ਯਸਾਯਾਹ 42:1-25
42 ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਸੰਭਾਲਦਾ ਹਾਂ!
ਮੇਰਾ ਚੁਣਿਆ ਹੋਇਆ+ ਜਿਸ ਨੂੰ ਮੈਂ ਮਨਜ਼ੂਰ ਕੀਤਾ ਹੈ!+
ਮੈਂ ਉਸ ਨੂੰ ਆਪਣੀ ਸ਼ਕਤੀ ਦਿੱਤੀ ਹੈ;+ਉਹ ਕੌਮਾਂ ਲਈ ਨਿਆਂ ਕਰੇਗਾ।+
2 ਉਹ ਨਾ ਚਿਲਾਵੇਗਾ ਤੇ ਨਾ ਹੀ ਆਪਣੀ ਆਵਾਜ਼ ਉੱਚੀ ਕਰੇਗਾ,ਉਹ ਆਪਣੀ ਆਵਾਜ਼ ਰਾਹਾਂ ਵਿਚ ਨਹੀਂ ਸੁਣਾਵੇਗਾ।+
3 ਉਹ ਦਰੜੇ ਹੋਏ ਕਾਨੇ ਨੂੰ ਨਹੀਂ ਤੋੜੇਗਾਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।+
ਉਹ ਵਫ਼ਾਦਾਰੀ ਨਾਲ ਨਿਆਂ ਨੂੰ ਕਾਇਮ ਕਰੇਗਾ।+
4 ਉਹ ਨਿੰਮ੍ਹਾ ਨਾ ਹੋਵੇਗਾ, ਨਾ ਕੁਚਲਿਆ ਜਾਵੇਗਾ,ਸਗੋਂ ਉਹ ਧਰਤੀ ਉੱਤੇ ਇਨਸਾਫ਼ ਕਾਇਮ ਕਰ ਕੇ ਰਹੇਗਾ;+ਟਾਪੂ ਉਸ ਦੇ ਕਾਨੂੰਨ* ਦੀ ਉਡੀਕ ਕਰਨਗੇ।
5 ਸੱਚਾ ਪਰਮੇਸ਼ੁਰ ਯਹੋਵਾਹ,ਆਕਾਸ਼ ਦਾ ਸਿਰਜਣਹਾਰ ਤੇ ਉਸ ਨੂੰ ਤਾਣਨ ਵਾਲਾ,+ਹਾਂ, ਜਿਸ ਨੇ ਧਰਤੀ ਨੂੰ ਅਤੇ ਇਸ ਦੀ ਉਪਜ ਨੂੰ ਫੈਲਾਇਆ,+ਜੋ ਇਸ ਉੱਪਰ ਵੱਸਦੇ ਲੋਕਾਂ ਨੂੰ ਸਾਹ ਦਿੰਦਾ ਹੈ+ਅਤੇ ਇਸ ਉੱਤੇ ਚੱਲਣ ਵਾਲਿਆਂ ਵਿਚ ਜਾਨ ਪਾਉਂਦਾ ਹੈ,+ ਇਹ ਕਹਿੰਦਾ ਹੈ:
6 “ਮੈਂ ਯਹੋਵਾਹ ਨੇ ਤੈਨੂੰ ਨਿਆਂ ਦੀ ਖ਼ਾਤਰ ਬੁਲਾਇਆ ਹੈ;ਮੈਂ ਤੇਰਾ ਹੱਥ ਫੜਿਆ ਹੈ।
ਮੈਂ ਤੇਰੀ ਹਿਫਾਜ਼ਤ ਕਰਾਂਗਾ ਤੇ ਤੈਨੂੰ ਲੋਕਾਂ ਲਈ ਇਕਰਾਰ+ਅਤੇ ਕੌਮਾਂ ਲਈ ਚਾਨਣ ਠਹਿਰਾਵਾਂਗਾ+
7 ਤਾਂਕਿ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ,+ਭੋਰੇ ਵਿੱਚੋਂ ਕੈਦੀਆਂ ਨੂੰ ਬਾਹਰ ਲਿਆਵੇਂਅਤੇ ਕੈਦਖ਼ਾਨੇ ਦੇ ਹਨੇਰੇ ਵਿਚ ਬੈਠੇ ਹੋਇਆਂ ਨੂੰ ਕੱਢੇਂ।+
8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+
9 ਦੇਖੋ, ਪਹਿਲੀਆਂ ਗੱਲਾਂ ਬੀਤ ਚੁੱਕੀਆਂ ਹਨ;ਹੁਣ ਮੈਂ ਨਵੀਆਂ ਗੱਲਾਂ ਦਾ ਐਲਾਨ ਕਰਦਾ ਹਾਂ।
ਉਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਬਾਰੇ ਤੁਹਾਨੂੰ ਦੱਸਦਾ ਹਾਂ।”+
