ਲੇਵੀਆਂ 5:1-19

  • ਵੱਖ-ਵੱਖ ਪਾਪ ਅਤੇ ਉਨ੍ਹਾਂ ਦੀ ਮਾਫ਼ੀ ਲਈ ਬਲ਼ੀਆਂ (1-6)

    • ਦੂਸਰਿਆਂ ਦੇ ਪਾਪਾਂ ਬਾਰੇ ਦੱਸਣਾ (1)

  • ਗ਼ਰੀਬਾਂ ਲਈ ਚੜ੍ਹਾਵਿਆਂ ਦਾ ਪ੍ਰਬੰਧ (7-13)

  • ਅਣਜਾਣੇ ਵਿਚ ਕੀਤੇ ਪਾਪਾਂ ਲਈ ਦੋਸ਼-ਬਲ਼ੀ (14-19)

5  “‘ਜੇ ਕੋਈ ਇਨਸਾਨ ਕਿਸੇ ਨੂੰ ਪਾਪ ਕਰਦੇ ਹੋਏ ਦੇਖਦਾ ਹੈ ਜਾਂ ਉਸ ਨੂੰ ਕਿਸੇ ਪਾਪ ਦਾ ਪਤਾ ਲੱਗਦਾ ਹੈ, ਤਾਂ ਉਹ ਉਸ ਪਾਪ ਦਾ ਗਵਾਹ ਬਣ ਜਾਂਦਾ ਹੈ। ਜੇ ਉਹ ਅਪਰਾਧੀ ਦੇ ਖ਼ਿਲਾਫ਼ ਗਵਾਹੀ ਦੇਣ ਦਾ ਜਨਤਕ ਐਲਾਨ* ਸੁਣਦਾ ਹੈ,+ ਪਰ ਗਵਾਹੀ ਨਹੀਂ ਦਿੰਦਾ, ਤਾਂ ਇਹ ਪਾਪ ਹੈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ। 2  “‘ਜੇ ਕੋਈ ਕਿਸੇ ਅਸ਼ੁੱਧ ਚੀਜ਼ ਨੂੰ ਛੂਹ ਲੈਂਦਾ ਹੈ, ਭਾਵੇਂ ਉਹ ਕਿਸੇ ਅਸ਼ੁੱਧ ਜੰਗਲੀ ਜਾਨਵਰ ਦੀ ਲਾਸ਼ ਹੋਵੇ ਜਾਂ ਕਿਸੇ ਅਸ਼ੁੱਧ ਪਾਲਤੂ ਜਾਨਵਰ ਦੀ ਜਾਂ ਕਿਸੇ ਛੋਟੇ ਅਸ਼ੁੱਧ ਜੀਵ ਦੀ ਲਾਸ਼ ਹੋਵੇ।+ ਚਾਹੇ ਉਸ ਨੇ ਅਣਜਾਣੇ ਵਿਚ ਉਸ ਨੂੰ ਛੂਹਿਆ, ਪਰ ਉਹ ਅਸ਼ੁੱਧ ਹੈ ਅਤੇ ਦੋਸ਼ੀ ਹੈ।  3  ਜੇ ਕੋਈ ਅਣਜਾਣੇ ਵਿਚ ਇਨਸਾਨੀ ਅਸ਼ੁੱਧਤਾ+ ਯਾਨੀ ਅਸ਼ੁੱਧ ਕਰਨ ਵਾਲੀ ਕੋਈ ਵੀ ਚੀਜ਼ ਛੂਹ ਲੈਂਦਾ ਹੈ, ਤਾਂ ਉਹ ਦੋਸ਼ੀ ਹੈ, ਭਾਵੇਂ ਬਾਅਦ ਵਿਚ ਉਸ ਨੂੰ ਆਪਣੀ ਗ਼ਲਤੀ ਪਤਾ ਲੱਗਦੀ ਹੈ। 4  “‘ਜੇ ਕੋਈ ਜਲਦਬਾਜ਼ੀ ਵਿਚ ਚੰਗਾ ਜਾਂ ਬੁਰਾ ਕਰਨ ਦੀ ਸਹੁੰ ਖਾਂਦਾ ਹੈ ਅਤੇ ਅਣਜਾਣ ਹੁੰਦਾ ਹੈ ਕਿ ਉਸ ਨੇ ਬਿਨਾਂ ਸੋਚੇ-ਸਮਝੇ ਸਹੁੰ ਖਾਧੀ ਹੈ, ਤਾਂ ਉਹ ਦੋਸ਼ੀ ਹੈ, ਭਾਵੇਂ ਬਾਅਦ ਵਿਚ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ।*+ 5  “‘ਜੇ ਉਹ ਇਨ੍ਹਾਂ ਵਿੱਚੋਂ ਕੋਈ ਪਾਪ ਕਰ ਕੇ ਦੋਸ਼ੀ ਠਹਿਰਦਾ ਹੈ, ਤਾਂ ਉਹ ਕਬੂਲ ਕਰੇ+ ਕਿ ਉਸ ਨੇ ਕੀ ਪਾਪ ਕੀਤਾ ਹੈ।  6  ਨਾਲੇ ਉਸ ਨੇ ਜੋ ਪਾਪ ਕੀਤਾ ਹੈ, ਉਸ ਲਈ ਉਹ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ+ ਲਈ ਆਪਣੇ ਇੱਜੜ ਵਿੱਚੋਂ ਇਕ ਲੇਲੀ ਜਾਂ ਇਕ ਮੇਮਣੀ ਲਿਆਵੇ। ਇਹ ਪਾਪ-ਬਲ਼ੀ ਹੈ। ਫਿਰ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ। 