ਹਿਜ਼ਕੀਏਲ 17:1-24

  • ਦੋ ਉਕਾਬਾਂ ਅਤੇ ਇਕ ਅੰਗੂਰੀ ਵੇਲ ਦੀ ਬੁਝਾਰਤ (1-21)

  • ਇਕ ਨਰਮ ਲਗਰ ਵੱਡਾ ਦਿਆਰ ਬਣ ਗਈ (22-24)

17  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਬਾਰੇ ਇਕ ਬੁਝਾਰਤ ਪਾ ਅਤੇ ਕਹਾਵਤ ਕਹਿ।+  ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਕ ਵੱਡਾ ਉਕਾਬ+ ਲਬਾਨੋਨ ਆਇਆ।+ ਉਸ ਦੇ ਵੱਡੇ-ਵੱਡੇ ਅਤੇ ਰੰਗ-ਬਰੰਗੇ ਖੰਭ ਸਨ ਅਤੇ ਉਸ ਨੇ ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਤੋੜੀ।+  ਉਹ ਦਿਆਰ ਦੀ ਸਭ ਤੋਂ ਉੱਪਰਲੀ ਲਗਰ ਤੋੜ ਕੇ ਵਪਾਰੀਆਂ ਦੇ ਦੇਸ਼* ਵਿਚ ਲੈ ਆਇਆ ਅਤੇ ਉਸ ਨੂੰ ਵਪਾਰੀਆਂ ਦੇ ਸ਼ਹਿਰ ਵਿਚ ਲਾ ਦਿੱਤਾ।+  ਫਿਰ ਉਸ ਨੇ ਦੇਸ਼ ਦੇ ਕੁਝ ਬੀ ਲਏ+ ਅਤੇ ਉਨ੍ਹਾਂ ਨੂੰ ਇਕ ਉਪਜਾਊ ਖੇਤ ਵਿਚ ਬੀਜ ਦਿੱਤਾ। ਉਸ ਨੇ ਉਨ੍ਹਾਂ ਨੂੰ ਉਸ ਜਗ੍ਹਾ ਬੀਜਿਆ ਜਿੱਥੇ ਬਹੁਤ ਸਾਰਾ ਪਾਣੀ ਸੀ ਤਾਂਕਿ ਉਹ ਬੇਦ ਦੇ ਦਰਖ਼ਤ ਵਾਂਗ ਵਧਣ।  ਫਿਰ ਬੀ ਪੁੰਗਰੇ ਅਤੇ ਇਕ ਅੰਗੂਰੀ ਵੇਲ ਉੱਗੀ।+ ਇਹ ਵੇਲ ਉੱਚੀ ਨਹੀਂ ਸੀ, ਪਰ ਇਸ ਦੀਆਂ ਟਾਹਣੀਆਂ ਫੈਲੀਆਂ ਹੋਈਆਂ ਸਨ। ਇਸ ਦੇ ਪੱਤੇ ਥੱਲੇ ਨੂੰ ਝੁਕੇ ਹੋਏ ਸਨ ਅਤੇ ਜੜ੍ਹਾਂ ਜ਼ਮੀਨ ਵਿਚ ਵਧੀਆਂ ਹੋਈਆਂ ਸਨ। ਇਸ ਤਰ੍ਹਾਂ ਇਹ ਇਕ ਵੇਲ ਬਣੀ ਅਤੇ ਇਸ ਦੀਆਂ ਲਗਰਾਂ ਅਤੇ ਟਾਹਣੀਆਂ ਨਿਕਲੀਆਂ।+  “‘“ਅਤੇ ਫਿਰ ਇਕ ਹੋਰ ਵੱਡਾ ਉਕਾਬ ਆਇਆ+ ਜਿਸ ਦੇ ਵੱਡੇ-ਵੱਡੇ ਖੰਭ ਸਨ।+ ਜਿਸ ਕਿਆਰੀ ਵਿਚ ਅੰਗੂਰੀ ਵੇਲ ਨੂੰ ਲਾਇਆ ਗਿਆ ਸੀ, ਉੱਥੋਂ ਇਸ ਨੇ ਆਪਣੀਆਂ ਜੜ੍ਹਾਂ ਬੇਸਬਰੀ ਨਾਲ ਉਕਾਬ ਵੱਲ ਵਧਾਈਆਂ। ਇਸ ਨੇ ਆਪਣੇ ਪੱਤੇ ਅਤੇ ਟਾਹਣੀਆਂ ਉਕਾਬ ਵੱਲ ਫੈਲਾਈਆਂ ਤਾਂਕਿ ਉਹ ਇਸ ਨੂੰ ਸਿੰਜੇ।