ਜ਼ਬੂਰ 69:1-36
ਨਿਰਦੇਸ਼ਕ ਲਈ ਹਿਦਾਇਤ; “ਸੋਸਨ ਦੇ ਫੁੱਲ”* ਸੁਰ ਮੁਤਾਬਕ। ਦਾਊਦ ਦਾ ਜ਼ਬੂਰ।
69 ਹੇ ਪਰਮੇਸ਼ੁਰ, ਮੈਨੂੰ ਬਚਾ ਕਿਉਂਕਿ ਪਾਣੀਆਂ ਕਰਕੇ ਮੇਰੀ ਜਾਨ ਖ਼ਤਰੇ ਵਿਚ ਹੈ।+
2 ਮੈਂ ਦਲਦਲ ਵਿਚ ਧਸ ਗਿਆ ਹਾਂ ਜਿੱਥੇ ਪੈਰ ਰੱਖਣ ਲਈ ਪੱਕੀ ਥਾਂ ਨਹੀਂ ਹੈ।+
ਮੈਂ ਡੂੰਘੇ ਪਾਣੀਆਂ ਵਿਚ ਡੁੱਬ ਰਿਹਾ ਹਾਂ,ਪਾਣੀ ਦਾ ਤੇਜ਼ ਵਹਾਅ ਮੈਨੂੰ ਰੋੜ੍ਹ ਕੇ ਲੈ ਗਿਆ ਹੈ।+
3 ਮੈਂ ਮਦਦ ਲਈ ਪੁਕਾਰਦਾ-ਪੁਕਾਰਦਾ ਥੱਕ ਗਿਆ ਹਾਂ;+ਮੇਰਾ ਗਲ਼ਾ ਬੈਠ ਗਿਆ ਹੈ।
ਆਪਣੇ ਪਰਮੇਸ਼ੁਰ ਦੀ ਉਡੀਕ ਕਰਦਿਆਂ ਮੇਰੀਆਂ ਅੱਖਾਂ ਥੱਕ ਗਈਆਂ ਹਨ।+
4 ਜਿਹੜੇ ਮੇਰੇ ਨਾਲ ਬੇਵਜ੍ਹਾ ਨਫ਼ਰਤ ਕਰਦੇ ਹਨ,+ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਜ਼ਿਆਦਾ ਹੈ।
ਮੇਰੇ ਧੋਖੇਬਾਜ਼ ਦੁਸ਼ਮਣਾਂ* ਦੀ ਗਿਣਤੀ ਬਹੁਤ ਹੈ।
ਉਹ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਮੋੜਨ ਲਈ ਮਜਬੂਰ ਕੀਤਾ ਜੋ ਮੈਂ ਚੋਰੀ ਨਹੀਂ ਕੀਤੀਆਂ ਸਨ।
5 ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾ ਬਾਰੇ ਜਾਣਦਾ ਹੈਂਅਤੇ ਮੇਰਾ ਅਪਰਾਧ ਤੇਰੇ ਤੋਂ ਲੁਕਿਆ ਹੋਇਆ ਨਹੀਂ ਹੈ।
6 ਹੇ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ,ਤੇਰੇ ’ਤੇ ਉਮੀਦ ਲਾਉਣ ਵਾਲਿਆਂ ਨੂੰ ਮੇਰੇ ਕਰਕੇ ਸ਼ਰਮਿੰਦਾ ਨਾ ਹੋਣਾ ਪਵੇ।
ਹੇ ਇਜ਼ਰਾਈਲ ਦੇ ਪਰਮੇਸ਼ੁਰ,ਤੈਨੂੰ ਭਾਲਣ ਵਾਲਿਆਂ ਨੂੰ ਮੇਰੇ ਕਰਕੇ ਅਪਮਾਨ ਨਾ ਸਹਿਣਾ ਪਵੇ।
7 ਮੈਨੂੰ ਤੇਰੀ ਖ਼ਾਤਰ ਬੇਇੱਜ਼ਤੀ ਸਹਿਣੀ ਪੈਂਦੀ ਹੈ;+ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਹਾਂ।+
