ਕੂਚ 38:1-31

  • ਹੋਮ-ਬਲ਼ੀ ਦੀ ਵੇਦੀ (1-7)

  • ਤਾਂਬੇ ਦਾ ਹੌਦ (8)

  • ਵਿਹੜਾ (9-20)

  • ਡੇਰੇ ਦੇ ਸਾਮਾਨ ਦੀ ਸੂਚੀ (21-31)

38  ਉਸ ਨੇ ਹੋਮ-ਬਲ਼ੀ ਲਈ ਕਿੱਕਰ ਦੀ ਲੱਕੜ ਦੀ ਵੇਦੀ ਬਣਾਈ; ਇਹ ਚੌਰਸ ਸੀ ਅਤੇ ਇਹ ਪੰਜ ਹੱਥ* ਲੰਬੀ, ਪੰਜ ਹੱਥ ਚੌੜੀ ਅਤੇ ਤਿੰਨ ਹੱਥ ਉੱਚੀ ਸੀ।+  ਫਿਰ ਉਸ ਨੇ ਇਸ ਦੇ ਚਾਰਾਂ ਕੋਨਿਆਂ ’ਤੇ ਸਿੰਗ ਬਣਾਏ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਗਿਆ ਸੀ। ਫਿਰ ਉਸ ਨੇ ਵੇਦੀ ਨੂੰ ਤਾਂਬੇ ਨਾਲ ਮੜ੍ਹਿਆ।+  ਇਸ ਤੋਂ ਬਾਅਦ ਉਸ ਨੇ ਵੇਦੀ ਲਈ ਸਾਰਾ ਸਾਮਾਨ ਯਾਨੀ ਬਾਲਟੀਆਂ, ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਏ। ਉਸ ਨੇ ਇਹ ਸਾਰਾ ਸਾਮਾਨ ਤਾਂਬੇ ਦਾ ਬਣਾਇਆ।  ਉਸ ਨੇ ਵੇਦੀ ਲਈ ਤਾਂਬੇ ਦੀ ਜਾਲ਼ੀ ਵੀ ਬਣਾਈ ਅਤੇ ਇਹ ਜਾਲ਼ੀ ਵੇਦੀ ਦੇ ਉੱਪਰਲੇ ਸਿਰੇ ਤੋਂ ਥੱਲੇ ਨੂੰ ਤਕਰੀਬਨ ਅੱਧ ਵਿਚ ਲਾਈ।  ਉਸ ਨੇ ਚਾਰ ਛੱਲੇ ਬਣਾਏ ਅਤੇ ਇਨ੍ਹਾਂ ਨੂੰ ਤਾਂਬੇ ਦੀ ਜਾਲ਼ੀ ਦੇ ਲਾਗੇ ਚਾਰੇ ਕੋਨਿਆਂ ਉੱਤੇ ਲਾਇਆ ਤਾਂਕਿ ਇਨ੍ਹਾਂ ਵਿਚ ਡੰਡੇ ਪਾਏ ਜਾ ਸਕਣ।  ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਨ੍ਹਾਂ ਨੂੰ ਤਾਂਬੇ ਨਾਲ ਮੜ੍ਹਿਆ।  ਉਸ ਨੇ ਇਹ ਡੰਡੇ ਵੇਦੀ ਦੇ ਪਾਸਿਆਂ ’ਤੇ ਲਾਏ ਛੱਲਿਆਂ ਵਿਚ ਪਾ ਦਿੱਤੇ ਤਾਂਕਿ ਇਨ੍ਹਾਂ ਨਾਲ ਵੇਦੀ ਨੂੰ ਚੁੱਕਿਆ ਜਾ ਸਕੇ। ਉਸ ਨੇ ਫੱਟਿਆਂ ਦੀ ਵੇਦੀ ਬਣਾਈ ਜੋ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਨਾ ਢੱਕਣ ਤੇ ਨਾ ਹੀ ਥੱਲਾ ਸੀ।  ਫਿਰ ਉਸ ਨੇ ਤਾਂਬੇ ਦਾ ਇਕ ਹੌਦ+ ਅਤੇ ਉਸ ਲਈ ਤਾਂਬੇ ਦੀ ਇਕ ਚੌਂਕੀ ਬਣਾਈ। ਉਸ ਨੇ ਇਨ੍ਹਾਂ ਨੂੰ ਬਣਾਉਣ ਲਈ ਔਰਤਾਂ ਵੱਲੋਂ ਦਾਨ ਕੀਤੇ ਧਾਤ ਦੇ ਸ਼ੀਸ਼ੇ* ਇਸਤੇਮਾਲ ਕੀਤੇ। ਇਹ ਔਰਤਾਂ ਮੰਡਲੀ ਦੇ ਤੰਬੂ ਵਿਚ ਠਹਿਰਾਏ ਗਏ ਪ੍ਰਬੰਧ ਮੁਤਾਬਕ ਇਸ ਦੇ ਦਰਵਾਜ਼ੇ ’ਤੇ ਸੇਵਾ ਕਰਦੀਆਂ ਸਨ।  ਫਿਰ ਉਸ ਨੇ ਡੇਰੇ ਲਈ ਵਿਹੜਾ ਬਣਾਇਆ।