ਯਸਾਯਾਹ 8:1-22
8 ਯਹੋਵਾਹ ਨੇ ਮੈਨੂੰ ਕਿਹਾ: “ਇਕ ਵੱਡੀ ਫੱਟੀ ਲੈ+ ਅਤੇ ਉਸ ਉੱਤੇ ਇਕ ਆਮ ਕਲਮ ਨਾਲ* ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼।’*
2 ਮੈਂ ਚਾਹੁੰਦਾ ਹਾਂ ਕਿ ਵਫ਼ਾਦਾਰ ਗਵਾਹ ਪੁਜਾਰੀ ਊਰੀਯਾਹ+ ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ ਲਿਖਤੀ ਰੂਪ ਵਿਚ ਗਵਾਹੀ ਦੇਣ ਕਿ ਉਹ ਇਸ ਦੇ ਲਿਖੇ ਜਾਣ ਦੇ ਗਵਾਹ ਸਨ।”
3 ਫਿਰ ਮੈਂ ਨਬੀਆ* ਨਾਲ ਸੰਬੰਧ ਬਣਾਏ* ਅਤੇ ਉਹ ਗਰਭਵਤੀ ਹੋਈ ਅਤੇ ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।+ ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਸ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ
4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+
5 ਯਹੋਵਾਹ ਨੇ ਮੈਨੂੰ ਇਹ ਵੀ ਕਿਹਾ:
6 “ਕਿਉਂਕਿ ਇਨ੍ਹਾਂ ਲੋਕਾਂ ਨੇ ਸ਼ੀਲੋਆਹ* ਦੇ ਹੌਲੀ ਵਗਣ ਵਾਲੇ ਪਾਣੀਆਂ ਨੂੰ ਠੁਕਰਾਇਆ ਹੈ+ਅਤੇ ਉਹ ਰਸੀਨ ਅਤੇ ਰਮਲਯਾਹ ਦੇ ਪੁੱਤਰ ਕਰਕੇ ਖ਼ੁਸ਼ੀਆਂ ਮਨਾਉਂਦੇ ਹਨ,+
7 ਇਸ ਲਈ ਦੇਖ! ਯਹੋਵਾਹ ਉਨ੍ਹਾਂ ਵਿਰੁੱਧਦਰਿਆ* ਦੇ ਜ਼ੋਰਦਾਰ ਅਤੇ ਵਿਸ਼ਾਲ ਪਾਣੀਆਂ ਨੂੰ ਲਿਆਵੇਗਾ,ਹਾਂ, ਅੱਸ਼ੂਰ ਦੇ ਰਾਜੇ+ ਅਤੇ ਉਸ ਦੀ ਸਾਰੀ ਸ਼ਾਨੋ-ਸ਼ੌਕਤ ਨੂੰ।
ਉਹ ਉਸ ਦੀਆਂ ਨਦੀਆਂ ਦੇ ਸਾਰੇ ਤਲਾਂ ਉੱਤੇ ਆਵੇਗਾਅਤੇ ਉਸ ਦੇ ਸਾਰੇ ਕੰਢਿਆਂ ਉੱਪਰੋਂ ਦੀ ਵਗੇਗਾ
8 ਅਤੇ ਯਹੂਦਾਹ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤਕ ਚੜ੍ਹ ਜਾਵੇਗਾ;+ਹੇ ਇੰਮਾਨੂਏਲ,*+ਉਸ ਦੇ ਫੈਲੇ ਹੋਏ ਖੰਭਾਂ ਨਾਲ ਤੇਰਾ ਪੂਰਾ ਦੇਸ਼ ਢਕ ਜਾਵੇਗਾ!”
9 ਹੇ ਲੋਕੋ, ਉਨ੍ਹਾਂ ਨੂੰ ਨੁਕਸਾਨ ਪਹੁੰਚਾਓ, ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ।
ਹੇ ਧਰਤੀ ਦੇ ਦੂਰ ਦੇ ਇਲਾਕਿਆਂ ਦੇ ਸਾਰੇ ਲੋਕੋ, ਸੁਣੋ!
ਯੁੱਧ ਦੀ ਤਿਆਰੀ ਕਰੋ,* ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ!+
ਯੁੱਧ ਦੀ ਤਿਆਰੀ ਕਰੋ, ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ!
10 ਸਾਜ਼ਸ਼ ਘੜੋ, ਪਰ ਉਹ ਨਾਕਾਮ ਹੋ ਜਾਵੇਗੀ!
