ਹਿਜ਼ਕੀਏਲ 22:1-31

  • ਖ਼ੂਨੀ ਸ਼ਹਿਰ ਯਰੂਸ਼ਲਮ  (1-16)

  • ਇਜ਼ਰਾਈਲ ਧਾਤ ਦੀ ਮੈਲ਼ ਵਾਂਗ (17-22)

  • ਇਜ਼ਰਾਈਲ ਦੇ ਆਗੂਆਂ ਅਤੇ ਲੋਕਾਂ ਨੂੰ ਸਜ਼ਾ ਸੁਣਾਈ ਗਈ (23-31)

22  ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਸ ਖ਼ੂਨੀ ਸ਼ਹਿਰ+ ਨੂੰ ਸਜ਼ਾ ਦਾ ਫ਼ੈਸਲਾ ਸੁਣਾਉਣ* ਅਤੇ ਇਸ ਦੇ ਸਾਰੇ ਘਿਣਾਉਣੇ ਕੰਮਾਂ ਬਾਰੇ ਦੱਸਣ ਲਈ ਤਿਆਰ ਹੈਂ?+  ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਖ਼ੂਨ ਨਾਲ ਲੱਥ-ਪੱਥ ਸ਼ਹਿਰ,+ ਤੇਰਾ ਸਮਾਂ ਆ ਗਿਆ ਹੈ।+ ਤੂੰ ਆਪਣੇ ਆਪ ਨੂੰ ਭ੍ਰਿਸ਼ਟ ਕਰਨ ਲਈ ਘਿਣਾਉਣੀਆਂ ਮੂਰਤਾਂ* ਬਣਾਉਂਦਾ ਹੈਂ।+  ਇੰਨਾ ਖ਼ੂਨ ਵਹਾਉਣ ਕਰਕੇ ਤੂੰ ਦੋਸ਼ੀ ਹੈਂ+ ਅਤੇ ਤੇਰੀਆਂ ਘਿਣਾਉਣੀਆਂ ਮੂਰਤਾਂ ਨੇ ਤੈਨੂੰ ਅਸ਼ੁੱਧ ਕਰ ਦਿੱਤਾ ਹੈ।+ ਤੂੰ ਆਪਣੇ ਦਿਨ ਘਟਾ ਲਏ ਹਨ ਅਤੇ ਤੇਰੇ ਤੋਂ ਲੇਖਾ ਲੈਣ ਦੇ ਸਾਲ ਆ ਗਏ ਹਨ। ਇਸ ਕਰਕੇ ਮੈਂ ਤੇਰਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਕੌਮਾਂ ਤੈਨੂੰ ਮਜ਼ਾਕ ਕਰਨਗੀਆਂ ਅਤੇ ਸਾਰੇ ਦੇਸ਼ ਤੇਰਾ ਮਖੌਲ ਉਡਾਉਣਗੇ।+  ਦੂਰ ਅਤੇ ਨੇੜੇ ਦੇ ਦੇਸ਼ ਤੈਨੂੰ ਠੱਠਾ ਕਰਨਗੇ।+ ਤੂੰ ਬਦਨਾਮ ਸ਼ਹਿਰ ਹੈਂ ਅਤੇ ਤੇਰੇ ਵਿਚ ਗੜਬੜੀ ਫੈਲੀ ਹੋਈ ਹੈ।  ਦੇਖ! ਤੇਰੇ ਵਿਚ ਇਜ਼ਰਾਈਲ ਦੇ ਸਾਰੇ ਮੁਖੀ ਖ਼ੂਨ ਵਹਾਉਣ ਲਈ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹਨ।+  ਤੇਰੇ ਵਿਚ ਲੋਕ ਆਪਣੇ ਮਾਤਾ-ਪਿਤਾ ਦੀ ਬੇਇੱਜ਼ਤੀ ਕਰਦੇ ਹਨ।+ ਉਹ ਪਰਦੇਸੀਆਂ ਨਾਲ ਠੱਗੀ ਮਾਰਦੇ ਹਨ, ਯਤੀਮਾਂ* ਅਤੇ ਵਿਧਵਾਵਾਂ ਨਾਲ ਬਦਸਲੂਕੀ ਕਰਦੇ ਹਨ।”’”+  “‘ਤੂੰ ਮੇਰੇ ਪਵਿੱਤਰ ਸਥਾਨਾਂ ਨੂੰ ਤੁੱਛ ਸਮਝਿਆ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ।+  ਤੇਰੇ ਵਿਚ ਦੂਜਿਆਂ ਨੂੰ ਬਦਨਾਮ ਕਰਨ ਵਾਲੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਖ਼ੂਨ ਵਹਾਉਣਾ ਹੈ।+ ਉਹ ਤੇਰੇ ਪਹਾੜਾਂ ’ਤੇ ਬਲ਼ੀਆਂ ਖਾਂਦੇ ਹਨ ਅਤੇ ਤੇਰੇ ਵਿਚਕਾਰ ਬਦਚਲਣੀ ਕਰਨ ਵਿਚ ਲੱਗੇ ਰਹਿੰਦੇ ਹਨ।