ਹਿਜ਼ਕੀਏਲ 24:1-27

  • ਯਰੂਸ਼ਲਮ ਜੰਗਾਲਿਆ ਹੋਇਆ ਪਤੀਲਾ (1-14)

  • ਹਿਜ਼ਕੀਏਲ ਦੀ ਪਤਨੀ ਦੀ ਮੌਤ ਇਕ ਨਿਸ਼ਾਨੀ (15-27)

24  ਮੈਨੂੰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਇਹ ਤਾਰੀਖ਼* ਲਿਖ ਲੈ ਕਿਉਂਕਿ ਇਸ ਦਿਨ ਬਾਬਲ ਦੇ ਰਾਜੇ ਨੇ ਯਰੂਸ਼ਲਮ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।+  ਤੂੰ ਇਸ ਬਾਗ਼ੀ ਘਰਾਣੇ ਬਾਰੇ ਇਕ ਕਹਾਵਤ ਵਰਤ ਕੇ ਇਹ ਕਹਿ: “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਕ ਪਤੀਲਾ* ਲੈ ਕੇ ਉਸ ਨੂੰ ਅੱਗ ’ਤੇ ਰੱਖ ਅਤੇ ਉਸ ਵਿਚ ਪਾਣੀ ਪਾ।+   ਪਤੀਲੇ ਵਿਚ ਮੀਟ ਦੇ ਟੁਕੜੇ,+ ਵਧੀਆ-ਵਧੀਆ ਟੁਕੜੇ ਪਾ,ਇਸ ਵਿਚ ਪੱਟ ਅਤੇ ਮੋਢਾ ਪਾ; ਇਸ ਨੂੰ ਵਧੀਆ-ਵਧੀਆ ਹੱਡੀਆਂ ਨਾਲ ਭਰ ਦੇ।   ਇੱਜੜ ਵਿੱਚੋਂ ਸਭ ਤੋਂ ਵਧੀਆ ਭੇਡ ਲੈ+ ਅਤੇ ਪਤੀਲੇ ਦੇ ਹੇਠਾਂ ਚਾਰੇ ਪਾਸੇ ਲੱਕੜਾਂ ਰੱਖ। ਟੁਕੜਿਆਂ ਨੂੰ ਉਬਾਲ ਅਤੇ ਹੱਡੀਆਂ ਨੂੰ ਰਿੰਨ੍ਹ।”’  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+ ਇਹ ਜੰਗਾਲਿਆ ਹੋਇਆ ਪਤੀਲਾ ਹੈ ਜਿਸ ਦਾ ਜੰਗਾਲ ਨਹੀਂ ਲਾਹਿਆ ਗਿਆ। ਇਸ ਵਿੱਚੋਂ ਇਕ-ਇਕ ਕਰ ਕੇ ਟੁਕੜੇ ਬਾਹਰ ਕੱਢ;+ ਇਨ੍ਹਾਂ ’ਤੇ ਗੁਣੇ ਨਾ ਪਾ।   ਇਸ ਸ਼ਹਿਰ ਨੇ ਜੋ ਖ਼ੂਨ ਵਹਾਇਆ ਹੈ,+ ਉਹ ਇਸ ਦੇ ਅੰਦਰ ਹੀ ਹੈ;ਇਸ ਨੇ ਖ਼ੂਨ ਸੁੱਕੀ ਚਟਾਨ ’ਤੇ ਡੋਲ੍ਹਿਆ ਹੈ। ਇਸ ਨੇ ਖ਼ੂਨ ਧਰਤੀ ’ਤੇ ਨਹੀਂ ਡੋਲ੍ਹਿਆ ਅਤੇ ਇਸ ਨੂੰ ਮਿੱਟੀ ਨਾਲ ਨਹੀਂ ਢਕਿਆ।+   ਮੈਂ ਕ੍ਰੋਧ ਵਿਚ ਆ ਕੇ ਬਦਲਾ ਲੈਣ ਲਈਉਸ ਦਾ ਖ਼ੂਨ ਸੁੱਕੀ ਚਟਾਨ ’ਤੇ ਡੋਲ੍ਹਿਆ ਹੈਤਾਂਕਿ ਇਸ ਨੂੰ ਢਕਿਆ ਨਾ ਜਾ ਸਕੇ।’+  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+ ਮੈਂ ਅੱਗ ਲਈ ਲੱਕੜਾਂ ਦਾ ਉੱਚਾ ਢੇਰ ਲਾ ਦਿਆਂਗਾ। 10  ਲੱਕੜਾਂ ਚਿਣ ਅਤੇ ਅੱਗ ਬਾਲ਼,ਮੀਟ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਡੋਲ੍ਹ ਦੇ ਅਤੇ ਹੱਡੀਆਂ ਨੂੰ ਸਾੜ ਸੁੱਟ। 11  ਖਾਲੀ ਪਤੀਲੇ ਨੂੰ ਗਰਮ ਕਰਨ ਲਈ ਮੱਘਦੇ ਕੋਲਿਆਂ ’ਤੇ ਰੱਖਤਾਂਕਿ ਇਸ ਦਾ ਤਾਂਬਾ ਸੇਕ ਨਾਲ ਲਾਲ ਹੋ ਜਾਵੇ। ਇਸ ਦੀ ਮੈਲ਼ ਇਸੇ ਵਿਚ ਪਿਘਲ ਜਾਵੇਗੀ+ ਅਤੇ ਜੰਗਾਲ ਭਸਮ ਹੋ ਜਾਵੇਗਾ। 