10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+ਯਹੋਵਾਹ ਲਈ ਨਵਾਂ ਗੀਤ ਗਾਓ,+ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+
11 ਉਜਾੜ ਅਤੇ ਇਸ ਦੇ ਸ਼ਹਿਰ ਆਪਣੀ ਆਵਾਜ਼ ਉੱਚੀ ਕਰਨ,+ਨਾਲੇ ਉਹ ਪਿੰਡ ਜਿੱਥੇ ਕੇਦਾਰ+ ਵੱਸਦਾ ਹੈ।
ਚਟਾਨ ਦੇ ਵਾਸੀ ਖ਼ੁਸ਼ੀ ਨਾਲ ਜੈਕਾਰਾ ਲਾਉਣ;ਪਹਾੜਾਂ ਦੀ ਚੋਟੀ ਤੋਂ ਉਹ ਉੱਚੀ-ਉੱਚੀ ਚਿਲਾਉਣ।
12 ਉਹ ਯਹੋਵਾਹ ਦੀ ਮਹਿਮਾ ਕਰਨਅਤੇ ਟਾਪੂਆਂ ਵਿਚ ਉਸ ਦਾ ਗੁਣਗਾਨ ਕਰਨ।+
13 ਯਹੋਵਾਹ ਸੂਰਮੇ ਵਾਂਗ ਨਿਕਲੇਗਾ।+
ਉਹ ਯੋਧੇ ਵਾਂਗ ਆਪਣਾ ਜੋਸ਼ ਜਗਾਵੇਗਾ।+
ਉਹ ਚਿਲਾਵੇਗਾ, ਹਾਂ, ਉਹ ਯੁੱਧ ਦਾ ਨਾਅਰਾ ਲਾਵੇਗਾ;ਉਹ ਦਿਖਾਏਗਾ ਕਿ ਉਹ ਆਪਣੇ ਦੁਸ਼ਮਣਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+
14 “ਮੈਂ ਚਿਰਾਂ ਤੋਂ ਚੁੱਪ ਰਿਹਾ।
ਮੈਂ ਖ਼ਾਮੋਸ਼ ਰਿਹਾ ਤੇ ਖ਼ੁਦ ਨੂੰ ਰੋਕੀ ਰੱਖਿਆ।
ਬੱਚਾ ਜਣਨ ਵਾਲੀ ਔਰਤ ਵਾਂਗਮੈਂ ਹੂੰਗਾਂਗਾ, ਹਫਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।
15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+
16 ਮੈਂ ਅੰਨ੍ਹਿਆਂ ਨੂੰ ਉਸ ਰਾਹ ʼਤੇ ਲੈ ਜਾਵਾਂਗਾ ਜੋ ਉਹ ਨਹੀਂ ਜਾਣਦੇ+ਅਤੇ ਉਨ੍ਹਾਂ ਨੂੰ ਅਣਜਾਣੇ ਰਾਹਾਂ ʼਤੇ ਤੋਰਾਂਗਾ।+
ਮੈਂ ਉਨ੍ਹਾਂ ਅੱਗੇ ਹਨੇਰੇ ਨੂੰ ਚਾਨਣ ਵਿਚ ਬਦਲ ਦਿਆਂਗਾ+ਅਤੇ ਉਬੜ-ਖਾਬੜ ਰਾਹ ਨੂੰ ਪੱਧਰਾ ਕਰ ਦਿਆਂਗਾ।+
ਇਹ ਸਭ ਮੈਂ ਉਨ੍ਹਾਂ ਲਈ ਕਰਾਂਗਾ, ਮੈਂ ਉਨ੍ਹਾਂ ਨੂੰ ਤਿਆਗਾਂਗਾ ਨਹੀਂ।”
17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+
18 ਹੇ ਬੋਲ਼ਿਓ, ਸੁਣੋ;ਹੇ ਅੰਨ੍ਹਿਓ, ਅੱਖਾਂ ਖੋਲ੍ਹ ਕੇ ਦੇਖੋ।+
19 ਮੇਰੇ ਸੇਵਕ ਤੋਂ ਛੁੱਟ ਹੋਰ ਕੌਣ ਅੰਨ੍ਹਾ ਹੈ,ਮੇਰੇ ਭੇਜੇ ਹੋਏ ਸੰਦੇਸ਼ ਦੇਣ ਵਾਲੇ ਜਿੰਨਾ ਬੋਲ਼ਾ ਕੌਣ ਹੈ?
