ਬਿਵਸਥਾ ਸਾਰ 15:1-23
15 “ਹਰ ਸੱਤਵੇਂ ਸਾਲ ਦੇ ਅਖ਼ੀਰ ਵਿਚ ਤੁਸੀਂ ਛੁਟਕਾਰੇ ਦਾ ਐਲਾਨ ਕਰਿਓ।+
2 ਛੁਟਕਾਰੇ ਵਿਚ ਇਹ ਸਭ ਕੁਝ ਸ਼ਾਮਲ ਹੈ: ਜੇ ਕਿਸੇ ਨੇ ਆਪਣੇ ਗੁਆਂਢੀ ਨੂੰ ਕਰਜ਼ਾ ਦਿੱਤਾ ਹੈ, ਤਾਂ ਉਹ ਆਪਣੇ ਗੁਆਂਢੀ ਦਾ ਕਰਜ਼ਾ ਮਾਫ਼ ਕਰ ਦੇਵੇ। ਉਹ ਆਪਣੇ ਗੁਆਂਢੀ ਜਾਂ ਆਪਣੇ ਭਰਾ ਤੋਂ ਕਰਜ਼ਾ ਵਾਪਸ ਨਾ ਮੰਗੇ ਕਿਉਂਕਿ ਯਹੋਵਾਹ ਦੇ ਸਨਮਾਨ ਵਿਚ ਛੁਟਕਾਰੇ ਦਾ ਐਲਾਨ ਕੀਤਾ ਗਿਆ ਹੈ।+
3 ਤੁਸੀਂ ਪਰਦੇਸੀ ਤੋਂ ਕਰਜ਼ਾ ਵਾਪਸ ਮੰਗ ਸਕਦੇ ਹੋ,+ ਪਰ ਆਪਣੇ ਭਰਾ ਦਾ ਕਰਜ਼ਾ ਮਾਫ਼ ਕਰ ਦਿਓ।
4 ਪਰ ਤੁਹਾਡੇ ਵਿੱਚੋਂ ਕਿਸੇ ʼਤੇ ਵੀ ਗ਼ਰੀਬੀ ਨਹੀਂ ਆਉਣੀ ਚਾਹੀਦੀ ਕਿਉਂਕਿ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਜ਼ਰੂਰ ਬਰਕਤਾਂ ਦੇਵੇਗਾ+ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇ ਰਿਹਾ ਹੈ,
5 ਬਸ਼ਰਤੇ ਕਿ ਤੁਸੀਂ ਧਿਆਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ ਅਤੇ ਧਿਆਨ ਨਾਲ ਉਸ ਦੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ।+
6 ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਰਕਤਾਂ ਦੇਵੇਗਾ, ਇਸ ਲਈ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ* ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਅਧਿਕਾਰ ਚਲਾਓਗੇ, ਪਰ ਉਹ ਤੁਹਾਡੇ ਉੱਤੇ ਅਧਿਕਾਰ ਨਹੀਂ ਚਲਾਉਣਗੇ।+
7 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਨੂੰ ਦੇਣ ਜਾ ਰਿਹਾ ਹੈ, ਜੇ ਉੱਥੇ ਕਿਸੇ ਸ਼ਹਿਰ ਵਿਚ ਤੁਹਾਡਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ, ਤਾਂ ਆਪਣੇ ਗ਼ਰੀਬ ਭਰਾ ਪ੍ਰਤੀ ਆਪਣਾ ਦਿਲ ਕਠੋਰ ਨਾ ਕਰਿਓ ਜਾਂ ਉਸ ਦੀ ਮਦਦ ਕਰਨ ਤੋਂ ਇਨਕਾਰ ਨਾ ਕਰਿਓ।+
8 ਤੁਸੀਂ ਉਸ ਨੂੰ ਖੁੱਲ੍ਹੇ ਹੱਥੀਂ ਉਧਾਰ ਦਿਓ।+ ਉਸ ਦੀ ਲੋੜ ਅਨੁਸਾਰ ਉਸ ਨੂੰ ਜ਼ਰੂਰ ਉਧਾਰ* ਦਿਓ।
