ਯਸਾਯਾਹ 28:1-29

  • ਇਫ਼ਰਾਈਮ ਦੇ ਸ਼ਰਾਬੀਆਂ ਉੱਤੇ ਹਾਇ! (1-6)

  • ਯਹੂਦਾਹ ਦੇ ਪੁਜਾਰੀ ਤੇ ਨਬੀ ਲੜਖੜਾਉਂਦੇ ਹਨ (7-13)

  • “ਮੌਤ ਨਾਲ ਇਕਰਾਰ” (14-22)

    • ਸੀਓਨ ਵਿਚ ਕੀਮਤੀ ਪੱਥਰ (16)

    • ਯਹੋਵਾਹ ਦਾ ਅਨੋਖਾ ਕੰਮ (21)

  • ਯਹੋਵਾਹ ਨੇ ਉਦਾਹਰਣਾਂ ਰਾਹੀਂ ਬੁੱਧੀਮਾਨੀ ਨਾਲ ਅਨੁਸ਼ਾਸਨ ਦਿੱਤਾ (23-29)

28  ਇਫ਼ਰਾਈਮ ਦੇ ਸ਼ਰਾਬੀਆਂ ਦੇ ਦਿਖਾਵੇ ਵਾਲੇ* ਤਾਜ* ਉੱਤੇ ਹਾਇ+ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਮੁਰਝਾ ਰਹੇ ਫੁੱਲ ਉੱਤੇਜਿਹੜਾ ਦਾਖਰਸ ਨਾਲ ਮਦਹੋਸ਼ ਹੋਣ ਵਾਲਿਆਂ ਦੀ ਉਪਜਾਊ ਘਾਟੀ ਦੇ ਸਿਰ ʼਤੇ ਹੈ!  2  ਦੇਖੋ! ਯਹੋਵਾਹ ਇਕ ਤਕੜਾ ਤੇ ਤਾਕਤਵਰ ਸ਼ਖ਼ਸ ਭੇਜੇਗਾ। ਉਹ ਗੜਿਆਂ ਦੀ ਤੇਜ਼ ਬੁਛਾੜ ਵਰਗਾ, ਤਬਾਹੀ ਮਚਾਉਣ ਵਾਲੀ ਤੂਫ਼ਾਨੀ ਹਨੇਰੀ ਵਰਗਾ,ਤੂਫ਼ਾਨ ਤੇ ਹੜ੍ਹ ਦੇ ਜ਼ੋਰਦਾਰ ਪਾਣੀਆਂ ਵਰਗਾ ਹੈ,ਉਹ ਤਾਜ ਨੂੰ ਧਰਤੀ ਉੱਤੇ ਜ਼ੋਰ ਨਾਲ ਪਟਕ ਦੇਵੇਗਾ।  3  ਇਫ਼ਰਾਈਮ ਦੇ ਸ਼ਰਾਬੀਆਂ ਦੇ ਦਿਖਾਵੇ ਵਾਲੇ* ਤਾਜਪੈਰਾਂ ਥੱਲੇ ਮਿੱਧੇ ਜਾਣਗੇ।+  4  ਇਸ ਦੇ ਸ਼ਾਨਦਾਰ ਸੁਹੱਪਣ ਦਾ ਮੁਰਝਾ ਰਿਹਾ ਫੁੱਲ,ਜਿਹੜਾ ਉਪਜਾਊ ਘਾਟੀ ਦੇ ਸਿਰੇ ਉੱਤੇ ਹੈ,ਗਰਮੀਆਂ ਤੋਂ ਪਹਿਲਾਂ ਲੱਗਣ ਵਾਲੇ ਅੰਜੀਰ ਦੇ ਪਹਿਲੇ ਫਲ ਵਰਗਾ ਬਣ ਜਾਵੇਗਾ। ਜਦੋਂ ਕੋਈ ਉਸ ਨੂੰ ਦੇਖਦਾ ਹੈ, ਤਾਂ ਹੱਥ ਵਿਚ ਆਉਂਦਿਆਂ ਹੀ ਉਹ ਉਸ ਨੂੰ ਨਿਗਲ਼ ਜਾਂਦਾ ਹੈ। 5  ਉਸ ਦਿਨ ਸੈਨਾਵਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਕ ਸ਼ਾਨਦਾਰ ਤਾਜ ਅਤੇ ਫੁੱਲਾਂ ਦਾ ਇਕ ਸੋਹਣਾ ਮੁਕਟ ਬਣੇਗਾ।+ 6  ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਲਈ ਉਹ ਇਨਸਾਫ਼ ਕਰਨ ਦੀ ਹੱਲਾਸ਼ੇਰੀ ਦੇਣ ਵਾਲਾ ਬਣੇਗਾ ਅਤੇ ਦਰਵਾਜ਼ੇ ʼਤੇ ਹਮਲੇ ਦਾ ਸਾਮ੍ਹਣਾ ਕਰਨ ਵਾਲੇ ਲਈ ਉਹ ਤਾਕਤ ਦਾ ਸੋਮਾ ਬਣੇਗਾ।