+ ਉਸ ਨੇ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ 100 ਹੱਥ ਲੰਬੀ ਵਾੜ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਏ।+ 10  ਉਸ ਨੇ ਵਾੜ ਲਈ ਤਾਂਬੇ ਦੇ 20 ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਆਂ। ਨਾਲੇ ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 11  ਵਿਹੜੇ ਦੇ ਉੱਤਰ ਵਾਲੇ ਪਾਸੇ ਦੀ 100 ਹੱਥ ਲੰਬੀ ਵਾੜ ਲਈ ਵੀ ਪਰਦੇ, 20 ਥੰਮ੍ਹ ਤੇ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਆਂ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 12  ਪਰ ਵਿਹੜੇ ਦੇ ਪੱਛਮ ਵਾਲੇ ਪਾਸੇ ਦੀ 50 ਹੱਥ ਲੰਬੀ ਵਾੜ ਲਈ ਪਰਦੇ, ਦਸ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਦਸ ਚੌਂਕੀਆਂ ਬਣਾਈਆਂ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 13  ਵਿਹੜੇ ਦੇ ਪੂਰਬ ਵਾਲੇ ਪਾਸੇ ਯਾਨੀ ਸੂਰਜ ਦੇ ਚੜ੍ਹਦੇ ਪਾਸੇ ਵੱਲ ਵਾੜ 50 ਹੱਥ ਲੰਬੀ ਸੀ। 14  ਵਿਹੜੇ ਦੇ ਦਰਵਾਜ਼ੇ ਦੇ ਸੱਜੇ ਪਾਸੇ ਦੀ 15 ਹੱਥ ਲੰਬੀ ਵਾੜ ਲਈ ਪਰਦੇ, ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਬਣਾਈਆਂ। 15  ਅਤੇ ਵਿਹੜੇ ਦੇ ਦਰਵਾਜ਼ੇ ਦੇ ਖੱਬੇ ਪਾਸੇ ਦੀ 15 ਹੱਥ ਲੰਬੀ ਵਾੜ ਲਈ ਵੀ ਪਰਦੇ, ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਬਣਾਈਆਂ। 16  ਡੇਰੇ ਦੇ ਵਿਹੜੇ ਦੇ ਸਾਰੇ ਪਰਦੇ ਕੱਤੇ ਹੋਏ ਵਧੀਆ ਮਲਮਲ ਦੇ ਸਨ। 17  ਥੰਮ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਤਾਂਬੇ ਦੀਆਂ ਅਤੇ ਕੁੰਡੀਆਂ ਤੇ ਛੱਲੇ ਚਾਂਦੀ ਦੇ ਸਨ। ਥੰਮ੍ਹਾਂ ਦੇ ਉੱਪਰਲੇ ਹਿੱਸਿਆਂ ਨੂੰ ਚਾਂਦੀ ਨਾਲ ਮੜ੍ਹਿਆ ਗਿਆ ਸੀ ਅਤੇ ਵਿਹੜੇ ਦੇ ਸਾਰੇ ਥੰਮ੍ਹਾਂ ਦੇ ਛੱਲੇ ਚਾਂਦੀ ਦੇ ਸਨ।+ 18  ਵਿਹੜੇ ਦੇ ਦਰਵਾਜ਼ੇ ਲਈ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਪਰਦਾ ਬੁਣਿਆ ਗਿਆ। ਦਰਵਾਜ਼ੇ ਦੀ ਚੁੜਾਈ 20 ਹੱਥ ਸੀ ਅਤੇ ਵਾੜ ਦੀ ਉਚਾਈ ਮੁਤਾਬਕ ਇਸ ਦੀ ਉਚਾਈ ਵੀ 5 ਹੱਥ ਸੀ।