ਹਿਜ਼ਕੀਏਲ 23:1-49

  • ਦੋ ਬੇਵਫ਼ਾ ਭੈਣਾਂ (1-49)

    • ਆਹਾਲਾਹ ਅੱਸ਼ੂਰ ਦੇ ਨਾਲ (5-10)

    • ਆਹਾਲੀਬਾਹ ਬਾਬਲ ਅਤੇ ਮਿਸਰ ਦੇ ਨਾਲ (11-35)

    • ਦੋਵੇਂ ਭੈਣਾਂ ਨੂੰ ਸਜ਼ਾ (36-49)

23  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ ਜੋ ਇੱਕੋ ਮਾਂ ਦੀਆਂ ਧੀਆਂ ਸਨ।+  ਉਹ ਆਪਣੀ ਜਵਾਨੀ ਤੋਂ ਹੀ ਮਿਸਰ ਵਿਚ ਵੇਸਵਾਵਾਂ ਬਣ ਗਈਆਂ+ ਅਤੇ ਉੱਥੇ ਉਨ੍ਹਾਂ ਨੇ ਹਰਾਮਕਾਰੀ ਕੀਤੀ ਅਤੇ ਆਪਣਾ ਕੁਆਰਾਪਣ ਗੁਆ ਦਿੱਤਾ।  ਉਨ੍ਹਾਂ ਵਿੱਚੋਂ ਵੱਡੀ ਦਾ ਨਾਂ ਆਹਾਲਾਹ* ਸੀ ਅਤੇ ਛੋਟੀ ਦਾ ਨਾਂ ਆਹਾਲੀਬਾਹ* ਸੀ। ਉਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਮੇਰੇ ਲਈ ਧੀਆਂ-ਪੁੱਤਰ ਪੈਦਾ ਕੀਤੇ। ਆਹਾਲਾਹ ਸਾਮਰਿਯਾ ਹੈ+ ਅਤੇ ਆਹਾਲੀਬਾਹ ਯਰੂਸ਼ਲਮ ਹੈ।  “ਹਾਲਾਂਕਿ ਆਹਾਲਾਹ ਮੇਰੀ ਸੀ, ਇਸ ਦੇ ਬਾਵਜੂਦ ਉਹ ਵੇਸਵਾ ਦੇ ਕੰਮ ਕਰਨ ਲੱਗ ਪਈ।+ ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਅੱਸ਼ੂਰੀ ਯਾਰਾਂ ਕੋਲ ਜਾਣ ਲੱਗੀ+ ਜੋ ਉਸ ਦੇ ਗੁਆਂਢੀ ਸਨ।+  ਉਸ ਦੇ ਯਾਰ ਨੀਲੀਆਂ ਪੁਸ਼ਾਕਾਂ ਪਹਿਨਣ ਵਾਲੇ ਰਾਜਪਾਲ ਅਤੇ ਅਧਿਕਾਰੀ ਸਨ ਜੋ ਸਾਰੇ ਗੱਭਰੂ ਜਵਾਨ ਸਨ ਅਤੇ ਘੋੜਿਆਂ ’ਤੇ ਸਵਾਰੀ ਕਰਦੇ ਸਨ।  ਉਹ ਅੱਸ਼ੂਰੀਆਂ ਦੇ ਸਾਰੇ ਮੰਨੇ-ਪ੍ਰਮੰਨੇ ਬੰਦਿਆਂ ਨਾਲ ਵੇਸਵਾਗਿਰੀ ਕਰਦੀ ਰਹੀ। ਉਸ ਨੇ ਖ਼ੁਦ ਨੂੰ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ* ਨਾਲ ਭ੍ਰਿਸ਼ਟ ਕੀਤਾ+ ਜਿਨ੍ਹਾਂ ਕੋਲ ਉਹ ਆਪਣੀ ਹਵਸ ਮਿਟਾਉਣ ਜਾਂਦੀ ਸੀ।  