ਕੂਚ 8:1-32

  • ਦੂਜੀ ਆਫ਼ਤ: ਡੱਡੂ (1-15)

  • ਤੀਜੀ ਆਫ਼ਤ: ਮੱਛਰ (16-19)

  • ਚੌਥੀ ਆਫ਼ਤ: ਮੱਖ (20-32)

    • ਗੋਸ਼ਨ ਪ੍ਰਭਾਵਿਤ ਨਹੀਂ ਹੋਇਆ (22, 23)

8  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਨੂੰ ਜਾ ਕੇ ਕਹਿ, ‘ਯਹੋਵਾਹ ਕਹਿੰਦਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।+  ਜੇ ਤੂੰ ਮੇਰੇ ਲੋਕਾਂ ਨੂੰ ਭੇਜਣ ਤੋਂ ਇਨਕਾਰ ਕਰਦਾ ਰਹੇਂਗਾ, ਤਾਂ ਮੈਂ ਤੇਰੇ ਪੂਰੇ ਇਲਾਕੇ ਵਿਚ ਡੱਡੂਆਂ ਦੀ ਆਫ਼ਤ ਲਿਆਵਾਂਗਾ।+  ਨੀਲ ਦਰਿਆ ਡੱਡੂਆਂ ਨਾਲ ਭਰ ਜਾਵੇਗਾ ਅਤੇ ਉਹ ਬਾਹਰ ਨਿਕਲ ਆਉਣਗੇ। ਉਹ ਤੇਰੇ ਘਰ, ਸੌਣ ਵਾਲੇ ਕਮਰੇ, ਤੇਰੇ ਬਿਸਤਰੇ, ਤੇਰੇ ਨੌਕਰਾਂ ਤੇ ਤੇਰੇ ਲੋਕਾਂ ਦੇ ਘਰਾਂ ਵਿਚ, ਤੇਰੇ ਤੰਦੂਰਾਂ ਅਤੇ ਤੇਰੀਆਂ ਪਰਾਤਾਂ ਵਿਚ ਵੜ ਜਾਣਗੇ।+  ਡੱਡੂ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਸਾਰੇ ਨੌਕਰਾਂ ਉੱਤੇ ਚੜ੍ਹ ਜਾਣਗੇ।”’”  ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਹੱਥ ਵਿਚ ਆਪਣਾ ਡੰਡਾ ਲੈ ਅਤੇ ਇਸ ਨੂੰ ਦਰਿਆਵਾਂ, ਨੀਲ ਦਰਿਆ ਦੀਆਂ ਨਹਿਰਾਂ ਤੇ ਛੱਪੜਾਂ ਵੱਲ ਕਰ ਤਾਂਕਿ ਪੂਰੇ ਮਿਸਰ ਵਿਚ ਡੱਡੂ ਹੀ ਡੱਡੂ ਹੋ ਜਾਣ।’”  ਇਸ ਲਈ ਹਾਰੂਨ ਨੇ ਮਿਸਰ ਦੇ ਪਾਣੀਆਂ ਵੱਲ ਆਪਣਾ ਹੱਥ ਵਧਾਇਆ ਅਤੇ ਡੱਡੂ ਨਿਕਲਣੇ ਸ਼ੁਰੂ ਹੋ ਗਏ ਅਤੇ ਪੂਰਾ ਮਿਸਰ ਇਨ੍ਹਾਂ ਨਾਲ ਭਰ ਗਿਆ।  ਪਰ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਇਸੇ ਤਰ੍ਹਾਂ ਕੀਤਾ ਅਤੇ ਮਿਸਰ ਵਿਚ ਡੱਡੂਆਂ ਦੀ ਆਫ਼ਤ ਲਿਆਂਦੀ।+  ਫਿਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ਤੇ ਮੇਰੇ ਲੋਕਾਂ ਤੋਂ ਡੱਡੂਆਂ ਦੀ ਆਫ਼ਤ ਹਟਾ ਦੇਵੇ+ ਕਿਉਂਕਿ ਮੈਂ ਤੁਹਾਡੇ ਲੋਕਾਂ ਨੂੰ ਘੱਲਣਾ ਚਾਹੁੰਦਾ ਹਾਂ ਤਾਂਕਿ ਉਹ ਯਹੋਵਾਹ ਅੱਗੇ ਬਲ਼ੀ ਚੜ੍ਹਾ ਸਕਣ।”  ਮੂਸਾ ਨੇ ਫ਼ਿਰਊਨ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਮੈਂ ਕਦੋਂ ਫ਼ਰਿਆਦ ਕਰਾਂ ਤਾਂ ਜੋ ਤੇਰੇ ਤੋਂ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਤੋਂ ਡੱਡੂਆਂ ਦੀ ਆਫ਼ਤ ਟਲ ਜਾਵੇ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।” 