ਹਿਜ਼ਕੀਏਲ 11:1-25

  • ਦੁਸ਼ਟ ਹਾਕਮਾਂ ਨੂੰ ਦੋਸ਼ੀ ਠਹਿਰਾਇਆ ਗਿਆ (1-13)

    • ਸ਼ਹਿਰ ਦੀ ਤੁਲਨਾ ਪਤੀਲੇ ਨਾਲ (3-12)

  • ਵਾਪਸ ਲਿਆਉਣ ਦਾ ਵਾਅਦਾ (14-21)

    • “ਮਨ ਦਾ ਸੁਭਾਅ ਨਵਾਂ” ਬਣਾਇਆ ਗਿਆ (19)

  • ਪਰਮੇਸ਼ੁਰ ਦੀ ਮਹਿਮਾ ਯਰੂਸ਼ਲਮ ਤੋਂ ਹਟ ਗਈ (22, 23)

  • ਹਿਜ਼ਕੀਏਲ ਦਰਸ਼ਣ ਵਿਚ ਕਸਦੀਮ ਵਾਪਸ ਆਇਆ (24, 25)

11  ਫਿਰ ਇਕ ਸ਼ਕਤੀ ਮੈਨੂੰ ਚੁੱਕ ਕੇ ਯਹੋਵਾਹ ਦੇ ਘਰ ਦੇ ਪੂਰਬੀ ਦਰਵਾਜ਼ੇ ’ਤੇ ਲੈ ਆਈ ਜਿਸ ਦਾ ਮੂੰਹ ਪੂਰਬ ਵੱਲ ਸੀ।+ ਉੱਥੇ ਮੈਂ ਦਰਵਾਜ਼ੇ ਕੋਲ 25 ਆਦਮੀ ਦੇਖੇ ਜੋ ਲੋਕਾਂ ਦੇ ਹਾਕਮ ਸਨ+ ਅਤੇ ਉਨ੍ਹਾਂ ਵਿਚ ਅੱਜ਼ੂਰ ਦਾ ਪੁੱਤਰ ਯਅਜ਼ਨਾਯਾਹ ਅਤੇ ਬਨਾਯਾਹ ਦਾ ਪੁੱਤਰ ਪਲਟਯਾਹ ਵੀ ਸੀ।  ਫਿਰ ਉਸ* ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਹ ਆਦਮੀ ਸਾਜ਼ਸ਼ਾਂ ਘੜ ਰਹੇ ਹਨ ਅਤੇ ਸ਼ਹਿਰ ਵਿਚ* ਲੋਕਾਂ ਨੂੰ ਬੁਰਾ ਕਰਨ ਦੀਆਂ ਸਲਾਹਾਂ ਦੇ ਰਹੇ ਹਨ।  ਉਹ ਕਹਿ ਰਹੇ ਹਨ, ‘ਕੀ ਇਹ ਸਮਾਂ ਘਰ ਉਸਾਰਨ ਦਾ ਨਹੀਂ?+ ਇਹ ਸ਼ਹਿਰ* ਇਕ ਪਤੀਲਾ* ਹੈ+ ਅਤੇ ਅਸੀਂ ਇਸ ਵਿਚਲਾ ਮਾਸ ਹਾਂ।’  “ਇਸ ਲਈ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਹਾਂ, ਇਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ।”+  ਫਿਰ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ+ ਅਤੇ ਉਸ ਨੇ ਮੈਨੂੰ ਕਿਹਾ, “ਤੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਤੂੰ ਠੀਕ ਕਿਹਾ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ।  ਤੂੰ ਇਸ ਸ਼ਹਿਰ ਵਿਚ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਇਸ ਦੀਆਂ ਗਲੀਆਂ ਨੂੰ ਲਾਸ਼ਾਂ ਨਾਲ ਭਰ ਦਿੱਤਾ ਹੈ।”’”+  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਇਸ ਸ਼ਹਿਰ ਵਿਚ ਜਿਹੜੀਆਂ ਲਾਸ਼ਾਂ ਖਿਲਾਰੀਆਂ ਹਨ, ਉਹ ਮਾਸ ਹੈ ਅਤੇ ਇਹ ਸ਼ਹਿਰ ਪਤੀਲਾ ਹੈ।+ ਪਰ ਤੈਨੂੰ ਇਸ ਵਿੱਚੋਂ ਬਾਹਰ ਕੱਢਿਆ ਜਾਵੇਗਾ।’”  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਤੂੰ ਤਲਵਾਰ ਤੋਂ ਡਰਦਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਤਲਵਾਰ ਹੀ ਲਿਆਵਾਂਗਾ,  ਮੈਂ ਤੈਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਵਿਦੇਸ਼ੀਆਂ ਦੇ ਹਵਾਲੇ ਕਰਾਂਗਾ ਅਤੇ ਤੈਨੂੰ ਸਜ਼ਾ ਦਿਆਂਗਾ।