ਹਿਜ਼ਕੀਏਲ 10:1-22

  • ਪਹੀਆਂ ਦੇ ਵਿਚਕਾਰੋਂ ਅੱਗ ਲਈ ਗਈ (1-8)

  • ਕਰੂਬੀਆਂ ਅਤੇ ਪਹੀਆਂ ਦਾ ਵਰਣਨ (9-17)

  • ਪਰਮੇਸ਼ੁਰ ਦੀ ਮਹਿਮਾ ਮੰਦਰ ਤੋਂ ਹਟ ਗਈ (18-22)

10  ਫਿਰ ਮੈਂ ਦੇਖਿਆ ਕਿ ਉਨ੍ਹਾਂ ਕਰੂਬੀਆਂ ਦੇ ਸਿਰਾਂ ਉੱਤੇ ਫੈਲੇ ਫ਼ਰਸ਼ ਉੱਪਰ ਨੀਲਮ ਪੱਥਰ ਵਰਗੀ ਕੋਈ ਚੀਜ਼ ਸੀ ਅਤੇ ਇਹ ਦੇਖਣ ਨੂੰ ਸਿੰਘਾਸਣ ਵਰਗੀ ਲੱਗਦੀ ਸੀ।+  ਫਿਰ ਉਸ* ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਕਿਹਾ:+ “ਪਹੀਆਂ ਦੇ ਵਿਚਕਾਰ,+ ਕਰੂਬੀਆਂ ਦੇ ਥੱਲੇ ਜਾਹ ਅਤੇ ਕਰੂਬੀਆਂ ਦੇ ਵਿਚਕਾਰੋਂ ਆਪਣੇ ਦੋਵੇਂ ਹੱਥਾਂ ਨਾਲ ਮੱਘਦੇ ਹੋਏ ਕੋਲੇ+ ਚੁੱਕ ਕੇ ਸ਼ਹਿਰ ’ਤੇ ਸੁੱਟ ਦੇ।”+ ਉਹ ਮੇਰੇ ਦੇਖਦੇ-ਦੇਖਦੇ ਪਹੀਆਂ ਵਿਚਕਾਰ ਚਲਾ ਗਿਆ।  ਜਦ ਉਹ ਆਦਮੀ ਪਹੀਆਂ ਦੇ ਵਿਚਕਾਰ ਗਿਆ, ਤਾਂ ਕਰੂਬੀ ਮੰਦਰ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਅੰਦਰਲਾ ਵਿਹੜਾ ਬੱਦਲ ਨਾਲ ਭਰ ਗਿਆ।  ਯਹੋਵਾਹ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਪਵਿੱਤਰ ਸਥਾਨ ਦੇ ਦਰਵਾਜ਼ੇ ’ਤੇ ਆ ਗਈ ਅਤੇ ਮੰਦਰ ਹੌਲੀ-ਹੌਲੀ ਬੱਦਲ ਨਾਲ ਭਰ ਗਿਆ+ ਅਤੇ ਵਿਹੜਾ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਭਰਿਆ ਹੋਇਆ ਸੀ।  ਕਰੂਬੀਆਂ ਦੇ ਖੰਭਾਂ ਦੀ ਆਵਾਜ਼ ਬਾਹਰਲੇ ਵਿਹੜੇ ਵਿਚ ਵੀ ਸੁਣਾਈ ਦਿੰਦੀ ਸੀ ਅਤੇ ਇਹ ਆਵਾਜ਼ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਆਵਾਜ਼ ਵਰਗੀ ਸੀ।+  ਫਿਰ ਉਸ ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਹੁਕਮ ਦਿੱਤਾ: “ਤੂੰ ਪਹੀਆਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲੈ।” ਤਦ ਉਹ ਪਹੀਆਂ ਦੇ ਵਿਚਕਾਰ ਗਿਆ ਅਤੇ ਇਕ ਪਹੀਏ ਦੇ ਲਾਗੇ ਖੜ੍ਹ ਗਿਆ।  