ਹਿਜ਼ਕੀਏਲ 29:1-21

  • ਫ਼ਿਰਊਨ ਦੇ ਖ਼ਿਲਾਫ਼ ਭਵਿੱਖਬਾਣੀ (1-16)

  • ਬਾਬਲ ਨੂੰ ਮਿਸਰ ਇਨਾਮ ਵਿਚ ਮਿਲੇਗਾ (17-21)

29  ਮੈਨੂੰ ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ 12 ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਊਨ ਵੱਲ ਆਪਣਾ ਮੂੰਹ ਕਰ ਅਤੇ ਉਸ ਦੇ ਖ਼ਿਲਾਫ਼ ਅਤੇ ਸਾਰੇ ਮਿਸਰ ਦੇ ਖ਼ਿਲਾਫ਼ ਭਵਿੱਖਬਾਣੀ ਕਰ।+  ਤੂੰ ਇਹ ਕਹੀਂ: ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਮਿਸਰ ਦੇ ਰਾਜੇ ਫ਼ਿਰਊਨ, ਮੈਂ ਤੇਰੇ ਖ਼ਿਲਾਫ਼ ਹਾਂ,+ਤੂੰ ਨੀਲ ਦਰਿਆ ਦੀਆਂ ਨਹਿਰਾਂ ਵਿਚ ਰਹਿਣ ਵਾਲਾ ਵੱਡਾ ਸਮੁੰਦਰੀ ਜੀਵ ਹੈਂ+ਤੂੰ ਕਹਿੰਦਾ ਹੈਂ, ‘ਨੀਲ ਦਰਿਆ ਮੇਰਾ ਹੈ। ਮੈਂ ਇਸ ਨੂੰ ਆਪਣੇ ਲਈ ਬਣਾਇਆ ਹੈ।’+   ਪਰ ਮੈਂ ਤੇਰੇ ਜਬਾੜ੍ਹਿਆਂ ਵਿਚ ਕੁੰਡੀਆਂ ਪਾਵਾਂਗਾ ਅਤੇ ਤੇਰੇ ਨੀਲ ਦਰਿਆ ਦੀਆਂ ਮੱਛੀਆਂ ਨੂੰ ਤੇਰੀ ਚਮੜੀ* ਨਾਲ ਚੰਬੇੜ ਦਿਆਂਗਾ। ਮੈਂ ਤੈਨੂੰ ਅਤੇ ਤੇਰੀ ਚਮੜੀ* ਨਾਲ ਚਿੰਬੜੀਆਂ ਮੱਛੀਆਂ ਨੂੰ ਤੇਰੇ ਨੀਲ ਦਰਿਆ ਵਿੱਚੋਂ ਬਾਹਰ ਕੱਢ ਲਿਆਵਾਂਗਾ।   ਮੈਂ ਤੈਨੂੰ ਅਤੇ ਤੇਰੇ ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿਚ ਪਿਆ ਰਹਿਣ ਦਿਆਂਗਾ। ਤੂੰ ਰੜੇ ਮੈਦਾਨ ਵਿਚ ਡਿਗੇਂਗਾ ਅਤੇ ਕੋਈ ਵੀ ਤੇਰੀ ਲਾਸ਼ ਨੂੰ ਚੁੱਕ ਕੇ ਨਹੀਂ ਦਫ਼ਨਾਵੇਗਾ।+ ਮੈਂ ਤੇਰਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।+   ਫਿਰ ਮਿਸਰ ਦੇ ਸਾਰੇ ਵਾਸੀਆਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂਕਿਉਂਕਿ ਇਜ਼ਰਾਈਲ ਦੇ ਘਰਾਣੇ ਲਈ ਉਨ੍ਹਾਂ ਦਾ ਸਹਾਰਾ ਸਿਰਫ਼ ਇਕ ਕਾਨੇ ਵਾਂਗ ਸੀ।+   ਜਦੋਂ ਉਨ੍ਹਾਂ ਨੇ ਤੇਰਾ ਹੱਥ ਫੜਿਆ, ਤਾਂ ਤੂੰ ਫਿੱਸ ਗਿਆ,ਤੇਰੇ ਕਰਕੇ ਉਨ੍ਹਾਂ ਦਾ ਮੋਢਾ ਜ਼ਖ਼ਮੀ ਹੋ ਗਿਆ। ਜਦੋਂ ਉਨ੍ਹਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੁੱਟ ਗਿਆ,ਤੇਰੇ ਕਰਕੇ ਉਨ੍ਹਾਂ ਦੀਆਂ ਲੱਤਾਂ* ਲੜਖੜਾ ਗਈਆਂ।”