ਲੇਵੀਆਂ 18:1-30

 • ਨਾਜਾਇਜ਼ ਸਰੀਰਕ ਸੰਬੰਧ (1-30)

  • ਕਨਾਨੀਆਂ ਦੀ ਰੀਸ ਨਾ ਕਰੋ (3)

  • ਰਿਸ਼ਤੇਦਾਰਾਂ ਨਾਲ ਸਰੀਰਕ ਸੰਬੰਧ (6-18)

  • ਮਾਹਵਾਰੀ ਦੌਰਾਨ (19)

  • ਸਮਲਿੰਗੀ ਸੰਬੰਧ (22)

  • ਜਾਨਵਰਾਂ ਨਾਲ ਸਰੀਰਕ ਸੰਬੰਧ (23)

  • ‘ਸ਼ੁੱਧ ਰਹੋ, ਨਹੀਂ ਤਾਂ ਤੁਹਾਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ’ (24-30)

18  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+  ਤੁਸੀਂ ਮਿਸਰੀਆਂ ਵਰਗੇ ਕੰਮ ਨਾ ਕਰਿਓ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀ ਅਤੇ ਨਾ ਹੀ ਤੁਸੀਂ ਕਨਾਨੀਆਂ ਵਰਗੇ ਕੰਮ ਕਰਿਓ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ।+ ਅਤੇ ਤੁਸੀਂ ਉਨ੍ਹਾਂ ਦੇ ਰੀਤਾਂ-ਰਿਵਾਜਾਂ ਮੁਤਾਬਕ ਨਾ ਚੱਲਿਓ।  ਤੁਸੀਂ ਮੇਰੇ ਹੁਕਮਾਂ ਨੂੰ ਮੰਨਿਓ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰਿਓ ਅਤੇ ਉਨ੍ਹਾਂ ਮੁਤਾਬਕ ਚੱਲਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।  ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ; ਜਿਹੜਾ ਇਨ੍ਹਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।+ ਮੈਂ ਯਹੋਵਾਹ ਹਾਂ।  “‘ਤੁਹਾਡੇ ਵਿੱਚੋਂ ਕੋਈ ਵੀ ਆਦਮੀ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਨਾਲ ਸਰੀਰਕ ਸੰਬੰਧ ਨਾ ਬਣਾਵੇ।*+ ਮੈਂ ਯਹੋਵਾਹ ਹਾਂ।  ਤੂੰ ਆਪਣੇ ਪਿਉ ਜਾਂ ਆਪਣੀ ਮਾਂ ਨਾਲ ਸਰੀਰਕ ਸੰਬੰਧ ਨਾ ਬਣਾਈਂ। ਉਹ ਤੇਰੀ ਮਾਂ ਹੈ ਅਤੇ ਤੂੰ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ।  “‘ਤੂੰ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਇਸ ਤਰ੍ਹਾਂ ਕਰਨ ਨਾਲ ਤੇਰਾ ਪਿਤਾ ਬੇਇੱਜ਼ਤ ਹੋਵੇਗਾ।*  “‘ਤੂੰ ਆਪਣੀ ਭੈਣ ਨਾਲ ਸਰੀਰਕ ਸੰਬੰਧ ਨਾ ਬਣਾਈਂ, ਭਾਵੇਂ ਉਹ ਤੇਰੇ ਪਿਉ ਦੀ ਧੀ ਹੋਵੇ ਜਾਂ ਤੇਰੀ ਮਾਂ ਦੀ ਧੀ ਹੋਵੇ, ਚਾਹੇ ਤੁਸੀਂ ਦੋਵੇਂ ਇੱਕੋ ਪਰਿਵਾਰ ਵਿਚ ਪੈਦਾ ਹੋਏ ਹੋਵੋ ਜਾਂ ਨਹੀਂ।+ 10  “‘ਤੂੰ ਆਪਣੀ ਪੋਤੀ ਨਾਲ ਜਾਂ ਆਪਣੀ ਦੋਹਤੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੂੰ ਬੇਇੱਜ਼ਤ ਹੋਵੇਂਗਾ। 11  “‘ਤੂੰ ਆਪਣੇ ਪਿਉ ਦੀ ਪਤਨੀ ਦੀ ਧੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਭੈਣ ਹੈ। ਉਹ ਤੇਰੇ ਪਿਤਾ ਦੀ ਔਲਾਦ ਹੈ। 