ਯਸਾਯਾਹ 13:1-22
13 ਆਮੋਜ਼ ਦੇ ਪੁੱਤਰ ਯਸਾਯਾਹ+ ਨੇ ਦਰਸ਼ਣ ਦੇਖਿਆ ਜਿਸ ਵਿਚ ਬਾਬਲ ਦੇ ਖ਼ਿਲਾਫ਼ ਗੰਭੀਰ ਸੰਦੇਸ਼ ਸੁਣਾਇਆ ਗਿਆ:+
2 “ਨੰਗੀਆਂ ਚਟਾਨਾਂ ਵਾਲੇ ਪਹਾੜ ʼਤੇ ਝੰਡਾ ਖੜ੍ਹਾ ਕਰੋ।+
ਉਨ੍ਹਾਂ ਨੂੰ ਪੁਕਾਰੋ ਅਤੇ ਆਪਣਾ ਹੱਥ ਹਿਲਾਓਤਾਂਕਿ ਉਹ ਮੰਨੇ-ਪ੍ਰਮੰਨੇ ਲੋਕਾਂ ਦੇ ਦਰਵਾਜ਼ਿਆਂ ਅੰਦਰ ਆਉਣ।
3 ਮੈਂ ਆਪਣੇ ਠਹਿਰਾਏ ਹੋਇਆਂ ਨੂੰ* ਹੁਕਮ ਜਾਰੀ ਕੀਤਾ ਹੈ।+
ਮੈਂ ਆਪਣੇ ਯੋਧਿਆਂ ਨੂੰ ਬੁਲਾਇਆ ਹੈ ਤਾਂਕਿ ਉਨ੍ਹਾਂ ਰਾਹੀਂ ਆਪਣਾ ਗੁੱਸਾ ਕੱਢਾਂ,ਹਾਂ, ਆਪਣੇ ਘਮੰਡ ਕਰਨ ਵਾਲਿਆਂ ਨੂੰ ਜੋ ਬਹੁਤ ਖ਼ੁਸ਼ ਹਨ।
4 ਸੁਣੋ! ਪਹਾੜਾਂ ʼਤੇ ਭੀੜ ਦੀ ਆਵਾਜ਼;ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹਨ!
ਸੁਣੋ! ਰਾਜਾਂ ਦਾ ਸ਼ੋਰ,ਹਾਂ, ਕੌਮਾਂ ਦਾ ਸ਼ੋਰ ਜੋ ਇਕੱਠੀਆਂ ਹੋਈਆਂ ਹਨ!+
ਸੈਨਾਵਾਂ ਦਾ ਯਹੋਵਾਹ ਯੁੱਧ ਲਈ ਫ਼ੌਜ ਇਕੱਠੀ ਕਰ ਰਿਹਾ ਹੈ।+
5 ਉਹ ਦੂਰ ਦੇਸ਼ ਤੋਂ,+ਹਾਂ, ਆਕਾਸ਼ਾਂ ਦੇ ਸਿਰਿਆਂ ਤੋਂ ਆ ਰਹੇ ਹਨ,ਯਹੋਵਾਹ ਅਤੇ ਉਸ ਦੇ ਕ੍ਰੋਧ ਦੇ ਹਥਿਆਰਸਾਰੀ ਧਰਤੀ ਨੂੰ ਤਬਾਹ ਕਰਨ ਆ ਰਹੇ ਹਨ।+
6 ਧਾਹਾਂ ਮਾਰੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ!