+  “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਤੇਰੇ ਖ਼ਿਲਾਫ਼ ਤਲਵਾਰ ਲਿਆ ਰਿਹਾ ਹਾਂ+ ਅਤੇ ਮੈਂ ਤੇਰੇ ਵਿੱਚੋਂ ਇਨਸਾਨਾਂ ਅਤੇ ਜਾਨਵਰਾਂ ਨੂੰ ਵੱਢ ਸੁੱਟਾਂਗਾ।  ਮਿਸਰ ਤਬਾਹ ਹੋ ਜਾਵੇਗਾ ਅਤੇ ਉਜਾੜ ਬਣ ਜਾਵੇਗਾ;+ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਕਿਉਂਕਿ ਤੂੰ* ਕਹਿੰਦਾ ਹੈਂ, ‘ਨੀਲ ਦਰਿਆ ਮੇਰਾ ਹੈ। ਮੈਂ ਹੀ ਇਸ ਨੂੰ ਬਣਾਇਆ ਹੈ।’+ 10  ਇਸ ਲਈ ਮੈਂ ਤੇਰੇ ਅਤੇ ਤੇਰੇ ਨੀਲ ਦਰਿਆ ਦੇ ਖ਼ਿਲਾਫ਼ ਹਾਂ। ਮੈਂ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ, ਇੱਥੋਂ ਤਕ ਕਿ ਇਥੋਪੀਆ ਦੀ ਸਰਹੱਦ ਤਕ ਪੂਰੇ ਮਿਸਰ ਨੂੰ ਤਬਾਹ ਕਰ ਕੇ ਸੁੱਕੀ, ਵੀਰਾਨ ਅਤੇ ਬੰਜਰ ਜ਼ਮੀਨ ਬਣਾ ਦਿਆਂਗਾ।+ 11  ਕੋਈ ਵੀ ਇਨਸਾਨ ਜਾਂ ਪਾਲਤੂ ਜਾਨਵਰ ਇਸ ਵਿੱਚੋਂ ਦੀ ਨਹੀਂ ਲੰਘੇਗਾ+ ਅਤੇ 40 ਸਾਲ ਤਕ ਇੱਥੇ ਕੋਈ ਨਹੀਂ ਵੱਸੇਗਾ। 12  ਮੈਂ ਮਿਸਰ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿਆਂਗਾ ਅਤੇ ਇਸ ਦੇ ਸ਼ਹਿਰ 40 ਸਾਲ ਤਕ ਪੂਰੀ ਤਰ੍ਹਾਂ ਉਜਾੜ ਪਏ ਰਹਿਣਗੇ।+ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।”+ 13  “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ 40 ਸਾਲ ਬਾਅਦ ਮਿਸਰੀਆਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੰਡ ਗਏ ਸਨ।+ 14  ਮੈਂ ਮਿਸਰੀ ਗ਼ੁਲਾਮਾਂ ਨੂੰ ਉਨ੍ਹਾਂ ਦੀ ਜਨਮ-ਭੂਮੀ ਪਥਰੋਸ+ ਵਾਪਸ ਲਿਆਵਾਂਗਾ। ਉੱਥੇ ਉਨ੍ਹਾਂ ਦੇ ਰਾਜ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ। 15  ਮਿਸਰ ਬਾਕੀ ਰਾਜਾਂ ਨਾਲੋਂ ਕਮਜ਼ੋਰ ਹੋ ਜਾਵੇਗਾ ਅਤੇ ਫਿਰ ਕਦੇ ਦੂਸਰੀਆਂ ਕੌਮਾਂ ’ਤੇ ਇਸ ਦਾ ਦਬਦਬਾ ਨਹੀਂ ਹੋਵੇਗਾ।