ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 2:1-29

  • ਇਨ੍ਹਾਂ ਮੰਡਲੀਆਂ ਨੂੰ ਸੰਦੇਸ਼: ਅਫ਼ਸੁਸ (1-7), ਸਮੁਰਨੇ (8-11), ਪਰਗਮੁਮ (12-17), ਥੂਆਤੀਰਾ (18-29)

2  “ਅਫ਼ਸੁਸ+ ਦੀ ਮੰਡਲੀ ਦੇ ਦੂਤ+ ਨੂੰ ਲਿਖ: ਜਿਸ ਨੇ ਆਪਣੇ ਸੱਜੇ ਹੱਥ ਵਿਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਤੁਰਦਾ ਹੈ, ਉਹ ਕਹਿੰਦਾ ਹੈ:+ 2  ‘ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਤੂੰ ਬੁਰੇ ਆਦਮੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਇਹ ਵੀ ਪਤਾ ਹੈ ਕਿ ਜਿਹੜੇ ਆਦਮੀ ਆਪਣੇ ਆਪ ਨੂੰ ਰਸੂਲ ਕਹਿੰਦੇ ਹਨ,+ ਪਰ ਅਸਲ ਵਿਚ ਉਹ ਨਹੀਂ ਹਨ, ਤੂੰ ਉਨ੍ਹਾਂ ਨੂੰ ਪਰਖ ਕੇ ਝੂਠਾ ਸਾਬਤ ਕੀਤਾ ਹੈ।  3  ਤੂੰ ਧੀਰਜ ਵੀ ਰੱਖਦਾ ਹੈਂ ਅਤੇ ਤੂੰ ਮੇਰੇ ਨਾਂ ਦੀ ਖ਼ਾਤਰ ਬਹੁਤ ਮੁਸੀਬਤਾਂ ਝੱਲੀਆਂ ਹਨ,+ ਪਰ ਤੂੰ ਹਾਰ ਨਹੀਂ ਮੰਨੀ।+ 4  ਫਿਰ ਵੀ, ਮੈਨੂੰ ਤੇਰੇ ਨਾਲ ਇਕ ਗਿਲਾ ਹੈ ਕਿ ਤੂੰ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ। 5  “‘ਇਸ ਲਈ ਯਾਦ ਰੱਖ ਕਿ ਤੂੰ ਕਿੱਥੋਂ ਡਿਗਿਆ ਹੈਂ ਅਤੇ ਤੋਬਾ ਕਰ+ ਕੇ ਪਹਿਲਾਂ ਵਰਗੇ ਕੰਮ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ,+ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿਆਂਗਾ।+ 6  ਫਿਰ ਵੀ, ਤੇਰੇ ਵਿਚ ਇਹ ਚੰਗੀ ਗੱਲ ਹੈ: ਮੇਰੇ ਵਾਂਗ ਤੂੰ ਵੀ ਨਿਕਲਾਉਸ ਦੇ ਪੰਥ ਦੇ ਕੰਮਾਂ+ ਨਾਲ ਨਫ਼ਰਤ ਕਰਦਾ ਹੈਂ।  7  ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ:+ ਜਿਹੜਾ ਜਿੱਤਦਾ ਹੈ,+ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਲਈ ਦਿਆਂਗਾ+ ਜੋ ਪਰਮੇਸ਼ੁਰ ਦੇ ਬਾਗ਼* ਵਿਚ ਲੱਗਾ ਹੋਇਆ ਹੈ।’ 