ਜ਼ਬੂਰ 35:1-28
ਦਾਊਦ ਦਾ ਜ਼ਬੂਰ।
35 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖ਼ਿਲਾਫ਼ ਮੇਰੇ ਮੁਕੱਦਮੇ ਦੀ ਪੈਰਵੀ ਕਰ;+ਮੇਰੇ ਨਾਲ ਲੜਨ ਵਾਲਿਆਂ ਨਾਲ ਲੜ।+
2 ਆਪਣੀ ਛੋਟੀ ਅਤੇ ਵੱਡੀ ਢਾਲ ਲੈ+ਅਤੇ ਮੇਰੇ ਪੱਖ ਵਿਚ ਖੜ੍ਹਾ ਹੋ।+
3 ਮੇਰਾ ਪਿੱਛਾ ਕਰਨ ਵਾਲਿਆਂ ਦੇ ਖ਼ਿਲਾਫ਼ ਆਪਣਾ ਬਰਛਾ ਅਤੇ ਕੁਹਾੜਾ* ਚੁੱਕ।+
ਮੈਨੂੰ ਕਹਿ: “ਮੈਂ ਤੇਰਾ ਮੁਕਤੀਦਾਤਾ ਹਾਂ।”+
4 ਜਿਹੜੇ ਮੇਰੀ ਜਾਨ ਪਿੱਛੇ ਹੱਥ ਧੋ ਕੇ ਪਏ ਹਨ, ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।+
ਜਿਹੜੇ ਮੈਨੂੰ ਮਾਰਨ ਦੀਆਂ ਸਾਜ਼ਸ਼ਾਂ ਘੜਦੇ ਹਨ, ਉਹ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਜਾਣ।
5 ਉਹ ਹਵਾ ਵਿਚ ਉੱਡਦੀ ਤੂੜੀ ਵਾਂਗ ਹੋ ਜਾਣ;ਯਹੋਵਾਹ ਦਾ ਦੂਤ ਉਨ੍ਹਾਂ ਨੂੰ ਭਜਾ ਦੇਵੇ।+
6 ਜਦੋਂ ਯਹੋਵਾਹ ਦਾ ਦੂਤ ਉਨ੍ਹਾਂ ਦਾ ਪਿੱਛਾ ਕਰੇ,ਤਾਂ ਉਨ੍ਹਾਂ ਦੇ ਰਾਹ ਵਿਚ ਹਨੇਰਾ ਅਤੇ ਤਿਲਕਣ ਹੋਵੇ।
7 ਕਿਉਂਕਿ ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਚੋਰੀ-ਛਿਪੇ ਜਾਲ਼ ਵਿਛਾਇਆ ਹੈ;ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਟੋਆ ਪੁੱਟਿਆ ਹੈ।
8 ਉਨ੍ਹਾਂ ’ਤੇ ਅਚਾਨਕ ਬਿਪਤਾ ਆ ਪਵੇ;ਜਿਹੜਾ ਜਾਲ਼ ਉਨ੍ਹਾਂ ਨੇ ਚੋਰੀ-ਛਿਪੇ ਵਿਛਾਇਆ ਸੀ, ਉਹ ਆਪ ਉਸ ਵਿਚ ਫਸ ਜਾਣ;ਉਹ ਆਪ ਹੀ ਟੋਏ ਵਿਚ ਡਿਗ ਕੇ ਨਾਸ਼ ਹੋ ਜਾਣ।+
9 ਪਰ ਮੈਂ ਯਹੋਵਾਹ ਕਰਕੇ ਖ਼ੁਸ਼ ਹੋਵਾਂਗਾ;ਮੈਂ ਉਸ ਦੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀਆਂ ਮਨਾਵਾਂਗਾ।
10 ਮੇਰੀਆਂ ਸਾਰੀਆਂ ਹੱਡੀਆਂ ਕਹਿਣਗੀਆਂ:
“ਹੇ ਯਹੋਵਾਹ, ਤੇਰੇ ਵਰਗਾ ਕੌਣ ਹੈ?