ਉਹ ਦਿਨ ਸਰਬਸ਼ਕਤੀਮਾਨ ਵੱਲੋਂ ਵਿਨਾਸ਼ ਦਾ ਦਿਨ ਹੋਵੇਗਾ।+
7 ਇਸ ਕਰਕੇ ਸਾਰੇ ਹੱਥ ਢਿੱਲੇ ਪੈ ਜਾਣਗੇਅਤੇ ਹਰ ਇਨਸਾਨ ਦਾ ਦਿਲ ਡਰ ਦੇ ਮਾਰੇ ਪਿਘਲ ਜਾਵੇਗਾ।+
8 ਲੋਕ ਘਬਰਾ ਜਾਣਗੇ।+
ਉਨ੍ਹਾਂ ਦੇ ਇਵੇਂ ਮਰੋੜ ਉੱਠਣਗੇ ਅਤੇ ਦਰਦ ਹੋਵੇਗਾ,ਜਿਵੇਂ ਇਕ ਗਰਭਵਤੀ ਔਰਤ ਨੂੰ ਜਣਨ-ਪੀੜਾਂ ਲੱਗਦੀਆਂ ਹਨ।
ਉਹ ਖ਼ੌਫ਼ ਦੇ ਮਾਰੇ ਇਕ-ਦੂਜੇ ਵੱਲ ਦੇਖਣਗੇ,ਕਸ਼ਟ ਕਰਕੇ ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।
9 ਦੇਖੋ! ਯਹੋਵਾਹ ਦਾ ਦਿਨ ਆ ਰਿਹਾ ਹੈ,ਹਾਂ, ਕ੍ਰੋਧ ਅਤੇ ਗੁੱਸੇ ਦੀ ਅੱਗ ਵਾਲਾ ਨਿਰਦਈ ਦਿਨਜੋ ਦੇਸ਼ ਦਾ ਉਹ ਹਸ਼ਰ ਕਰੇਗਾ ਕਿ ਦੇਖਣ ਵਾਲੇ ਖ਼ੌਫ਼ ਖਾਣਗੇ+ਅਤੇ ਉਹ ਦੇਸ਼ ਵਿੱਚੋਂ ਪਾਪੀਆਂ ਨੂੰ ਮਿਟਾ ਦੇਵੇਗਾ।
10 ਆਕਾਸ਼ ਦੇ ਤਾਰੇ ਅਤੇ ਉਨ੍ਹਾਂ ਦੇ ਤਾਰਾ-ਮੰਡਲ*+ਆਪਣੀ ਰੌਸ਼ਨੀ ਨਹੀਂ ਦੇਣਗੇ;ਚੜ੍ਹਦਿਆਂ ਸਾਰ ਸੂਰਜ ਹਨੇਰਾ ਹੋ ਜਾਵੇਗਾਅਤੇ ਚੰਦ ਆਪਣੀ ਚਾਨਣੀ ਨਹੀਂ ਬਿਖੇਰੇਗਾ।
11 ਮੈਂ ਵੱਸੀ ਹੋਈ ਧਰਤੀ ਨੂੰ ਉਸ ਦੇ ਬੁਰੇ ਕੰਮਾਂ ਦਾ+ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਦੇਣ ਲਈ ਬੁਲਾਵਾਂਗਾ।
ਮੈਂ ਗੁਸਤਾਖ਼ ਦਾ ਘਮੰਡ ਤੋੜਾਂਗਾਅਤੇ ਮੈਂ ਅਤਿਆਚਾਰੀਆਂ ਦਾ ਹੰਕਾਰ ਤੋੜ ਸੁੱਟਾਂਗਾ।+
12 ਮੈਂ ਨਾਸ਼ਵਾਨ ਆਦਮੀ ਨੂੰ ਖਰੇ ਸੋਨੇ ਨਾਲੋਂ+ਅਤੇ ਇਨਸਾਨਾਂ ਨੂੰ ਓਫੀਰ ਦੇ ਸੋਨੇ ਨਾਲੋਂ ਵੀ ਦੁਰਲੱਭ ਬਣਾ ਦਿਆਂਗਾ।+
13 ਇਸੇ ਕਰਕੇ ਮੈਂ ਆਕਾਸ਼ਾਂ ਨੂੰ ਕੰਬਾ ਦਿਆਂਗਾਅਤੇ ਸੈਨਾਵਾਂ ਦੇ ਯਹੋਵਾਹ ਦੇ ਗੁੱਸੇ ਦੀ ਅੱਗ ਦੇ ਦਿਨ ਉਸ ਦੇ ਕ੍ਰੋਧ ਦੇ ਕਹਿਰ ਨਾਲਧਰਤੀ ਆਪਣੀ ਜਗ੍ਹਾ ਤੋਂ ਹਿਲਾਈ ਜਾਵੇਗੀ।+
14 ਜਿਵੇਂ ਚਿਕਾਰਾ ਸ਼ਿਕਾਰੀ ਤੋਂ ਭੱਜਦਾ ਹੈ ਅਤੇ ਇੱਜੜ ਬਿਨਾਂ ਚਰਵਾਹੇ ਦੇ ਖਿੰਡ-ਪੁੰਡ ਜਾਂਦਾ ਹੈ,ਉਸੇ ਤਰ੍ਹਾਂ ਹਰ ਕੋਈ ਆਪਣੇ ਲੋਕਾਂ ਕੋਲ ਮੁੜ ਜਾਵੇਗਾ;ਹਰ ਕੋਈ ਆਪਣੇ ਦੇਸ਼ ਨੂੰ ਭੱਜ ਜਾਵੇਗਾ।+