12  ਜੰਗਾਲ ਇੰਨਾ ਪੱਕਾ ਹੈ ਕਿ ਇਹ ਲਹੇਗਾ ਨਹੀਂ,+ਇਸ ਨੂੰ ਲਾਹੁਣਾ ਖਿਝ ਚੜ੍ਹਾਉਣ ਵਾਲਾ ਅਤੇ ਥਕਾ ਦੇਣ ਵਾਲਾ ਕੰਮ ਹੈ। ਇਸ ਜੰਗਾਲ ਖਾਧੇ ਪਤੀਲੇ ਨੂੰ ਅੱਗ ਵਿਚ ਸੁੱਟ ਦੇ।’ 13  “‘ਤੂੰ ਆਪਣੀ ਬਦਚਲਣੀ ਕਰਕੇ ਅਸ਼ੁੱਧ ਸੀ।+ ਮੈਂ ਤੈਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂੰ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਤੋਂ ਇਨਕਾਰ ਕੀਤਾ। ਤੂੰ ਤਦ ਤਕ ਸ਼ੁੱਧ ਨਹੀਂ ਹੋਵੇਂਗੀ, ਜਦ ਤਕ ਤੇਰੇ ’ਤੇ ਮੈਂ ਆਪਣਾ ਗੁੱਸਾ ਕੱਢ ਨਹੀਂ ਲੈਂਦਾ।+ 14  ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ। ਇਸ ਤਰ੍ਹਾਂ ਜ਼ਰੂਰ ਹੋਵੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਾਂਗਾ ਅਤੇ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਜਾਂ ਪਛਤਾਵਾ ਨਹੀਂ ਹੋਵੇਗਾ।+ ਉਹ ਤੇਰੇ ਚਾਲ-ਚਲਣ ਅਤੇ ਤੇਰੇ ਕੰਮਾਂ ਅਨੁਸਾਰ ਤੇਰਾ ਨਿਆਂ ਕਰਨਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।” 15  ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 16  “ਹੇ ਮਨੁੱਖ ਦੇ ਪੁੱਤਰ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਮੈਂ ਉਸ ਨੂੰ ਇੱਕੋ ਝਟਕੇ ਨਾਲ ਤੇਰੇ ਤੋਂ ਖੋਹ ਲਵਾਂਗਾ।+ ਤੂੰ ਨਾ ਸੋਗ ਮਨਾਈਂ,* ਨਾ ਰੋਈਂ ਅਤੇ ਨਾ ਹੀ ਹੰਝੂ ਵਹਾਈਂ। 17  ਤੂੰ ਮਨ ਹੀ ਮਨ ਰੋਈਂ ਅਤੇ ਮਾਤਮ ਸੰਬੰਧੀ ਕੋਈ ਰੀਤੀ-ਰਿਵਾਜ ਨਾ ਕਰੀਂ।+ ਆਪਣੀ ਪਗੜੀ ਬੰਨ੍ਹੀਂ+ ਅਤੇ ਪੈਰੀਂ ਜੁੱਤੀ ਪਾਈਂ।+ ਆਪਣੀਆਂ ਮੁੱਛਾਂ* ਨਾ ਢਕੀਂ+ ਅਤੇ ਨਾ ਦੂਜਿਆਂ ਵੱਲੋਂ ਲਿਆਂਦੀ ਰੋਟੀ* ਖਾਈਂ।”+ 18  ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮੀਂ ਮੇਰੀ ਪਤਨੀ ਦੀ ਮੌਤ ਹੋ ਗਈ। ਇਸ ਲਈ ਮੈਂ ਸਵੇਰੇ ਉਹੀ ਕੀਤਾ ਜੋ ਮੈਨੂੰ ਹੁਕਮ ਮਿਲਿਆ ਸੀ। 19  ਲੋਕ ਮੈਨੂੰ ਪੁੱਛ ਰਹੇ ਸਨ: “ਕੀ ਤੂੰ ਸਾਨੂੰ ਨਹੀਂ ਦੱਸੇਂਗਾ ਕਿ ਤੂੰ ਜੋ ਕੁਝ ਕਰ ਰਿਹਾ ਹੈਂ, ਉਸ ਦਾ ਸਾਡੇ ਨਾਲ ਕੀ ਤਅੱਲਕ ਹੈ?” 