ਤੂੰ ਕਮਜ਼ੋਰਾਂ ਨੂੰ ਤਾਕਤਵਰਾਂ ਤੋਂ ਛੁਡਾਉਂਦਾ ਹੈਂ,+ਬੇਬੱਸ ਅਤੇ ਗ਼ਰੀਬਾਂ ਨੂੰ ਲੁੱਟਣ ਵਾਲਿਆਂ ਤੋਂ ਬਚਾਉਂਦਾ ਹੈਂ।”+
11 ਮੇਰੇ ਨਾਲ ਵੈਰ ਕਰਨ ਵਾਲੇ ਗਵਾਹ ਅੱਗੇ ਆਉਂਦੇ ਹਨ,+ਉਹ ਮੈਨੂੰ ਉਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ।
12 ਉਹ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੰਦੇ ਹਨ,+ਉਨ੍ਹਾਂ ਕਰਕੇ ਮੇਰੀ ਜ਼ਿੰਦਗੀ ਵਿਚ ਮਾਤਮ ਛਾ ਗਿਆ ਹੈ।
13 ਪਰ ਜਦ ਉਹ ਬੀਮਾਰ ਸਨ, ਤਾਂ ਮੈਂ ਤੱਪੜ ਪਾਇਆ ਸੀ;ਮੈਂ ਵਰਤ ਰੱਖ ਕੇ ਆਪਣੇ ਆਪ ਨੂੰ ਦੁੱਖ ਦਿੱਤਾ ਸੀਅਤੇ ਜਦੋਂ ਮੇਰੀ ਪ੍ਰਾਰਥਨਾ ਦਾ ਕੋਈ ਜਵਾਬ ਨਹੀਂ ਮਿਲਿਆ,
14 ਤਾਂ ਮੈਂ ਸੋਗ ਦੇ ਮਾਰੇ ਇੱਧਰ-ਉੱਧਰ ਘੁੰਮਦਾ ਸੀ, ਜਿਵੇਂ ਕੋਈ ਆਪਣੇ ਦੋਸਤ ਜਾਂ ਭਰਾ ਦੀ ਮੌਤ ’ਤੇ ਸੋਗ ਮਨਾਉਂਦਾ ਹੈ;ਮੈਂ ਗਮ ਵਿਚ ਡੁੱਬ ਗਿਆ, ਜਿਵੇਂ ਕੋਈ ਆਪਣੀ ਮਾਂ ਦੀ ਮੌਤ ਦੇ ਗਮ ਵਿਚ ਡੁੱਬ ਜਾਂਦਾ ਹੈ।
15 ਫਿਰ ਜਦ ਮੈਂ ਡਿਗਿਆ, ਤਾਂ ਉਹ ਖ਼ੁਸ਼ ਹੋਏ ਅਤੇ ਇਕੱਠੇ ਹੋਏ;ਉਹ ਘਾਤ ਲਾ ਕੇ ਮੇਰੇ ’ਤੇ ਹਮਲਾ ਕਰਨ ਲਈ ਇਕੱਠੇ ਹੋਏ;ਉਨ੍ਹਾਂ ਨੇ ਮੇਰੇ ਟੋਟੇ-ਟੋਟੇ ਕਰ ਦਿੱਤੇ ਅਤੇ ਚੁੱਪ ਨਾ ਹੋਏ।
16 ਦੁਸ਼ਟ ਮੈਨੂੰ ਤੁੱਛ ਸਮਝ ਕੇ ਮੇਰਾ ਮਜ਼ਾਕ ਉਡਾਉਂਦੇ ਹਨ,*ਉਹ ਮੇਰੇ ਖ਼ਿਲਾਫ਼ ਦੰਦ ਪੀਂਹਦੇ ਹਨ।+
17 ਹੇ ਯਹੋਵਾਹ, ਤੂੰ ਕਦ ਤਕ ਦੇਖਦਾ ਹੀ ਰਹੇਂਗਾ?+
ਮੈਨੂੰ ਉਨ੍ਹਾਂ ਦੇ ਹਮਲਿਆਂ ਤੋਂ ਬਚਾ।+
ਜਵਾਨ ਸ਼ੇਰਾਂ ਤੋਂ ਮੇਰੀ ਕੀਮਤੀ ਜਾਨ ਬਚਾ।+
18 ਫਿਰ ਮੈਂ ਵੱਡੀ ਮੰਡਲੀ ਵਿਚ ਤੇਰਾ ਧੰਨਵਾਦ ਕਰਾਂਗਾ;+ਮੈਂ ਲੋਕਾਂ ਦੇ ਇਕੱਠ ਵਿਚ ਤੇਰੀ ਵਡਿਆਈ ਕਰਾਂਗਾ।
19 ਮੇਰੇ ਨਾਲ ਬਿਨਾਂ ਵਜ੍ਹਾ ਦੁਸ਼ਮਣੀ ਰੱਖਣ ਵਾਲਿਆਂ ਨੂੰ ਮੇਰੇ ’ਤੇ ਹੱਸਣ ਨਾ ਦੇ;ਮੇਰੇ ਨਾਲ ਬੇਵਜ੍ਹਾ ਨਫ਼ਰਤ ਕਰਨ ਵਾਲਿਆਂ+ ਨੂੰ ਮੇਰਾ ਮਖੌਲ ਨਾ ਉਡਾਉਣ ਦੇ*+
20 ਕਿਉਂਕਿ ਉਹ ਸ਼ਾਂਤੀ ਭਰੀਆਂ ਗੱਲਾਂ ਨਹੀਂ ਕਰਦੇ,ਪਰ ਉਹ ਦੇਸ਼ ਦੇ ਸ਼ਾਂਤੀ-ਪਸੰਦ ਲੋਕਾਂ ਖ਼ਿਲਾਫ਼ ਚਲਾਕੀ ਨਾਲ ਸਾਜ਼ਸ਼ਾਂ ਘੜਦੇ ਹਨ।+
