ਜ਼ਬੂਰ 88:1-18
ਕੋਰਹ ਦੇ ਪੁੱਤਰਾਂ+ ਦਾ ਜ਼ਬੂਰ। ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਮਹਲਥ* ਸ਼ੈਲੀ ਮੁਤਾਬਕ ਆਪੋ-ਆਪਣੇ ਟੱਪਿਆਂ ਮੁਤਾਬਕ ਗਾਇਆ ਜਾਵੇ। ਅਜ਼ਰਾਹੀ ਹੇਮਾਨ+ ਦਾ ਮਸਕੀਲ।*
88 ਹੇ ਯਹੋਵਾਹ, ਮੇਰੇ ਮੁਕਤੀਦਾਤੇ ਪਰਮੇਸ਼ੁਰ,+ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂਅਤੇ ਰਾਤ ਨੂੰ ਤੇਰੇ ਅੱਗੇ ਫ਼ਰਿਆਦ ਕਰਦਾ ਹਾਂ।+
2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ,+ਮਦਦ ਲਈ ਮੇਰੀ ਪੁਕਾਰ ਵੱਲ ਕੰਨ ਲਾ।*+
3 ਮੈਂ ਮੁਸੀਬਤ ਦਾ ਮਾਰਿਆ ਹੋਇਆ ਹਾਂ+ਅਤੇ ਮੇਰੀ ਜਾਨ ਕਬਰ* ਦੇ ਮੂੰਹ ਵਿਚ ਪੈਣ ਵਾਲੀ ਹੈ।+
4 ਮੈਂ ਪਹਿਲਾਂ ਹੀ ਉਨ੍ਹਾਂ ਵਿਚ ਗਿਣਿਆ ਜਾਂਦਾ ਹਾਂ ਜੋ ਟੋਏ* ਵਿਚ ਉੱਤਰ ਗਏ ਹਨ;+ਮੈਂ ਬੇਬੱਸ ਇਨਸਾਨ ਹਾਂ।+
5 ਮੇਰੀ ਹਾਲਤ ਮੁਰਦਿਆਂ ਵਰਗੀ,ਹਾਂ, ਕਬਰ ਵਿਚ ਪਏ ਲੋਕਾਂ ਵਰਗੀ ਹੋ ਗਈ ਹੈ,ਜਿਨ੍ਹਾਂ ਨੂੰ ਹੁਣ ਤੂੰ ਯਾਦ ਨਹੀਂ ਰੱਖਦਾਅਤੇ ਜਿਨ੍ਹਾਂ ’ਤੇ ਤੇਰੀ ਛਤਰ-ਛਾਇਆ* ਨਹੀਂ ਹੈ।
6 ਤੂੰ ਮੈਨੂੰ ਅੱਤ ਡੂੰਘੇ ਟੋਏ ਵਿਚ ਸੁੱਟ ਦਿੱਤਾ ਹੈ,ਹਾਂ, ਇਕ ਅਥਾਹ ਕੁੰਡ ਵਿਚ ਜਿੱਥੇ ਘੁੱਪ ਹਨੇਰਾ ਹੈ।
7 ਤੇਰੇ ਡਾਢੇ ਕ੍ਰੋਧ ਦਾ ਸਾਮ੍ਹਣਾ ਕਰਨਾ ਮੇਰੀ ਬਰਦਾਸ਼ਤ ਤੋਂ ਬਾਹਰ ਹੈ,+ਤੇਰੀਆਂ ਵਿਨਾਸ਼ਕਾਰੀ ਲਹਿਰਾਂ ਨੇ ਮੈਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। (ਸਲਹ)
8 ਤੂੰ ਮੇਰੇ ਜਾਣ-ਪਛਾਣ ਵਾਲਿਆਂ ਨੂੰ ਮੇਰੇ ਤੋਂ ਦੂਰ ਭਜਾ ਦਿੱਤਾ ਹੈ;+ਤੂੰ ਮੈਨੂੰ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਿਣਾਉਣਾ ਬਣਾ ਦਿੱਤਾ ਹੈ।
ਮੈਂ ਫਸ ਗਿਆ ਹਾਂ ਅਤੇ ਮੈਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।
9 ਦੁੱਖ ਦੇ ਮਾਰੇ ਮੇਰੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ।+
ਹੇ ਯਹੋਵਾਹ, ਮੈਂ ਤੈਨੂੰ ਸਾਰਾ-ਸਾਰਾ ਦਿਨ ਪੁਕਾਰਦਾ ਹਾਂ;+ਮੈਂ ਤੇਰੇ ਅੱਗੇ ਆਪਣੇ ਹੱਥ ਫੈਲਾਉਂਦਾ ਹਾਂ।
10 ਕੀ ਤੂੰ ਮਰੇ ਹੋਇਆਂ ਲਈ ਕਰਾਮਾਤਾਂ ਕਰੇਂਗਾ?