20  ਮੈਂ ਉਨ੍ਹਾਂ ਨੂੰ ਕਿਹਾ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ ਹੈ, 21  ‘ਇਜ਼ਰਾਈਲ ਦੇ ਘਰਾਣੇ ਨੂੰ ਦੱਸ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨ ਵਾਲਾ ਹਾਂ+ ਜਿਸ ’ਤੇ ਤੁਹਾਨੂੰ ਬਹੁਤ ਮਾਣ ਹੈ, ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਅਤੇ ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ। ਤੁਸੀਂ ਆਪਣੇ ਜਿਨ੍ਹਾਂ ਧੀਆਂ-ਪੁੱਤਰਾਂ ਨੂੰ ਪਿੱਛੇ ਛੱਡ ਆਏ ਹੋ, ਉਹ ਤਲਵਾਰ ਨਾਲ ਮਾਰੇ ਜਾਣਗੇ।+ 22  ਫਿਰ ਤੁਸੀਂ ਵੀ ਉਹੀ ਕਰੋਗੇ ਜੋ ਮੈਂ ਕੀਤਾ ਹੈ। ਤੁਸੀਂ ਆਪਣੀਆਂ ਮੁੱਛਾਂ ਨਹੀਂ ਢਕੋਗੇ ਅਤੇ ਦੂਜਿਆਂ ਵੱਲੋਂ ਲਿਆਂਦੀ ਰੋਟੀ ਨਹੀਂ ਖਾਓਗੇ।+ 23  ਤੁਸੀਂ ਆਪਣੇ ਸਿਰਾਂ ’ਤੇ ਪਗੜੀਆਂ ਬੰਨ੍ਹੋਗੇ ਅਤੇ ਆਪਣੇ ਪੈਰੀਂ ਜੁੱਤੀ ਪਾਓਗੇ। ਤੁਸੀਂ ਨਾ ਤਾਂ ਸੋਗ ਮਨਾਓਗੇ ਅਤੇ ਨਾ ਹੀ ਰੋਵੋਗੇ। ਇਸ ਦੀ ਬਜਾਇ, ਤੁਸੀਂ ਆਪਣੀਆਂ ਗ਼ਲਤੀਆਂ ਕਰਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਲਓਗੇ ਅਤੇ ਥੱਕ-ਟੁੱਟ ਜਾਓਗੇ।+ ਤੁਸੀਂ ਇਕ-ਦੂਜੇ ਸਾਮ੍ਹਣੇ ਰੋਵੋਗੇ। 24  ਹਿਜ਼ਕੀਏਲ ਤੁਹਾਡੇ ਲਈ ਇਕ ਨਿਸ਼ਾਨੀ ਵਾਂਗ ਹੈ।+ ਜੋ ਉਸ ਨੇ ਕੀਤਾ, ਤੁਸੀਂ ਵੀ ਕਰੋਗੇ। ਜਦ ਇਸ ਤਰ੍ਹਾਂ ਹੋਵੇਗਾ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।’”’” 25  “ਹੇ ਮਨੁੱਖ ਦੇ ਪੁੱਤਰ, ਮੈਂ ਉਨ੍ਹਾਂ ਦੇ ਕਿਲੇ ਨੂੰ, ਹਾਂ, ਉਸ ਖ਼ੂਬਸੂਰਤ ਚੀਜ਼ ਨੂੰ ਖੋਹ ਲਵਾਂਗਾ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ, ਜਿਸ ਨੂੰ ਉਹ ਪਿਆਰ ਕਰਦੇ ਹਨ ਅਤੇ ਜਿਸ ਨੂੰ ਉਹ ਦਿਲੋਂ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਖੋਹ ਲਵਾਂਗਾ।+ ਜਿਸ ਦਿਨ ਮੈਂ ਇਸ ਤਰ੍ਹਾਂ ਕਰਾਂਗਾ, 26  ਉਸ ਦਿਨ ਜਿਹੜਾ ਬਚ ਜਾਵੇਗਾ, ਉਹ ਆ ਕੇ ਤੈਨੂੰ ਇਸ ਦੀ ਖ਼ਬਰ ਦੇਵੇਗਾ।+ 27  ਉਸ ਦਿਨ ਤੂੰ ਆਪਣਾ ਮੂੰਹ ਖੋਲ੍ਹੇਂਗਾ ਅਤੇ ਉਸ ਇਨਸਾਨ ਨਾਲ ਗੱਲ ਕਰੇਂਗਾ ਜੋ ਆਪਣੀ ਜਾਨ ਬਚਾ ਕੇ ਆਇਆ ਹੈ ਅਤੇ ਤੂੰ ਅੱਗੇ ਤੋਂ ਗੁੰਗਾ ਨਹੀਂ ਰਹੇਂਗਾ।+ ਤੂੰ ਉਨ੍ਹਾਂ ਲਈ ਇਕ ਨਿਸ਼ਾਨੀ ਵਾਂਗ ਹੋਵੇਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”

ਫੁਟਨੋਟ

ਇਬ, “ਇਸ ਦਿਨ ਦਾ ਨਾਂ।”
ਜਾਂ, “ਚੌੜੇ ਮੂੰਹ ਵਾਲਾ ਪਤੀਲਾ।”
ਜਾਂ, “ਆਪਣੀ ਛਾਤੀ ਨਾ ਪਿੱਟੀਂ।”
ਜਾਂ, “ਉੱਪਰਲਾ ਬੁੱਲ੍ਹ।”
ਇਬ, “ਇਨਸਾਨਾਂ ਦੀ ਰੋਟੀ।”