7  “‘ਜੇ ਉਹ ਭੇਡ ਨਹੀਂ ਚੜ੍ਹਾ ਸਕਦਾ, ਤਾਂ ਉਹ ਆਪਣੇ ਪਾਪ ਲਈ ਦੋਸ਼-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਵੇ,+ ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ।+ 8  ਉਹ ਇਨ੍ਹਾਂ ਨੂੰ ਪੁਜਾਰੀ ਕੋਲ ਲਿਆਵੇ ਜੋ ਇਕ ਪੰਛੀ ਨੂੰ ਪਾਪ-ਬਲ਼ੀ ਵਜੋਂ ਚੜ੍ਹਾਵੇ। ਪੁਜਾਰੀ ਆਪਣੇ ਨਹੁੰਆਂ ਨਾਲ ਪੰਛੀ ਦੇ ਗਲ਼ੇ ਦੇ ਅਗਲੇ ਪਾਸੇ ਚੀਰਾ ਦੇਵੇ, ਪਰ ਉਹ ਪੰਛੀ ਦਾ ਸਿਰ ਧੜ ਤੋਂ ਵੱਖ ਨਾ ਕਰੇ।  9  ਉਹ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਵੇਦੀ ਦੇ ਇਕ ਪਾਸੇ ਉੱਤੇ ਛਿੜਕੇ, ਫਿਰ ਬਾਕੀ ਖ਼ੂਨ ਵੇਦੀ ਦੇ ਕੋਲ ਜ਼ਮੀਨ ʼਤੇ ਡੋਲ੍ਹ ਦੇਵੇ।+ ਇਹ ਪਾਪ-ਬਲ਼ੀ ਹੈ।  10  ਅਤੇ ਉਹ ਦੂਸਰੇ ਪੰਛੀ ਨੂੰ ਉਸੇ ਤਰ੍ਹਾਂ ਚੜ੍ਹਾਵੇ ਜਿਵੇਂ ਹੋਮ-ਬਲ਼ੀ ਚੜ੍ਹਾਈ ਜਾਂਦੀ ਹੈ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ 11  “‘ਜੇ ਉਸ ਕੋਲ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੇ ਪਾਪ ਲਈ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਪਾਪ-ਬਲ਼ੀ ਵਜੋਂ ਚੜ੍ਹਾਵੇ। ਉਹ ਉਸ ਵਿਚ ਤੇਲ ਨਾ ਮਿਲਾਵੇ ਜਾਂ ਉਸ ਉੱਤੇ ਲੋਬਾਨ ਨਾ ਰੱਖੇ ਕਿਉਂਕਿ ਇਹ ਪਾਪ-ਬਲ਼ੀ ਹੈ।  12  ਉਹ ਇਸ ਨੂੰ ਪੁਜਾਰੀ ਕੋਲ ਲਿਆਵੇ ਅਤੇ ਪੁਜਾਰੀ ਉਸ ਵਿੱਚੋਂ ਥੋੜ੍ਹਾ ਜਿਹਾ ਮੈਦਾ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ʼਤੇ ਪਏ ਯਹੋਵਾਹ ਦੇ ਚੜ੍ਹਾਵਿਆਂ ਉੱਪਰ ਰੱਖ ਕੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਪਾਪ-ਬਲ਼ੀ ਹੈ।  13  ਉਸ ਨੇ ਉੱਪਰ ਦੱਸੇ ਪਾਪਾਂ ਵਿੱਚੋਂ ਜਿਹੜਾ ਵੀ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਚੜ੍ਹਾਵਾ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ ਅਨਾਜ ਦੇ ਚੜ੍ਹਾਵੇ ਵਾਂਗ ਇਸ ਚੜ੍ਹਾਵੇ ਦਾ ਬਾਕੀ ਬਚਿਆ ਮੈਦਾ ਪੁਜਾਰੀ ਦਾ ਹੋਵੇਗਾ।’”+ 14  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  15  “ਜੇ ਕੋਈ ਅਣਜਾਣੇ ਵਿਚ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਦੇ ਸੰਬੰਧ ਵਿਚ ਪਾਪ ਕਰਦਾ ਹੈ ਅਤੇ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈ,+ ਤਾਂ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆ ਕੇ ਯਹੋਵਾਹ ਸਾਮ੍ਹਣੇ ਦੋਸ਼-ਬਲ਼ੀ ਵਜੋਂ ਚੜ੍ਹਾਵੇ।