ਜ਼ਬੂਰ 45:1-17
ਨਿਰਦੇਸ਼ਕ ਲਈ ਹਿਦਾਇਤ; “ਸੋਸਨ ਦੇ ਫੁੱਲ”* ਮੁਤਾਬਕ। ਕੋਰਹ ਦੇ ਪੁੱਤਰਾਂ+ ਦਾ ਮਸਕੀਲ।* ਪਿਆਰ ਦਾ ਗੀਤ।
45 ਮੇਰਾ ਦਿਲ ਇਕ ਚੰਗੀ ਗੱਲ ਨਾਲ ਉੱਛਲ਼ ਰਿਹਾ ਹੈ।
ਮੇਰਾ ਗੀਤ ਇਕ ਰਾਜੇ+ ਬਾਰੇ ਹੈ।
ਮੇਰੀ ਜ਼ਬਾਨ ਇਕ ਕੁਸ਼ਲ ਲਿਖਾਰੀ*+ ਦੀ ਕਲਮ+ ਵਾਂਗ ਬਣੇ।
2 ਤੂੰ ਮਨੁੱਖਾਂ ਦੇ ਸਭਨਾਂ ਪੁੱਤਰਾਂ ਤੋਂ ਸੋਹਣਾ-ਸੁਨੱਖਾ ਹੈਂ।
ਤੇਰੇ ਬੁੱਲ੍ਹ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕਰਦੇ ਹਨ।+
ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਦੇਵੇਗਾ।+
3 ਹੇ ਸੂਰਬੀਰ,+ ਆਪਣੀ ਤਲਵਾਰ ਲੱਕ ਨਾਲ ਬੰਨ੍ਹ।+
ਮਹਿਮਾ ਅਤੇ ਸ਼ਾਨੋ-ਸ਼ੌਕਤ+ ਦਾ ਲਿਬਾਸ ਪਾ।
4 ਸ਼ਾਨੋ-ਸ਼ੌਕਤ ਨਾਲ ਫਤਹਿ* ਪਾਉਣ ਜਾਹ;+ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਦੀ ਖ਼ਾਤਰ ਆਪਣੇ ਘੋੜੇ ’ਤੇ ਸਵਾਰ ਹੋ+ਅਤੇ ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰੇਗਾ।*
5 ਤੇਰੇ ਤਿੱਖੇ ਤੀਰ ਰਾਜੇ ਦੇ ਦੁਸ਼ਮਣਾਂ ਦੇ ਦਿਲਾਂ ਨੂੰ ਵਿੰਨ੍ਹਦੇ ਹਨ,+ਉਹ ਤੇਰੇ ਸਾਮ੍ਹਣੇ ਦੇਸ਼-ਦੇਸ਼ ਦੇ ਲੋਕਾਂ ਨੂੰ ਮਾਰ ਸੁੱਟਦੇ ਹਨ।+
6 ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ;+ਤੇਰਾ ਰਾਜ-ਡੰਡਾ ਨਿਆਂ ਦਾ ਰਾਜ-ਡੰਡਾ ਹੈ।+
7 ਤੈਨੂੰ ਧਾਰਮਿਕਤਾ ਨਾਲ ਪਿਆਰ+ ਅਤੇ ਬੁਰਾਈ ਨਾਲ ਨਫ਼ਰਤ ਹੈ।+
ਇਸੇ ਕਰਕੇ ਪਰਮੇਸ਼ੁਰ ਨੇ, ਹਾਂ, ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ+ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।
8 ਤੇਰੇ ਕੱਪੜਿਆਂ ਵਿੱਚੋਂ ਗੰਧਰਸ, ਕੁਆਰ ਅਤੇ ਦਾਲਚੀਨੀ ਦੀ ਖ਼ੁਸ਼ਬੂ ਆਉਂਦੀ ਹੈ;ਹਾਥੀ-ਦੰਦ ਨਾਲ ਸਜੇ ਮਹਿਲ ਵਿੱਚੋਂ ਤਾਰਾਂ ਵਾਲੇ ਸਾਜ਼ਾਂ ਦੀ ਆਵਾਜ਼ ਤੇਰੇ ਦਿਲ ਨੂੰ ਖ਼ੁਸ਼ ਕਰਦੀ ਹੈ।