8  “ਸਮੁਰਨੇ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਹੜਾ ‘ਪਹਿਲਾ ਅਤੇ ਆਖ਼ਰੀ’ ਹੈ+ ਅਤੇ ਜਿਹੜਾ ਮਰ ਕੇ ਦੁਬਾਰਾ ਜੀਉਂਦਾ ਹੋ ਗਿਆ ਹੈ,+ ਉਹ ਕਹਿੰਦਾ ਹੈ,  9  ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ।+ ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਹਨ।+ 10  ਤੂੰ ਜਿਹੜੇ ਕਸ਼ਟ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ਘਬਰਾਈਂ ਨਾ।+ ਦੇਖ! ਸ਼ੈਤਾਨ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਜੇਲ੍ਹਾਂ ਵਿਚ ਸੁੱਟਦਾ ਰਹੇਗਾ ਤਾਂਕਿ ਤੁਹਾਡੀ ਪੂਰੀ ਤਰ੍ਹਾਂ ਪਰੀਖਿਆ ਲਈ ਜਾਵੇ ਅਤੇ ਤੁਹਾਨੂੰ ਦਸ ਦਿਨਾਂ ਤਕ ਕਸ਼ਟ ਸਹਿਣਾ ਪਵੇਗਾ। ਪਰ ਤੂੰ ਮੌਤ ਤਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ* ਦਿਆਂਗਾ।+ 11  ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ+ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ: ਜਿਹੜਾ ਜਿੱਤਦਾ ਹੈ,+ ਉਹ ਦੂਸਰੀ ਮੌਤ* ਨਹੀਂ ਮਰੇਗਾ।’+ 12  “ਪਰਗਮੁਮ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਕੋਲ ਤਿੱਖੀ, ਲੰਬੀ ਅਤੇ ਦੋ-ਧਾਰੀ ਤਲਵਾਰ ਹੈ,+ ਉਹ ਇਹ ਕਹਿੰਦਾ ਹੈ:  13  ‘ਮੈਂ ਜਾਣਦਾ ਹਾਂ ਕਿ ਜਿੱਥੇ ਤੂੰ ਰਹਿੰਦਾ ਹੈਂ, ਉੱਥੇ ਸ਼ੈਤਾਨ ਦਾ ਸਿੰਘਾਸਣ ਹੈ, ਫਿਰ ਵੀ ਤੂੰ ਮੇਰੇ ਨਾਂ ਨੂੰ ਘੁੱਟ ਕੇ ਫੜੀ ਰੱਖਿਆ ਹੈ।+ ਮੇਰੇ ਵਫ਼ਾਦਾਰ ਗਵਾਹ ਅੰਤਿਪਾਸ ਦੇ ਦਿਨਾਂ ਵਿਚ+ ਵੀ ਤੂੰ ਮੇਰੇ ਉੱਤੇ ਨਿਹਚਾ ਕਰਨੀ ਨਹੀਂ ਛੱਡੀ।+ ਅੰਤਿਪਾਸ ਨੂੰ ਤੁਹਾਡੇ ਸ਼ਹਿਰ ਵਿਚ ਜਾਨੋਂ ਮਾਰਿਆ ਗਿਆ ਸੀ+ ਜਿੱਥੇ ਸ਼ੈਤਾਨ ਨੇ ਡੇਰਾ ਲਾਇਆ ਹੋਇਆ ਹੈ। 14  “‘ਫਿਰ ਵੀ, ਮੈਨੂੰ ਤੇਰੇ ਨਾਲ ਇਨ੍ਹਾਂ ਗੱਲਾਂ ਕਰਕੇ ਗਿਲਾ ਹੈ ਕਿ ਤੇਰੇ ਵਿਚ ਅਜਿਹੇ ਲੋਕ ਹਨ ਜਿਹੜੇ ਬਿਲਾਮ ਦੀ ਸਿੱਖਿਆ ਉੱਤੇ ਚੱਲਦੇ ਹਨ।+ ਬਿਲਾਮ ਨੇ ਬਾਲਾਕ ਨੂੰ ਸਲਾਹ ਦਿੱਤੀ ਸੀ+ ਕਿ ਉਹ ਇਜ਼ਰਾਈਲੀਆਂ ਨੂੰ ਭਰਮਾਏ* ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਅਤੇ ਹਰਾਮਕਾਰੀ* ਕਰਨ।