21 ਉਹ ਗਲ਼ਾ ਪਾੜ-ਪਾੜ ਕੇ ਮੇਰੇ ’ਤੇ ਤੁਹਮਤਾਂ ਲਾਉਂਦੇ ਹਨ,ਉਹ ਕਹਿੰਦੇ ਹਨ: “ਵਾਹ! ਵਾਹ! ਸਾਡੀਆਂ ਅੱਖਾਂ ਨੇ ਉਸ ਦੀ ਤਬਾਹੀ ਦੇਖ ਲਈ ਹੈ।”
22 ਹੇ ਯਹੋਵਾਹ, ਤੂੰ ਇਹ ਸਭ ਕੁਝ ਦੇਖਦਾ ਹੋਇਆ ਚੁੱਪ ਨਾ ਰਹਿ।+
ਹੇ ਯਹੋਵਾਹ, ਮੇਰੇ ਤੋਂ ਦੂਰ ਨਾ ਰਹਿ।+
23 ਜਾਗ ਅਤੇ ਮੇਰੇ ਪੱਖ ਵਿਚ ਖੜ੍ਹਾ ਹੋ,ਮੇਰੇ ਪਰਮੇਸ਼ੁਰ ਯਹੋਵਾਹ, ਮੇਰੇ ਮੁਕੱਦਮੇ ਦੀ ਪੈਰਵੀ ਕਰ।
24 ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਧਰਮੀ ਅਸੂਲਾਂ ਮੁਤਾਬਕ ਮੇਰਾ ਨਿਆਂ ਕਰ;+ਉਨ੍ਹਾਂ ਨੂੰ ਮੇਰੇ ਦੁੱਖ ’ਤੇ ਖ਼ੁਸ਼ੀ ਨਾ ਮਨਾਉਣ ਦੇ।
25 ਉਹ ਇਕ-ਦੂਜੇ ਨੂੰ ਇਹ ਨਾ ਕਹਿਣ: “ਚੰਗਾ ਹੋਇਆ! ਅਸੀਂ ਜੋ ਚਾਹਿਆ, ਉਹੀ ਹੋਇਆ।”
ਉਹ ਇਹ ਨਾ ਕਹਿਣ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।”+
26 ਜਿਹੜੇ ਮੇਰੀ ਬਿਪਤਾ ਦੇ ਵੇਲੇ ਖ਼ੁਸ਼ੀਆਂ ਮਨਾਉਂਦੇ ਹਨ,ਉਹ ਸਾਰੇ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਆਪਣੇ ਆਪ ਨੂੰ ਮੇਰੇ ਤੋਂ ਉੱਚਾ ਚੁੱਕਣ ਵਾਲੇ ਲੋਕ ਸ਼ਰਮਸਾਰ ਅਤੇ ਨੀਵੇਂ ਕੀਤੇ ਜਾਣ।
27 ਪਰ ਮੇਰੀ ਨੇਕੀ ਤੋਂ ਖ਼ੁਸ਼ ਹੋਣ ਵਾਲੇ ਲੋਕ ਉੱਚੀ ਆਵਾਜ਼ ਵਿਚ ਜੈ-ਜੈ ਕਾਰ ਕਰਨ;ਉਹ ਲਗਾਤਾਰ ਕਹਿਣ:
“ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ ਜਿਹੜਾ ਆਪਣੇ ਸੇਵਕ ਦੀ ਸ਼ਾਂਤੀ ਦੇਖ ਕੇ ਖ਼ੁਸ਼ ਹੁੰਦਾ ਹੈ।”+
28 ਫਿਰ ਮੇਰੀ ਜ਼ਬਾਨ ਤੇਰੇ ਨਿਆਂ ਬਾਰੇ ਦੱਸੇਗੀ*+ਅਤੇ ਦਿਨ ਭਰ ਮੈਂ ਤੇਰੀ ਵਡਿਆਈ ਕਰਾਂਗਾ।+
ਫੁਟਨੋਟ
^ ਜਾਂ, “ਦੋ ਧਾਰੀ ਕੁਹਾੜਾ।”
^ ਜਾਂ ਸੰਭਵ ਹੈ, “ਦੁਸ਼ਟ ਇਕ ਟਿੱਕੀ ਲਈ ਮਜ਼ਾਕ ਉਡਾਉਂਦੇ ਹਨ।”
^ ਜਾਂ, “ਅੱਖ ਨਾ ਮਾਰਨ ਦੇ।” ਕਿਸੇ ਪ੍ਰਤੀ ਆਪਣੀ ਘਿਰਣਾ ਜ਼ਾਹਰ ਕਰਨ ਲਈ ਇਸ ਤਰ੍ਹਾਂ ਕੀਤਾ ਜਾਂਦਾ ਸੀ।
^ ਜਾਂ, “ਉੱਤੇ ਮਨਨ ਕਰੇਗੀ।”