ਉਹ ਮਿਸਰ ਵਿਚ ਜੋ ਵੇਸਵਾ ਦੇ ਕੰਮ ਕਰਦੀ ਸੀ, ਉਸ ਨੇ ਉਹ ਕੰਮ ਨਹੀਂ ਛੱਡੇ। ਉਹ ਆਪਣੀ ਜਵਾਨੀ ਤੋਂ ਹੀ ਮਿਸਰੀਆਂ ਨਾਲ ਸੁੱਤੀ ਅਤੇ ਉਸ ਨੇ ਆਪਣਾ ਕੁਆਰਾਪਣ ਗੁਆ ਦਿੱਤਾ। ਉਹ ਉਸ ਨਾਲ ਆਪਣੀ ਹਵਸ ਮਿਟਾਉਂਦੇ* ਰਹੇ।+  ਇਸ ਲਈ ਮੈਂ ਉਸ ਨੂੰ ਉਸ ਦੇ ਅੱਸ਼ੂਰੀ ਯਾਰਾਂ ਦੇ ਹੱਥ ਵਿਚ ਦੇ ਦਿੱਤਾ+ ਜਿਨ੍ਹਾਂ ਨਾਲ ਉਹ ਆਪਣੀ ਹਵਸ ਮਿਟਾਉਂਦੀ ਸੀ। 10  ਉਨ੍ਹਾਂ ਨੇ ਉਸ ਨੂੰ ਨੰਗੀ ਕਰ ਦਿੱਤਾ+ ਅਤੇ ਉਸ ਦੇ ਧੀਆਂ-ਪੁੱਤਰ ਖੋਹ ਲਏ+ ਅਤੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਔਰਤਾਂ ਵਿਚ ਬਦਨਾਮ ਹੋ ਗਈ। ਅੱਸ਼ੂਰੀਆਂ ਨੇ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦਿੱਤੀ। 11  “ਜਦ ਉਸ ਦੀ ਭੈਣ ਆਹਾਲੀਬਾਹ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਆਪਣੀ ਹਵਸ ਮਿਟਾਉਣ ਲਈ ਆਪਣੀ ਭੈਣ ਤੋਂ ਵੀ ਜ਼ਿਆਦਾ ਬਦਚਲਣੀ ਕਰਨ ਲੱਗ ਪਈ ਅਤੇ ਉਸ ਨਾਲੋਂ ਵੀ ਕਿਤੇ ਵੱਧ ਵੇਸਵਾਗਿਰੀ ਕੀਤੀ।+ 12  ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਗੁਆਂਢੀ ਅੱਸ਼ੂਰੀਆਂ ਕੋਲ ਜਾਣ ਲੱਗੀ।+ ਉਸ ਦੇ ਯਾਰ ਬੇਸ਼ਕੀਮਤੀ ਪੁਸ਼ਾਕਾਂ ਪਹਿਨਣ ਵਾਲੇ ਰਾਜਪਾਲ ਅਤੇ ਅਧਿਕਾਰੀ ਸਨ ਜੋ ਸਾਰੇ ਗੱਭਰੂ ਜਵਾਨ ਸਨ ਅਤੇ ਘੋੜਿਆਂ ’ਤੇ ਸਵਾਰੀ ਕਰਦੇ ਸਨ। 13  ਮੈਂ ਦੇਖਿਆ ਕਿ ਉਸ ਨੇ ਵੀ ਖ਼ੁਦ ਨੂੰ ਭ੍ਰਿਸ਼ਟ ਕਰ ਲਿਆ ਅਤੇ ਉਹ ਦੋਵੇਂ ਇੱਕੋ ਰਾਹ ਤੁਰੀਆਂ ਸਨ।+ 14  ਪਰ ਉਹ ਵਧ-ਚੜ੍ਹ ਕੇ ਵੇਸਵਾ ਦੇ ਕੰਮ ਕਰਦੀ ਰਹੀ। ਉਸ ਨੇ ਕੰਧ ’ਤੇ ਕਸਦੀ ਆਦਮੀਆਂ ਦੀਆਂ ਤਸਵੀਰਾਂ ਉੱਕਰੀਆਂ ਦੇਖੀਆਂ ਜੋ ਸੰਧੂਰੀ* ਰੰਗ ਨਾਲ ਰੰਗੀਆਂ ਹੋਈਆਂ ਸਨ। 