ਹਿਜ਼ਕੀਏਲ 13:1-23

  • ਝੂਠੇ ਨਬੀਆਂ ਦੇ ਖ਼ਿਲਾਫ਼ (1-16)

    • ਚਿੱਟੀ ਕਲੀ ਫੇਰੀ ਕੰਧ ਡਿਗ ਪਵੇਗੀ (10-12)

  • ਝੂਠੀਆਂ ਭਵਿੱਖਬਾਣੀਆਂ ਕਰਨ ਵਾਲੀਆਂ ਔਰਤਾਂ ਦੇ ਖ਼ਿਲਾਫ਼ (17-23)

13  ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਨਬੀਆਂ ਖ਼ਿਲਾਫ਼ ਭਵਿੱਖਬਾਣੀ ਕਰ+ ਅਤੇ ਜਿਹੜੇ ਮਨਘੜਤ ਭਵਿੱਖਬਾਣੀਆਂ ਕਰਦੇ ਹਨ,+ ਉਨ੍ਹਾਂ ਨੂੰ ਕਹਿ, ‘ਯਹੋਵਾਹ ਦਾ ਸੰਦੇਸ਼ ਸੁਣੋ।  ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਲਾਹਨਤ ਹੈ ਉਨ੍ਹਾਂ ਮੂਰਖ ਨਬੀਆਂ ਉੱਤੇ ਜਿਹੜੇ ਆਪਣੀ ਸੋਚ ਮੁਤਾਬਕ ਚੱਲਦੇ ਹਨ, ਜਦ ਕਿ ਉਨ੍ਹਾਂ ਨੇ ਕੋਈ ਦਰਸ਼ਣ ਨਹੀਂ ਦੇਖਿਆ!+  ਹੇ ਇਜ਼ਰਾਈਲ, ਤੇਰੇ ਨਬੀ ਖੰਡਰਾਂ ਵਿਚ ਰਹਿੰਦੀਆਂ ਲੂੰਬੜੀਆਂ ਵਰਗੇ ਬਣ ਗਏ ਹਨ।  ਤੁਸੀਂ ਇਜ਼ਰਾਈਲ ਦੇ ਘਰਾਣੇ ਲਈ ਪੱਥਰ ਦੀਆਂ ਕੰਧਾਂ ਦੇ ਟੁੱਟੇ ਹਿੱਸਿਆਂ ਨੂੰ ਬਣਾਉਣ ਲਈ ਨਹੀਂ ਜਾਓਗੇ+ ਜਿਸ ਕਰਕੇ ਇਜ਼ਰਾਈਲ ਯਹੋਵਾਹ ਦੇ ਦਿਨ ਯੁੱਧ ਵਿਚ ਖੜ੍ਹਾ ਨਹੀਂ ਰਹਿ ਸਕੇਗਾ।”+  “ਉਨ੍ਹਾਂ ਨੇ ਝੂਠੇ ਦਰਸ਼ਣ ਦੇਖੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ ਹਨ। ਉਹ ਕਹਿ ਰਹੇ ਹਨ, ‘ਇਹ ਯਹੋਵਾਹ ਦਾ ਸੰਦੇਸ਼ ਹੈ,’ ਜਦ ਕਿ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਭੇਜਿਆ। ਉਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਪੂਰੀਆਂ ਹੋਣਗੀਆਂ।+  ਜਦ ਤੁਸੀਂ ਕਹਿੰਦੇ ਹੋ, ‘ਇਹ ਯਹੋਵਾਹ ਦਾ ਸੰਦੇਸ਼ ਹੈ,’ ਹਾਲਾਂਕਿ ਮੈਂ ਇਸ ਬਾਰੇ ਕੁਝ ਨਹੀਂ ਦੱਸਿਆ, ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਝੂਠਾ ਦਰਸ਼ਣ ਦੇਖਿਆ ਹੈ ਅਤੇ ਝੂਠੀ ਭਵਿੱਖਬਾਣੀ ਕੀਤੀ ਹੈ?”’  “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “‘ਤੁਸੀਂ ਝੂਠੀਆਂ ਗੱਲਾਂ ਕਹੀਆਂ ਹਨ ਅਤੇ ਤੁਸੀਂ ਜੋ ਦਰਸ਼ਣ ਦੇਖੇ ਹਨ, ਉਹ ਝੂਠੇ ਹਨ, ਇਸ ਲਈ ਮੈਂ ਤੁਹਾਡੇ ਖ਼ਿਲਾਫ਼ ਹਾਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”+  ਮੇਰਾ ਹੱਥ ਉਨ੍ਹਾਂ ਨਬੀਆਂ ਦੇ ਖ਼ਿਲਾਫ਼ ਉੱਠੇਗਾ ਜੋ ਝੂਠੇ ਦਰਸ਼ਣ ਦੇਖਦੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+ ਉਹ ਉਨ੍ਹਾਂ ਲੋਕਾਂ ਵਿਚਕਾਰ ਨਹੀਂ ਹੋਣਗੇ ਜੋ ਮੇਰੇ ਕਰੀਬੀ ਹਨ ਅਤੇ ਨਾ ਹੀ ਉਨ੍ਹਾਂ ਬਾਰੇ ਇਜ਼ਰਾਈਲ ਦੇ ਘਰਾਣੇ ਦੀ ਕਿਤਾਬ ਵਿਚ ਲਿਖਿਆ ਜਾਵੇਗਾ ਅਤੇ ਨਾ ਹੀ ਉਹ ਇਜ਼ਰਾਈਲ ਵਾਪਸ ਆਉਣਗੇ। ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।+ 10  ਇਹ ਸਭ ਕੁਝ ਇਸ ਕਰਕੇ ਹੋਵੇਗਾ ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਇਆ ਹੈ, “ਸ਼ਾਂਤੀ ਹੈ ਬਈ ਸ਼ਾਂਤੀ!” ਜਦ ਕਿ ਸ਼ਾਂਤੀ ਹੈ ਨਹੀਂ।+ ਜਦ ਕੋਈ ਕਮਜ਼ੋਰ ਕੰਧ ਬਣਾਈ ਜਾਂਦੀ ਹੈ, ਤਾਂ ਉਹ ਇਸ ਉੱਤੇ ਚਿੱਟੀ ਕਲੀ ਫੇਰਦੇ ਹਨ।’*+ 11  “ਚਿੱਟੀ ਕਲੀ ਫੇਰਨ ਵਾਲਿਆਂ ਨੂੰ ਕਹਿ ਕਿ ਇਹ ਕੰਧ ਡਿਗ ਪਵੇਗੀ। ਮੋਹਲੇਧਾਰ ਮੀਂਹ ਪਵੇਗਾ, ਗੜੇ ਪੈਣਗੇ ਅਤੇ ਤੇਜ਼ ਹਨੇਰੀਆਂ ਚੱਲਣਗੀਆਂ ਜਿਨ੍ਹਾਂ ਕਰਕੇ ਇਹ ਕੰਧ ਡਿਗ ਪਵੇਗੀ।+ 12  ਅਤੇ ਜਦੋਂ ਕੰਧ ਡਿਗੇਗੀ, ਤਾਂ ਲੋਕ ਤੁਹਾਨੂੰ ਪੁੱਛਣਗੇ: ‘ਕੰਧ ਉੱਤੇ ਕਲੀ ਫੇਰਨ ਦਾ ਕੀ ਫ਼ਾਇਦਾ ਹੋਇਆ?’+ 13  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਕ੍ਰੋਧ ਵਿਚ ਆ ਕੇ ਤੇਜ਼ ਹਨੇਰੀਆਂ ਚਲਾਵਾਂਗਾ ਅਤੇ ਗੁੱਸੇ ਵਿਚ ਆ ਕੇ ਮੋਹਲੇਧਾਰ ਮੀਂਹ ਵਰ੍ਹਾਵਾਂਗਾ ਅਤੇ ਤੈਸ਼ ਵਿਚ ਆ ਕੇ ਗੜੇ ਪਾਵਾਂਗਾ। 