9 ਖ਼ਬਰਦਾਰ ਰਹਿਓ ਕਿ ਤੁਸੀਂ ਆਪਣੇ ਮਨ ਵਿਚ ਇਹ ਬੁਰਾ ਖ਼ਿਆਲ ਨਾ ਪਲ਼ਣ ਦਿਓ, ‘ਸੱਤਵਾਂ ਸਾਲ ਆਉਣ ਵਾਲਾ ਹੈ ਜੋ ਕਿ ਛੁਟਕਾਰੇ ਦਾ ਸਾਲ ਹੈ’+ ਜਿਸ ਕਰਕੇ ਤੁਸੀਂ ਖੁੱਲ੍ਹੇ ਦਿਲ ਨਾਲ ਆਪਣੇ ਗ਼ਰੀਬ ਭਰਾ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਓ ਅਤੇ ਉਸ ਨੂੰ ਕੁਝ ਨਾ ਦਿਓ। ਜੇ ਉਹ ਤੁਹਾਡੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦਿੰਦਾ ਹੈ, ਤਾਂ ਤੁਸੀਂ ਪਾਪ ਦੇ ਦੋਸ਼ੀ ਠਹਿਰੋਗੇ।+
10 ਤੁਹਾਨੂੰ ਉਸ ਨੂੰ ਖੁੱਲ੍ਹੇ ਦਿਲ ਨਾਲ ਕਰਜ਼ਾ ਦੇਣਾ ਚਾਹੀਦਾ ਹੈ,+ ਨਾ ਕਿ ਬੇਦਿਲੀ ਨਾਲ ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+
11 ਤੁਹਾਡੇ ਦੇਸ਼ ਵਿਚ ਹਮੇਸ਼ਾ ਗ਼ਰੀਬ ਲੋਕ ਹੋਣਗੇ,+ ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ‘ਤੁਸੀਂ ਆਪਣੇ ਦੇਸ਼ ਵਿਚ ਆਪਣੇ ਦੁਖੀ ਅਤੇ ਗ਼ਰੀਬ ਭਰਾ ਦੀ ਦਿਲ ਖੋਲ੍ਹ ਕੇ ਮਦਦ ਕਰਿਓ।’+
12 “ਜੇ ਤੁਹਾਡੇ ਕਿਸੇ ਇਬਰਾਨੀ ਭਰਾ ਜਾਂ ਭੈਣ ਨੂੰ ਤੁਹਾਡੇ ਕੋਲ ਵੇਚਿਆ ਜਾਂਦਾ ਹੈ ਅਤੇ ਉਸ ਨੇ ਛੇ ਸਾਲ ਤੁਹਾਡੀ ਸੇਵਾ ਕੀਤੀ ਹੈ, ਤਾਂ ਸੱਤਵੇਂ ਸਾਲ ਤੁਸੀਂ ਉਸ ਨੂੰ ਆਜ਼ਾਦ ਕਰ ਦਿਓ।+
13 ਜੇ ਤੁਸੀਂ ਉਸ ਨੂੰ ਆਜ਼ਾਦ ਕਰਦੇ ਹੋ, ਤਾਂ ਤੁਸੀਂ ਉਸ ਨੂੰ ਖਾਲੀ ਹੱਥ ਨਾ ਘੱਲੋ।
14 ਤੁਸੀਂ ਉਸ ਨੂੰ ਆਪਣੀਆਂ ਭੇਡਾਂ-ਬੱਕਰੀਆਂ, ਅਨਾਜ, ਤੇਲ ਦੇ ਕੋਹਲੂ ਤੇ ਦਾਖਰਸ ਦੇ ਚੁਬੱਚੇ ਵਿੱਚੋਂ ਦਿਲ ਖੋਲ੍ਹ ਕੇ ਦਿਓ। ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ, ਤੁਸੀਂ ਵੀ ਉਸ ਨੂੰ ਦਿਲ ਖੋਲ੍ਹ ਕੇ ਦਿਓ।
15 ਯਾਦ ਰੱਖੋ ਕਿ ਤੁਸੀਂ ਵੀ ਮਿਸਰ ਵਿਚ ਗ਼ੁਲਾਮ ਸੀ ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਛੁਡਾ ਲਿਆਇਆ ਸੀ। ਇਸੇ ਕਰਕੇ ਮੈਂ ਤੁਹਾਨੂੰ ਅੱਜ ਇਸ ਤਰ੍ਹਾਂ ਕਰਨ ਦਾ ਹੁਕਮ ਦੇ ਰਿਹਾ ਹਾਂ।
16 “ਪਰ ਜੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ!’ ਕਿਉਂਕਿ ਉਹ ਤੁਹਾਡੇ ਨਾਲ ਤੇ ਤੁਹਾਡੇ ਘਰਾਣੇ ਨਾਲ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਕੋਲ ਰਹਿ ਕੇ ਖ਼ੁਸ਼ ਹੈ,+
