯੁਕਤ ਕਰਾਂਗਾ+ ਅਤੇ ਉਹ ਉਨ੍ਹਾਂ ਦਾ ਢਿੱਡ ਭਰੇਗਾ। ਉਹ ਆਪ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ।+ 24  ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਦਾ ਮੁਖੀ ਹੋਵੇਗਾ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ। 25  “‘“ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ।+ ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ+ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।+ 26  ਮੈਂ ਉਨ੍ਹਾਂ ਨੂੰ ਅਤੇ ਆਪਣੀ ਪਹਾੜੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬਰਕਤ ਦਾ ਕਾਰਨ ਬਣਾਵਾਂਗਾ+ ਅਤੇ ਮੈਂ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਉਨ੍ਹਾਂ ’ਤੇ ਬਰਕਤਾਂ ਦਾ ਮੀਂਹ ਵਰ੍ਹੇਗਾ।+ 27  ਮੈਦਾਨ ਦੇ ਦਰਖ਼ਤ ਆਪਣਾ ਫਲ ਦੇਣਗੇ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ।+ ਉਹ ਦੇਸ਼ ਵਿਚ ਸੁਰੱਖਿਅਤ ਵੱਸਣਗੇ। ਜਦ ਮੈਂ ਉਨ੍ਹਾਂ ਦੇ ਜੂਲੇ ਭੰਨ ਸੁੱਟਾਂਗਾ+ ਅਤੇ ਉਨ੍ਹਾਂ ਲੋਕਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਗ਼ੁਲਾਮ ਬਣਾਇਆ ਸੀ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 28  ਫਿਰ ਉਹ ਕੌਮਾਂ ਦਾ ਸ਼ਿਕਾਰ ਨਹੀਂ ਬਣਨਗੇ ਅਤੇ ਨਾ ਹੀ ਧਰਤੀ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਪਾੜ ਖਾਣਗੇ। ਉਹ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+ 29  “‘“ਮੈਂ ਉਨ੍ਹਾਂ ਲਈ ਇਕ ਬਾਗ਼ ਲਾਵਾਂਗਾ ਜੋ ਮਸ਼ਹੂਰ ਹੋਵੇਗਾ ਜਿਸ ਕਰਕੇ ਉਹ ਦੇਸ਼ ਵਿਚ ਕਾਲ਼ ਨਾਲ ਨਹੀਂ ਮਰਨਗੇ+ ਅਤੇ ਕੌਮਾਂ ਅੱਗੇ ਤੋਂ ਉਨ੍ਹਾਂ ਨੂੰ ਬੇਇੱਜ਼ਤ ਨਹੀਂ ਕਰਨਗੀਆਂ।+ 30  ‘ਫਿਰ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਨਾਲ ਹਾਂ ਅਤੇ ਇਜ਼ਰਾਈਲ ਦਾ ਘਰਾਣਾ ਮੇਰੇ ਲੋਕ ਹਨ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’ 31  “‘ਹੇ ਮੇਰੀਓ ਭੇਡੋ,+ ਤੁਸੀਂ ਇਨਸਾਨ ਹੀ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਡੀ ਦੇਖ-ਭਾਲ ਕਰਦਾ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਜਾਂ, “ਮੈਂ ਉਨ੍ਹਾਂ ਤੋਂ ਆਪਣੀਆਂ ਭੇਡਾਂ ਵਾਪਸ ਮੰਗਾਂਗਾ।”
ਜਾਂ, “ਦੀ ਦੇਖ-ਭਾਲ ਕਰਨ।”