+ 15  ਨਾਲੇ ਤੇਰੇ ਵਿਚ ਉਹ ਲੋਕ ਵੀ ਹਨ ਜਿਹੜੇ ਨਿਕਲਾਉਸ ਦੇ ਪੰਥ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।+ 16  ਇਸ ਲਈ, ਤੋਬਾ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ, ਤਾਂ ਮੈਂ ਜਲਦੀ ਤੇਰੇ ਕੋਲ ਆ ਰਿਹਾ ਹਾਂ ਅਤੇ ਮੈਂ ਉਨ੍ਹਾਂ ਨਾਲ ਆਪਣੇ ਮੂੰਹ ਦੀ ਲੰਬੀ ਤਲਵਾਰ ਨਾਲ ਲੜਾਂਗਾ।+ 17  “‘ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ:+ ਜਿਹੜਾ ਜਿੱਤਦਾ ਹੈ,+ ਉਸ ਨੂੰ ਮੈਂ ਲੁਕਾ ਕੇ ਰੱਖੇ ਮੰਨ ਵਿੱਚੋਂ ਥੋੜ੍ਹਾ ਜਿਹਾ ਖਾਣ ਲਈ ਦਿਆਂਗਾ।+ ਮੈਂ ਉਸ ਨੂੰ ਇਕ ਚਿੱਟਾ ਪੱਥਰ ਵੀ ਦਿਆਂਗਾ ਜਿਸ ਉੱਤੇ ਨਵਾਂ ਨਾਂ ਲਿਖਿਆ ਹੈ। ਜਿਸ ਨੂੰ ਇਹ ਪੱਥਰ ਮਿਲੇਗਾ, ਉਸ ਤੋਂ ਸਿਵਾਇ ਹੋਰ ਕਿਸੇ ਨੂੰ ਇਹ ਨਾਂ ਪਤਾ ਨਹੀਂ ਹੋਵੇਗਾ।’ 18  “ਥੂਆਤੀਰਾ+ ਦੀ ਮੰਡਲੀ ਦੇ ਦੂਤ ਨੂੰ ਲਿਖ: ਪਰਮੇਸ਼ੁਰ ਦਾ ਪੁੱਤਰ ਜਿਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਹਨ+ ਅਤੇ ਜਿਸ ਦੇ ਪੈਰ ਖਾਲਸ ਤਾਂਬੇ ਵਰਗੇ ਹਨ,+ ਕਹਿੰਦਾ ਹੈ:  19  ‘ਮੈਂ ਤੇਰੇ ਕੰਮਾਂ ਨੂੰ, ਤੇਰੇ ਪਿਆਰ ਨੂੰ, ਤੇਰੀ ਨਿਹਚਾ ਨੂੰ, ਤੇਰੀ ਸੇਵਾ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਕੰਮ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹਨ। 20  “‘ਫਿਰ ਵੀ, ਮੈਨੂੰ ਤੇਰੇ ਨਾਲ ਇਹ ਗਿਲਾ ਹੈ ਕਿ ਤੂੰ ਈਜ਼ਬਲ ਨਾਂ ਦੀ ਤੀਵੀਂ ਨੂੰ ਬਰਦਾਸ਼ਤ ਕਰਦਾ ਹੈਂ+ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ। ਉਹ ਆਪਣੀਆਂ ਸਿੱਖਿਆਵਾਂ ਨਾਲ ਮੇਰੇ ਦਾਸਾਂ ਨੂੰ ਭਰਮਾਉਂਦੀ ਹੈ ਤਾਂਕਿ ਉਹ ਹਰਾਮਕਾਰੀ* ਕਰਨ+ ਅਤੇ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ।  21  ਮੈਂ ਉਸ ਨੂੰ ਤੋਬਾ ਕਰਨ ਦਾ ਸਮਾਂ ਦਿੱਤਾ ਸੀ, ਪਰ ਉਹ ਆਪਣੀ ਹਰਾਮਕਾਰੀ* ਤੋਂ ਤੋਬਾ ਨਹੀਂ ਕਰਨੀ ਚਾਹੁੰਦੀ।  