ਕੂਚ 35:1-35
35 ਬਾਅਦ ਵਿਚ ਮੂਸਾ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਸਭ ਕੁਝ ਕਰਨ ਦਾ ਹੁਕਮ ਦਿੱਤਾ ਹੈ:+
2 ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਹੋਵੇਗਾ। ਇਹ ਸਬਤ ਦਾ ਦਿਨ ਹੋਣ ਕਰਕੇ ਯਹੋਵਾਹ ਨੂੰ ਸਮਰਪਿਤ ਹੋਵੇਗਾ। ਇਸ ਲਈ ਇਸ ਦਿਨ ਪੂਰੀ ਤਰ੍ਹਾਂ ਆਰਾਮ ਕੀਤਾ ਜਾਵੇ।+ ਜਿਹੜਾ ਵੀ ਇਨਸਾਨ ਸਬਤ ਦੇ ਦਿਨ ਕੰਮ ਕਰੇਗਾ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।+
3 ਤੂੰ ਸਬਤ ਦੇ ਦਿਨ ਆਪਣੇ ਘਰ ਅੱਗ ਨਾ ਬਾਲ਼ੀਂ।”
4 ਫਿਰ ਮੂਸਾ ਨੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਕਿਹਾ: “ਯਹੋਵਾਹ ਨੇ ਇਹ ਹੁਕਮ ਦਿੱਤਾ ਹੈ,
5 ‘ਯਹੋਵਾਹ ਲਈ ਦਾਨ ਇਕੱਠਾ ਕਰ।+ ਹਰ ਕੋਈ ਜੋ ਦਿਲੋਂ ਦਾਨ ਦੇਣਾ ਚਾਹੁੰਦਾ ਹੈ,+ ਉਹ ਯਹੋਵਾਹ ਨੂੰ ਇਹ ਚੀਜ਼ਾਂ ਦਾਨ ਵਜੋਂ ਦੇਵੇ: ਸੋਨਾ, ਚਾਂਦੀ, ਤਾਂਬਾ,
6 ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼,+
7 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ, ਕਿੱਕਰ ਦੀ ਲੱਕੜ,
8 ਦੀਵਿਆਂ ਲਈ ਤੇਲ, ਪਵਿੱਤਰ ਤੇਲ ਤੇ ਖ਼ੁਸ਼ਬੂਦਾਰ ਧੂਪ ਬਣਾਉਣ ਲਈ ਬਲਸਾਨ,+
9 ਅਤੇ ਏਫ਼ੋਦ ਤੇ ਸੀਨੇਬੰਦ+ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ।+
10 “‘ਤੁਹਾਡੇ ਵਿਚ ਜਿਹੜਾ ਵੀ ਕਾਰੀਗਰ ਹੈ,*+ ਉਹ ਆਵੇ ਅਤੇ ਸਾਰੀਆਂ ਚੀਜ਼ਾਂ ਬਣਾਵੇ ਜਿਨ੍ਹਾਂ ਨੂੰ ਬਣਾਉਣ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ
11 ਯਾਨੀ ਡੇਰਾ, ਇਸ ਦਾ ਤੰਬੂ, ਪਰਦੇ, ਚੂੰਢੀਆਂ, ਚੌਖਟੇ,* ਡੰਡੇ, ਥੰਮ੍ਹ, ਸੁਰਾਖ਼ਾਂ ਵਾਲੀਆਂ ਚੌਂਕੀਆਂ;
12 ਸੰਦੂਕ+ ਅਤੇ ਇਸ ਦੇ ਡੰਡੇ,+ ਢੱਕਣ+ ਅਤੇ ਇਸ ਦੇ ਸਾਮ੍ਹਣੇ ਲਾਉਣ ਲਈ ਪਰਦਾ;+
13 ਮੇਜ਼+ ਅਤੇ ਇਸ ਲਈ ਡੰਡੇ, ਇਸ ’ਤੇ ਰੱਖਿਆ ਜਾਣ ਵਾਲਾ ਸਾਮਾਨ ਅਤੇ ਚੜ੍ਹਾਵੇ ਦੀਆਂ ਰੋਟੀਆਂ;+
14 ਰੌਸ਼ਨੀ ਲਈ ਸ਼ਮਾਦਾਨ+ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਅਤੇ ਇਸ ਦੇ ਦੀਵੇ ਅਤੇ ਇਨ੍ਹਾਂ ਨੂੰ ਜਗਾਉਣ ਲਈ ਤੇਲ;+
15 ਧੂਪ ਦੀ ਵੇਦੀ+ ਅਤੇ ਇਸ ਦੇ ਡੰਡੇ; ਪਵਿੱਤਰ ਤੇਲ, ਖ਼ੁਸ਼ਬੂਦਾਰ ਧੂਪ+ ਅਤੇ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ;