+ 10  ਤੇਰੇ ਵਿਚ ਲੋਕ ਆਪਣੇ ਪਿਤਾ ਦੇ ਵਿਛਾਉਣੇ ਦਾ ਨਿਰਾਦਰ ਕਰਦੇ ਹਨ*+ ਅਤੇ ਉਨ੍ਹਾਂ ਔਰਤਾਂ ਨਾਲ ਸੰਬੰਧ ਬਣਾਉਂਦੇ ਹਨ ਜੋ ਮਾਹਵਾਰੀ ਕਰਕੇ ਅਸ਼ੁੱਧ ਹਨ।+ 11  ਤੇਰੇ ਵਿਚ ਕੋਈ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਕੰਮ ਕਰਦਾ ਹੈ,+ ਕੋਈ ਆਪਣੀ ਹੀ ਨੂੰਹ ਨਾਲ ਬਦਚਲਣੀ ਕਰਦਾ ਹੈ+ ਅਤੇ ਕੋਈ ਆਪਣੀ ਹੀ ਭੈਣ ਨਾਲ ਜ਼ਬਰਦਸਤੀ ਕਰਦਾ ਹੈ ਜੋ ਉਸ ਦੇ ਪਿਤਾ ਦੀ ਧੀ ਹੈ।+ 12  ਤੇਰੇ ਵਿਚ ਲੋਕ ਖ਼ੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ।+ ਉਹ ਵਿਆਜ ’ਤੇ ਪੈਸਾ ਉਧਾਰ ਦਿੰਦੇ ਹਨ,+ ਸੂਦਖੋਰੀ ਕਰਦੇ ਹਨ ਅਤੇ ਆਪਣੇ ਗੁਆਂਢੀ ਤੋਂ ਧੱਕੇ ਨਾਲ ਪੈਸਾ ਲੈਂਦੇ ਹਨ।+ ਹਾਂ, ਤੂੰ ਮੈਨੂੰ ਪੂਰੀ ਤਰ੍ਹਾਂ ਭੁੱਲ ਗਿਆ ਹੈਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 13  “‘ਦੇਖ! ਜਦੋਂ ਮੈਂ ਤੇਰੀ ਬੇਈਮਾਨੀ ਦੀ ਕਮਾਈ ਅਤੇ ਤੇਰੇ ਵਿਚ ਹੁੰਦੇ ਖ਼ੂਨ-ਖ਼ਰਾਬੇ ਨੂੰ ਦੇਖਦਾ ਹਾਂ, ਤਾਂ ਮੈਂ ਘਿਰਣਾ ਨਾਲ ਆਪਣੇ ਹੱਥ ’ਤੇ ਹੱਥ ਮਾਰਦਾ ਹਾਂ। 14  ਜਿਸ ਦਿਨ ਮੈਂ ਤੇਰੇ ਖ਼ਿਲਾਫ਼ ਕਾਰਵਾਈ ਕਰਾਂਗਾ, ਤਾਂ ਕੀ ਉਸ ਦਿਨ ਤੇਰਾ ਦਿਲ ਮਜ਼ਬੂਤ ਰਹੇਗਾ ਅਤੇ ਤੇਰੇ ਹੱਥਾਂ ਵਿਚ ਤਾਕਤ ਰਹੇਗੀ?+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ ਅਤੇ ਮੈਂ ਤੇਰੇ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗਾ। 15  ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ ਅਤੇ ਤੇਰੀ ਅਸ਼ੁੱਧਤਾ ਦਾ ਅੰਤ ਕਰ ਦਿਆਂਗਾ।+ 16  ਤੈਨੂੰ ਦੂਜੀਆਂ ਕੌਮਾਂ ਦੇ ਸਾਮ੍ਹਣੇ ਬੇਇੱਜ਼ਤ ਕੀਤਾ ਜਾਵੇਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+ 17  ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 18  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦਾ ਘਰਾਣਾ ਮੇਰੇ ਲਈ ਧਾਤ ਦੀ ਮੈਲ਼ ਵਾਂਗ ਬੇਕਾਰ ਬਣ ਗਿਆ ਹੈ। ਉਹ ਸਾਰੇ ਭੱਠੀ ਵਿਚ ਪਾਏ ਤਾਂਬੇ, ਟੀਨ, ਲੋਹੇ ਅਤੇ ਸਿੱਕੇ ਵਰਗੇ ਹਨ। ਉਹ ਚਾਂਦੀ ਦੀ ਮੈਲ਼ ਵਰਗੇ ਬਣ ਗਏ ਹਨ।