10  ਫ਼ਿਰਊਨ ਨੇ ਕਿਹਾ: “ਕੱਲ੍ਹ ਨੂੰ।” ਇਸ ਲਈ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਉਵੇਂ ਹੋਵੇਗਾ। ਇਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੋਰ ਕੋਈ ਨਹੀਂ ਹੈ।+ 11  ਤੇਰੇ ਤੋਂ, ਤੇਰੇ ਘਰਾਂ ਤੋਂ, ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ਤੋਂ ਡੱਡੂਆਂ ਦੀ ਆਫ਼ਤ ਹਟ ਜਾਵੇਗੀ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।”+ 12  ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਦੇ ਸਾਮ੍ਹਣਿਓਂ ਚਲੇ ਗਏ ਅਤੇ ਮੂਸਾ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ ਕਿ ਉਹ ਫ਼ਿਰਊਨ ਉੱਤੇ ਲਿਆਂਦੀ ਡੱਡੂਆਂ ਦੀ ਆਫ਼ਤ ਹਟਾ ਦੇਵੇ।+ 13  ਫਿਰ ਯਹੋਵਾਹ ਨੇ ਮੂਸਾ ਦੀ ਫ਼ਰਿਆਦ ਸੁਣੀ ਅਤੇ ਘਰਾਂ, ਵਿਹੜਿਆਂ ਤੇ ਖੇਤਾਂ ਵਿਚ ਡੱਡੂ ਮਰਨੇ ਸ਼ੁਰੂ ਹੋ ਗਏ। 14  ਲੋਕਾਂ ਨੇ ਡੱਡੂਆਂ ਨੂੰ ਇਕੱਠਾ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਅਤੇ ਪੂਰੇ ਦੇਸ਼ ਵਿਚ ਬਦਬੂ ਫੈਲ ਗਈ। 15  ਜਦੋਂ ਫ਼ਿਰਊਨ ਨੇ ਦੇਖਿਆ ਕਿ ਡੱਡੂਆਂ ਦੀ ਆਫ਼ਤ ਹਟ ਗਈ ਸੀ, ਤਾਂ ਉਸ ਨੇ ਆਪਣਾ ਦਿਲ ਕਠੋਰ ਕਰ ਲਿਆ+ ਅਤੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ। 16  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਆਪਣਾ ਡੰਡਾ ਉੱਪਰ ਚੁੱਕ ਅਤੇ ਜ਼ਮੀਨ ਦੀ ਮਿੱਟੀ ’ਤੇ ਮਾਰ। ਫਿਰ ਮਿੱਟੀ ਮੱਛਰ ਬਣ ਜਾਵੇਗੀ ਅਤੇ ਪੂਰਾ ਮਿਸਰ ਮੱਛਰਾਂ ਨਾਲ ਭਰ ਜਾਵੇਗਾ।’” 17  ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ। ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕ ਕੇ ਜ਼ਮੀਨ ਦੀ ਮਿੱਟੀ ’ਤੇ ਮਾਰਿਆ। ਪੂਰੇ ਮਿਸਰ ਵਿਚ ਜ਼ਮੀਨ ਦੀ ਸਾਰੀ ਮਿੱਟੀ ਤੋਂ ਮੱਛਰ ਬਣ ਗਏ।+ ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕਰ ਦਿੱਤਾ। 