ਫਿਰ ਇਕ ਕਰੂਬੀ ਨੇ ਆਪਣਾ ਹੱਥ ਵਧਾ ਕੇ ਕਰੂਬੀਆਂ ਦੇ ਵਿਚਕਾਰੋਂ ਥੋੜ੍ਹੀ ਜਿਹੀ ਅੱਗ ਲਈ+ ਅਤੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਦੇ ਦੋਵਾਂ ਹੱਥਾਂ ’ਤੇ ਰੱਖ ਦਿੱਤੀ।+ ਫਿਰ ਉਹ ਆਦਮੀ ਅੱਗ ਲੈ ਕੇ ਬਾਹਰ ਚਲਾ ਗਿਆ।  ਕਰੂਬੀਆਂ ਦੇ ਖੰਭਾਂ ਹੇਠ ਹੱਥ ਸਨ ਜੋ ਇਨਸਾਨਾਂ ਦੇ ਹੱਥਾਂ ਵਰਗੇ ਸਨ।+  ਮੈਂ ਦੇਖਿਆ ਕਿ ਕਰੂਬੀਆਂ ਦੇ ਲਾਗੇ ਚਾਰ ਪਹੀਏ ਸਨ; ਹਰੇਕ ਕਰੂਬੀ ਦੇ ਲਾਗੇ ਇਕ ਪਹੀਆ ਸੀ। ਸਾਰੇ ਪਹੀਏ ਕੀਮਤੀ ਪੱਥਰ ਸਬਜ਼ਾ ਵਾਂਗ ਚਮਕ ਰਹੇ ਸਨ।+ 10  ਚਾਰੇ ਪਹੀਏ ਇੱਕੋ ਜਿਹੇ ਸਨ ਅਤੇ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ। 11  ਜਦੋਂ ਪਹੀਏ ਚੱਲਦੇ ਸਨ, ਤਾਂ ਉਹ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵਿਚ ਜਾ ਸਕਦੇ ਸਨ ਕਿਉਂਕਿ ਉਹ ਬਿਨਾਂ ਮੁੜੇ ਉੱਧਰ ਹੀ ਜਾਂਦੇ ਸਨ ਜਿੱਧਰ ਕਰੂਬੀ ਦਾ ਸਿਰ ਹੁੰਦਾ ਸੀ।* 12  ਉਨ੍ਹਾਂ ਕਰੂਬੀਆਂ ਦੇ ਸਰੀਰ, ਪਿੱਠ, ਹੱਥ ਅਤੇ ਖੰਭ ਅੱਖਾਂ ਨਾਲ ਭਰੇ ਹੋਏ ਸਨ। ਉਨ੍ਹਾਂ ਚਾਰਾਂ ਦੇ ਲਾਗੇ ਜਿਹੜੇ ਪਹੀਏ ਸਨ, ਉਨ੍ਹਾਂ ’ਤੇ ਵੀ ਅੱਖਾਂ ਹੀ ਅੱਖਾਂ ਸਨ।+ 13  ਫਿਰ ਮੈਂ ਇਕ ਆਵਾਜ਼ ਸੁਣੀ ਜਿਸ ਨੇ ਉਨ੍ਹਾਂ ਪਹੀਆਂ ਨੂੰ ਕਿਹਾ: “ਪਹੀਓ, ਅੱਗੇ ਵਧੋ!” 14  ਹਰੇਕ* ਦੇ ਚਾਰ ਮੂੰਹ ਸਨ; ਇਕ ਮੂੰਹ ਕਰੂਬੀ ਦਾ, ਦੂਜਾ ਮੂੰਹ ਆਦਮੀ* ਦਾ, ਤੀਜਾ ਮੂੰਹ ਸ਼ੇਰ ਦਾ ਅਤੇ ਚੌਥਾ ਮੂੰਹ ਉਕਾਬ ਦਾ।+ 15  ਇਹ ਉਹੀ ਜੀਉਂਦੇ ਪ੍ਰਾਣੀ ਸਨ* ਜੋ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੇ ਸਨ।+ ਜਦੋਂ ਕਰੂਬੀ ਉੱਪਰ ਉੱਠਦੇ ਸਨ 16  ਅਤੇ ਜਦੋਂ ਕਰੂਬੀ ਚੱਲਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ-ਨਾਲ ਚੱਲਦੇ ਸਨ ਅਤੇ ਜਦੋਂ ਕਰੂਬੀ ਜ਼ਮੀਨ ਤੋਂ ਉਤਾਹਾਂ ਜਾਣ ਲਈ ਆਪਣੇ ਖੰਭ ਉੱਪਰ ਕਰਦੇ ਸਨ, ਤਾਂ ਵੀ ਪਹੀਏ ਆਪਣੀ ਦਿਸ਼ਾ ਨਹੀਂ ਬਦਲਦੇ ਸਨ ਅਤੇ ਨਾ ਹੀ ਕਰੂਬੀਆਂ ਤੋਂ ਦੂਰ ਜਾਂਦੇ ਸਨ।