+ 19  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੁਸੀਂ ਸਾਰੇ ਧਾਤ ਦੀ ਮੈਲ਼ ਵਾਂਗ ਬੇਕਾਰ ਬਣ ਗਏ ਹੋ,+ ਇਸ ਕਰਕੇ ਮੈਂ ਤੁਹਾਨੂੰ ਯਰੂਸ਼ਲਮ ਵਿਚ ਇਕੱਠਾ ਕਰਨ ਜਾ ਰਿਹਾ ਹਾਂ। 20  ਜਿਵੇਂ ਚਾਂਦੀ, ਤਾਂਬਾ, ਲੋਹਾ, ਸਿੱਕਾ ਅਤੇ ਟੀਨ ਇਕੱਠਾ ਕਰ ਕੇ ਭੱਠੀ ਵਿਚ ਪਾਇਆ ਜਾਂਦਾ ਹੈ ਅਤੇ ਅੱਗ ਨੂੰ ਹੋਰ ਤੇਜ਼ ਕਰਨ ਲਈ ਹਵਾ ਦਿੱਤੀ ਜਾਂਦੀ ਹੈ ਤਾਂਕਿ ਇਹ ਸਾਰੀਆਂ ਧਾਤਾਂ ਪਿਘਲ ਜਾਣ, ਉਸੇ ਤਰ੍ਹਾਂ ਮੈਂ ਕ੍ਰੋਧ ਅਤੇ ਗੁੱਸੇ ਵਿਚ ਆ ਕੇ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦੇ ਕੇ ਤੁਹਾਨੂੰ ਪਿਘਲਾ ਦਿਆਂਗਾ।+ 21  ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦਿਆਂਗਾ+ ਅਤੇ ਤੁਸੀਂ ਸ਼ਹਿਰ ਦੇ ਅੰਦਰ ਪਿਘਲ ਜਾਓਗੇ।+ 22  ਜਿਵੇਂ ਚਾਂਦੀ ਭੱਠੀ ਵਿਚ ਪਿਘਲ ਜਾਂਦੀ ਹੈ, ਉਸੇ ਤਰ੍ਹਾਂ ਤੁਸੀਂ ਵੀ ਸ਼ਹਿਰ ਵਿਚ ਪਿਘਲ ਜਾਓਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਹੀ ਤੁਹਾਡੇ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।’” 23  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 24  “ਹੇ ਮਨੁੱਖ ਦੇ ਪੁੱਤਰ, ਉਸ ਨੂੰ ਕਹਿ, ‘ਤੂੰ ਉਹ ਦੇਸ਼ ਹੈਂ ਜਿਸ ਨੂੰ ਮੇਰੇ ਕ੍ਰੋਧ ਦੇ ਦਿਨ ਨਾ ਤਾਂ ਸ਼ੁੱਧ ਕੀਤਾ ਜਾਵੇਗਾ ਅਤੇ ਨਾ ਹੀ ਇੱਥੇ ਮੀਂਹ ਪਵੇਗਾ। 25  ਤੇਰੇ ਨਬੀ ਸਾਜ਼ਸ਼ਾਂ ਘੜਦੇ ਹਨ।+ ਉਹ ਸ਼ਿਕਾਰ ਨੂੰ ਪਾੜਨ ਵਾਲੇ ਗਰਜਦੇ ਸ਼ੇਰ ਵਾਂਗ ਹਨ।+ ਉਹ ਲੋਕਾਂ ਨੂੰ ਨਿਗਲ਼ ਰਹੇ ਹਨ। ਉਹ ਖ਼ਜ਼ਾਨਿਆਂ ਅਤੇ ਕੀਮਤੀ ਚੀਜ਼ਾਂ ’ਤੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਔਰਤਾਂ ਨੂੰ ਵਿਧਵਾ ਬਣਾ ਦਿੱਤਾ ਹੈ। 26  ਤੇਰੇ ਪੁਜਾਰੀਆਂ ਨੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ+ ਅਤੇ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭ੍ਰਿਸ਼ਟ ਕਰ ਰਹੇ ਹਨ।