15  ਉਨ੍ਹਾਂ ਨੇ ਆਪਣੇ ਲੱਕ ਦੁਆਲੇ ਕਮਰਬੰਦ ਬੰਨ੍ਹੇ ਹੋਏ ਸਨ ਅਤੇ ਸਿਰਾਂ ’ਤੇ ਲਹਿਰਾਉਂਦੀਆਂ ਪਗੜੀਆਂ ਬੰਨ੍ਹੀਆਂ ਹੋਈਆਂ ਸਨ। ਉਹ ਸਾਰੇ ਬਾਬਲੀ ਯੋਧੇ ਲੱਗਦੇ ਸਨ ਅਤੇ ਕਸਦੀਆਂ ਦੇ ਦੇਸ਼ ਵਿਚ ਪੈਦਾ ਹੋਏ ਸਨ। 16  ਉਨ੍ਹਾਂ ਨੂੰ ਦੇਖਦੇ ਸਾਰ ਹੀ ਉਸ ਦੇ ਅੰਦਰ ਹਵਸ ਪੈਦਾ ਹੋ ਗਈ ਅਤੇ ਉਸ ਨੇ ਕਸਦੀਮ ਵਿਚ ਉਨ੍ਹਾਂ ਨੂੰ ਸੁਨੇਹਾ ਘੱਲਿਆ।+ 17  ਇਸ ਲਈ ਬਾਬਲੀ ਉਸ ਨਾਲ ਹਮਬਿਸਤਰ ਹੋਣ ਲਈ ਆਉਂਦੇ ਰਹੇ ਅਤੇ ਉਨ੍ਹਾਂ ਨੇ ਆਪਣੀ ਹਵਸ ਨਾਲ* ਉਸ ਨੂੰ ਭ੍ਰਿਸ਼ਟ ਕੀਤਾ। ਭ੍ਰਿਸ਼ਟ ਹੋਣ ਤੋਂ ਬਾਅਦ ਉਸ ਨੂੰ ਉਨ੍ਹਾਂ ਨਾਲ ਘਿਣ ਹੋ ਗਈ ਅਤੇ ਉਸ ਨੇ ਉਨ੍ਹਾਂ ਤੋਂ ਆਪਣਾ ਮੂੰਹ ਫੇਰ ਲਿਆ। 18  “ਜਦ ਉਹ ਬੇਸ਼ਰਮ ਹੋ ਕੇ ਵੇਸਵਾਗਿਰੀ ਕਰਦੀ ਰਹੀ ਅਤੇ ਆਪਣਾ ਨੰਗੇਜ਼ ਦਿਖਾਉਂਦੀ ਰਹੀ,+ ਤਾਂ ਮੈਨੂੰ ਉਸ ਤੋਂ ਘਿਣ ਹੋ ਗਈ ਅਤੇ ਮੈਂ ਉਸ ਤੋਂ ਆਪਣਾ ਮੂੰਹ ਫੇਰ ਲਿਆ, ਜਿਵੇਂ ਉਸ ਦੀ ਭੈਣ ਨਾਲ ਘਿਣ ਹੋਣ ਕਰਕੇ ਮੈਂ ਆਪਣਾ ਮੂੰਹ ਫੇਰ ਲਿਆ ਸੀ।+ 19  ਉਹ ਵਧ-ਚੜ੍ਹ ਕੇ ਵੇਸਵਾ ਦੇ ਕੰਮ ਕਰਦੀ ਰਹੀ।+ ਉਹ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੀ ਸੀ ਜਦੋਂ ਉਸ ਨੇ ਮਿਸਰ ਵਿਚ ਵੇਸਵਾਗਿਰੀ ਕੀਤੀ ਸੀ।+ 20  ਉਹ ਉਨ੍ਹਾਂ ਆਦਮੀਆਂ ਦੀਆਂ ਰਖੇਲਾਂ ਵਾਂਗ ਆਪਣੇ ਯਾਰਾਂ ਨਾਲ ਹਵਸ ਮਿਟਾਉਂਦੀ ਰਹੀ ਜਿਨ੍ਹਾਂ ਦੇ ਗੁਪਤ ਅੰਗ ਗਧਿਆਂ ਅਤੇ ਘੋੜਿਆਂ ਵਰਗੇ ਹਨ। 21  ਹੇ ਆਹਾਲੀਬਾਹ, ਤੂੰ ਬੇਸ਼ਰਮੀ ਭਰੇ ਕੰਮ ਕਰਨ ਲਈ ਉਤਾਵਲੀ ਰਹਿੰਦੀ ਸੀ ਜੋ ਤੂੰ ਜਵਾਨ ਹੁੰਦਿਆਂ ਮਿਸਰ ਵਿਚ ਕਰਦੀ ਸੀ।+ ਉੱਥੇ ਉਨ੍ਹਾਂ ਨੇ ਤੇਰੇ ਨਾਲ ਹਰਾਮਕਾਰੀ ਕੀਤੀ ਸੀ।