ਜਿਸ ਨੂੰ ਇਨਾਮ ਮਿਲਿਆ ਹੈ, ਉਸ ਜਿੰਨਾ ਅੰਨ੍ਹਾ ਕੌਣ ਹੈ,ਹਾਂ, ਯਹੋਵਾਹ ਦੇ ਸੇਵਕ ਜਿੰਨਾ ਅੰਨ੍ਹਾ ਕੌਣ ਹੈ?+
20 ਤੂੰ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਹੈਂ, ਪਰ ਤੂੰ ਧਿਆਨ ਨਹੀਂ ਦਿੰਦਾ।
ਤੂੰ ਆਪਣੇ ਕੰਨ ਤਾਂ ਖੁੱਲ੍ਹੇ ਰੱਖਦਾ ਹੈਂ, ਪਰ ਤੂੰ ਸੁਣਦਾ ਨਹੀਂ।+
21 ਆਪਣੇ ਉੱਚੇ-ਸੁੱਚੇ ਮਿਆਰਾਂ ਦੀ ਖ਼ਾਤਰਯਹੋਵਾਹ ਨੂੰ ਚੰਗਾ ਲੱਗਾ ਕਿ ਉਹ ਆਪਣੇ ਕਾਨੂੰਨ* ਨੂੰ ਵਡਿਆਏ ਤੇ ਇਸ ਨੂੰ ਸ਼ਾਨਦਾਰ ਬਣਾਏ।
22 ਪਰ ਇਹ ਲੁੱਟੇ-ਪੁੱਟੇ ਲੋਕ ਹਨ;+ਇਹ ਸਾਰੇ ਖੁੱਡਾਂ ਵਿਚ ਫਸੇ ਹੋਏ ਹਨ ਅਤੇ ਕੈਦਖ਼ਾਨਿਆਂ ਵਿਚ ਬੰਦ ਹਨ।+
ਇਨ੍ਹਾਂ ਨੂੰ ਲੁੱਟ ਲਿਆ ਗਿਆ ਤੇ ਇਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ,+ਇਹ ਲੁੱਟ ਦਾ ਮਾਲ ਬਣ ਗਏ, ਪਰ ਕੋਈ ਵੀ ਇਹ ਕਹਿਣ ਵਾਲਾ ਨਹੀਂ, “ਉਨ੍ਹਾਂ ਨੂੰ ਵਾਪਸ ਲੈ ਆਓ!”
23 ਤੁਹਾਡੇ ਵਿੱਚੋਂ ਕੌਣ ਇਹ ਸੁਣੇਗਾ?
ਕੌਣ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਸੁਣੇਗਾ?
24 ਕਿਸ ਨੇ ਯਾਕੂਬ ਨੂੰ ਲੁੱਟਣ ਲਈ ਦੇ ਦਿੱਤਾਅਤੇ ਇਜ਼ਰਾਈਲ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ?
ਕੀ ਯਹੋਵਾਹ ਨੇ ਨਹੀਂ ਜਿਸ ਦੇ ਖ਼ਿਲਾਫ਼ ਅਸੀਂ ਪਾਪ ਕੀਤਾ?
ਉਨ੍ਹਾਂ ਨੇ ਉਸ ਦੇ ਰਾਹਾਂ ʼਤੇ ਚੱਲਣ ਤੋਂ ਇਨਕਾਰ ਕੀਤਾਅਤੇ ਉਨ੍ਹਾਂ ਨੇ ਉਸ ਦੇ ਕਾਨੂੰਨ* ਦੀ ਪਾਲਣਾ ਨਹੀਂ ਕੀਤੀ।+
25 ਇਸ ਲਈ ਉਹ ਉਸ ਉੱਤੇ ਕ੍ਰੋਧ ਦੀ ਅੱਗ ਵਰ੍ਹਾਉਂਦਾ ਰਿਹਾ,ਹਾਂ, ਆਪਣੇ ਗੁੱਸੇ ਦੀ ਅੱਗ ਤੇ ਯੁੱਧ ਦਾ ਕਹਿਰ।+
ਇਸ ਨੇ ਉਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ, ਫਿਰ ਵੀ ਉਸ ਨੇ ਧਿਆਨ ਨਹੀਂ ਦਿੱਤਾ।+
ਉਹ ਇਸ ਨਾਲ ਜਲ਼ ਗਿਆ, ਪਰ ਉਹ ਫਿਰ ਵੀ ਨਹੀਂ ਸਮਝਿਆ।+