+ ਮੈਂ ਉਨ੍ਹਾਂ ਨੂੰ ਇੰਨਾ ਛੋਟਾ ਕਰ ਦਿਆਂਗਾ ਕਿ ਉਹ ਹੋਰ ਕੌਮਾਂ ਨੂੰ ਆਪਣੇ ਅਧੀਨ ਨਹੀਂ ਕਰ ਸਕਣਗੇ।+ 16  ਇਜ਼ਰਾਈਲ ਦਾ ਘਰਾਣਾ ਫਿਰ ਕਦੇ ਉਨ੍ਹਾਂ ’ਤੇ ਭਰੋਸਾ ਨਹੀਂ ਕਰੇਗਾ,+ ਸਗੋਂ ਇਜ਼ਰਾਈਲੀਆਂ ਨੂੰ ਇਹ ਗੱਲ ਯਾਦ ਆਵੇਗੀ ਕਿ ਉਨ੍ਹਾਂ ਨੇ ਮਿਸਰੀਆਂ ਤੋਂ ਮਦਦ ਮੰਗ ਕੇ ਗ਼ਲਤੀ ਕੀਤੀ ਸੀ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।”’” 17  ਫਿਰ ਮੈਨੂੰ 27ਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 18  “ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੇ ਸੋਰ ਉੱਤੇ ਹਮਲਾ ਕਰਨ ਵੇਲੇ ਆਪਣੀ ਫ਼ੌਜ ਤੋਂ ਸਖ਼ਤ ਮਿਹਨਤ ਕਰਾਈ।+ ਸਾਰਿਆਂ ਦੇ ਸਿਰ ਗੰਜੇ ਹੋ ਗਏ ਅਤੇ ਮੋਢੇ ਛਿੱਲੇ ਗਏ। ਪਰ ਉਸ ਨੂੰ ਅਤੇ ਉਸ ਦੀ ਫ਼ੌਜ ਨੂੰ ਆਪਣੀ ਮਿਹਨਤ ਦੀ ਕੋਈ ਮਜ਼ਦੂਰੀ ਨਹੀਂ ਮਿਲੀ ਜੋ ਉਸ ਨੇ ਸੋਰ ਉੱਤੇ ਹਮਲਾ ਕਰਨ ਵੇਲੇ ਕੀਤੀ ਸੀ। 19  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਮਿਸਰ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥ ਵਿਚ ਦੇ ਰਿਹਾ ਹਾਂ।+ ਉਹ ਮਿਸਰ ਦੀ ਸਾਰੀ ਧਨ-ਦੌਲਤ ਲੁੱਟ ਕੇ ਲੈ ਜਾਵੇਗਾ ਅਤੇ ਇਹ ਧਨ-ਦੌਲਤ ਉਸ ਦੀ ਫ਼ੌਜ ਦੀ ਮਜ਼ਦੂਰੀ ਹੋਵੇਗੀ।’ 20  “‘ਉਸ ਨੇ ਸੋਰ ਉੱਤੇ ਹਮਲਾ ਕਰ ਕੇ ਮੇਰੇ ਲਈ ਕੰਮ ਕੀਤਾ, ਇਸ ਲਈ ਮੈਂ ਉਸ ਦੀ ਮਿਹਨਤ ਦੀ ਮਜ਼ਦੂਰੀ ਵਜੋਂ ਉਸ ਨੂੰ ਮਿਸਰ ਦੇ ਦਿਆਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 21  “ਉਸ ਦਿਨ ਮੈਂ ਇਜ਼ਰਾਈਲ ਦੇ ਘਰਾਣੇ ਲਈ ਇਕ ਸਿੰਗ ਉਗਾਵਾਂਗਾ*+ ਅਤੇ ਮੈਂ ਤੈਨੂੰ ਉਨ੍ਹਾਂ ਵਿਚ ਬੋਲਣ ਦਾ ਮੌਕਾ ਦਿਆਂਗਾ; ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”

ਫੁਟਨੋਟ

ਜਾਂ, “ਤੇਰੇ ਚਾਨਿਆਂ।”
ਜਾਂ, “ਤੇਰੇ ਚਾਨਿਆਂ।”
ਇਬ, “ਲੱਕ।”
ਇਬ, “ਉਹ।”
ਇਬ, “ਨਬੂਕਦਰਸਰ।”
ਜਾਂ, “ਇਜ਼ਰਾਈਲ ਦੇ ਘਰਾਣੇ ਨੂੰ ਤਾਕਤ ਬਖ਼ਸ਼ਾਂਗਾ।”