+ 22  “ਇਸ ਲਈ ਹੇ ਆਹਾਲੀਬਾਹ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਤੇਰੇ ਯਾਰਾਂ ਨੂੰ ਤੇਰੇ ਖ਼ਿਲਾਫ਼ ਭੜਕਾ ਰਿਹਾ ਹਾਂ+ ਜਿਨ੍ਹਾਂ ਤੋਂ ਤੂੰ ਘਿਣ ਕਰਦਿਆਂ ਮੂੰਹ ਫੇਰ ਲਿਆ ਸੀ। ਮੈਂ ਹਰ ਪਾਸਿਓਂ ਉਨ੍ਹਾਂ ਨੂੰ ਇਕੱਠਾ ਕਰ ਕੇ ਤੇਰੇ ਖ਼ਿਲਾਫ਼ ਲਿਆਵਾਂਗਾ,+ 23  ਹਾਂ, ਬਾਬਲੀਆਂ+ ਅਤੇ ਸਾਰੇ ਕਸਦੀਆਂ,+ ਪਕੋਦ,+ ਸ਼ੋਆ, ਕੋਆ ਦੇ ਆਦਮੀਆਂ ਅਤੇ ਸਾਰੇ ਅੱਸ਼ੂਰੀਆਂ ਨੂੰ। ਉਹ ਸਾਰੇ ਰਾਜਪਾਲ ਅਤੇ ਅਧਿਕਾਰੀ ਹਨ ਜੋ ਖ਼ਾਸ ਤੌਰ ਤੇ ਚੁਣੇ ਹੋਏ ਹਨ। ਉਹ ਗੱਭਰੂ ਜਵਾਨ ਅਤੇ ਯੋਧੇ ਹਨ ਅਤੇ ਘੋੜਿਆਂ ਦੀ ਸਵਾਰੀ ਕਰਦੇ ਹਨ। 24  ਉਹ ਬਹੁਤ ਸਾਰੇ ਯੁੱਧ ਦੇ ਰਥਾਂ ਅਤੇ ਵੱਡੀ ਫ਼ੌਜ ਨਾਲ ਤੇਰੇ ’ਤੇ ਹਮਲਾ ਕਰਨਗੇ। ਫ਼ੌਜੀਆਂ ਦੇ ਹੱਥਾਂ ਵਿਚ ਛੋਟੀਆਂ* ਅਤੇ ਵੱਡੀਆਂ ਢਾਲਾਂ ਹੋਣਗੀਆਂ ਅਤੇ ਉਨ੍ਹਾਂ ਦੇ ਸਿਰਾਂ ’ਤੇ ਟੋਪ ਹੋਣਗੇ। ਉਹ ਤੈਨੂੰ ਚਾਰੇ ਪਾਸਿਓਂ ਘੇਰ ਲੈਣਗੇ। ਮੈਂ ਉਨ੍ਹਾਂ ਨੂੰ ਤੇਰਾ ਨਿਆਂ ਕਰਨ ਦਾ ਅਧਿਕਾਰ ਦਿਆਂਗਾ ਅਤੇ ਉਹ ਆਪਣੇ ਤਰੀਕੇ ਨਾਲ ਤੇਰਾ ਨਿਆਂ ਕਰਨਗੇ।+ 25  ਮੈਂ ਆਪਣਾ ਗੁੱਸਾ ਤੇਰੇ ’ਤੇ ਵਰ੍ਹਾਵਾਂਗਾ ਅਤੇ ਉਹ ਗੁੱਸੇ ਵਿਚ ਆ ਕੇ ਤੇਰਾ ਬਹੁਤ ਮਾੜਾ ਹਾਲ ਕਰਨਗੇ। ਉਹ ਤੇਰੇ ਨੱਕ-ਕੰਨ ਵੱਢ ਸੁੱਟਣਗੇ ਅਤੇ ਜਿਹੜੇ ਲੋਕ ਬਚ ਜਾਣਗੇ, ਉਹ ਤਲਵਾਰ ਨਾਲ ਮਾਰੇ ਜਾਣਗੇ। ਉਹ ਤੇਰੇ ਧੀਆਂ-ਪੁੱਤਰਾਂ ਨੂੰ ਲੈ ਜਾਣਗੇ ਅਤੇ ਜਿਹੜੇ ਬਚ ਜਾਣਗੇ, ਉਨ੍ਹਾਂ ਨੂੰ ਅੱਗ ਭਸਮ ਕਰ ਦੇਵੇਗੀ।+ 26  ਉਹ ਤੇਰੇ ਕੱਪੜੇ ਲਾਹ ਦੇਣਗੇ+ ਅਤੇ ਤੇਰੇ ਸੋਹਣੇ-ਸੋਹਣੇ ਗਹਿਣੇ ਖੋਹ ਲੈਣਗੇ।+ 27  ਮੈਂ ਤੇਰੀ ਬਦਚਲਣੀ ਅਤੇ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਜੋ ਤੂੰ ਮਿਸਰ ਵਿਚ ਸ਼ੁਰੂ ਕੀਤੀ ਸੀ।