+  7  ਇਹ ਵੀ ਦਾਖਰਸ ਕਰਕੇ ਡਗਮਗਾਉਂਦੇ ਹਨ;ਸ਼ਰਾਬ ਪੀ ਕੇ ਲੜਖੜਾਉਂਦੇ ਹਨ। ਪੁਜਾਰੀ ਅਤੇ ਨਬੀ ਸ਼ਰਾਬ ਪੀ ਕੇ ਡਗਮਗਾਉਂਦੇ ਹਨ;ਦਾਖਰਸ ਨਾਲ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ,ਉਹ ਸ਼ਰਾਬ ਕਰਕੇ ਲੜਖੜਾਉਂਦੇ ਫਿਰਦੇ ਹਨ;ਉਨ੍ਹਾਂ ਦੇ ਦਰਸ਼ਣ ਉਨ੍ਹਾਂ ਨੂੰ ਭਟਕਾ ਦਿੰਦੇ ਹਨਅਤੇ ਉਹ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ।+  8  ਉਨ੍ਹਾਂ ਦੇ ਮੇਜ਼ ਉਲਟੀਆਂ ਨਾਲ ਭਰੇ ਪਏ ਹਨ,ਕੋਈ ਥਾਂ ਸਾਫ਼ ਨਹੀਂ।  9  ਉਹ ਕਿਸ ਨੂੰ ਗਿਆਨ ਦੇਵੇਗਾਅਤੇ ਕਿਸ ਨੂੰ ਸੰਦੇਸ਼ ਦੀ ਸਮਝ ਦੇਵੇਗਾ? ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਦੁੱਧੋਂ ਛੁਡਾਇਆ ਗਿਆ ਹੈ,ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਮਾਂ ਦੀ ਛਾਤੀ ਤੋਂ ਅਲੱਗ ਕੀਤਾ ਗਿਆ ਹੈ? 10  ਹਰ ਵੇਲੇ ਉਹ ਇਹੀ ਕਹਿੰਦਾ ਰਹਿੰਦਾ: “ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+ਥੋੜ੍ਹਾ ਇੱਧਰ, ਥੋੜ੍ਹਾ ਉੱਧਰ।” 11  ਇਸ ਲਈ ਉਹ ਥਥਲੀ ਜ਼ਬਾਨ* ਅਤੇ ਵਿਦੇਸ਼ੀ ਭਾਸ਼ਾ ਬੋਲਣ ਵਾਲਿਆਂ ਰਾਹੀਂ ਇਸ ਪਰਜਾ ਨਾਲ ਗੱਲ ਕਰੇਗਾ।+ 12  ਇਕ ਵਾਰ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਇਹ ਆਰਾਮ ਕਰਨ ਦੀ ਜਗ੍ਹਾ ਹੈ। ਥੱਕੇ ਹੋਏ ਨੂੰ ਆਰਾਮ ਕਰਨ ਦਿਓ; ਇਹ ਤਰੋ-ਤਾਜ਼ਾ ਹੋਣ ਵਾਲੀ ਥਾਂ ਹੈ,” ਪਰ ਉਨ੍ਹਾਂ ਨੇ ਇਕ ਨਾ ਸੁਣੀ।+ 13  ਇਸ ਲਈ ਯਹੋਵਾਹ ਉਨ੍ਹਾਂ ਨੂੰ ਕਹੇਗਾ: “ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+ਥੋੜ੍ਹਾ ਇੱਧਰ, ਥੋੜ੍ਹਾ ਉੱਧਰ”ਤਾਂਕਿ ਜਦੋਂ ਉਹ ਚੱਲਣ,ਉਹ ਠੇਡਾ ਖਾਣ ਤੇ ਪਿੱਛੇ ਨੂੰ ਡਿਗ ਜਾਣ,ਜ਼ਖ਼ਮੀ ਹੋ ਜਾਣ ਅਤੇ ਫਸ ਜਾਣ ਤੇ ਫੜੇ ਜਾਣ।