9 ਤੇਰੇ ਦਰਬਾਰ ਦੀਆਂ ਇੱਜ਼ਤਦਾਰ ਔਰਤਾਂ ਵਿਚ ਰਾਜੇ ਦੀਆਂ ਧੀਆਂ ਵੀ ਹਨ।
ਓਫੀਰ* ਦੇ ਸੋਨੇ+ ਨਾਲ ਸ਼ਿੰਗਾਰੀ ਹੋਈ ਰਾਣੀ ਤੇਰੇ ਸੱਜੇ ਹੱਥ ਖੜ੍ਹੀ ਹੈ।
10 ਸੁਣ ਮੇਰੀਏ ਧੀਏ, ਧਿਆਨ ਦੇ ਅਤੇ ਕੰਨ ਲਾ ਕੇ ਮੇਰੀ ਗੱਲ ਸੁਣ;ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਹ।
11 ਰਾਜਾ ਤੇਰੀ ਖ਼ੂਬਸੂਰਤੀ ’ਤੇ ਮੋਹਿਤ ਹੋਵੇਗਾਕਿਉਂਕਿ ਉਹ ਤੇਰਾ ਸੁਆਮੀ ਹੈ,ਇਸ ਲਈ ਉਸ ਦੇ ਸਾਮ੍ਹਣੇ ਸਿਰ ਝੁਕਾ।
12 ਸੋਰ ਦੀ ਧੀ ਤੋਹਫ਼ਾ ਲੈ ਕੇ ਆਵੇਗੀ;ਅਮੀਰ ਤੋਂ ਅਮੀਰ ਲੋਕ ਤੇਰੀ ਮਨਜ਼ੂਰੀ ਪਾਉਣੀ ਚਾਹੁਣਗੇ।
13 ਮਹਿਲ ਵਿਚ ਰਾਜੇ ਦੀ ਧੀ ਸੁੰਦਰਤਾ ਦੀ ਮੂਰਤ ਲੱਗਦੀ ਹੈ;ਉਸ ਦੇ ਲਿਬਾਸ ’ਤੇ ਸੋਨਾ ਜੜਿਆ ਹੋਇਆ ਹੈ।
14 ਉਸ ਨੂੰ ਭਾਰੀ ਕਢਾਈ ਵਾਲੇ ਸੋਹਣੇ ਕੱਪੜੇ* ਪੁਆ ਕੇ ਰਾਜੇ ਕੋਲ ਲਿਆਇਆ ਜਾਵੇਗਾ।
ਉਸ ਦੇ ਨਾਲ ਉਸ ਦੀਆਂ ਕੁਆਰੀਆਂ ਸਹੇਲੀਆਂ ਤੇਰੇ ਸਾਮ੍ਹਣੇ ਲਿਆਈਆਂ ਜਾਣਗੀਆਂ।
15 ਉਨ੍ਹਾਂ ਨੂੰ ਖ਼ੁਸ਼ੀਆਂ ਮਨਾਉਂਦੇ ਹੋਏ ਲਿਆਇਆ ਜਾਵੇਗਾ;ਉਹ ਰਾਜੇ ਦੇ ਮਹਿਲ ਵਿਚ ਦਾਖ਼ਲ ਹੋਣਗੀਆਂ।
16 ਤੇਰੇ ਪੁੱਤਰ ਤੇਰੇ ਪਿਉ-ਦਾਦਿਆਂ ਦੀ ਜਗ੍ਹਾ ਲੈਣਗੇ।
ਤੂੰ ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ਹਾਕਮ ਠਹਿਰਾਏਂਗਾ।+
17 ਮੈਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਤੇਰਾ ਨਾਂ ਦੱਸਾਂਗਾ।+
ਇਸੇ ਕਰਕੇ ਦੇਸ਼-ਦੇਸ਼ ਦੇ ਲੋਕ ਯੁਗਾਂ-ਯੁਗਾਂ ਤਕ ਤੇਰੀ ਮਹਿਮਾ ਕਰਨਗੇ।
ਫੁਟਨੋਟ
^ ਇਹ ਸ਼ਾਇਦ ਕੋਈ ਤਾਰਾਂ ਵਾਲਾ ਸਾਜ਼ ਜਾਂ ਕੋਈ ਸੰਗੀਤ ਸ਼ੈਲੀ ਜਾਂ ਕੋਈ ਧੁਨ ਸੀ, ਪਰ ਇਸ ਦਾ ਸਹੀ-ਸਹੀ ਮਤਲਬ ਪਤਾ ਨਹੀਂ ਹੈ।
^ ਜਾਂ, “ਨਕਲਨਵੀਸ।”
^ ਇਬ, “ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰਨੇ ਸਿਖਾਏਗਾ।”
^ ਜਾਂ, “ਕਾਮਯਾਬੀ।”
^ ਇਸ ਜਗ੍ਹਾ ਬਹੁਤ ਸਾਰਾ ਵਧੀਆ ਸੋਨਾ ਮਿਲਦਾ ਸੀ।
^ ਜਾਂ ਸੰਭਵ ਹੈ, “ਕਢਾਈ ਵਾਲਾ ਲਿਬਾਸ।”