ਹਿਜ਼ਕੀਏਲ 26:1-21

  • ਸੋਰ ਦੇ ਖ਼ਿਲਾਫ਼ ਭਵਿੱਖਬਾਣੀ (1-21)

    • “ਜਾਲ਼ ਸੁਕਾਉਣ ਵਾਲੀ ਜਗ੍ਹਾ” (5, 14)

    • ਪੱਥਰ ਅਤੇ ਮਿੱਟੀ ਪਾਣੀ ਵਿਚ ਸੁੱਟੇ ਗਏ (12)

26  ਮੈਨੂੰ 11ਵੇਂ ਸਾਲ ਵਿਚ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਸੋਰ ਨੇ ਯਰੂਸ਼ਲਮ ਬਾਰੇ ਕਿਹਾ ਹੈ,+ ‘ਚੰਗਾ ਹੋਇਆ! ਜਿਸ ਦਰਵਾਜ਼ੇ ਰਾਹੀਂ ਸਾਰੀਆਂ ਕੌਮਾਂ ਅੰਦਰ ਆਉਂਦੀਆਂ ਸਨ, ਉਸ ਨੂੰ ਤੋੜ ਦਿੱਤਾ ਗਿਆ ਹੈ।+ ਹੁਣ ਸਾਰਾ ਕੁਝ ਮੇਰੇ ਕੋਲ ਆਵੇਗਾ ਅਤੇ ਮੈਂ ਅਮੀਰ ਹੋ ਜਾਵਾਂਗਾ ਕਿਉਂਕਿ ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ’;  ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਸੋਰ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਮੈਂ ਸਮੁੰਦਰ ਦੀਆਂ ਲਹਿਰਾਂ ਵਾਂਗ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ’ਤੇ ਹਮਲਾ ਕਰਨ ਲਈ ਲਿਆਵਾਂਗਾ।  ਕੌਮਾਂ ਸੋਰ ਦੀਆਂ ਕੰਧਾਂ ਢਾਹ ਦੇਣਗੀਆਂ ਅਤੇ ਇਸ ਦੇ ਬੁਰਜਾਂ ਨੂੰ ਚਕਨਾਚੂਰ ਕਰ ਦੇਣਗੀਆਂ।+ ਮੈਂ ਇਸ ਦੀ ਮਿੱਟੀ ਤਕ ਖੁਰਚ ਸੁੱਟਾਂਗਾ ਅਤੇ ਇਸ ਨੂੰ ਸੁੱਕੀ ਅਤੇ ਪੱਧਰੀ ਚਟਾਨ ਬਣਾ ਦਿਆਂਗਾ।  ਇਹ ਸਮੁੰਦਰ ਵਿਚਕਾਰ ਜਾਲ਼ ਸੁਕਾਉਣ ਵਾਲੀ ਜਗ੍ਹਾ ਬਣ ਜਾਵੇਗਾ।’+ “‘ਕੌਮਾਂ ਇਸ ਨੂੰ ਲੁੱਟ ਲੈਣਗੀਆਂ। ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।  ‘ਇਸ ਦੇ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਤਲਵਾਰ ਨਾਲ ਵੱਢੇ ਜਾਣਗੇ ਅਤੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਸੋਰ ’ਤੇ ਹਮਲਾ ਕਰਨ ਲਈ ਉੱਤਰ ਵੱਲੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੂੰ ਲਿਆ ਰਿਹਾ ਹਾਂ;+ ਉਹ ਰਾਜਿਆਂ ਦਾ ਰਾਜਾ ਹੈ+ ਜਿਸ ਕੋਲ ਘੋੜੇ,+ ਯੁੱਧ ਦੇ ਰਥ,+ ਘੋੜਸਵਾਰ ਅਤੇ ਵੱਡੀ ਤਾਦਾਦ ਵਿਚ ਫ਼ੌਜ* ਹੈ।  ਉਹ ਤੇਰੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ, ਘੇਰਾਬੰਦੀ ਕਰਨ ਲਈ ਕੰਧ ਉਸਾਰੇਗਾ, ਤੇਰੇ ’ਤੇ ਹਮਲਾ ਕਰਨ ਲਈ ਟਿੱਲਾ ਬਣਾਵੇਗਾ ਅਤੇ ਢਾਲਾਂ ਦੀ ਕੰਧ ਬਣਾ ਕੇ ਤੇਰਾ ਟਾਕਰਾ ਕਰੇਗਾ।  ਉਹ ਆਪਣੇ ਕਿਲਾਤੋੜ ਯੰਤਰਾਂ* ਨਾਲ ਤੇਰੀਆਂ ਕੰਧਾਂ ਤੋੜ ਦੇਵੇਗਾ ਅਤੇ ਕੁਹਾੜਿਆਂ* ਨਾਲ ਤੇਰੇ ਬੁਰਜਾਂ ਨੂੰ ਢਾਹ ਸੁੱਟੇਗਾ। 10  ਉਸ ਦੇ ਘੋੜੇ ਇੰਨੇ ਜ਼ਿਆਦਾ ਹੋਣਗੇ ਕਿ ਉਹ ਤੈਨੂੰ ਧੂੜ ਨਾਲ ਭਰ ਦੇਣਗੇ ਅਤੇ ਜਦ ਉਹ ਤੇਰੇ ਦਰਵਾਜ਼ਿਆਂ ਥਾਣੀਂ ਅੰਦਰ ਆਵੇਗਾ, ਤਾਂ ਉਸ ਦੇ ਘੋੜਿਆਂ, ਪਹੀਆਂ ਅਤੇ ਰਥਾਂ ਦਾ ਸ਼ੋਰ ਤੇਰੀਆਂ ਕੰਧਾਂ ਨੂੰ ਹਿਲਾ ਦੇਵੇਗਾ। ਉਹ ਇਸ ਤਰ੍ਹਾਂ ਅੰਦਰ ਵੜੇਗਾ ਜਿਵੇਂ ਢੱਠੀਆਂ ਕੰਧਾਂ ਵਾਲੇ ਸ਼ਹਿਰ ਵਿਚ ਆਦਮੀ ਦਗੜ-ਦਗੜ ਕਰਦੇ ਵੜ ਆਉਂਦੇ ਹਨ। 11  ਉਸ ਦੇ ਘੋੜਿਆਂ ਦੇ ਖੁਰ ਤੇਰੀਆਂ ਸਾਰੀਆਂ ਗਲੀਆਂ ਨੂੰ ਲਤਾੜਣਗੇ;+ ਉਹ ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੇ ਮਜ਼ਬੂਤ ਥੰਮ੍ਹ ਜ਼ਮੀਨ ’ਤੇ ਡਿਗ ਕੇ ਚਕਨਾਚੂਰ ਹੋ ਜਾਣਗੇ। 