+  ਇਹ ਵੇਲ ਪਹਿਲਾਂ ਹੀ ਚੰਗੇ ਖੇਤ ਵਿਚ ਲਾਈ ਗਈ ਸੀ ਜਿੱਥੇ ਬਹੁਤ ਸਾਰਾ ਪਾਣੀ ਸੀ ਤਾਂਕਿ ਇਸ ਦੀਆਂ ਟਾਹਣੀਆਂ ਨਿਕਲਣ, ਇਹ ਫਲ ਦੇਵੇ ਅਤੇ ਬਹੁਤ ਵੱਡੀ ਵੇਲ ਬਣੇ।”’+  “ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਇਹ ਵੇਲ ਵਧੇ-ਫੁੱਲੇਗੀ? ਕੀ ਕੋਈ ਇਸ ਨੂੰ ਜੜ੍ਹੋਂ ਨਹੀਂ ਪੁੱਟ ਸੁੱਟੇਗਾ+ ਤਾਂਕਿ ਇਸ ਦਾ ਫਲ ਗਲ਼-ਸੜ ਜਾਵੇ ਅਤੇ ਇਸ ਦੀਆਂ ਕਰੂੰਬਲਾਂ ਸੁੱਕ ਜਾਣ?+ ਇਹ ਪੂਰੀ ਤਰ੍ਹਾਂ ਸੁੱਕ ਜਾਵੇਗੀ ਜਿਸ ਕਰਕੇ ਇਸ ਨੂੰ ਜੜ੍ਹੋਂ ਪੁੱਟਣ ਲਈ ਨਾ ਤਾਂ ਕਿਸੇ ਤਾਕਤਵਰ ਹੱਥ ਦੀ ਅਤੇ ਨਾ ਹੀ ਬਹੁਤ ਸਾਰੇ ਲੋਕਾਂ ਦੀ ਲੋੜ ਪਵੇਗੀ। 10  ਹਾਲਾਂਕਿ ਇਹ ਵੇਲ ਇਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਾਈ ਗਈ ਹੈ, ਪਰ ਕੀ ਇਹ ਵਧੇ-ਫੁੱਲੇਗੀ? ਕੀ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਜਾਵੇਗੀ ਜਦੋਂ ਪੂਰਬ ਤੋਂ ਹਵਾ ਵਗੇਗੀ? ਇਹ ਬਾਗ਼ ਵਿਚ ਸੁੱਕ ਜਾਵੇਗੀ ਜਿੱਥੇ ਇਹ ਪੁੰਗਰੀ ਸੀ।”’” 11  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ, ਉਸ ਨੇ ਮੈਨੂੰ ਕਿਹਾ: 12  “ਕਿਰਪਾ ਕਰ ਕੇ ਇਸ ਬਾਗ਼ੀ ਘਰਾਣੇ ਦੇ ਲੋਕਾਂ ਨੂੰ ਦੱਸ, ‘ਕੀ ਤੁਸੀਂ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਸਮਝਦੇ?’ ਤੂੰ ਕਹੀਂ, ‘ਦੇਖੋ! ਬਾਬਲ ਦਾ ਰਾਜਾ ਯਰੂਸ਼ਲਮ ਆਇਆ ਅਤੇ ਉਹ ਇਸ ਦੇ ਰਾਜੇ ਅਤੇ ਹਾਕਮਾਂ ਨੂੰ ਆਪਣੇ ਨਾਲ ਬਾਬਲ ਲੈ ਗਿਆ।+ 13  ਇਸ ਤੋਂ ਇਲਾਵਾ, ਉਸ ਨੇ ਸ਼ਾਹੀ ਸੰਤਾਨ* ਵਿੱਚੋਂ ਇਕ ਜਣੇ ਨੂੰ ਲਿਆ+ ਅਤੇ ਉਸ ਨਾਲ ਇਕ ਇਕਰਾਰ ਕੀਤਾ ਅਤੇ ਉਸ ਨੂੰ ਸਹੁੰ ਖੁਆਈ।