18  ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਮਿੱਟੀ ਤੋਂ ਮੱਛਰ ਬਣਾਉਣ ਦੀ ਕੋਸ਼ਿਸ਼ ਕੀਤੀ,+ ਪਰ ਉਹ ਬਣਾ ਨਹੀਂ ਸਕੇ। ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। 19  ਇਸ ਲਈ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਫ਼ਿਰਊਨ ਨੂੰ ਕਿਹਾ: “ਇਹ ਪਰਮੇਸ਼ੁਰ ਦੀ ਉਂਗਲ*+ ਹੈ!” ਪਰ ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ। 20  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਸਵੇਰੇ ਤੜਕੇ ਉੱਠ ਕੇ ਫ਼ਿਰਊਨ ਨੂੰ ਮਿਲਣ ਜਾਈਂ। ਦੇਖ, ਉਹ ਨੀਲ ਦਰਿਆ ’ਤੇ ਆਵੇਗਾ। ਤੂੰ ਉਸ ਨੂੰ ਕਹੀਂ, ‘ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ। 21  ਪਰ ਜੇ ਤੂੰ ਮੇਰੇ ਲੋਕਾਂ ਨੂੰ ਨਾ ਘੱਲਿਆ, ਤਾਂ ਮੈਂ ਤੇਰੇ ਉੱਤੇ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਉੱਤੇ ਮੱਖਾਂ* ਦੀ ਆਫ਼ਤ ਲਿਆਵਾਂਗਾ; ਮਿਸਰੀਆਂ ਦੇ ਘਰ ਮੱਖਾਂ ਨਾਲ ਭਰ ਜਾਣਗੇ ਅਤੇ ਉਹ ਜਿੱਥੇ ਵੀ ਪੈਰ ਰੱਖਣਗੇ, ਉੱਥੇ ਮੱਖ ਹੀ ਮੱਖ ਹੋਣਗੇ। 22  ਪਰ ਉਸ ਦਿਨ ਮੈਂ ਗੋਸ਼ਨ ਦੇ ਇਲਾਕੇ ਵਿਚ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ ਜਿੱਥੇ ਮੇਰੇ ਲੋਕ ਰਹਿੰਦੇ ਹਨ। ਉੱਥੇ ਇਕ ਵੀ ਮੱਖ ਨਹੀਂ ਹੋਵੇਗਾ।+ ਇਸ ਤੋਂ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਇਸ ਦੇਸ਼ ਵਿਚ ਹਾਂ।+ 23  ਮੈਂ ਆਪਣੇ ਲੋਕਾਂ ਅਤੇ ਤੇਰੇ ਲੋਕਾਂ ਵਿਚ ਫ਼ਰਕ ਦਿਖਾਵਾਂਗਾ। ਇਹ ਕਰਾਮਾਤ ਕੱਲ੍ਹ ਹੋਵੇਗੀ।”’” 24  ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਮੱਖਾਂ ਦੇ ਵੱਡੇ-ਵੱਡੇ ਝੁੰਡਾਂ ਨੇ ਫ਼ਿਰਊਨ ਦੇ ਘਰ ’ਤੇ ਅਤੇ ਉਸ ਦੇ ਨੌਕਰਾਂ ਦੇ ਘਰਾਂ ’ਤੇ ਅਤੇ ਪੂਰੇ ਮਿਸਰ ’ਤੇ ਹਮਲਾ ਕਰ ਦਿੱਤਾ।+ ਮੱਖਾਂ ਨੇ ਦੇਸ਼ ਬਰਬਾਦ ਕਰ ਦਿੱਤਾ।+ 25  ਅਖ਼ੀਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਜਾਓ, ਜਾ ਕੇ ਇਸੇ ਦੇਸ਼ ਵਿਚ ਆਪਣੇ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾਓ।” 