8 ਮੈਂ ਆਪਣੇ ਭਰਾਵਾਂ ਲਈ ਗ਼ੈਰ ਹੋ ਗਿਆ ਹਾਂਅਤੇ ਆਪਣੇ ਸਕੇ ਭਰਾਵਾਂ ਲਈ ਪਰਦੇਸੀ।+
9 ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ,+ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।+
10 ਜਦੋਂ ਮੈਂ ਵਰਤ ਰੱਖ ਕੇ ਆਪਣੇ ਆਪ ਨੂੰ ਨੀਵਾਂ ਕੀਤਾ,*ਤਾਂ ਮੇਰੀ ਬੇਇੱਜ਼ਤੀ ਕੀਤੀ ਗਈ।
11 ਜਦੋਂ ਮੈਂ ਤੱਪੜ ਪਾਇਆ,ਤਾਂ ਮੈਂ ਉਨ੍ਹਾਂ ਲਈ ਘਿਰਣਾ ਦਾ ਪਾਤਰ* ਬਣ ਗਿਆ।
12 ਸ਼ਹਿਰ ਦੇ ਦਰਵਾਜ਼ੇ ਤੇ ਬੈਠ ਕੇ ਲੋਕ ਮੇਰੇ ਬਾਰੇ ਗੱਲਾਂ ਕਰਦੇ ਹਨਅਤੇ ਸ਼ਰਾਬੀ ਮੇਰੇ ਉੱਤੇ ਗਾਣੇ ਬਣਾਉਂਦੇ ਹਨ।
13 ਪਰ, ਹੇ ਯਹੋਵਾਹ, ਆਪਣੇ ਸਮੇਂ ਤੇ ਮੇਰੀ ਪ੍ਰਾਰਥਨਾ ਕਬੂਲ ਕਰੀਂ।+
ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੀ ਪ੍ਰਾਰਥਨਾ ਦਾ ਜਵਾਬ ਦੇ।
ਮੈਨੂੰ ਭਰੋਸਾ ਹੈ ਕਿ ਤੂੰ ਮੈਨੂੰ ਜ਼ਰੂਰ ਬਚਾਵੇਂਗਾ।+
14 ਮੈਨੂੰ ਦਲਦਲ ਵਿੱਚੋਂ ਕੱਢ;ਮੈਨੂੰ ਗਰਕ ਨਾ ਹੋਣ ਦੇ।
ਜਿਹੜੇ ਮੈਨੂੰ ਨਫ਼ਰਤ ਕਰਦੇ ਹਨ, ਉਨ੍ਹਾਂ ਤੋਂ ਮੈਨੂੰ ਬਚਾ,ਨਾਲੇ ਡੂੰਘੇ ਪਾਣੀਆਂ ਤੋਂ ਵੀ।+
15 ਹੜ੍ਹ ਦੇ ਤੇਜ਼ ਪਾਣੀ ਵਿਚ ਮੈਨੂੰ ਰੁੜ੍ਹਨ ਨਾ ਦੇ,+ਜਾਂ ਡੂੰਘੇ ਪਾਣੀਆਂ ਵਿਚ ਮੈਨੂੰ ਡੁੱਬਣ ਨਾ ਦੇ,ਜਾਂ ਖੂਹ* ਦਾ ਮੂੰਹ ਮੇਰੇ ’ਤੇ ਬੰਦ ਨਾ ਹੋਣ ਦੇ।+
16 ਹੇ ਯਹੋਵਾਹ, ਮੈਨੂੰ ਜਵਾਬ ਦੇ ਕਿਉਂਕਿ ਤੇਰਾ ਅਟੱਲ ਪਿਆਰ ਗਹਿਰਾ ਹੈ।+
ਆਪਣੀ ਭਰਪੂਰ ਦਇਆ ਕਰਕੇ ਮੇਰੇ ਵੱਲ ਧਿਆਨ ਦੇ,+
17 ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ।+
ਮੈਨੂੰ ਛੇਤੀ-ਛੇਤੀ ਜਵਾਬ ਦੇ ਕਿਉਂਕਿ ਮੈਂ ਮੁਸੀਬਤ ਵਿਚ ਹਾਂ।+
18 ਮੇਰੇ ਨੇੜੇ ਆ ਅਤੇ ਮੈਨੂੰ ਬਚਾ;ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।