12  ਉਹ ਤੇਰੀ ਧਨ-ਦੌਲਤ ਖੋਹ ਲੈਣਗੇ, ਤੇਰੇ ਵਪਾਰ ਦਾ ਮਾਲ ਲੁੱਟ ਲੈਣਗੇ,+ ਤੇਰੀਆਂ ਕੰਧਾਂ ਢਾਹ ਦੇਣਗੇ ਅਤੇ ਤੇਰੇ ਸੋਹਣੇ-ਸੋਹਣੇ ਘਰਾਂ ਨੂੰ ਮਲਬੇ ਦਾ ਢੇਰ ਬਣਾ ਦੇਣਗੇ; ਫਿਰ ਉਹ ਤੇਰੇ ਪੱਥਰ, ਲੱਕੜ ਦਾ ਸਾਮਾਨ ਅਤੇ ਮਿੱਟੀ ਪਾਣੀ ਵਿਚ ਸੁੱਟ ਦੇਣਗੇ।’ 13  “‘ਮੈਂ ਤੇਰੇ ਗਾਉਣ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਤੇਰੇ ਰਬਾਬਾਂ ਦਾ ਸੰਗੀਤ ਫਿਰ ਕਦੇ ਸੁਣਾਈ ਨਹੀਂ ਦੇਵੇਗਾ।+ 14  ਮੈਂ ਤੈਨੂੰ ਸੁੱਕੀ ਅਤੇ ਪੱਧਰੀ ਚਟਾਨ ਬਣਾ ਦਿਆਂਗਾ ਅਤੇ ਤੂੰ ਜਾਲ਼ ਸੁਕਾਉਣ ਵਾਲੀ ਜਗ੍ਹਾ ਬਣ ਜਾਵੇਂਗਾ।+ ਤੈਨੂੰ ਦੁਬਾਰਾ ਕਦੇ ਨਹੀਂ ਬਣਾਇਆ ਜਾਵੇਗਾ ਕਿਉਂਕਿ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 15  “ਸਾਰੇ ਜਹਾਨ ਦਾ ਮਾਲਕ ਯਹੋਵਾਹ ਸੋਰ ਨੂੰ ਕਹਿੰਦਾ ਹੈ: ‘ਜਦ ਤੇਰੇ ਵਿਚ ਕਤਲੇਆਮ ਹੋਵੇਗਾ ਅਤੇ ਮਰ ਰਹੇ ਲੋਕ ਦਰਦ ਨਾਲ ਹੂੰਗ ਰਹੇ ਹੋਣਗੇ, ਤਾਂ ਕੀ ਤੇਰੇ ਡਿਗਣ ਦੀ ਆਵਾਜ਼ ਸੁਣ ਕੇ ਟਾਪੂ ਥਰ-ਥਰ ਨਹੀਂ ਕੰਬਣਗੇ?+ 16  ਸਮੁੰਦਰ ਦੇ ਸਾਰੇ ਹਾਕਮ* ਆਪੋ-ਆਪਣੇ ਸਿੰਘਾਸਣ ਤੋਂ ਹੇਠਾਂ ਉੱਤਰ ਆਉਣਗੇ, ਆਪਣੇ ਚੋਗੇ* ਤੇ ਕਢਾਈ ਵਾਲੇ ਕੱਪੜੇ ਲਾਹ ਦੇਣਗੇ ਅਤੇ ਡਰ ਨਾਲ ਥਰ-ਥਰ ਕੰਬਣਗੇ। ਉਹ ਜ਼ਮੀਨ ’ਤੇ ਬੈਠਣਗੇ, ਲਗਾਤਾਰ ਕੰਬਣਗੇ ਅਤੇ ਹੱਕੇ-ਬੱਕੇ ਹੋ ਕੇ ਤੇਰੇ ਵੱਲ ਦੇਖਣਗੇ।+ 17  ਉਹ ਤੇਰੇ ਲਈ ਵਿਰਲਾਪ*+ ਦਾ ਗੀਤ ਗਾਉਣਗੇ ਅਤੇ ਤੈਨੂੰ ਕਹਿਣਗੇ: “ਹਾਇ! ਤੂੰ ਨਾਸ਼ ਹੋ ਗਿਆ,+ਤੂੰ ਉਹ ਸ਼ਹਿਰ ਸੀ ਜਿਸ ਦੀ ਵਡਿਆਈ ਕੀਤੀ ਜਾਂਦੀ ਸੀ ਅਤੇ ਲੋਕ ਸਮੁੰਦਰਾਂ ਤੋਂ ਆ ਕੇ ਤੇਰੇ ਵਿਚ ਵੱਸੇ ਹੋਏ ਸਨ;+ਤੇਰਾ ਅਤੇ ਤੇਰੇ* ਵਾਸੀਆਂ ਦਾ ਸਮੁੰਦਰ ’ਤੇ ਰਾਜ ਸੀ,ਧਰਤੀ ਦੇ ਸਾਰੇ ਵਾਸੀਆਂ ’ਤੇ ਤੇਰਾ ਖ਼ੌਫ਼ ਛਾਇਆ ਹੋਇਆ ਸੀ! 