16 ਹੋਮ-ਬਲ਼ੀ ਦੀ ਵੇਦੀ+ ਅਤੇ ਇਸ ਦੀ ਤਾਂਬੇ ਦੀ ਜਾਲ਼ੀ, ਇਸ ਦੇ ਡੰਡੇ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ; ਹੌਦ ਅਤੇ ਇਸ ਦੀ ਚੌਂਕੀ;+
17 ਡੇਰੇ ਦੇ ਵਿਹੜੇ ਦੀ ਵਾੜ ਲਈ ਪਰਦੇ,+ ਇਸ ਦੇ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ; ਵਿਹੜੇ ਦੇ ਦਰਵਾਜ਼ੇ ਲਈ ਇਕ ਪਰਦਾ;
18 ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤੇ ਰੱਸੀਆਂ;+
19 ਪਵਿੱਤਰ ਸਥਾਨ ਵਿਚ ਸੇਵਾ ਕਰਨ ਵਾਲਿਆਂ ਲਈ ਵਧੀਆ ਤਰੀਕੇ ਨਾਲ ਬੁਣੇ ਹੋਏ ਕੱਪੜੇ,+ ਪੁਜਾਰੀ ਹਾਰੂਨ ਦਾ ਪਵਿੱਤਰ ਲਿਬਾਸ,+ ਉਸ ਦੇ ਪੁੱਤਰਾਂ ਦੇ ਲਿਬਾਸ ਜੋ ਪੁਜਾਰੀਆਂ ਵਜੋਂ ਸੇਵਾ ਕਰਨਗੇ।’”
20 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਸਾਮ੍ਹਣਿਓਂ ਚਲੀ ਗਈ।
21 ਫਿਰ ਜਿਸ ਦੇ ਵੀ ਦਿਲ ਅਤੇ ਮਨ ਨੇ ਉਸ ਨੂੰ ਦਾਨ ਦੇਣ ਲਈ ਪ੍ਰੇਰਿਆ,+ ਉਹ ਯਹੋਵਾਹ ਲਈ ਦਾਨ ਲਿਆਇਆ ਤਾਂਕਿ ਇਸ ਨੂੰ ਮੰਡਲੀ ਦੇ ਤੰਬੂ, ਇਸ ਵਿਚ ਕੀਤੇ ਜਾਣ ਵਾਲੇ ਸੇਵਾ ਦੇ ਕੰਮਾਂ ਅਤੇ ਪਵਿੱਤਰ ਲਿਬਾਸ ਲਈ ਵਰਤਿਆ ਜਾਵੇ।
22 ਆਦਮੀ ਅਤੇ ਔਰਤਾਂ ਖ਼ੁਸ਼ੀ-ਖ਼ੁਸ਼ੀ ਸਜਾਵਟੀ ਬੱਕਲ, ਵਾਲ਼ੀਆਂ, ਅੰਗੂਠੀਆਂ ਤੇ ਹੋਰ ਗਹਿਣੇ ਅਤੇ ਸੋਨੇ ਦੀਆਂ ਹੋਰ ਕਈ ਚੀਜ਼ਾਂ ਲਿਆਉਂਦੇ ਰਹੇ। ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਸੋਨੇ ਦੀਆਂ ਭੇਟਾਂ ਚੜ੍ਹਾਈਆਂ।*+
23 ਜਿਨ੍ਹਾਂ ਕੋਲ ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼, ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ ਸਨ, ਉਹ ਇਹ ਚੀਜ਼ਾਂ ਲਿਆਏ।
24 ਜਿਨ੍ਹਾਂ ਕੋਲ ਚਾਂਦੀ ਅਤੇ ਤਾਂਬਾ ਸੀ, ਉਹ ਉਨ੍ਹਾਂ ਨੇ ਯਹੋਵਾਹ ਨੂੰ ਦਾਨ ਵਜੋਂ ਚੜ੍ਹਾ ਦਿੱਤਾ। ਜਿਨ੍ਹਾਂ ਕੋਲ ਕਿੱਕਰ ਦੀ ਲੱਕੜ ਸੀ, ਉਹ ਉਨ੍ਹਾਂ ਨੇ ਡੇਰੇ ਦੇ ਕੰਮਾਂ ਲਈ ਦੇ ਦਿੱਤੀ।
25 ਸਾਰੀਆਂ ਹੁਨਰਮੰਦ ਔਰਤਾਂ+ ਨੇ ਆਪਣੇ ਹੱਥੀਂ ਇਹ ਚੀਜ਼ਾਂ ਕੱਤ ਕੇ ਲਿਆਂਦੀਆਂ: ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਵਧੀਆ ਮਲਮਲ।
26 ਅਤੇ ਜਿਨ੍ਹਾਂ ਔਰਤਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ, ਉਨ੍ਹਾਂ ਨੇ ਬੱਕਰੀ ਦੇ ਵਾਲ਼ ਕੱਤ ਕੇ ਧਾਗੇ ਬਣਾਏ।