ਜੋ ਤੁਹਾਨੂੰ ਚੰਗਾ ਲੱਗੇ ਉਹ ਕਹੋ, ਪਰ ਉਹ ਸਫ਼ਲ ਨਹੀਂ ਹੋਵੇਗਾਕਿਉਂਕਿ ਪਰਮੇਸ਼ੁਰ ਸਾਡੇ ਨਾਲ ਹੈ!*+
11 ਯਹੋਵਾਹ ਨੇ ਆਪਣਾ ਤਾਕਤਵਰ ਹੱਥ ਮੇਰੇ ਉੱਤੇ ਰੱਖਿਆ ਅਤੇ ਮੈਨੂੰ ਇਨ੍ਹਾਂ ਲੋਕਾਂ ਦੇ ਰਾਹ ʼਤੇ ਚੱਲਣ ਤੋਂ ਖ਼ਬਰਦਾਰ ਕਰਨ ਲਈ ਇਹ ਕਿਹਾ:
12 “ਜਿਸ ਨੂੰ ਇਹ ਲੋਕ ਸਾਜ਼ਸ਼ ਕਹਿੰਦੇ ਹਨ, ਤੁਸੀਂ ਉਸ ਨੂੰ ਸਾਜ਼ਸ਼ ਨਾ ਕਹੋ!
ਜਿਸ ਤੋਂ ਇਹ ਲੋਕ ਡਰਦੇ ਹਨ, ਉਸ ਤੋਂ ਨਾ ਡਰੋ;ਉਸ ਅੱਗੇ ਨਾ ਕੰਬੋ।
13 ਤੁਸੀਂ ਸਿਰਫ਼ ਸੈਨਾਵਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ,+ਤੁਹਾਨੂੰ ਸਿਰਫ਼ ਉਸ ਦਾ ਡਰ ਮੰਨਣਾ ਚਾਹੀਦਾ ਹੈਅਤੇ ਸਿਰਫ਼ ਉਸ ਦੇ ਅੱਗੇ ਕੰਬਣਾ ਚਾਹੀਦਾ ਹੈ।”+
14 ਉਹ ਪਵਿੱਤਰ ਸਥਾਨ ਹੋਵੇਗਾ,ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈਠੋਕਰ ਦਾ ਪੱਥਰਅਤੇ ਠੇਡਾ ਖਾਣ ਦੀ ਚਟਾਨ ਹੋਵੇਗਾ,+ਯਰੂਸ਼ਲਮ ਦੇ ਵਾਸੀਆਂ ਲਈਫਾਹੀ ਤੇ ਫੰਦਾ ਹੋਵੇਗਾ।
15 ਉਨ੍ਹਾਂ ਵਿੱਚੋਂ ਬਹੁਤ ਸਾਰੇ ਠੋਕਰ ਖਾਣਗੇ ਅਤੇ ਡਿਗਣਗੇ ਤੇ ਚੂਰ-ਚੂਰ ਹੋ ਜਾਣਗੇ;ਉਹ ਫਾਹੀ ਵਿਚ ਫਸਣਗੇ ਅਤੇ ਫੜੇ ਜਾਣਗੇ।
16 ਜਿਸ ਪੱਤਰੀ ਉੱਤੇ ਸੰਦੇਸ਼ ਲਿਖਿਆ ਗਿਆ ਹੈ,* ਉਸ ਨੂੰ ਲਪੇਟ ਲੈ;ਸਿਰਫ਼ ਮੇਰੇ ਚੇਲਿਆਂ ਦੇ ਵਿਚਕਾਰ ਕਾਨੂੰਨ* ਉੱਤੇ ਮੁਹਰ ਲਾ!