+ ਫਿਰ ਉਹ ਦੇਸ਼ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਲੈ ਗਿਆ+ 14  ਤਾਂਕਿ ਉਹ ਉਨ੍ਹਾਂ ਦੇ ਰਾਜ ਨੂੰ ਥੱਲੇ ਲਾ ਦੇਵੇ ਅਤੇ ਇਹ ਰਾਜ ਦੁਬਾਰਾ ਨਾ ਉੱਠ ਸਕੇ। ਉਨ੍ਹਾਂ ਦਾ ਰਾਜ ਤਾਂ ਹੀ ਕਾਇਮ ਰਹਿ ਸਕਦਾ ਸੀ ਜੇ ਇਜ਼ਰਾਈਲ ਦੇ ਲੋਕ ਉਸ ਦੇ ਇਕਰਾਰ ਦੀ ਪਾਲਣਾ ਕਰਦੇ।+ 15  ਪਰ ਅਖ਼ੀਰ ਰਾਜੇ ਨੇ ਉਸ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਮਿਸਰ ਨੂੰ ਆਪਣੇ ਬੰਦੇ ਘੱਲ ਕੇ ਉੱਥੋਂ ਆਪਣੇ ਲਈ ਘੋੜੇ ਅਤੇ ਵੱਡੀ ਸੈਨਾ ਮੰਗਵਾਈ।+ ਕੀ ਉਹ ਕਾਮਯਾਬ ਹੋਵੇਗਾ? ਕੀ ਇਹ ਕੰਮ ਕਰਨ ਵਾਲਾ ਸਜ਼ਾ ਤੋਂ ਬਚ ਪਾਵੇਗਾ? ਕੀ ਉਹ ਇਕਰਾਰ ਤੋੜ ਕੇ ਆਪਣੀ ਜਾਨ ਬਚਾ ਸਕੇਗਾ?’+ 16  “‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਉਹ ਬਾਬਲ ਵਿਚ ਮਰ ਜਾਵੇਗਾ ਜਿੱਥੇ ਉਹ ਰਾਜਾ* ਰਹਿੰਦਾ ਹੈ ਜਿਸ ਨੇ ਉਸ* ਨੂੰ ਰਾਜਾ ਬਣਾਇਆ ਸੀ ਅਤੇ ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝ ਕੇ ਉਸ ਨਾਲ ਕੀਤਾ ਇਕਰਾਰ ਤੋੜਿਆ ਸੀ।+ 17  ਜਦ ਉਸ ’ਤੇ ਹਮਲਾ ਕਰਨ ਲਈ ਟਿੱਲੇ ਉਸਾਰੇ ਜਾਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਮਾਰਨ ਲਈ ਕੰਧਾਂ ਉਸਾਰ ਕੇ ਘੇਰਾਬੰਦੀ ਕੀਤੀ ਜਾਵੇਗੀ, ਤਾਂ ਫ਼ਿਰਊਨ ਦੀ ਵੱਡੀ ਸੈਨਾ ਅਤੇ ਉਸ ਦੀਆਂ ਅਣਗਿਣਤ ਫ਼ੌਜੀ ਟੁਕੜੀਆਂ ਲੜਾਈ ਵਿਚ ਉਸ ਦੇ ਕਿਸੇ ਕੰਮ ਨਹੀਂ ਆਉਣਗੀਆਂ।+ 18  ਉਸ ਨੇ ਸਹੁੰ ਨੂੰ ਤੁੱਛ ਸਮਝ ਕੇ ਇਕਰਾਰ ਤੋੜਿਆ ਹੈ। ਭਾਵੇਂ ਕਿ ਉਸ ਨੇ ਉਸ ਨਾਲ ਵਾਅਦਾ ਕੀਤਾ ਸੀ,* ਪਰ ਉਸ ਨੇ ਇਹ ਸਭ ਕੁਝ ਕੀਤਾ ਜਿਸ ਕਰਕੇ ਉਹ ਨਹੀਂ ਬਚੇਗਾ।”’ 19  “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਨੂੰ ਆਪਣੀ ਜਾਨ ਦੀ ਸਹੁੰ, ਉਸ ਨੇ ਮੇਰੀ ਸਹੁੰ ਨੂੰ ਤੁੱਛ ਸਮਝ ਕੇ ਮੇਰਾ ਇਕਰਾਰ ਤੋੜਿਆ ਹੈ, ਇਸ ਕਰਕੇ ਮੈਂ ਉਸ ਨੂੰ ਸਜ਼ਾ ਦਿਆਂਗਾ।