19 ਤੂੰ ਜਾਣਦਾ ਹੈਂ ਕਿ ਮੈਨੂੰ ਕਿੰਨਾ ਬੇਇੱਜ਼ਤ, ਸ਼ਰਮਿੰਦਾ ਅਤੇ ਬਦਨਾਮ ਕੀਤਾ ਗਿਆ ਹੈ।+
ਤੂੰ ਮੇਰੇ ਸਾਰੇ ਦੁਸ਼ਮਣਾਂ ਨੂੰ ਦੇਖਦਾ ਹੈਂ।
20 ਬੇਇੱਜ਼ਤੀ ਹੋਣ ਕਰਕੇ ਮੈਂ ਅੰਦਰੋਂ ਟੁੱਟ ਗਿਆ ਹਾਂ ਅਤੇ ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।*
ਮੈਂ ਹਮਦਰਦੀ ਦੀ ਉਮੀਦ ਰੱਖੀ, ਪਰ ਮੈਨੂੰ ਕਿਤਿਓਂ ਨਾ ਮਿਲੀ,+ਨਾ ਹੀ ਮੈਨੂੰ ਕੋਈ ਦਿਲਾਸਾ ਦੇਣ ਵਾਲਾ ਮਿਲਿਆ।+
21 ਪਰ ਉਨ੍ਹਾਂ ਨੇ ਮੈਨੂੰ ਭੋਜਨ ਦੀ ਜਗ੍ਹਾ ਜ਼ਹਿਰ* ਦਿੱਤਾ,+ਉਨ੍ਹਾਂ ਨੇ ਮੈਨੂੰ ਪਿਆਸ ਬੁਝਾਉਣ ਲਈ ਸਿਰਕਾ ਦਿੱਤਾ।+
22 ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫਾਹੀ ਬਣ ਜਾਵੇਅਤੇ ਉਨ੍ਹਾਂ ਦੀ ਅਮੀਰੀ ਉਨ੍ਹਾਂ ਲਈ ਫੰਦਾ।+
23 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣਅਤੇ ਉਨ੍ਹਾਂ ਦੀਆਂ ਲੱਤਾਂ ਲਗਾਤਾਰ ਕੰਬਦੀਆਂ ਰਹਿਣ।
24 ਉਨ੍ਹਾਂ ’ਤੇ ਆਪਣਾ ਕਹਿਰ ਢਾਹ,ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦੇ।+
25 ਉਨ੍ਹਾਂ ਦਾ ਡੇਰਾ ਉੱਜੜ ਜਾਵੇ;ਅਤੇ ਉਨ੍ਹਾਂ ਦੇ ਤੰਬੂਆਂ ਵਿਚ ਕੋਈ ਨਾ ਰਹੇ।+
26 ਉਹ ਉਸ ਇਨਸਾਨ ਦਾ ਪਿੱਛਾ ਕਰਦੇ ਹਨ ਜਿਸ ਨੂੰ ਤੂੰ ਸਜ਼ਾ ਦਿੱਤੀ ਹੈਅਤੇ ਉਨ੍ਹਾਂ ਲੋਕਾਂ ਦੇ ਦਰਦ ਬਾਰੇ ਚਰਚੇ ਕਰਦੇ ਹਨ ਜਿਨ੍ਹਾਂ ਨੂੰ ਤੂੰ ਜ਼ਖ਼ਮੀ ਕੀਤਾ ਹੈ।
27 ਤੂੰ ਉਨ੍ਹਾਂ ਨੂੰ ਅਪਰਾਧਾਂ ਦੀ ਪੂਰੀ ਸਜ਼ਾ ਦੇਅਤੇ ਉਹ ਤੇਰੀਆਂ ਨਜ਼ਰਾਂ ਵਿਚ ਧਰਮੀ ਨਾ ਗਿਣੇ ਜਾਣ।
28 ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਜਾਣ+ਅਤੇ ਉਨ੍ਹਾਂ ਦੇ ਨਾਂ ਧਰਮੀਆਂ ਨਾਲ ਨਾ ਲਿਖੇ ਜਾਣ।+