17 ਮੈਂ ਯਹੋਵਾਹ ਦੀ ਉਡੀਕ ਕਰਦਾ ਰਹਾਂਗਾ*+ ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾਇਆ ਹੋਇਆ ਹੈ+ ਅਤੇ ਮੈਂ ਉਸ ʼਤੇ ਆਸ ਲਾਈ ਰੱਖਾਂਗਾ।
18 ਦੇਖੋ! ਮੈਂ ਅਤੇ ਯਹੋਵਾਹ ਤੋਂ ਮਿਲੇ ਮੇਰੇ ਬੱਚੇ,+ ਸੀਓਨ ਪਹਾੜ ʼਤੇ ਵੱਸਣ ਵਾਲੇ ਸੈਨਾਵਾਂ ਦੇ ਯਹੋਵਾਹ ਵੱਲੋਂ ਇਜ਼ਰਾਈਲ ਵਿਚ ਨਿਸ਼ਾਨੀਆਂ ਅਤੇ ਕਰਾਮਾਤਾਂ ਹਾਂ।+
19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+
20 ਇਸ ਦੀ ਬਜਾਇ, ਉਨ੍ਹਾਂ ਨੂੰ ਕਾਨੂੰਨ ਤੋਂ ਅਤੇ ਉਸ ਪੱਤਰੀ ਤੋਂ ਸਲਾਹ ਲੈਣੀ ਚਾਹੀਦੀ ਹੈ ਜਿਸ ʼਤੇ ਸੰਦੇਸ਼ ਲਿਖਿਆ ਗਿਆ ਹੈ!*
ਜਦੋਂ ਉਹ ਇਸ ਬਚਨ ਅਨੁਸਾਰ ਨਹੀਂ ਬੋਲਦੇ, ਉਨ੍ਹਾਂ ਕੋਲ ਕੋਈ ਚਾਨਣ ਨਹੀਂ ਹੁੰਦਾ।*+
21 ਅਤੇ ਹਰ ਕੋਈ ਦੇਸ਼ ਵਿੱਚੋਂ ਦੁਖੀ ਅਤੇ ਭੁੱਖਾ ਹੋ ਕੇ ਲੰਘੇਗਾ;+ ਭੁੱਖਾ ਤੇ ਗੁੱਸੇ ਨਾਲ ਭਰਿਆ ਹੋਣ ਕਰਕੇ ਉਹ ਆਪਣੇ ਰਾਜੇ ਨੂੰ ਤੇ ਉੱਪਰ ਵੱਲ ਦੇਖ ਕੇ ਆਪਣੇ ਪਰਮੇਸ਼ੁਰ ਨੂੰ ਕੋਸੇਗਾ।
22 ਫਿਰ ਉਹ ਧਰਤੀ ਨੂੰ ਦੇਖੇਗਾ ਅਤੇ ਉਸ ਨੂੰ ਸਿਰਫ਼ ਕਸ਼ਟ, ਹਨੇਰਾ, ਧੁੰਦਲਾਪਣ, ਔਖੇ ਸਮੇਂ ਅਤੇ ਅੰਧਕਾਰ ਨਜ਼ਰ ਆਵੇਗਾ ਤੇ ਕੋਈ ਚਾਨਣ ਨਹੀਂ ਦਿਸੇਗਾ।
ਫੁਟਨੋਟ
^ ਸ਼ਾਇਦ ਇਸ ਦਾ ਮਤਲਬ ਹੈ “ਲੁੱਟ ਦੇ ਮਾਲ ਵੱਲ ਤੇਜ਼ੀ ਨਾਲ ਜਾਣਾ, ਮਾਲ ਵੱਲ ਫੁਰਤੀ ਨਾਲ ਆਉਣਾ।”
^ ਇਬ, “ਇਕ ਮਰਨਹਾਰ ਇਨਸਾਨ ਦੀ ਕਲਮ ਨਾਲ।”
^ ਯਾਨੀ, ਯਸਾਯਾਹ ਦੀ ਪਤਨੀ।
^ ਇਬ, “ਦੇ ਨੇੜੇ ਗਿਆ।”
^ ਸ਼ੀਲੋਆਹ ਪਾਣੀ ਦੀ ਇਕ ਖਾਲ਼ ਸੀ।
^ ਯਾਨੀ, ਫ਼ਰਾਤ ਦਰਿਆ।
^ ਜਾਂ, “ਆਪਣੀਆਂ ਕਮਰਾਂ ਕੱਸੋ।”
^ ਜਾਂ, “ਜਿਹੜੀ ਪੱਤਰੀ ਤਸਦੀਕ ਕੀਤੀ ਗਈ ਹੈ।”
^ ਜਾਂ, “ਹਿਦਾਇਤ।”
^ ਜਾਂ, “ਬੇਸਬਰੀ ਨਾਲ ਉਡੀਕ ਕਰਦਾ ਰਹਾਂਗਾ।”
^ ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
^ ਜਾਂ, “ਜਿਸ ਨੂੰ ਤਸਦੀਕ ਕੀਤਾ ਗਿਆ ਹੈ।”
^ ਇਬ, “ਪਹੁ ਨਹੀਂ ਫੁੱਟਦੀ।”