+ 10  ਤੂੰ ਤਲਵਾਰ ਨਾਲ ਮਾਰਿਆ ਜਾਵੇਂਗਾ+ ਅਤੇ ਮੈਂ ਇਜ਼ਰਾਈਲ ਦੀ ਸਰਹੱਦ ’ਤੇ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 11  ਇਹ ਸ਼ਹਿਰ ਤੇਰੇ ਲਈ ਪਤੀਲਾ ਸਾਬਤ ਨਹੀਂ ਹੋਵੇਗਾ ਅਤੇ ਨਾ ਹੀ ਤੂੰ ਇਸ ਵਿਚਲਾ ਮਾਸ ਹੋਵੇਂਗਾ; ਮੈਂ ਇਜ਼ਰਾਈਲ ਦੀ ਸਰਹੱਦ ’ਤੇ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ 12  ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਕਿਉਂਕਿ ਤੂੰ ਮੇਰੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਚੱਲਣ ਦੀ ਬਜਾਇ+ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਨੂੰਨਾਂ ਮੁਤਾਬਕ ਚੱਲਿਆ ਹੈਂ।’”+ 13  ਜਿਉਂ ਹੀ ਮੈਂ ਭਵਿੱਖਬਾਣੀ ਕੀਤੀ, ਤਾਂ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ ਅਤੇ ਮੈਂ ਮੂੰਹ ਭਾਰ ਡਿਗ ਕੇ ਦੁਹਾਈ ਦਿੱਤੀ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ, ਕੀ ਤੂੰ ਇਜ਼ਰਾਈਲ ਦੇ ਬਾਕੀ ਬਚੇ ਲੋਕਾਂ ਨੂੰ ਨਾਸ਼ ਕਰ ਸੁੱਟੇਂਗਾ?”+ 14  ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 15  “ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਦੇ ਵਾਸੀਆਂ ਨੇ ਤੇਰੇ ਭਰਾਵਾਂ ਨੂੰ, ਜਿਨ੍ਹਾਂ ਨੂੰ ਦੁਬਾਰਾ ਜ਼ਮੀਨ ਖ਼ਰੀਦਣ ਦਾ ਹੱਕ ਹੈ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ ਹੈ, ‘ਯਹੋਵਾਹ ਤੋਂ ਦੂਰ ਰਹੋ। ਇਹ ਦੇਸ਼ ਸਾਡਾ ਹੈ; ਇਹ ਸਾਨੂੰ ਵਿਰਾਸਤ ਵਜੋਂ ਦਿੱਤਾ ਗਿਆ ਹੈ।’ 16  ਇਸ ਲਈ ਤੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹਾਲਾਂਕਿ ਮੈਂ ਉਨ੍ਹਾਂ ਨੂੰ ਬੰਦੀ ਬਣਾ ਕੇ ਦੂਰ-ਦੁਰਾਡੀਆਂ ਕੌਮਾਂ ਵਿਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿਚ ਖਿੰਡਾ ਦਿੱਤਾ ਹੈ,+ ਪਰ ਮੈਂ ਉਨ੍ਹਾਂ ਦੇਸ਼ਾਂ ਵਿਚ ਥੋੜ੍ਹੇ ਸਮੇਂ ਲਈ ਉਨ੍ਹਾਂ ਵਾਸਤੇ ਪਵਿੱਤਰ ਸਥਾਨ ਬਣਾਂਗਾ।”’