+ ਤੂੰ ਉਨ੍ਹਾਂ ਵੱਲ ਦੇਖਣਾ ਬੰਦ ਕਰ ਦੇਵੇਂਗੀ ਅਤੇ ਅੱਗੇ ਤੋਂ ਮਿਸਰ ਨੂੰ ਕਦੇ ਯਾਦ ਨਹੀਂ ਕਰੇਂਗੀ।’ 28  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹੱਥ ਵਿਚ ਦੇ ਦਿਆਂਗਾ ਜਿਨ੍ਹਾਂ ਨਾਲ ਤੂੰ ਨਫ਼ਰਤ ਕਰਦੀ ਹੈਂ ਅਤੇ ਜਿਨ੍ਹਾਂ ਤੋਂ ਤੂੰ ਘਿਣ ਕਰਦਿਆਂ ਆਪਣਾ ਮੂੰਹ ਫੇਰ ਲਿਆ ਸੀ।+ 29  ਉਹ ਤੇਰੇ ਨਾਲ ਨਫ਼ਰਤ ਭਰਿਆ ਸਲੂਕ ਕਰਨਗੇ ਅਤੇ ਤੇਰੀ ਮਿਹਨਤ ਦੀ ਕਮਾਈ ਹੜੱਪ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗੀ ਕਰ ਦੇਣਗੇ। ਸਾਰੇ ਤੇਰੀ ਬਦਚਲਣੀ ਦਾ ਨੰਗੇਜ਼ ਦੇਖਣਗੇ ਅਤੇ ਤੇਰੇ ਬੇਸ਼ਰਮੀ ਭਰੇ ਕੰਮਾਂ ਅਤੇ ਵੇਸਵਾਗਿਰੀ ਦਾ ਪਰਦਾਫ਼ਾਸ਼ ਕੀਤਾ ਜਾਵੇਗਾ।+ 30  ਤੇਰੇ ਨਾਲ ਇਹ ਸਭ ਕੁਝ ਇਸ ਲਈ ਹੋਵੇਗਾ ਕਿਉਂਕਿ ਤੂੰ ਵੇਸਵਾ ਵਾਂਗ ਦੂਜੀਆਂ ਕੌਮਾਂ ਦੇ ਮਗਰ ਗਈ+ ਅਤੇ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕੀਤਾ।+ 31  ਤੂੰ ਵੀ ਆਪਣੀ ਭੈਣ ਦੇ ਰਾਹ ’ਤੇ ਤੁਰੀ,+ ਇਸ ਲਈ ਮੈਂ ਉਸ ਦਾ ਪਿਆਲਾ ਤੇਰੇ ਹੱਥ ਵਿਚ ਦਿਆਂਗਾ।’+ 32  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੀ ਭੈਣ ਦਾ ਡੂੰਘਾ ਅਤੇ ਚੌੜਾ ਪਿਆਲਾ ਪੀਵੇਂਗੀ,+ਇਸ ਪਿਆਲੇ ਵਿਚ ਹਾਸਾ ਅਤੇ ਮਜ਼ਾਕ ਭਰਿਆ ਹੋਇਆ ਹੈ,ਇਸ ਲਈ ਲੋਕ ਤੇਰੇ ’ਤੇ ਹੱਸਣਗੇ ਅਤੇ ਤੇਰਾ ਮਜ਼ਾਕ ਉਡਾਉਣਗੇ।+ 33  ਤੇਰੀ ਭੈਣ ਸਾਮਰਿਯਾ ਦਾ ਪਿਆਲਾਖ਼ੌਫ਼ ਅਤੇ ਤਬਾਹੀ ਨਾਲ ਭਰਿਆ ਹੋਇਆ ਹੈ,ਤੂੰ ਇਸ ਨੂੰ ਪੀ ਕੇ ਸ਼ਰਾਬੀ ਹੋ ਜਾਵੇਂਗੀ ਅਤੇ ਦੁੱਖ ਵਿਚ ਡੁੱਬ ਜਾਵੇਂਗੀ। 