+ 14  ਹੇ ਸ਼ੇਖ਼ੀਆਂ ਮਾਰਨ ਵਾਲਿਓ, ਹੇ ਯਰੂਸ਼ਲਮ ਵਿਚ ਇਸ ਪਰਜਾ ਦੇ ਹਾਕਮੋ,ਯਹੋਵਾਹ ਦੀ ਗੱਲ ਸੁਣੋ 15  ਕਿਉਂਕਿ ਤੁਸੀਂ ਕਹਿੰਦੇ ਹੋ: “ਅਸੀਂ ਮੌਤ ਨਾਲ ਇਕਰਾਰ ਕੀਤਾ ਹੈ+ਅਤੇ ਕਬਰ* ਨਾਲ ਅਸੀਂ ਇਕ ਸਮਝੌਤਾ ਕੀਤਾ ਹੈ।* ਜਦੋਂ ਅਚਾਨਕ ਜ਼ੋਰਦਾਰ ਹੜ੍ਹ ਆਵੇਗਾ,ਤਾਂ ਇਹ ਸਾਡੇ ਤਕ ਨਹੀਂ ਪਹੁੰਚੇਗਾਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈਅਤੇ ਆਪਣੇ ਆਪ ਨੂੰ ਛਲ-ਕਪਟ ਵਿਚ ਲੁਕਾਇਆ ਹੈ।”+ 16  ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+ ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+ 17  ਮੈਂ ਇਨਸਾਫ਼ ਨੂੰ ਨਾਪਣ ਵਾਲੀ ਰੱਸੀ+ਅਤੇ ਧਾਰਮਿਕਤਾ ਨੂੰ ਸਾਹਲ* ਬਣਾਵਾਂਗਾ।+ ਗੜੇ ਝੂਠਾਂ ਦੀ ਪਨਾਹ ਨੂੰ ਵਹਾ ਲੈ ਜਾਣਗੇਅਤੇ ਪਾਣੀ ਲੁਕਣ ਦੀ ਥਾਂ ਨੂੰ ਰੋੜ੍ਹ ਕੇ ਲੈ ਜਾਣਗੇ। 18  ਮੌਤ ਨਾਲ ਤੁਹਾਡੇ ਇਕਰਾਰ ਨੂੰ ਤੋੜਿਆ ਜਾਵੇਗਾਅਤੇ ਕਬਰ* ਨਾਲ ਤੁਹਾਡਾ ਸਮਝੌਤਾ ਨਹੀਂ ਰਹੇਗਾ।+ ਜਦ ਅਚਾਨਕ ਹੜ੍ਹ ਆਵੇਗਾ,ਤਾਂ ਤੁਸੀਂ ਤਬਾਹ ਹੋ ਜਾਓਗੇ। 19  ਜਦੋਂ ਵੀ ਇਹ ਆਏਗਾ,ਤੁਹਾਨੂੰ ਵਹਾ ਲੈ ਜਾਏਗਾ;+ਇਹ ਹਰ ਸਵੇਰ ਨੂੰ ਆਵੇਗਾ,ਇਹ ਦਿਨ-ਰਾਤ ਆਵੇਗਾ। ਜੋ ਕੁਝ ਉਨ੍ਹਾਂ ਨੇ ਸੁਣਿਆ ਸੀ, ਉਸ ਨੂੰ ਉਹ ਖ਼ੌਫ਼ ਖਾ ਕੇ ਹੀ ਸਮਝਣਗੇ।”* 20  ਲੱਤਾਂ ਪਸਾਰਨ ਲਈ ਪਲੰਘ ਛੋਟਾ ਪੈ ਗਿਆ ਹੈਅਤੇ ਉੱਤੇ ਲੈਣ ਲਈ ਚਾਦਰ ਛੋਟੀ ਪੈ ਗਈ ਹੈ। 21  ਯਹੋਵਾਹ ਉੱਠ ਖੜ੍ਹਾ ਹੋਵੇਗਾ ਜਿਵੇਂ ਉਹ ਪਰਾਸੀਮ ਪਹਾੜ ʼਤੇ ਉੱਠ ਖੜ੍ਹਾ ਹੋਇਆ ਸੀ;ਉਹ ਭੜਕ ਉੱਠੇਗਾ ਜਿਵੇਂ ਉਹ ਗਿਬਓਨ ਨੇੜੇ ਘਾਟੀ ਵਿਚ ਭੜਕਿਆ ਸੀ+ਤਾਂਕਿ ਉਹ ਆਪਣਾ ਕੰਮ ਕਰੇ, ਹਾਂ, ਆਪਣਾ ਨਿਰਾਲਾ ਕੰਮ,ਤਾਂਕਿ ਉਹ ਆਪਣਾ ਕੰਮ ਪੂਰਾ ਕਰੇ, ਹਾਂ, ਆਪਣਾ ਅਨੋਖਾ ਕੰਮ।