29 ਮੈਂ ਦੁਖੀ ਹਾਂ ਅਤੇ ਦਰਦ ਸਹਿ ਰਿਹਾ ਹਾਂ।+
ਹੇ ਪਰਮੇਸ਼ੁਰ, ਆਪਣੀ ਤਾਕਤ ਨਾਲ ਮੈਨੂੰ ਬਚਾ ਅਤੇ ਮੇਰੀ ਰੱਖਿਆ ਕਰ।
30 ਮੈਂ ਪਰਮੇਸ਼ੁਰ ਦੇ ਨਾਂ ਦਾ ਗੁਣਗਾਨ ਕਰਾਂਗਾਅਤੇ ਮੈਂ ਧੰਨਵਾਦ ਕਰਦੇ ਹੋਏ ਉਸ ਦੀ ਵਡਿਆਈ ਕਰਾਂਗਾ।
31 ਇਸ ਗੱਲ ਤੋਂ ਯਹੋਵਾਹ ਨੂੰ ਬਲਦ ਦੀ ਬਲ਼ੀ ਨਾਲੋਂ ਵੀ ਜ਼ਿਆਦਾ ਖ਼ੁਸ਼ੀ ਹੋਵੇਗੀ,ਸਿੰਗਾਂ ਅਤੇ ਖੁਰਾਂ ਵਾਲੇ ਜਵਾਨ ਬਲਦ ਦੀ ਬਲ਼ੀ ਤੋਂ ਵੀ ਜ਼ਿਆਦਾ।+
32 ਹਲੀਮ* ਲੋਕ ਇਹ ਦੇਖ ਕੇ ਖ਼ੁਸ਼ ਹੋਣਗੇ।
ਹੇ ਪਰਮੇਸ਼ੁਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਤਕੜੇ ਹੋਣ
33 ਕਿਉਂਕਿ ਯਹੋਵਾਹ ਗ਼ਰੀਬਾਂ ਦੀ ਸੁਣਦਾ ਹੈ+ਅਤੇ ਉਹ ਬੰਦੀ ਬਣਾਏ ਗਏ ਆਪਣੇ ਲੋਕਾਂ ਨੂੰ ਤੁੱਛ ਨਹੀਂ ਸਮਝੇਗਾ।+
34 ਆਕਾਸ਼ ਅਤੇ ਧਰਤੀ ਉਸ ਦੀ ਮਹਿਮਾ ਕਰਨ+ਅਤੇ ਸਮੁੰਦਰ ਅਤੇ ਉਨ੍ਹਾਂ ਵਿਚਲੇ ਜੀਵ-ਜੰਤੂ ਵੀ।
35 ਪਰਮੇਸ਼ੁਰ ਸੀਓਨ ਨੂੰ ਬਚਾਏਗਾ+ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਬਣਾਏਗਾਅਤੇ ਉਹ ਉੱਥੇ ਵੱਸਣਗੇ ਅਤੇ ਉਸ* ਦੇ ਮਾਲਕ ਬਣਨਗੇ।
36 ਉਸ ਦੇ ਦਾਸਾਂ ਦੀ ਔਲਾਦ ਨੂੰ ਇਹ ਦੇਸ਼ ਵਿਰਾਸਤ ਵਿਚ ਮਿਲੇਗਾ,+ਉਸ ਦੇ ਨਾਂ ਨਾਲ ਪਿਆਰ ਕਰਨ ਵਾਲੇ+ ਉਸ ਦੇਸ਼ ਵਿਚ ਵੱਸਣਗੇ।
ਫੁਟਨੋਟ
^ ਜਾਂ, “ਬਿਨਾਂ ਵਜ੍ਹਾ ਦੁਸ਼ਮਣੀ ਰੱਖਣ ਵਾਲਿਆਂ ਦੀ।”
^ ਜਾਂ ਸੰਭਵ ਹੈ, “ਜਦੋਂ ਮੈਂ ਰੋਇਆ ਅਤੇ ਵਰਤ ਰੱਖਿਆ।”
^ ਇਬ, “ਇਕ ਕਹਾਵਤ।”
^ ਜਾਂ, “ਟੋਏ।”
^ ਜਾਂ, “ਮੈਂ ਹਿੰਮਤ ਹਾਰ ਬੈਠਾ ਹਾਂ।”
^ ਜਾਂ, “ਜ਼ਹਿਰੀਲਾ ਪੌਦਾ।”
^ ਇਬ, “ਮੇਜ਼।”
^ ਜਾਂ, “ਸ਼ਾਂਤ ਸੁਭਾਅ ਦੇ।”
^ ਯਾਨੀ, ਦੇਸ਼।