ਯਸਾਯਾਹ 46:1-13

  • ਬਾਬਲ ਦੇ ਬੁੱਤਾਂ ਦੀ ਤੁਲਨਾ ਵਿਚ ਇਜ਼ਰਾਈਲ ਦਾ ਪਰਮੇਸ਼ੁਰ (1-13)

    • ਯਹੋਵਾਹ ਭਵਿੱਖ ਦੱਸ ਦਿੰਦਾ ਹੈ (10)

    • ਸੂਰਜ ਦੇ ਚੜ੍ਹਦੇ ਪਾਸਿਓਂ ਸ਼ਿਕਾਰੀ ਪੰਛੀ (11)

46  ਬੇਲ ਝੁਕ ਗਿਆ,+ ਨਬੋ ਨੀਵਾਂ ਹੋ ਗਿਆ। ਉਨ੍ਹਾਂ ਦੀਆਂ ਮੂਰਤਾਂ ਜਾਨਵਰਾਂ ਉੱਤੇ, ਭਾਰ ਢੋਣ ਵਾਲੇ ਪਸ਼ੂਆਂ ਉੱਤੇ ਲੱਦੀਆਂ ਹਨ,+ਹਾਂ, ਉਸ ਸਾਮਾਨ ਵਾਂਗ ਜੋ ਥੱਕੇ ਹੋਏ ਜਾਨਵਰਾਂ ਲਈ ਬੋਝ ਹੈ।   ਉਹ ਇਕੱਠੇ ਨੀਵੇਂ ਹੋ ਗਏ, ਉਹ ਝੁਕ ਗਏ;ਉਹ ਲੱਦੇ ਹੋਏ ਬੋਝ* ਨੂੰ ਬਚਾ ਨਹੀਂ ਸਕਦੇ,ਉਹ ਤਾਂ ਆਪ ਹੀ ਗ਼ੁਲਾਮੀ ਵਿਚ ਚਲੇ ਜਾਂਦੇ ਹਨ।   “ਹੇ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ ਦੇ ਬਾਕੀ ਬਚੇ ਹੋਇਓ, ਮੇਰੀ ਸੁਣੋ,+ਹਾਂ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਹੀ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਿਆ।+   ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ। ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+   ਤੁਸੀਂ ਮੈਨੂੰ ਕਿਹਦੇ ਵਰਗਾ ਦੱਸੋਗੇ ਜਾਂ ਮੈਨੂੰ ਕਿਹਦੇ ਬਰਾਬਰ ਠਹਿਰਾਓਗੇ ਜਾਂ ਕਿਸ ਨਾਲ ਮੇਰੀ ਤੁਲਨਾ ਕਰੋਗੇ+ਤਾਂਕਿ ਅਸੀਂ ਇੱਕੋ ਜਿਹੇ ਲੱਗੀਏ?+   ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ। ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+ ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+   ਉਹ ਇਸ ਨੂੰ ਮੋਢਿਆਂ ’ਤੇ ਚੁੱਕਦੇ ਹਨ;+ਉਹ ਇਸ ਨੂੰ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਦੀ ਜਗ੍ਹਾ ’ਤੇ ਰੱਖਦੇ ਹਨ ਅਤੇ ਇਹ ਉੱਥੇ ਹੀ ਖੜ੍ਹਾ ਰਹਿੰਦਾ ਹੈ। ਇਹ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ।+ ਉਹ ਇਸ ਅੱਗੇ ਦੁਹਾਈ ਦਿੰਦੇ ਹਨ, ਪਰ ਇਹ ਕੋਈ ਜਵਾਬ ਨਹੀਂ ਦਿੰਦਾ;ਇਹ ਕਿਸੇ ਨੂੰ ਉਸ ਦੇ ਦੁੱਖ ਤੋਂ ਨਹੀਂ ਬਚਾ ਸਕਦਾ।+   ਇਹ ਗੱਲ ਯਾਦ ਰੱਖੋ ਅਤੇ ਹਿੰਮਤ ਤੋਂ ਕੰਮ ਲਓ। ਹੇ ਅਪਰਾਧੀਓ, ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ।   ਪੁਰਾਣੇ ਸਮੇਂ ਦੀਆਂ ਬੀਤੀਆਂ* ਗੱਲਾਂ ਯਾਦ ਰੱਖੋਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ। ਮੈਂ ਪਰਮੇਸ਼ੁਰ ਹਾਂ ਤੇ ਮੇਰੇ ਵਰਗਾ ਹੋਰ ਕੋਈ ਨਹੀਂ।+ 10  ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+ ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ* ਅਟੱਲ ਰਹੇਗਾ+ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’+ 11  ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+ ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ। ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+ 12  ਹੇ ਢੀਠ* ਦਿਲ ਵਾਲਿਓ, ਮੇਰੀ ਸੁਣੋ,ਹਾਂ, ਤੁਸੀਂ ਜੋ ਧਾਰਮਿਕਤਾ ਤੋਂ ਦੂਰ ਹੋ। 13  ਮੈਂ ਆਪਣੀ ਧਾਰਮਿਕਤਾ ਨੂੰ ਨੇੜੇ ਲਿਆਇਆ ਹਾਂ;ਇਹ ਦੂਰ ਨਹੀਂ ਹੈ,ਮੈਂ ਮੁਕਤੀ ਦਿਵਾਉਣ ਵਿਚ ਦੇਰ ਨਹੀਂ ਲਾਵਾਂਗਾ।+ ਮੈਂ ਸੀਓਨ ਨੂੰ ਮੁਕਤੀ ਬਖ਼ਸ਼ਾਂਗਾ ਅਤੇ ਇਜ਼ਰਾਈਲ ਨੂੰ ਆਪਣੀ ਮਹਿਮਾ।”+

ਫੁਟਨੋਟ

ਯਾਨੀ, ਜਾਨਵਰਾਂ ਉੱਤੇ ਲੱਦੀਆਂ ਮੂਰਤਾਂ।
ਇਬ, “ਇਸ ਅੱਗੇ ਝੁਕਦੇ ਹਨ।”
ਇਬ, “ਪਹਿਲੀਆਂ।”
ਜਾਂ, “ਮਕਸਦ; ਸਲਾਹ।”
ਜਾਂ, “ਪੂਰਬ ਵੱਲੋਂ।”
ਜਾਂ, “ਮਕਸਦ; ਸਲਾਹ।”
ਇਬ, “ਤਾਕਤਵਰ।”