34  ਤੈਨੂੰ ਆਖ਼ਰੀ ਬੂੰਦ ਤਕ ਇਹ ਪੀਣਾ ਹੀ ਪਵੇਗਾ+ਅਤੇ ਤੈਨੂੰ ਇਸ ਦੀਆਂ ਠੀਕਰੀਆਂ ਚਬਾਉਣੀਆਂ ਪੈਣਗੀਆਂ। ਤੂੰ ਦੁੱਖ ਦੇ ਮਾਰੇ ਆਪਣੀਆਂ ਛਾਤੀਆਂ ਕੱਟੇ-ਵੱਢੇਂਗੀ। “ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’ 35  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੂੰ ਮੈਨੂੰ ਭੁੱਲ ਗਈ ਹੈਂ ਅਤੇ ਤੂੰ ਮੇਰਾ ਘੋਰ ਅਪਮਾਨ ਕੀਤਾ ਹੈ,*+ ਇਸ ਕਰਕੇ ਤੈਨੂੰ ਆਪਣੀ ਬਦਚਲਣੀ ਅਤੇ ਵੇਸਵਾਗਿਰੀ ਦੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।’” 36  ਫਿਰ ਯਹੋਵਾਹ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ+ ਨੂੰ ਸਜ਼ਾ ਦਾ ਫ਼ੈਸਲਾ ਸੁਣਾਉਣ ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਬਾਰੇ ਦੱਸਣ ਲਈ ਤਿਆਰ ਹੈਂ? 37  ਉਨ੍ਹਾਂ ਨੇ ਹਰਾਮਕਾਰੀ* ਕੀਤੀ ਹੈ+ ਅਤੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣੀਆਂ ਘਿਣਾਉਣੀਆਂ ਮੂਰਤਾਂ ਨਾਲ ਹਰਾਮਕਾਰੀ ਕੀਤੀ ਹੈ, ਸਗੋਂ ਮੂਰਤਾਂ ਦੇ ਭੋਜਨ ਲਈ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਹਨ* ਜੋ ਉਨ੍ਹਾਂ ਨੇ ਮੇਰੇ ਲਈ ਪੈਦਾ ਕੀਤੇ ਸਨ।+ 38  ਇਸ ਤੋਂ ਇਲਾਵਾ ਉਨ੍ਹਾਂ ਨੇ ਮੇਰੇ ਨਾਲ ਇਹ ਕੀਤਾ: ਉਨ੍ਹਾਂ ਨੇ ਉਸ ਦਿਨ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕੀਤਾ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। 39  ਆਪਣੀਆਂ ਘਿਣਾਉਣੀਆਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀ ਬਲ਼ੀ ਦੇਣ ਤੋਂ ਬਾਅਦ+ ਉਹ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿਚ ਆਏ ਅਤੇ ਇਸ ਨੂੰ ਭ੍ਰਿਸ਼ਟ ਕੀਤਾ।