12  “‘ਤੂੰ ਆਪਣੀ ਭੂਆ ਨਾਲ ਸਰੀਰਕ ਸੰਬੰਧ ਨਾ ਬਣਾਈਂ। ਉਸ ਦਾ ਤੇਰੇ ਪਿਤਾ ਨਾਲ ਖ਼ੂਨ ਦਾ ਰਿਸ਼ਤਾ ਹੈ।+ 13  “‘ਤੂੰ ਆਪਣੀ ਮਾਸੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਸ ਦਾ ਤੇਰੀ ਮਾਂ ਨਾਲ ਖ਼ੂਨ ਦਾ ਰਿਸ਼ਤਾ ਹੈ। 14  “‘ਤੂੰ ਆਪਣੀ ਚਾਚੀ ਜਾਂ ਤਾਈ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਰਿਸ਼ਤੇਦਾਰ ਹੈ। ਇਸ ਤਰ੍ਹਾਂ ਕਰਨ ਨਾਲ ਤੇਰਾ ਚਾਚਾ ਜਾਂ ਤਾਇਆ ਬੇਇੱਜ਼ਤ ਹੋਵੇਗਾ।*+ 15  “‘ਤੂੰ ਆਪਣੀ ਨੂੰਹ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ। 16  “‘ਤੂੰ ਆਪਣੀ ਭਾਬੀ ਨਾਲ ਸਰੀਰਕ ਸੰਬੰਧ ਨਾ ਬਣਾਈਂ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੇਰਾ ਭਰਾ ਬੇਇੱਜ਼ਤ ਹੋਵੇਗਾ।* 17  “‘ਜੇ ਤੂੰ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈਂ, ਤਾਂ ਤੂੰ ਉਸ ਦੀ ਧੀ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਅਤੇ ਨਾ ਹੀ ਤੂੰ ਉਸ ਦੀ ਪੋਤੀ ਨਾਲ ਅਤੇ ਨਾ ਹੀ ਉਸ ਦੀ ਦੋਹਤੀ ਨਾਲ ਸਰੀਰਕ ਸੰਬੰਧ ਬਣਾਈਂ। ਉਹ ਉਸ ਔਰਤ ਦੇ ਨੇੜੇ ਦੇ ਰਿਸ਼ਤੇਦਾਰ ਹਨ। ਇਹ ਸ਼ਰਮਨਾਕ ਕੰਮ* ਹੈ। 18  “‘ਤੂੰ ਆਪਣੀ ਪਤਨੀ ਦੇ ਜੀਉਂਦੇ-ਜੀ ਉਸ ਦੀ ਭੈਣ ਨੂੰ ਉਸ ਦੀ ਸੌਂਕਣ ਨਾ ਬਣਾਈਂ+ ਅਤੇ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ। 19  “‘ਤੂੰ ਉਸ ਔਰਤ ਨਾਲ ਸਰੀਰਕ ਸੰਬੰਧ ਨਾ ਬਣਾਈਂ ਜੋ ਮਾਹਵਾਰੀ ਕਰਕੇ ਅਸ਼ੁੱਧ ਹੈ।+ 20  “‘ਤੂੰ ਆਪਣੇ ਗੁਆਂਢੀ* ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ। ਇਸ ਤਰ੍ਹਾਂ ਕਰਨ ਨਾਲ ਤੂੰ ਅਸ਼ੁੱਧ ਹੋ ਜਾਵੇਂਗਾ।+ 21  “‘ਤੂੰ ਆਪਣਾ ਕੋਈ ਵੀ ਬੱਚਾ ਮੋਲਕ ਦੇਵਤੇ ਨੂੰ ਭੇਟ* ਵਜੋਂ ਨਾ ਚੜ੍ਹਾਈਂ।+ ਤੂੰ ਇਸ ਤਰ੍ਹਾਂ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੀਂ।+ ਮੈਂ ਯਹੋਵਾਹ ਹਾਂ। 22  “‘ਤੂੰ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਜਿਵੇਂ ਤੂੰ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈਂ।+ ਇਹ ਘਿਣਾਉਣਾ ਕੰਮ ਹੈ। 23  “‘ਕੋਈ ਆਦਮੀ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਅਤੇ ਨਾ ਹੀ ਕੋਈ ਔਰਤ ਸਰੀਰਕ ਸੰਬੰਧ ਬਣਾਉਣ ਲਈ ਕਿਸੇ ਜਾਨਵਰ ਦੇ ਸਾਮ੍ਹਣੇ ਜਾਵੇ।