22  ਦੇਖ! ਮੈਂ ਉਸ ਨੂੰ ਇੰਨਾ ਬੀਮਾਰ ਕਰ ਦਿਆਂਗਾ ਕਿ ਉਹ ਮੰਜੇ ਤੋਂ ਉੱਠ ਨਾ ਸਕੇਗੀ। ਜਿਹੜੇ ਉਸ ਨਾਲ ਹਰਾਮਕਾਰੀ ਕਰਦੇ ਹਨ, ਜੇ ਉਨ੍ਹਾਂ ਨੇ ਤੋਬਾ ਕਰ ਕੇ ਉਸ ਵਰਗੇ ਕੰਮ ਕਰਨੇ ਨਾ ਛੱਡੇ, ਤਾਂ ਮੈਂ ਉਨ੍ਹਾਂ ਉੱਤੇ ਵੱਡੀਆਂ-ਵੱਡੀਆਂ ਮੁਸੀਬਤਾਂ ਲਿਆਵਾਂਗਾ।  23  ਮੈਂ ਉਸ ਦੇ ਬੱਚਿਆਂ ਨੂੰ ਜਾਨਲੇਵਾ ਬੀਮਾਰੀ ਨਾਲ ਮਾਰ ਦਿਆਂਗਾ ਤਾਂਕਿ ਸਾਰੀਆਂ ਮੰਡਲੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਜਾਂਚਦਾ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਉਸ ਦੀਆਂ ਕਰਨੀਆਂ ਦਾ ਫਲ ਦਿਆਂਗਾ।+ 24  “‘ਪਰ ਮੈਂ ਥੂਆਤੀਰਾ ਵਿਚ ਤੁਹਾਨੂੰ ਬਾਕੀ ਸਾਰਿਆਂ ਨੂੰ ਕਹਿੰਦਾ ਹਾਂ ਜਿਹੜੇ ਈਜ਼ਬਲ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਤੇ ਨਾ ਹੀ ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ* ਜਾਣਦੇ ਹਨ:+ ਮੈਂ ਤੁਹਾਡੇ ਉੱਤੇ ਹੋਰ ਬੋਝ ਨਹੀਂ ਪਾ ਰਿਹਾ ਹਾਂ।  25  ਬੱਸ ਇਹੀ ਕਿ ਤੁਸੀਂ ਮੇਰੇ ਆਉਣ ਤਕ ਉਹ ਸਭ ਕੁਝ ਘੁੱਟ ਕੇ ਫੜੀ ਰੱਖੋ ਜੋ ਤੁਹਾਡੇ ਕੋਲ ਹੈ।+ 26  ਜਿਹੜਾ ਜਿੱਤਦਾ ਹੈ ਅਤੇ ਜਿਹੜਾ ਅੰਤ ਤਕ ਮੇਰੇ ਹੁਕਮ ਮੁਤਾਬਕ ਕੰਮ ਕਰਦਾ ਹੈ, ਮੈਂ ਉਸ ਨੂੰ ਕੌਮਾਂ ਉੱਤੇ ਅਧਿਕਾਰ ਦਿਆਂਗਾ,+ 27  ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ+ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ।  28  ਮੈਂ ਉਸ ਨੂੰ ਸਵੇਰ ਦਾ ਤਾਰਾ ਵੀ ਦਿਆਂਗਾ।+ 29  ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’

ਫੁਟਨੋਟ

ਸ਼ਬਦਾਵਲੀ, “ਸੋਹਣਾ ਬਾਗ਼” ਦੇਖੋ।
ਯੂਨਾ, “ਸਭਾ ਘਰ।”
ਯੂਨਾ, “ਮੁਕਟ।”
ਯਾਨੀ, ਹਮੇਸ਼ਾ ਦੀ ਮੌਤ।
ਜਾਂ, “ਦੇ ਸਾਮ੍ਹਣੇ ਠੋਕਰ ਦਾ ਪੱਥਰ ਰੱਖੇ।”
ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।
ਜਾਂ, “ਡੂੰਘੀਆਂ ਭਾਵਨਾਵਾਂ।” ਯੂਨਾ, “ਗੁਰਦਿਆਂ।”
ਯੂਨਾ, “ਡੂੰਘੀਆਂ ਗੱਲਾਂ।”