+ 22  ਮਖੌਲ ਨਾ ਉਡਾਓ+ਤਾਂਕਿ ਤੁਹਾਡੇ ਬੰਧਨ ਹੋਰ ਨਾ ਕੱਸੇ ਜਾਣਕਿਉਂਕਿ ਮੈਂ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਤੋਂ ਸੁਣਿਆ ਹੈਕਿ ਉਸ ਨੇ ਸਾਰੇ ਦੇਸ਼ ਨੂੰ* ਨਾਸ਼ ਕਰਨ ਦੀ ਠਾਣ ਲਈ ਹੈ।+ 23  ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ;ਧਿਆਨ ਦਿਓ ਅਤੇ ਸੁਣੋ ਕਿ ਮੈਂ ਕੀ ਕਹਿੰਦਾ ਹਾਂ। 24  ਬੀ ਬੀਜਣ ਤੋਂ ਪਹਿਲਾਂ ਕੀ ਵਾਹੀ ਕਰਨ ਵਾਲਾ ਸਾਰਾ ਦਿਨ ਵਾਹੀ ਹੀ ਕਰਦਾ ਰਹਿੰਦਾ ਹੈ? ਕੀ ਉਹ ਆਪਣੀ ਜ਼ਮੀਨ ਵਿਚ ਮਿੱਟੀ ਦੇ ਢੇਲੇ ਤੋੜਨ ਅਤੇ ਸੁਹਾਗਾ ਫੇਰਨ ਵਿਚ ਹੀ ਲੱਗਾ ਰਹਿੰਦਾ ਹੈ?+ 25  ਜਦ ਉਹ ਉਸ ਨੂੰ ਪੱਧਰੀ ਕਰ ਲੈਂਦਾ ਹੈ,ਤਾਂ ਕੀ ਉਹ ਕਲੌਂਜੀ ਨਹੀਂ ਖਿਲਾਰਦਾ ਅਤੇ ਜੀਰਾ ਨਹੀਂ ਬੀਜਦਾ? ਕੀ ਉਹ ਕਣਕ, ਬਾਜਰਾ ਅਤੇ ਜੌਆਂ ਨੂੰ ਇਨ੍ਹਾਂ ਦੀ ਥਾਂ ʼਤੇ ਨਹੀਂ ਬੀਜਦਾਅਤੇ ਬੰਨਿਆਂ ʼਤੇ ਘਟੀਆ ਕਿਸਮ ਦੀ ਕਣਕ+ ਨਹੀਂ ਬੀਜਦਾ? 26  ਪਰਮੇਸ਼ੁਰ ਉਸ ਨੂੰ ਸਹੀ ਤਰੀਕੇ ਨਾਲ ਸਿਖਾਉਂਦਾ ਹੈ;*ਉਸ ਦਾ ਪਰਮੇਸ਼ੁਰ ਉਸ ਨੂੰ ਹਿਦਾਇਤਾਂ ਦਿੰਦਾ ਹੈ।+ 27  ਕਲੌਂਜੀ ਨੂੰ ਫਲ੍ਹੇ*+ ਨਾਲ ਨਹੀਂ ਦਰੜਿਆ ਜਾਂਦਾਅਤੇ ਜੀਰੇ ਉੱਤੇ ਗੱਡੇ ਦਾ ਪਹੀਆ ਨਹੀਂ ਚਲਾਇਆ ਜਾਂਦਾ। ਇਸ ਦੀ ਬਜਾਇ, ਕਲੌਂਜੀ ਨੂੰ ਡੰਡੇ ਨਾਲਅਤੇ ਜੀਰੇ ਨੂੰ ਲਾਠੀ ਨਾਲ ਕੁੱਟਿਆ ਜਾਂਦਾ ਹੈ। 28  ਕੀ ਗਾਹੁਣ ਵੇਲੇ ਕੋਈ ਰੋਟੀ ਲਈ ਅਨਾਜ ਨੂੰ ਪੀਂਹਦਾ ਹੈ? ਨਹੀਂ, ਉਹ ਇਸ ਨੂੰ ਲਗਾਤਾਰ ਗਾਹੁੰਦਾ ਨਹੀਂ ਰਹਿੰਦਾ;+ਜਦੋਂ ਉਹ ਆਪਣੇ ਘੋੜਿਆਂ ਨਾਲ ਆਪਣੇ ਗੱਡੇ ਦਾ ਪਹੀਆ ਇਸ ਉੱਤੇ ਚਲਾਉਂਦਾ ਹੈ,ਤਾਂ ਉਹ ਇਸ ਨੂੰ ਪੀਹ ਨਹੀਂ ਦਿੰਦਾ।+ 29  ਇਹ ਗੱਲਾਂ ਵੀ ਸੈਨਾਵਾਂ ਦੇ ਯਹੋਵਾਹ ਵੱਲੋਂ ਆਉਂਦੀਆਂ ਹਨਜਿਸ ਦਾ ਮਕਸਦ* ਸ਼ਾਨਦਾਰ ਹੈਅਤੇ ਜਿਸ ਦੀਆਂ ਪ੍ਰਾਪਤੀਆਂ ਵੱਡੀਆਂ-ਵੱਡੀਆਂ ਹਨ।*+