17 ਤਾਂ ਤੁਸੀਂ ਉਸ ਦਾ ਕੰਨ ਦਰਵਾਜ਼ੇ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦਿਓ ਅਤੇ ਉਹ ਸਾਰੀ ਜ਼ਿੰਦਗੀ ਲਈ ਤੁਹਾਡਾ ਗ਼ੁਲਾਮ ਬਣ ਜਾਵੇਗਾ। ਤੁਸੀਂ ਆਪਣੀ ਦਾਸੀ ਨਾਲ ਵੀ ਇਸੇ ਤਰ੍ਹਾਂ ਕਰਿਓ।
18 ਜਦੋਂ ਤੁਸੀਂ ਉਸ ਨੂੰ ਆਜ਼ਾਦ ਕਰੋ ਅਤੇ ਉਹ ਤੁਹਾਨੂੰ ਛੱਡ ਕੇ ਚਲਾ ਜਾਵੇ, ਤਾਂ ਇਹ ਨਾ ਸੋਚਿਓ ਕਿ ਤੁਹਾਨੂੰ ਇਸ ਨਾਲ ਔਖਿਆਈ ਹੋਵੇਗੀ। ਉਸ ਨੇ ਛੇ ਸਾਲਾਂ ਦੌਰਾਨ ਜਿੰਨਾ ਕੰਮ ਕੀਤਾ, ਉਸ ਤੋਂ ਤੁਹਾਨੂੰ ਕਿਸੇ ਮਜ਼ਦੂਰ ਦੇ ਕੰਮ ਨਾਲੋਂ ਦੁਗਣਾ ਫ਼ਾਇਦਾ ਹੋਇਆ ਹੈ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਹਰ ਕੰਮ ʼਤੇ ਬਰਕਤ ਪਾਈ ਹੈ।
19 “ਤੁਸੀਂ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦਾ ਹਰ ਜੇਠਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਅਰਪਿਤ ਕਰਿਓ।+ ਤੁਸੀਂ ਗਾਂਵਾਂ-ਬਲਦਾਂ ਦੇ ਜੇਠਿਆਂ ਤੋਂ ਕੋਈ ਕੰਮ ਨਾ ਕਰਾਇਓ ਅਤੇ ਭੇਡਾਂ ਦੇ ਜੇਠਿਆਂ ਦੀ ਉੱਨ ਨਾ ਕਤਰਿਓ।
20 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਉੱਥੇ ਜਾ ਕੇ ਤੁਸੀਂ ਅਤੇ ਤੁਹਾਡਾ ਘਰਾਣਾ ਹਰ ਸਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਨ੍ਹਾਂ ਦਾ ਮਾਸ ਖਾਵੇ।+
21 ਪਰ ਜੇ ਉਹ ਜਾਨਵਰ ਲੰਗੜਾ ਜਾਂ ਅੰਨ੍ਹਾ ਹੈ ਜਾਂ ਉਸ ਵਿਚ ਕੋਈ ਹੋਰ ਵੱਡਾ ਨੁਕਸ ਹੈ, ਤਾਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਸ ਦੀ ਬਲ਼ੀ ਨਾ ਚੜ੍ਹਾਇਓ।+
22 ਤੁਸੀਂ ਉਸ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਇਨਸਾਨ ਉਸ ਨੂੰ ਖਾ ਸਕਦੇ ਹਨ, ਜਿਵੇਂ ਤੁਸੀਂ ਚਿਕਾਰਾ ਜਾਂ ਹਿਰਨ ਖਾਂਦੇ ਹੋ।+
23 ਪਰ ਤੁਸੀਂ ਉਸ ਦਾ ਖ਼ੂਨ ਨਾ ਖਾਇਓ,+ ਸਗੋਂ ਉਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+