ਕੀ ਮੁਰਦੇ ਉੱਠ ਕੇ ਤੇਰੀ ਵਡਿਆਈ ਕਰ ਸਕਦੇ ਹਨ?+ (ਸਲਹ)
11 ਕੀ ਕਬਰ ਵਿਚ ਤੇਰਾ ਅਟੱਲ ਪਿਆਰ ਬਿਆਨ ਕੀਤਾ ਜਾਵੇਗਾਅਤੇ ਵਿਨਾਸ਼ ਦੀ ਥਾਂ* ’ਤੇ ਤੇਰੀ ਵਫ਼ਾਦਾਰੀ?
12 ਕੀ ਹਨੇਰੀ ਥਾਂ ਵਿਚ ਤੇਰੀਆਂ ਕਰਾਮਾਤਾਂ ਦਾ ਐਲਾਨ ਕੀਤਾ ਜਾਵੇਗਾਜਾਂ ਗੁਮਨਾਮੀ ਦੇ ਦੇਸ਼ ਵਿਚ ਤੇਰੇ ਨਿਆਂ ਦਾ?+
13 ਪਰ, ਹੇ ਯਹੋਵਾਹ, ਮੈਂ ਅਜੇ ਵੀ ਤੈਨੂੰ ਮਦਦ ਲਈ ਪੁਕਾਰਦਾ ਹਾਂ,+ਮੈਂ ਰੋਜ਼ ਸਵੇਰੇ ਤੈਨੂੰ ਪ੍ਰਾਰਥਨਾ ਕਰਦਾ ਹਾਂ।+
14 ਹੇ ਯਹੋਵਾਹ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+
ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾ ਲਿਆ ਹੈ?+
15 ਮੈਂ ਜਵਾਨੀ ਤੋਂ ਬਹੁਤ ਦੁੱਖ ਦੇਖੇ ਹਨ ਅਤੇ ਉਦੋਂ ਤੋਂ ਮੌਤ ਮੇਰਾ ਪਿੱਛਾ ਕਰ ਰਹੀ ਹੈ;+ਜੋ ਮੁਸੀਬਤਾਂ ਤੂੰ ਮੇਰੇ ’ਤੇ ਆਉਣ ਦਿੱਤੀਆਂ ਹਨ, ਉਨ੍ਹਾਂ ਨੂੰ ਸਹਿੰਦੇ-ਸਹਿੰਦੇ ਮੇਰੀ ਬੱਸ ਹੋ ਗਈ ਹੈ।
16 ਤੇਰੇ ਗੁੱਸੇ ਦੇ ਸੇਕ ਨਾਲ ਮੈਂ ਝੁਲ਼ਸ ਰਿਹਾ ਹਾਂ,+ਤੇਰਾ ਖ਼ੌਫ਼ ਮੇਰੀ ਜਾਨ ਕੱਢ ਰਿਹਾ ਹੈ।
17 ਇਹ ਸਾਰਾ ਦਿਨ ਮੈਨੂੰ ਪਾਣੀ ਵਾਂਗ ਘੇਰੀ ਰੱਖਦੇ ਹਨ;ਇਨ੍ਹਾਂ ਦਾ ਸਾਇਆ ਮੇਰੇ ਚਾਰੇ ਪਾਸੇ ਮੰਡਲਾਉਂਦਾ ਹੈ।
18 ਤੂੰ ਮੇਰੇ ਦੋਸਤਾਂ-ਮਿੱਤਰਾਂ ਨੂੰ ਮੇਰੇ ਤੋਂ ਦੂਰ ਭਜਾ ਦਿੱਤਾ ਹੈ;+ਹਨੇਰਾ ਮੇਰਾ ਸਾਥੀ ਬਣ ਗਿਆ ਹੈ।