ਫੁਟਨੋਟ

ਲੱਗਦਾ ਹੈ ਕਿ ਇੱਥੇ ਰਾਜਧਾਨੀ ਸਾਮਰਿਯਾ ਦੀ ਗੱਲ ਕੀਤੀ ਗਈ ਹੈ।
ਜਾਂ, “ਘਮੰਡੀ।”
ਜਾਂ, “ਘਮੰਡੀ।”
ਜਾਂ, “ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ, ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ।”
ਇਬ, “ਬੁੱਲ੍ਹ।”
ਜਾਂ, “ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ, ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਦੇ ਨਾਲ ਦਰਸ਼ਣ ਦੇਖਿਆ ਹੈ।”
ਰਾਜ-ਮਿਸਤਰੀਆਂ ਦਾ ਇਕ ਸੰਦ ਜਿਸ ਨਾਲ ਦੇਖਿਆ ਜਾਂਦਾ ਹੈ ਕਿ ਕੰਧ ਸਿੱਧੀ ਹੈ ਜਾਂ ਨਹੀਂ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਜਦ ਉਹ ਸਮਝਣਗੇ, ਤਾਂ ਉਨ੍ਹਾਂ ʼਤੇ ਖ਼ੌਫ਼ ਛਾ ਜਾਵੇਗਾ।”
ਜਾਂ, “ਸਾਰੀ ਧਰਤੀ ਨੂੰ।”
ਜਾਂ, “ਅਨੁਸ਼ਾਸਨ ਦਿੰਦਾ ਹੈ; ਸਜ਼ਾ ਦਿੰਦਾ ਹੈ।”
ਗਾਹੁਣ ਵਾਲਾ ਫੱਟਾ।
ਜਾਂ, “ਯੋਜਨਾ।”
ਜਾਂ, “ਅਤੇ ਜਿਸ ਦੀ ਬੁੱਧ ਮਹਾਨ ਹੈ।”