14  ਜਿਸ ਕੰਧ ਉੱਤੇ ਤੁਸੀਂ ਕਲੀ ਫੇਰੀ ਹੈ, ਮੈਂ ਉਹ ਕੰਧ ਢਾਹ ਦਿਆਂਗਾ ਅਤੇ ਜ਼ਮੀਨ ’ਤੇ ਡੇਗ ਦਿਆਂਗਾ ਅਤੇ ਉਸ ਦੀਆਂ ਨੀਂਹਾਂ ਤਕ ਦਿਸਣ ਲੱਗ ਪੈਣਗੀਆਂ। ਜਦੋਂ ਸ਼ਹਿਰ ਡਿਗੇਗਾ, ਤਾਂ ਤੁਸੀਂ ਇਸ ਦੇ ਅੰਦਰ ਹੀ ਨਾਸ਼ ਹੋ ਜਾਓਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’ 15  “‘ਜਦ ਕੰਧ ਉੱਤੇ ਅਤੇ ਉਸ ’ਤੇ ਕਲੀ ਫੇਰਨ ਵਾਲਿਆਂ ’ਤੇ ਮੇਰੇ ਗੁੱਸੇ ਦਾ ਕਹਿਰ ਥੰਮ੍ਹ ਜਾਵੇਗਾ, ਤਾਂ ਮੈਂ ਤੁਹਾਨੂੰ ਕਹਾਂਗਾ: “ਹੁਣ ਨਾ ਕੰਧ ਰਹੀ ਅਤੇ ਨਾ ਹੀ ਉਸ ’ਤੇ ਕਲੀ ਫੇਰਨ ਵਾਲੇ।+ 16  ਇਜ਼ਰਾਈਲ ਦੇ ਉਹ ਨਬੀ ਨਹੀਂ ਰਹੇ ਜਿਨ੍ਹਾਂ ਨੇ ਯਰੂਸ਼ਲਮ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਸ਼ਾਂਤੀ ਦੇ ਦਰਸ਼ਣ ਦੇਖੇ ਸਨ, ਜਦ ਕਿ ਸ਼ਾਂਤੀ ਹੈ ਨਹੀਂ,”’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 17  “ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਧਿਆਨ ਦੇ ਜੋ ਮਨਘੜਤ ਭਵਿੱਖਬਾਣੀਆਂ ਕਰਦੀਆਂ ਹਨ। ਤੂੰ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। 18  ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਉਨ੍ਹਾਂ ਔਰਤਾਂ ਉੱਤੇ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰਨ ਲਈ ਬਾਹਾਂ ’ਤੇ ਬੰਨ੍ਹਣ ਲਈ ਫੀਤੇ* ਬਣਾਉਂਦੀਆਂ ਹਨ ਅਤੇ ਹਰ ਕੱਦ-ਕਾਠ ਦੇ ਲੋਕਾਂ ਦੇ ਸਿਰਾਂ ਲਈ ਨਕਾਬ ਬਣਾਉਂਦੀਆਂ ਹਨ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰਦੀਆਂ ਹੋ ਅਤੇ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹੋ? 19  ਕੀ ਤੁਸੀਂ ਮੁੱਠੀ ਭਰ ਜੌਂ ਅਤੇ ਰੋਟੀ ਦੇ ਟੁਕੜਿਆਂ ਲਈ ਮੇਰੇ ਲੋਕਾਂ ਵਿਚ ਮੈਨੂੰ ਬਦਨਾਮ ਕਰਦੀਆਂ ਹੋ+ ਅਤੇ ਜਿਹੜੇ ਮਰਨ ਦੇ ਲਾਇਕ ਨਹੀਂ ਹਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਦੀਆਂ ਹੋ ਅਤੇ ਜਿਹੜੇ ਜੀਉਂਦੇ ਰਹਿਣ ਦੇ ਲਾਇਕ ਨਹੀਂ ਹਨ, ਉਨ੍ਹਾਂ ਨੂੰ ਜੀਉਂਦਾ ਰੱਖਦੀਆਂ ਹੋ। ਤੁਸੀਂ ਮੇਰੇ ਲੋਕਾਂ ਨੂੰ ਝੂਠ ਬੋਲ ਕੇ ਇਹ ਸਭ ਕਰਦੀਆਂ ਹੋ ਜਿਹੜੇ ਤੁਹਾਡੇ ਝੂਠ ਸੁਣਦੇ ਹਨ।”’