27 ਲੋਕਾਂ ਦੇ ਮੁਖੀ ਏਫ਼ੋਦ ਤੇ ਸੀਨੇਬੰਦ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ ਲਿਆਏ।+
28 ਨਾਲੇ ਉਨ੍ਹਾਂ ਨੇ ਦੀਵੇ ਬਾਲ਼ਣ, ਪਵਿੱਤਰ ਤੇਲ+ ਤੇ ਖ਼ੁਸ਼ਬੂਦਾਰ ਧੂਪ+ ਬਣਾਉਣ ਲਈ ਬਲਸਾਨ ਅਤੇ ਤੇਲ ਦਿੱਤਾ।
29 ਜਿਨ੍ਹਾਂ ਆਦਮੀਆਂ ਅਤੇ ਔਰਤਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ, ਉਹ ਸਾਰੇ ਕੁਝ-ਨਾ-ਕੁਝ ਲਿਆਏ ਤਾਂਕਿ ਯਹੋਵਾਹ ਨੇ ਮੂਸਾ ਰਾਹੀਂ ਜਿਹੜਾ ਕੰਮ ਕਰਨ ਦਾ ਹੁਕਮ ਦਿੱਤਾ ਸੀ, ਉਹ ਕੰਮ ਕੀਤਾ ਜਾ ਸਕੇ; ਇਜ਼ਰਾਈਲੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਭੇਟਾਂ ਲਿਆਏ।+
30 ਫਿਰ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਦੇਖੋ, ਯਹੋਵਾਹ ਨੇ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ ਨੂੰ ਚੁਣਿਆ ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+
31 ਪਰਮੇਸ਼ੁਰ ਨੇ ਬਸਲੇਲ ਨੂੰ ਆਪਣੀ ਸ਼ਕਤੀ ਦਿੱਤੀ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਦਿੱਤਾ
32 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ,
33 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ ਅਤੇ ਲੱਕੜ ਦੀਆਂ ਹਰ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾ ਸਕੇ।
34 ਅਤੇ ਪਰਮੇਸ਼ੁਰ ਨੇ ਉਸ ਨੂੰ ਅਤੇ ਆਹਾਲੀਆਬ+ ਨੂੰ, ਜੋ ਦਾਨ ਦੇ ਗੋਤ ਵਿੱਚੋਂ ਅਹੀਸਮਕ ਦਾ ਪੁੱਤਰ ਹੈ, ਦੂਜਿਆਂ ਨੂੰ ਸਿਖਾਉਣ ਦੀ ਸਮਝ ਬਖ਼ਸ਼ੀ।
35 ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਨਰ ਬਖ਼ਸ਼ਿਆ*+ ਤਾਂਕਿ ਉਹ ਹਰ ਤਰ੍ਹਾਂ ਦੀ ਕਾਰੀਗਰੀ ਤੇ ਕਢਾਈ ਕਰ ਸਕਣ ਅਤੇ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਮਲਮਲ ਨਾਲ ਕਸੀਦਾਕਾਰੀ ਤੇ ਜੁਲਾਹੇ ਦਾ ਕੰਮ ਕਰ ਸਕਣ। ਇਹ ਆਦਮੀ ਹਰ ਤਰ੍ਹਾਂ ਦਾ ਕੰਮ ਕਰਨਗੇ ਅਤੇ ਹਰ ਤਰ੍ਹਾਂ ਦੇ ਨਮੂਨੇ ਤਿਆਰ ਕਰਨਗੇ।
ਫੁਟਨੋਟ
^ ਇਬ, “ਦਿਲੋਂ ਬੁੱਧੀਮਾਨ ਹੈ।”
^ ਜਾਂ, “ਫਰੇਮ।”
^ ਜਾਂ, “ਹਿਲਾਉਣ ਦੀ ਭੇਟ ਵਜੋਂ ਸੋਨਾ ਚੜ੍ਹਾਇਆ।”
^ ਇਬ, “ਦਿਲੋਂ ਬੁੱਧੀਮਾਨ ਬਣਾਇਆ।”