+ 19  ਇਸ ਦੇ ਚਾਰ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਤਾਂਬੇ ਦੀਆਂ ਸਨ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ ਅਤੇ ਥੰਮ੍ਹਾਂ ਦੇ ਉੱਪਰਲੇ ਹਿੱਸੇ ਨੂੰ ਚਾਂਦੀ ਨਾਲ ਮੜ੍ਹਿਆ ਗਿਆ ਸੀ। 20  ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤਾਂਬੇ ਦੀਆਂ ਸਨ।+ 21  ਮੂਸਾ ਦੇ ਹੁਕਮ ’ਤੇ ਡੇਰੇ ਯਾਨੀ ਗਵਾਹੀ ਦੇ ਡੇਰੇ+ ਵਿਚ ਵਰਤੇ ਗਏ ਸਾਰੇ ਸਾਮਾਨ ਦੀ ਸੂਚੀ ਬਣਾਈ ਗਈ ਜੋ ਅੱਗੇ ਦਿੱਤੀ ਗਈ ਹੈ। ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ+ ਦੀ ਨਿਗਰਾਨੀ ਅਧੀਨ ਲੇਵੀਆਂ ਨੇ ਇਹ ਸੂਚੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ।+ 22  ਯਹੋਵਾਹ ਨੇ ਮੂਸਾ ਨੂੰ ਜੋ ਵੀ ਕੰਮ ਕਰਨ ਦਾ ਹੁਕਮ ਦਿੱਤਾ ਸੀ, ਉਹ ਸਾਰਾ ਕੰਮ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ+ ਨੇ ਕੀਤਾ ਜੋ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਸੀ। 23  ਉਸ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਮਕ ਦੇ ਪੁੱਤਰ ਆਹਾਲੀਆਬ+ ਨੇ ਕੰਮ ਕੀਤਾ। ਆਹਾਲੀਆਬ ਵਧੀਆ ਕਾਰੀਗਰ ਅਤੇ ਕਢਾਈ ਕੱਢਣ ਦੇ ਕੰਮ ਵਿਚ ਮਾਹਰ ਸੀ। ਉਸ ਕੋਲ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਮਲਮਲ ਨਾਲ ਕਸੀਦਾਕਾਰੀ ਕਰਨ ਦਾ ਵੀ ਹੁਨਰ ਸੀ। 24  ਪਵਿੱਤਰ ਸਥਾਨ ਦਾ ਸਾਰਾ ਸਾਮਾਨ ਬਣਾਉਣ ਲਈ 29 ਕਿੱਕਾਰ* ਅਤੇ 730 ਸ਼ੇਕੇਲ* ਸੋਨਾ ਇਸਤੇਮਾਲ ਹੋਇਆ ਜੋ ਹਿਲਾਉਣ ਦੀ ਭੇਟ ਵਜੋਂ ਦਾਨ ਕੀਤਾ ਗਿਆ ਸੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ।+ 25  ਮੰਡਲੀ ਦੇ ਜਿਨ੍ਹਾਂ ਲੋਕਾਂ ਦੀ ਮਰਦਮਸ਼ੁਮਾਰੀ ਵੇਲੇ ਗਿਣਤੀ ਕੀਤੀ ਗਈ ਸੀ, ਉਨ੍ਹਾਂ ਨੇ 100 ਕਿੱਕਾਰ ਅਤੇ 1,775 ਸ਼ੇਕੇਲ ਚਾਂਦੀ ਦਾਨ ਕੀਤੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ। 