18  ਤੇਰੇ ਡਿਗਣ ਦੇ ਦਿਨ ਟਾਪੂ ਥਰ-ਥਰ ਕੰਬਣਗੇ,ਤੇਰੀ ਤਬਾਹੀ ਕਰਕੇ ਸਮੁੰਦਰ ਦੇ ਟਾਪੂ ਘਬਰਾ ਜਾਣਗੇ।”’+ 19  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਦ ਮੈਂ ਤੈਨੂੰ ਬੇਆਬਾਦ ਸ਼ਹਿਰਾਂ ਵਾਂਗ ਉਜਾੜ ਦਿਆਂਗਾ ਅਤੇ ਠਾਠਾਂ ਮਾਰਦੇ ਪਾਣੀਆਂ ਨਾਲ ਤੈਨੂੰ ਰੋੜ੍ਹ ਦਿਆਂਗਾ ਅਤੇ ਜ਼ੋਰਦਾਰ ਪਾਣੀਆਂ ਨਾਲ ਡੋਬ ਦਿਆਂਗਾ,+ 20  ਤਾਂ ਦੂਸਰਿਆਂ ਵਾਂਗ ਮੈਂ ਤੈਨੂੰ ਵੀ ਕਬਰ* ਵਿਚ ਸੁੱਟ ਦਿਆਂਗਾ ਜਿੱਥੇ ਲੰਬੇ ਸਮੇਂ ਤੋਂ ਮਰੇ ਹੋਏ ਲੋਕ ਪਏ ਹਨ; ਪੁਰਾਣੇ ਸਮਿਆਂ ਤੋਂ ਤਬਾਹ ਹੋਏ ਸ਼ਹਿਰਾਂ ਵਾਂਗ ਮੈਂ ਤੈਨੂੰ ਧਰਤੀ ਦੀਆਂ ਡੂੰਘਾਈਆਂ ਵਿਚ ਅਤੇ ਕਬਰ ਵਿਚ ਸੁੱਟ ਦਿਆਂਗਾ ਜਿੱਥੇ ਬਾਕੀ ਲੋਕ ਜਾਂਦੇ ਹਨ+ ਤਾਂਕਿ ਤੈਨੂੰ ਵਸਾਇਆ ਨਾ ਜਾ ਸਕੇ। ਫਿਰ ਮੈਂ ਜੀਉਂਦਿਆਂ ਦੇ ਦੇਸ਼ ਦੀ ਸ਼ੋਭਾ ਵਧਾਵਾਂਗਾ।* 21  “‘ਮੈਂ ਤੇਰੇ ’ਤੇ ਅਚਾਨਕ ਕਹਿਰ ਢਾਹਾਂਗਾ ਅਤੇ ਤੇਰਾ ਨਾਮੋ-ਨਿਸ਼ਾਨ ਮਿਟ ਜਾਵੇਗਾ।+ ਉਹ ਤੈਨੂੰ ਲੱਭਣਗੇ, ਪਰ ਤੇਰਾ ਕੋਈ ਅਤਾ-ਪਤਾ ਨਹੀਂ ਲੱਗੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਇਬ, “ਨਬੂਕਦਰਸਰ।”
ਇਬ, “ਲੋਕਾਂ ਦੀ ਫ਼ੌਜ।”
ਲੜਾਈ ਦੌਰਾਨ ਸ਼ਹਿਰ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਤੋੜਨ ਲਈ ਵਰਤਿਆ ਜਾਣ ਵਾਲਾ ਇਕ ਯੰਤਰ।
ਜਾਂ, “ਤਲਵਾਰਾਂ।”
ਜਾਂ, “ਮੁਖੀ।”
ਜਾਂ, “ਬਿਨਾਂ ਬਾਹਾਂ ਵਾਲੇ ਚੋਗੇ।”
ਜਾਂ, “ਮਾਤਮ।”
ਇਬ, “ਉਹ ਅਤੇ ਉਸ ਦੇ।”
ਜਾਂ, “ਟੋਏ।”
ਜਾਂ, “ਨੂੰ ਸਜਾਵਾਂਗਾ।”