+ ਉਨ੍ਹਾਂ ਨੇ ਮੇਰੇ ਘਰ ਵਿਚ ਇਸ ਤਰ੍ਹਾਂ ਕੀਤਾ। 40  ਉਨ੍ਹਾਂ ਨੇ ਦੂਰੋਂ-ਦੂਰੋਂ ਆਦਮੀਆਂ ਨੂੰ ਬੁਲਾਉਣ ਲਈ ਸੁਨੇਹਾ ਘੱਲਿਆ।+ ਜਦ ਉਹ ਆ ਰਹੇ ਸਨ, ਤਾਂ ਹੇ ਆਹਾਲੀਬਾਹ, ਤੂੰ ਨਹਾ ਕੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਇਆ ਅਤੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਿਆ+ 41  ਅਤੇ ਤੂੰ ਆਲੀਸ਼ਾਨ ਪਲੰਘ ’ਤੇ ਬੈਠ ਗਈ।+ ਇਸ ਦੇ ਸਾਮ੍ਹਣੇ ਮੇਜ਼ ਰੱਖਿਆ ਹੋਇਆ ਸੀ+ ਜਿਸ ਉੱਤੇ ਤੂੰ ਮੇਰਾ ਧੂਪ+ ਅਤੇ ਤੇਲ+ ਰੱਖਿਆ। 42  ਉੱਥੇ ਰੰਗਰਲੀਆਂ ਮਨਾਉਣ ਵਾਲੇ ਆਦਮੀਆਂ ਦਾ ਸ਼ੋਰ ਸੁਣਾਈ ਦਿੱਤਾ ਜਿਨ੍ਹਾਂ ਵਿਚ ਉਜਾੜ ਤੋਂ ਲਿਆਂਦੇ ਸ਼ਰਾਬੀ ਵੀ ਸਨ। ਉਨ੍ਹਾਂ ਨੇ ਔਰਤਾਂ ਦੇ ਹੱਥਾਂ ਵਿਚ ਕੰਗਣ ਪਾਏ ਅਤੇ ਸਿਰਾਂ ’ਤੇ ਸੋਹਣੇ ਮੁਕਟ ਰੱਖੇ। 43  “ਫਿਰ ਮੈਂ ਉਸ ਔਰਤ ਬਾਰੇ ਜੋ ਹਰਾਮਕਾਰੀ ਕਰ ਕੇ ਥੱਕ ਚੁੱਕੀ ਸੀ, ਕਿਹਾ: ‘ਪਰ ਉਹ ਔਰਤ ਵੇਸਵਾ ਦੇ ਕੰਮ ਕਰਦੀ ਰਹੇਗੀ।’ 44  ਉਹ ਆਦਮੀ ਉਸ ਕੋਲ ਜਾਂਦੇ ਰਹੇ, ਜਿਵੇਂ ਕੋਈ ਵੇਸਵਾ ਦੇ ਕੋਲ ਜਾਂਦਾ ਹੈ। ਇਸੇ ਤਰ੍ਹਾਂ ਉਹ ਬਦਚਲਣ ਔਰਤਾਂ ਆਹਾਲਾਹ ਅਤੇ ਆਹਾਲੀਬਾਹ ਕੋਲ ਜਾਂਦੇ ਰਹੇ। 45  ਪਰ ਹਰਾਮਕਾਰੀ ਅਤੇ ਖ਼ੂਨ ਵਹਾਉਣ ਕਰਕੇ ਧਰਮੀ ਲੋਕ ਉਸ* ਦਾ ਨਿਆਂ ਕਰਨਗੇ ਅਤੇ ਉਸ ਨੂੰ ਸਜ਼ਾ ਦੇਣਗੇ ਜਿਸ ਦੇ ਉਹ ਲਾਇਕ ਹੈ।+ ਉਹ ਦੋਵੇਂ ਬਦਚਲਣ ਹਨ ਅਤੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ।+ 46  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦੇ ਖ਼ਿਲਾਫ਼ ਇਕ ਫ਼ੌਜ ਲਿਆਂਦੀ ਜਾਵੇਗੀ ਅਤੇ ਉਹ ਉਨ੍ਹਾਂ ਦਾ ਅਜਿਹਾ ਹਸ਼ਰ ਕਰਨਗੇ ਕਿ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਉਨ੍ਹਾਂ ਨੂੰ ਲੁੱਟ ਲਿਆ ਜਾਵੇਗਾ।+ 47  ਫ਼ੌਜ ਉਨ੍ਹਾਂ ’ਤੇ ਵਗਾਹ ਕੇ ਪੱਥਰ ਮਾਰੇਗੀ+ ਅਤੇ ਉਨ੍ਹਾਂ ਨੂੰ ਤਲਵਾਰਾਂ ਨਾਲ ਵੱਢ ਸੁੱਟੇਗੀ। ਉਹ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਮਾਰ ਮੁਕਾਵੇਗੀ+ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਸਾੜ ਸੁੱਟੇਗੀ।+ 48  ਮੈਂ ਦੇਸ਼ ਵਿੱਚੋਂ ਸਾਰੀ ਬਦਚਲਣੀ ਦਾ ਅੰਤ ਕਰ ਦਿਆਂਗਾ ਅਤੇ ਸਾਰੀਆਂ ਔਰਤਾਂ ਇਸ ਤੋਂ ਸਬਕ ਸਿੱਖਣਗੀਆਂ ਅਤੇ ਉਹ ਤੁਹਾਡੇ ਵਾਂਗ ਬਦਚਲਣੀ ਨਹੀਂ ਕਰਨਗੀਆਂ।+ 49  ਉਹ ਤੁਹਾਨੂੰ ਤੁਹਾਡੀ ਬਦਚਲਣੀ ਅਤੇ ਪਾਪਾਂ ਦੀ ਸਜ਼ਾ ਦੇਣਗੇ ਜੋ ਤੁਸੀਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰ ਕੇ ਕੀਤੇ ਹਨ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।’”+

ਫੁਟਨੋਟ

ਮਤਲਬ “ਉਸ ਦਾ ਤੰਬੂ।”
ਮਤਲਬ “ਮੇਰਾ ਤੰਬੂ ਉਸ ਵਿਚ ਹੈ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਨਾਜਾਇਜ਼ ਸਰੀਰਕ ਸੰਬੰਧ ਬਣਾਉਂਦੇ।”
ਜਾਂ, “ਲਾਲ।”
ਜਾਂ, “ਨਾਜਾਇਜ਼ ਸਰੀਰਕ ਸੰਬੰਧ ਬਣਾ ਕੇ।”
ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਇਬ, “ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਇਬ, “ਨੂੰ ਵੀ ਅੱਗ ਦੇ ਵਿੱਚੋਂ ਦੀ ਲੰਘਾਇਆ ਹੈ।”
ਜ਼ਾਹਰ ਹੈ ਕਿ ਇੱਥੇ ਆਹਾਲੀਬਾਹ ਦੀ ਗੱਲ ਕੀਤੀ ਗਈ ਹੈ।