+ ਉਹ ਪਵਿੱਤਰ ਅਤੇ ਆਮ ਚੀਜ਼ਾਂ ਵਿਚ ਫ਼ਰਕ ਨਹੀਂ ਕਰਦੇ,+ ਲੋਕਾਂ ਨੂੰ ਸ਼ੁੱਧ ਅਤੇ ਅਸ਼ੁੱਧ ਵਿਚ ਫ਼ਰਕ ਨਹੀਂ ਦੱਸਦੇ,+ ਮੇਰੇ ਸਬਤਾਂ ਨੂੰ ਮਨਾਉਣ ਤੋਂ ਇਨਕਾਰ ਕਰਦੇ ਹਨ ਅਤੇ ਮੇਰੀ ਬੇਅਦਬੀ ਕਰਦੇ ਹਨ। 27  ਉਸ ਦੇ ਹਾਕਮ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਰਗੇ ਹਨ; ਉਹ ਬੇਈਮਾਨੀ ਦੀ ਕਮਾਈ ਲਈ ਲੋਕਾਂ ਦਾ ਖ਼ੂਨ ਵਹਾਉਂਦੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਦੇ ਹਨ।+ 28  ਉਸ ਦੇ ਨਬੀ ਉਨ੍ਹਾਂ ਦੇ ਬੁਰੇ ਕੰਮਾਂ ’ਤੇ ਚਿੱਟੀ ਕਲੀ ਫੇਰਦੇ ਹਨ। ਉਹ ਝੂਠੇ ਦਰਸ਼ਣ ਦੇਖਦੇ ਅਤੇ ਝੂਠੇ ਫਾਲ* ਪਾਉਂਦੇ ਹਨ+ ਅਤੇ ਕਹਿੰਦੇ ਹਨ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ,” ਜਦ ਕਿ ਯਹੋਵਾਹ ਨੇ ਤਾਂ ਇਹ ਕਿਹਾ ਹੀ ਨਹੀਂ। 29  ਦੇਸ਼ ਦੇ ਲੋਕਾਂ ਨੇ ਠੱਗੀਆਂ ਮਾਰੀਆਂ ਹਨ, ਲੁੱਟ-ਮਾਰ ਕੀਤੀ ਹੈ,+ ਲੋੜਵੰਦਾਂ ਅਤੇ ਗ਼ਰੀਬਾਂ ਨਾਲ ਬਦਸਲੂਕੀ ਕੀਤੀ ਹੈ, ਪਰਦੇਸੀਆਂ ਨਾਲ ਧੋਖਾਧੜੀ ਕੀਤੀ ਹੈ ਅਤੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ।’ 30  “‘ਮੈਂ ਉਨ੍ਹਾਂ ਵਿਚ ਇਕ ਅਜਿਹੇ ਆਦਮੀ ਨੂੰ ਲੱਭ ਰਿਹਾ ਸੀ ਜੋ ਪੱਥਰ ਦੀ ਕੰਧ ਦੀ ਮੁਰੰਮਤ ਕਰ ਸਕੇ ਜਾਂ ਦੇਸ਼ ਦੇ ਲੋਕਾਂ ਦੀ ਖ਼ਾਤਰ ਮੇਰੇ ਸਾਮ੍ਹਣੇ ਕੰਧ ਦੇ ਪਾੜ ਵਿਚ ਖੜ੍ਹਾ ਹੋ ਸਕੇ ਤਾਂਕਿ ਦੇਸ਼ ਨਾਸ਼ ਨਾ ਹੋਵੇ,+ ਪਰ ਮੈਨੂੰ ਅਜਿਹਾ ਕੋਈ ਆਦਮੀ ਨਾ ਲੱਭਾ। 31  ਇਸ ਲਈ ਮੈਂ ਉਨ੍ਹਾਂ ’ਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰ ਦਿਆਂਗਾ। ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਇਬ, “ਦਾ ਨਿਆਂ ਕਰਨ ਲਈ; ਦਾ ਨਿਆਂ ਕਰਨ ਲਈ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਆਪਣੇ ਪਿਤਾ ਦਾ ਨੰਗੇਜ਼ ਉਘਾੜਦੇ ਹਨ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।