15 ਜਿਹੜਾ ਵੀ ਮਿਲਿਆ, ਉਸ ਨੂੰ ਵਿੰਨ੍ਹ ਦਿੱਤਾ ਜਾਵੇਗਾਅਤੇ ਜੋ ਵੀ ਫੜਿਆ ਜਾਵੇਗਾ, ਉਹ ਤਲਵਾਰ ਨਾਲ ਡਿਗੇਗਾ।+
16 ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਉਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ,+ਉਨ੍ਹਾਂ ਦੇ ਘਰਾਂ ਨੂੰ ਲੁੱਟ ਲਿਆ ਜਾਵੇਗਾਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਕੀਤਾ ਜਾਵੇਗਾ।
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ।
18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
20 ਉਹ ਦੁਬਾਰਾ ਕਦੇ ਨਹੀਂ ਵਸਾਇਆ ਜਾਵੇਗਾ,ਨਾ ਪੀੜ੍ਹੀਓ-ਪੀੜ੍ਹੀ ਉਸ ਵਿਚ ਕੋਈ ਆ ਕੇ ਰਹੇਗਾ।+
ਕੋਈ ਵੀ ਅਰਬੀ ਉੱਥੇ ਆਪਣਾ ਤੰਬੂ ਨਹੀਂ ਲਾਵੇਗਾਅਤੇ ਨਾ ਚਰਵਾਹੇ ਆਪਣੇ ਇੱਜੜਾਂ ਨੂੰ ਉੱਥੇ ਬਿਠਾਉਣਗੇ।
21 ਰੇਗਿਸਤਾਨ ਦੇ ਜਾਨਵਰ ਉੱਥੇ ਲੇਟਣਗੇ;ਉਨ੍ਹਾਂ ਦੇ ਘਰ ਉੱਲੂਆਂ* ਨਾਲ ਭਰ ਜਾਣਗੇ।
ਸ਼ੁਤਰਮੁਰਗ ਉੱਥੇ ਵੱਸਣਗੇ+ਅਤੇ ਜੰਗਲੀ ਬੱਕਰੇ* ਉੱਥੇ ਟੱਪਦੇ ਫਿਰਨਗੇ।
22 ਉਸ ਦੇ ਬੁਰਜਾਂ ਵਿਚ ਵਿਲਕਣ ਵਾਲੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣਗੀਆਂਅਤੇ ਉਸ ਦੇ ਆਲੀਸ਼ਾਨ ਮਹਿਲਾਂ ਵਿਚ ਗਿੱਦੜਾਂ ਦੀਆਂ।
ਉਸ ਦਾ ਸਮਾਂ ਨੇੜੇ ਹੀ ਹੈ ਤੇ ਉਸ ਦੇ ਦਿਨ ਬਹੁਤੇ ਨਹੀਂ ਹੋਣਗੇ।”+
ਫੁਟਨੋਟ
^ ਇਬ, “ਆਪਣੇ ਅਲੱਗ ਕੀਤੇ ਹੋਇਆਂ ਨੂੰ।”
^ ਇਬ, “ਉਨ੍ਹਾਂ ਦੇ ਕੇਸਿਲ,” ਇੱਥੇ ਸ਼ਾਇਦ ਮ੍ਰਿਗ-ਨਛੱਤਰ ਅਤੇ ਆਲੇ-ਦੁਆਲੇ ਦੇ ਤਾਰਾ-ਮੰਡਲਾਂ ਦੀ ਗੱਲ ਕੀਤੀ ਗਈ ਹੈ।
^ ਜਾਂ, “ਅਮੂਰਾਹ।”
^ ਜਾਂ, “ਦੀ ਸਜਾਵਟ ਹੈ।”
^ ਇਬ, “ਘੁੱਗੂਆਂ।”
^ ਜਾਂ ਸੰਭਵ ਹੈ, “ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤ।”