+ ਪੁਜਾਰੀ ਫ਼ੈਸਲਾ ਕਰੇਗਾ ਕਿ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ+ ਭੇਡੂ ਦੀ ਕੀਮਤ ਕਿੰਨੇ ਸ਼ੇਕੇਲ* ਚਾਂਦੀ ਹੋਣੀ ਚਾਹੀਦੀ ਹੈ।  16  ਅਤੇ ਉਸ ਨੇ ਜਿਸ ਪਵਿੱਤਰ ਚੀਜ਼* ਦੇ ਸੰਬੰਧ ਵਿਚ ਪਾਪ ਕੀਤਾ ਹੈ, ਉਹ ਉਸ ਦਾ ਹਰਜਾਨਾ ਭਰੇ ਅਤੇ ਉਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਪੁਜਾਰੀ ਨੂੰ ਦੇਵੇ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ+ ਲਈ ਉਸ ਭੇਡੂ ਨੂੰ ਦੋਸ਼-ਬਲ਼ੀ ਵਜੋਂ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ 17  “ਜੇ ਕੋਈ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਪਾਪ ਕਰ ਬੈਠਦਾ ਹੈ, ਭਾਵੇਂ ਉਸ ਨੇ ਉਹ ਕੰਮ ਅਣਜਾਣੇ ਵਿਚ ਹੀ ਕੀਤਾ ਹੈ, ਫਿਰ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਲੇਖਾ ਦੇਣਾ ਪਵੇਗਾ।+ 18  ਉਹ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਪੁਜਾਰੀ ਕੋਲ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆਵੇ। ਭੇਡੂ ਦੀ ਕੀਮਤ ਦੋਸ਼-ਬਲ਼ੀ ਦੇ ਜਾਨਵਰ ਦੀ ਤੈਅ ਕੀਤੀ ਗਈ ਕੀਮਤ ਜਿੰਨੀ ਹੋਣੀ ਚਾਹੀਦੀ ਹੈ।+ ਉਸ ਨੇ ਅਣਜਾਣੇ ਵਿਚ ਜੋ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।  19  ਇਹ ਦੋਸ਼-ਬਲ਼ੀ ਹੈ। ਉਹ ਯਹੋਵਾਹ ਦੇ ਖ਼ਿਲਾਫ਼ ਪਾਪ ਕਰ ਕੇ ਜ਼ਰੂਰ ਦੋਸ਼ੀ ਠਹਿਰਿਆ ਹੈ।”

ਫੁਟਨੋਟ

ਇਬ, “ਸਰਾਪ (ਸਹੁੰ) ਦੀ ਆਵਾਜ਼।” ਸੰਭਵ ਹੈ ਕਿ ਇਹ ਅਪਰਾਧੀ ਦੇ ਖ਼ਿਲਾਫ਼ ਜਾਂ ਗਵਾਹੀ ਨਾ ਦੇਣ ਵਾਲੇ ਗਵਾਹ ਦੇ ਖ਼ਿਲਾਫ਼ ਸਰਾਪ ਦਾ ਐਲਾਨ ਸੀ।
ਸ਼ਾਇਦ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਸੁੱਖਣਾ ਪੂਰੀ ਨਹੀਂ ਕੀਤੀ।
ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਯਾਦਗਾਰੀ ਹਿੱਸੇ।”
ਜਾਂ, “ਪਵਿੱਤਰ ਸ਼ੇਕੇਲ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਸਥਾਨ।”