+ 20  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਔਰਤੋ, ਮੈਂ ਤੁਹਾਡੇ ਫੀਤਿਆਂ ਕਰਕੇ ਤੁਹਾਡੇ ਖ਼ਿਲਾਫ਼ ਹਾਂ ਜਿਨ੍ਹਾਂ ਨਾਲ ਤੁਸੀਂ ਲੋਕਾਂ ਦਾ ਪੰਛੀਆਂ ਵਾਂਗ ਸ਼ਿਕਾਰ ਕਰਦੀਆਂ ਹੋ। ਮੈਂ ਤੁਹਾਡੀਆਂ ਬਾਹਾਂ ਤੋਂ ਇਨ੍ਹਾਂ ਨੂੰ ਲਾਹ ਸੁੱਟਾਂਗਾ ਅਤੇ ਉਨ੍ਹਾਂ ਨੂੰ ਆਜ਼ਾਦ ਕਰਾਂਗਾ ਜਿਨ੍ਹਾਂ ਦਾ ਤੁਸੀਂ ਪੰਛੀਆਂ ਵਾਂਗ ਸ਼ਿਕਾਰ ਕਰਦੀਆਂ ਹੋ। 21  ਮੈਂ ਤੁਹਾਡੇ ਨਕਾਬ ਪਾੜ ਸੁੱਟਾਂਗਾ ਅਤੇ ਆਪਣੇ ਲੋਕਾਂ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ। ਉਹ ਫਿਰ ਕਦੇ ਵੀ ਤੁਹਾਡਾ ਸ਼ਿਕਾਰ ਨਹੀਂ ਬਣਨਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 22  ਤੁਸੀਂ ਝੂਠ ਬੋਲ ਕੇ ਧਰਮੀ ਇਨਸਾਨ ਦਾ ਹੌਸਲਾ ਢਾਹਿਆ ਹੈ+ ਜਦ ਕਿ ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਅਤੇ ਤੁਸੀਂ ਦੁਸ਼ਟ ਇਨਸਾਨ ਨੂੰ ਹੱਲਾਸ਼ੇਰੀ ਦਿੱਤੀ ਹੈ*+ ਜਿਸ ਕਰਕੇ ਉਹ ਬੁਰੇ ਰਾਹ ਤੋਂ ਵਾਪਸ ਨਹੀਂ ਮੁੜਦਾ। ਇਸ ਲਈ ਉਹ ਜੀਉਂਦਾ ਨਹੀਂ ਰਹੇਗਾ।+ 23  ਇਸ ਲਈ ਹੇ ਔਰਤੋ, ਤੁਸੀਂ ਅੱਗੇ ਤੋਂ ਕਦੇ ਝੂਠੇ ਦਰਸ਼ਣ ਨਹੀਂ ਦੇਖੋਗੀਆਂ ਅਤੇ ਫਾਲ* ਪਾਉਣ ਦਾ ਕੰਮ ਨਹੀਂ ਕਰੋਗੀਆਂ।+ ਮੈਂ ਆਪਣੇ ਲੋਕਾਂ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”

ਫੁਟਨੋਟ

ਯਾਨੀ, ਅੰਦਰਲੀ ਕੰਧ ਕਮਜ਼ੋਰ ਬਣਾ ਕੇ ਉਸ ਉੱਤੇ ਕਲੀ ਫੇਰਨੀ ਤਾਂਕਿ ਇਹ ਦੇਖਣ ਨੂੰ ਮਜ਼ਬੂਤ ਲੱਗੇ।
ਯਾਨੀ, ਕੂਹਣੀਆਂ ਜਾਂ ਗੁੱਟਾਂ ’ਤੇ ਬੰਨ੍ਹਣ ਲਈ ਜਾਦੂਈ ਫੀਤੇ।
ਇਬ, “ਦੇ ਹੱਥਾਂ ਨੂੰ ਤਕੜਾ ਕੀਤਾ ਹੈ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।