+ 17  ਜਦੋਂ ਉਹ ਖੜ੍ਹ ਜਾਂਦੇ ਸਨ, ਤਾਂ ਪਹੀਏ ਵੀ ਖੜ੍ਹ ਜਾਂਦੇ ਸਨ। ਜਦੋਂ ਉਹ ਜ਼ਮੀਨ ਤੋਂ ਉੱਪਰ ਜਾਂਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਉੱਪਰ ਜਾਂਦੇ ਸਨ ਕਿਉਂਕਿ ਜੋ ਸ਼ਕਤੀ ਉਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਸੇਧ ਦਿੰਦੀ ਸੀ, ਉਹੀ ਸ਼ਕਤੀ ਉਨ੍ਹਾਂ ਪਹੀਆਂ ਵਿਚ ਵੀ ਸੀ। 18  ਫਿਰ ਯਹੋਵਾਹ ਦੀ ਮਹਿਮਾ+ ਪਵਿੱਤਰ ਸਥਾਨ ਦੇ ਦਰਵਾਜ਼ੇ ਤੋਂ ਹਟ ਕੇ ਕਰੂਬੀਆਂ ਦੇ ਉੱਤੇ ਠਹਿਰ ਗਈ।+ 19  ਮੈਂ ਦੇਖਿਆ ਕਿ ਕਰੂਬੀ ਆਪਣੇ ਖੰਭ ਉੱਪਰ ਚੁੱਕ ਕੇ ਜ਼ਮੀਨ ਤੋਂ ਉਤਾਹਾਂ ਚਲੇ ਗਏ। ਜਦੋਂ ਉਹ ਗਏ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚਲੇ ਗਏ। ਫਿਰ ਉਹ ਜਾ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਦਰਵਾਜ਼ੇ ’ਤੇ ਰੁਕ ਗਏ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਪਰ ਸੀ।+ 20  ਇਹ ਉਹੀ ਜੀਉਂਦੇ ਪ੍ਰਾਣੀ ਸਨ* ਜਿਨ੍ਹਾਂ ਨੂੰ ਮੈਂ ਕਿਬਾਰ ਦਰਿਆ ਦੇ ਲਾਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਸਿੰਘਾਸਣ ਦੇ ਥੱਲੇ ਦੇਖਿਆ ਸੀ।+ ਇਸ ਲਈ ਮੈਂ ਜਾਣ ਗਿਆ ਕਿ ਉਹ ਕਰੂਬੀ ਸਨ। 21  ਚਾਰੇ ਕਰੂਬੀਆਂ ਦੇ ਚਾਰ-ਚਾਰ ਮੂੰਹ ਅਤੇ ਚਾਰ-ਚਾਰ ਖੰਭ ਸਨ ਅਤੇ ਉਨ੍ਹਾਂ ਦੇ ਖੰਭਾਂ ਹੇਠ ਹੱਥ ਸਨ ਜੋ ਇਨਸਾਨਾਂ ਦੇ ਹੱਥਾਂ ਵਰਗੇ ਸਨ।+ 22  ਇਨ੍ਹਾਂ ਦੇ ਮੂੰਹ ਉਨ੍ਹਾਂ ਜੀਉਂਦੇ ਪ੍ਰਾਣੀਆਂ ਦੇ ਮੂੰਹਾਂ ਵਰਗੇ ਸਨ ਜਿਹੜੇ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੇ ਸਨ।+ ਉਹ ਅੱਗੇ ਵਧਦੇ ਹੋਏ ਆਪਣੇ ਨੱਕ ਦੀ ਸੇਧ ਵਿਚ ਚੱਲਦੇ ਸਨ।+

ਫੁਟਨੋਟ

ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।
ਇਬ, “ਜਿੱਧਰ ਸਿਰ ਹੁੰਦਾ ਸੀ।”
ਯਾਨੀ, ਹਰੇਕ ਕਰੂਬੀ ਦੇ।
ਜਾਂ, “ਇਨਸਾਨ।”
ਇਬ, “ਇਹ ਜੀਉਂਦਾ ਪ੍ਰਾਣੀ ਸੀ।”
ਇਬ, “ਇਹ ਜੀਉਂਦਾ ਪ੍ਰਾਣੀ ਸੀ।”