+ 20  ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਮੈਂ ਉਸ ਨੂੰ ਬਾਬਲ ਲੈ ਆਵਾਂਗਾ ਅਤੇ ਉੱਥੇ ਉਸ ਦਾ ਨਿਆਂ ਕਰਾਂਗਾ ਕਿਉਂਕਿ ਉਸ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+ 21  ਉਸ ਦੇ ਜਿਹੜੇ ਵੀ ਫ਼ੌਜੀ ਜਾਨ ਬਚਾ ਕੇ ਭੱਜਣਗੇ, ਉਹ ਤਲਵਾਰ ਨਾਲ ਮਾਰੇ ਜਾਣਗੇ ਅਤੇ ਬਾਕੀ ਬਚੇ ਫ਼ੌਜੀ ਹਰ ਦਿਸ਼ਾ* ਵਿਚ ਖਿੰਡ ਜਾਣਗੇ।+ ਫਿਰ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।”’+ 22  “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਉੱਚੇ ਦਿਆਰ ਦੀ ਸਭ ਤੋਂ ਉੱਪਰਲੀ ਲਗਰ ਲੈ ਕੇ ਲਾਵਾਂਗਾ।+ ਇਸ ਦੀਆਂ ਸਭ ਤੋਂ ਉੱਪਰਲੀਆਂ ਟਾਹਣੀਆਂ ਤੋਂ ਇਕ ਨਰਮ ਲਗਰ ਤੋੜਾਂਗਾ+ ਅਤੇ ਮੈਂ ਆਪ ਉਸ ਨੂੰ ਇਕ ਉੱਚੇ ਅਤੇ ਵੱਡੇ ਪਹਾੜ ’ਤੇ ਲਾਵਾਂਗਾ।+ 23  ਮੈਂ ਇਸ ਨੂੰ ਇਜ਼ਰਾਈਲ ਦੇ ਉੱਚੇ ਪਹਾੜ ’ਤੇ ਲਾਵਾਂਗਾ। ਇਸ ਦੀਆਂ ਟਾਹਣੀਆਂ ਵਧਣਗੀਆਂ ਅਤੇ ਇਹ ਫਲ ਦੇਵੇਗਾ ਅਤੇ ਇਕ ਵੱਡਾ ਦਿਆਰ ਬਣ ਜਾਵੇਗਾ। ਹਰ ਕਿਸਮ ਦੇ ਪੰਛੀ ਇਸ ਦੇ ਥੱਲੇ ਬਸੇਰਾ ਕਰਨਗੇ ਅਤੇ ਇਸ ਦੇ ਪੱਤਿਆਂ ਦੀ ਛਾਂ ਹੇਠਾਂ ਰਹਿਣਗੇ। 24  ਮੈਦਾਨ ਦੇ ਸਾਰੇ ਦਰਖ਼ਤਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਉੱਚੇ ਦਰਖ਼ਤ ਨੂੰ ਨੀਵਾਂ ਅਤੇ ਨੀਵੇਂ ਦਰਖ਼ਤ ਨੂੰ ਉੱਚਾ ਕੀਤਾ ਹੈ;+ ਮੈਂ ਹਰੇ-ਭਰੇ ਦਰਖ਼ਤ ਨੂੰ ਸੁਕਾ ਦਿੱਤਾ ਹੈ ਅਤੇ ਸੁੱਕੇ ਦਰਖ਼ਤ ਨੂੰ ਹਰਿਆ-ਭਰਿਆ ਬਣਾ ਦਿੱਤਾ ਹੈ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਕੀਤੀ ਹੈ।”’”

ਫੁਟਨੋਟ

ਇਬ, “ਕਨਾਨ ਦੇਸ਼।”
ਇਬ, “ਬੀ।”
ਯਾਨੀ, ਨਬੂਕਦਨੱਸਰ।
ਯਾਨੀ, ਸਿਦਕੀਯਾਹ।
ਇਬ, “ਉਸ ਨੂੰ ਆਪਣਾ ਹੱਥ ਦਿੱਤਾ।”
ਇਬ, “ਹਵਾ ਵਿਚ ਚਾਰੇ ਪਾਸੇ।”