+ 17  “ਇਸ ਲਈ ਤੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਤੈਨੂੰ ਜਿਨ੍ਹਾਂ ਕੌਮਾਂ ਅਤੇ ਦੇਸ਼ਾਂ ਵਿਚ ਖਿੰਡਾ ਦਿੱਤਾ ਸੀ, ਮੈਂ ਤੈਨੂੰ ਉੱਥੋਂ ਇਕੱਠਾ ਕਰ ਕੇ ਇਜ਼ਰਾਈਲ ਦੇਸ਼ ਦਿਆਂਗਾ।+ 18  ਅਤੇ ਉਹ ਉੱਥੇ ਵਾਪਸ ਆਉਣਗੇ ਅਤੇ ਉੱਥੋਂ ਸਾਰੀਆਂ ਘਿਣਾਉਣੀਆਂ ਚੀਜ਼ਾਂ ਕੱਢ ਦੇਣਗੇ ਅਤੇ ਘਿਣਾਉਣੇ ਕੰਮਾਂ ਦਾ ਅੰਤ ਕਰ ਦੇਣਗੇ।+ 19  ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ+ ਅਤੇ ਉਨ੍ਹਾਂ ਦੇ ਮਨ ਦਾ ਸੁਭਾਅ ਨਵਾਂ ਬਣਾਵਾਂਗਾ+ ਅਤੇ ਮੈਂ ਉਨ੍ਹਾਂ ਦੇ ਸਰੀਰਾਂ ਵਿੱਚੋਂ ਪੱਥਰ ਦਾ ਦਿਲ ਕੱਢ ਕੇ+ ਉਨ੍ਹਾਂ ਨੂੰ ਮਾਸ ਦਾ ਦਿਲ* ਦਿਆਂਗਾ+ 20  ਤਾਂਕਿ ਉਹ ਮੇਰੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਚੱਲ ਕੇ ਉਨ੍ਹਾਂ ਦੀ ਪਾਲਣਾ ਕਰਨ। ਫਿਰ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”’ 21  “‘“ਪਰ ਜਿਨ੍ਹਾਂ ਲੋਕਾਂ ਦਾ ਮਨ ਘਿਣਾਉਣੀਆਂ ਚੀਜ਼ਾਂ ਅਤੇ ਘਿਣਾਉਣੇ ਕੰਮਾਂ ਵਿਚ ਲੱਗਾ ਹੋਇਆ ਹੈ, ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’” 22  ਫਿਰ ਕਰੂਬੀਆਂ ਨੇ ਆਪਣੇ ਖੰਭ ਉੱਪਰ ਚੁੱਕੇ ਅਤੇ ਪਹੀਏ ਉਨ੍ਹਾਂ ਦੇ ਨੇੜੇ ਸਨ+ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਤੇ ਸੀ।+ 23  ਇਸ ਤੋਂ ਬਾਅਦ ਯਹੋਵਾਹ ਦੀ ਮਹਿਮਾ+ ਸ਼ਹਿਰ ਤੋਂ ਉੱਪਰ ਉੱਠ ਕੇ ਇਕ ਪਹਾੜ ’ਤੇ ਠਹਿਰ ਗਈ ਜੋ ਸ਼ਹਿਰ ਦੇ ਪੂਰਬ ਵੱਲ ਸੀ।+ 24  ਫਿਰ ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਇਕ ਸ਼ਕਤੀ ਨੇ ਮੈਨੂੰ ਉੱਪਰ ਚੁੱਕਿਆ ਅਤੇ ਉਹ ਮੈਨੂੰ ਕਸਦੀਮ ਵਿਚ ਬੰਦੀ ਬਣਾਏ ਗਏ ਲੋਕਾਂ ਕੋਲ ਲੈ ਗਈ। ਫਿਰ ਜੋ ਦਰਸ਼ਣ ਮੈਂ ਦੇਖ ਰਿਹਾ ਸੀ, ਉਹ ਖ਼ਤਮ ਹੋ ਗਿਆ। 25  ਮੈਂ ਬੰਦੀ ਬਣਾਏ ਲੋਕਾਂ ਨੂੰ ਉਹ ਸਾਰੀਆਂ ਗੱਲਾਂ ਦੱਸਣ ਲੱਗਾ ਜੋ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਦਿਖਾਈਆਂ ਸਨ।

ਫੁਟਨੋਟ

ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।
ਜਾਂ, “ਦੇ ਖ਼ਿਲਾਫ਼।”
ਯਾਨੀ, ਯਰੂਸ਼ਲਮ ਸ਼ਹਿਰ ਜਿੱਥੇ ਯਹੂਦੀ ਸੋਚਦੇ ਸਨ ਕਿ ਉਹ ਸੁਰੱਖਿਅਤ ਰਹਿਣਗੇ।
ਜਾਂ, “ਚੌੜ੍ਹੇ ਮੂੰਹ ਵਾਲਾ ਪਤੀਲਾ।”
ਯਾਨੀ, ਅਜਿਹਾ ਦਿਲ ਜੋ ਪਰਮੇਸ਼ੁਰ ਦੀ ਸੇਧ ਮੁਤਾਬਕ ਚੱਲਣ ਲਈ ਤਿਆਰ ਹੋਵੇ।