26  ਪਰ ਮੂਸਾ ਨੇ ਕਿਹਾ: “ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਜੋ ਬਲ਼ੀ ਚੜ੍ਹਾਵਾਂਗੇ, ਉਹ ਮਿਸਰੀਆਂ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੋਵੇਗੀ।+ ਜੇ ਅਸੀਂ ਮਿਸਰੀਆਂ ਸਾਮ੍ਹਣੇ ਅਜਿਹੀ ਬਲ਼ੀ ਚੜ੍ਹਾਵਾਂਗੇ ਜੋ ਉਨ੍ਹਾਂ ਲਈ ਘਿਣਾਉਣੀ ਹੈ, ਤਾਂ ਕੀ ਉਹ ਸਾਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਹੀਂ ਮਾਰ ਦੇਣਗੇ? 27  ਇਸ ਲਈ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਵਾਂਗੇ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਵਾਂਗੇ, ਠੀਕ ਜਿਵੇਂ ਉਸ ਨੇ ਸਾਨੂੰ ਕਿਹਾ ਹੈ।”+ 28  ਫ਼ਿਰਊਨ ਨੇ ਕਿਹਾ: “ਠੀਕ ਹੈ, ਮੈਂ ਤੁਹਾਨੂੰ ਉਜਾੜ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਲਈ ਜਾਣ ਦਿਆਂਗਾ। ਪਰ ਤੁਸੀਂ ਜ਼ਿਆਦਾ ਦੂਰ ਨਾ ਜਾਇਓ। ਮੇਰੇ ਲਈ ਆਪਣੇ ਪਰਮੇਸ਼ੁਰ ਅੱਗੇ ਫ਼ਰਿਆਦ ਕਰੋ।”+ 29  ਫਿਰ ਮੂਸਾ ਨੇ ਕਿਹਾ: “ਮੈਂ ਹੁਣ ਜਾ ਰਿਹਾ ਹਾਂ ਅਤੇ ਮੈਂ ਯਹੋਵਾਹ ਅੱਗੇ ਫ਼ਰਿਆਦ ਕਰਾਂਗਾ। ਹੇ ਫ਼ਿਰਊਨ, ਕੱਲ੍ਹ ਨੂੰ ਤੇਰਾ, ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ਦਾ ਮੱਖਾਂ ਤੋਂ ਖਹਿੜਾ ਛੁੱਟ ਜਾਵੇਗਾ। ਪਰ ਤੂੰ ਸਾਡੇ ਨਾਲ ਚਾਲਾਂ ਨਾ ਖੇਡ। ਸਾਡੇ ਲੋਕਾਂ ਨੂੰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਲਈ ਘੱਲਣ ਤੋਂ ਇਨਕਾਰ ਨਾ ਕਰੀਂ।”+ 30  ਫਿਰ ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 31  ਇਸ ਲਈ ਯਹੋਵਾਹ ਨੇ ਮੂਸਾ ਦੀ ਫ਼ਰਿਆਦ ਸੁਣੀ ਅਤੇ ਮੱਖਾਂ ਨੇ ਫ਼ਿਰਊਨ, ਉਸ ਦੇ ਨੌਕਰਾਂ ਅਤੇ ਉਸ ਦੇ ਲੋਕਾਂ ਦਾ ਪਿੱਛਾ ਛੱਡ ਦਿੱਤਾ। ਇਕ ਵੀ ਮੱਖ ਨਾ ਰਿਹਾ। 32  ਪਰ ਫ਼ਿਰਊਨ ਨੇ ਦੁਬਾਰਾ ਆਪਣਾ ਦਿਲ ਕਠੋਰ ਕਰ ਲਿਆ ਅਤੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

ਫੁਟਨੋਟ

ਇਬ, “ਸੇਵਾ।”
ਜਾਂ, “ਸ਼ਕਤੀ।”
ਇਬ, “ਸੇਵਾ।”
ਡੰਗ ਮਾਰਨ ਵਾਲੇ ਮੱਖਾਂ ਦੀ ਇਕ ਕਿਸਮ।