26  ਮਰਦਮਸ਼ੁਮਾਰੀ ਵੇਲੇ ਜਿਹੜੇ 20 ਸਾਲ ਅਤੇ ਇਸ ਤੋਂ ਉੱਪਰ ਦੇ ਆਦਮੀਆਂ ਦੀ ਗਿਣਤੀ ਕੀਤੀ ਗਈ,+ ਉਨ੍ਹਾਂ ਦੀ ਕੁੱਲ ਗਿਣਤੀ 6,03,550 ਸੀ।+ ਅਤੇ ਹਰੇਕ ਨੇ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ ਦਾਨ ਦਿੱਤਾ ਸੀ। 27  ਪਵਿੱਤਰ ਸਥਾਨ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਪਰਦੇ ਦੇ ਥੰਮ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਲਈ 100 ਕਿੱਕਾਰ ਚਾਂਦੀ ਇਸਤੇਮਾਲ ਕੀਤੀ ਗਈ; ਸੁਰਾਖ਼ਾਂ ਵਾਲੀਆਂ 100 ਚੌਂਕੀਆਂ ਲਈ 100 ਕਿੱਕਾਰ ਚਾਂਦੀ ਯਾਨੀ ਹਰ ਚੌਂਕੀ ਲਈ ਇਕ ਕਿੱਕਾਰ ਚਾਂਦੀ।+ 28  ਉਸ ਨੇ ਥੰਮ੍ਹਾਂ ਵਾਸਤੇ 1,775 ਸ਼ੇਕੇਲ ਚਾਂਦੀ ਦੀਆਂ ਕੁੰਡੀਆਂ ਬਣਾਈਆਂ ਅਤੇ ਥੰਮ੍ਹਾਂ ਦੇ ਉੱਪਰਲੇ ਹਿੱਸਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਨੂੰ ਆਪਸ ਵਿਚ ਜੋੜ ਦਿੱਤਾ। 29  ਹਿਲਾਉਣ ਦੀ ਭੇਟ ਵਜੋਂ 70 ਕਿੱਕਾਰ ਅਤੇ 2,400 ਸ਼ੇਕੇਲ ਤਾਂਬਾ ਦਾਨ ਕੀਤਾ ਗਿਆ ਸੀ। 30  ਇਸ ਤਾਂਬੇ ਤੋਂ ਉਸ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਤਾਂਬੇ ਦੀ ਵੇਦੀ ਅਤੇ ਇਸ ਦੀ ਤਾਂਬੇ ਦੀ ਜਾਲ਼ੀ ਅਤੇ ਵੇਦੀ ’ਤੇ ਵਰਤਿਆ ਜਾਣ ਵਾਲਾ ਸਾਰਾ ਸਾਮਾਨ, 31  ਵਿਹੜੇ ਦੀ ਵਾੜ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਵਿਹੜੇ ਦੇ ਦਰਵਾਜ਼ੇ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਤੰਬੂ ਤੇ ਵਿਹੜੇ ਦੀ ਵਾੜ ਲਈ ਸਾਰੀਆਂ ਕਿੱਲੀਆਂ ਬਣਾਈਆਂ।+

ਫੁਟਨੋਟ

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਧਾਤ ਨੂੰ ਚੰਗੀ ਤਰ੍ਹਾਂ ਲਿਸ਼ਕਾ ਕੇ ਸ਼ੀਸ਼ਾ ਬਣਾਇਆ ਜਾਂਦਾ ਸੀ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”
ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”
ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”