+ ਇਹ ਗ਼ੈਰ-ਕੁਦਰਤੀ ਹੈ। 24  “‘ਤੁਸੀਂ ਅਜਿਹੇ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰਿਓ ਕਿਉਂਕਿ ਮੈਂ ਜਿਨ੍ਹਾਂ ਕੌਮਾਂ ਨੂੰ ਤੁਹਾਡੇ ਸਾਮ੍ਹਣਿਓਂ ਕੱਢਣ ਵਾਲਾ ਹਾਂ, ਉਨ੍ਹਾਂ ਨੇ ਇਹ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕੀਤਾ ਹੈ।+ 25  ਇਸ ਲਈ ਉਨ੍ਹਾਂ ਦਾ ਦੇਸ਼ ਅਸ਼ੁੱਧ ਹੈ ਅਤੇ ਮੈਂ ਦੇਸ਼ ਦੇ ਵਾਸੀਆਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਦੀ ਸਜ਼ਾ ਦਿਆਂਗਾ ਅਤੇ ਉਨ੍ਹਾਂ ਨੂੰ ਉੱਥੋਂ ਕੱਢ ਦਿਆਂਗਾ।+ 26  ਪਰ ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ।+ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਘਿਣਾਉਣਾ ਕੰਮ ਨਾ ਕਰੇ, ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿਣ ਵਾਲਾ ਕੋਈ ਪਰਦੇਸੀ।+ 27  ਤੁਹਾਡੇ ਤੋਂ ਪਹਿਲਾਂ ਉਸ ਦੇਸ਼ ਵਿਚ ਰਹਿਣ ਵਾਲੇ ਆਦਮੀਆਂ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ+ ਜਿਸ ਕਰਕੇ ਹੁਣ ਉਹ ਦੇਸ਼ ਅਸ਼ੁੱਧ ਹੈ। 28  ਜੇ ਤੁਸੀਂ ਉੱਥੋਂ ਦੇ ਲੋਕਾਂ ਵਰਗੇ ਕੰਮ ਕਰ ਕੇ ਉਸ ਦੇਸ਼ ਨੂੰ ਭ੍ਰਿਸ਼ਟ ਨਹੀਂ ਕਰੋਗੇ, ਤਾਂ ਤੁਹਾਨੂੰ ਉੱਥੋਂ ਨਹੀਂ ਕੱਢਿਆ ਜਾਵੇਗਾ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਉੱਥੇ ਰਹਿਣ ਵਾਲੀਆਂ ਕੌਮਾਂ ਨੂੰ ਉੱਥੋਂ ਕੱਢਿਆ ਜਾਵੇਗਾ। 29  ਜੇ ਕੋਈ ਵੀ ਜਣਾ ਅਜਿਹਾ ਘਿਣਾਉਣਾ ਕੰਮ ਕਰਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। 30  ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਘਿਣਾਉਣਾ ਰੀਤੀ-ਰਿਵਾਜ ਨਾ ਮਨਾਇਓ ਜੋ ਤੁਹਾਡੇ ਤੋਂ ਪਹਿਲਾਂ ਉੱਥੇ ਮਨਾਏ ਜਾਂਦੇ ਸਨ+ ਤਾਂਕਿ ਤੁਸੀਂ ਇਨ੍ਹਾਂ ਕੰਮਾਂ ਰਾਹੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰ ਲਿਓ। ਇਸ ਤਰ੍ਹਾਂ ਤੁਸੀਂ ਮੇਰੇ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”

ਫੁਟਨੋਟ

ਇਬ, “ਨੰਗੇਜ਼ ਨਾ ਉਘਾੜੇ,” ਇੱਥੇ ਅਤੇ ਅਗਲੀਆਂ ਆਇਤਾਂ ਵਿਚ।
ਇਬ, “ਇਹ ਤੇਰੇ ਪਿਤਾ ਦਾ ਨੰਗੇਜ਼ ਹੈ।”
ਇਬ, “ਆਪਣੇ ਚਾਚੇ ਜਾਂ ਤਾਏ ਦਾ ਨੰਗੇਜ਼ ਨਾ ਉਘਾੜੀਂ।”
ਇਬ, “ਇਹ ਤੇਰੇ ਭਰਾ ਦਾ ਨੰਗੇਜ਼ ਹੈ।”
ਜਾਂ, “ਬੇਸ਼ਰਮੀ ਭਰਿਆ ਕੰਮ; ਅਸ਼ਲੀਲ ਕੰਮ।”
ਜਾਂ, “ਸਾਥੀ।”
ਜਾਂ, “ਬਲ਼ੀ।”