ਕੂਚ 30:1-38

  • ਧੂਪ ਦੀ ਵੇਦੀ (1-10)

  • ਮਰਦਮਸ਼ੁਮਾਰੀ ਅਤੇ ਰਿਹਾਈ ਦੀ ਕੀਮਤ (11-16)

  • ਹੱਥ-ਪੈਰ ਧੋਣ ਲਈ ਹੌਦ (17-21)

  • ਪਵਿੱਤਰ ਤੇਲ ਬਣਾਉਣ ਲਈ ਖ਼ਾਸ ਮਸਾਲਾ (22-33)

  • ਪਵਿੱਤਰ ਧੂਪ ਬਣਾਉਣ ਦੀ ਵਿਧੀ (34-38)

30  “ਤੂੰ ਧੂਪ ਧੁਖਾਉਣ ਲਈ ਇਕ ਵੇਦੀ ਬਣਾਈਂ;+ ਤੂੰ ਇਹ ਕਿੱਕਰ ਦੀ ਲੱਕੜ ਦੀ ਬਣਾਈਂ।+  ਇਹ ਚੌਰਸ ਹੋਵੇ, ਇਹ ਇਕ ਹੱਥ* ਲੰਬੀ, ਇਕ ਹੱਥ ਚੌੜੀ ਅਤੇ ਦੋ ਹੱਥ ਉੱਚੀ ਹੋਵੇ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਜਾਵੇ।+  ਤੂੰ ਇਸ ਦਾ ਉੱਪਰਲਾ ਪਾਸਾ, ਇਸ ਦੇ ਚਾਰੇ ਪਾਸੇ ਅਤੇ ਇਸ ਦੇ ਸਿੰਗ ਖਾਲਸ ਸੋਨੇ ਨਾਲ ਮੜ੍ਹੀਂ; ਤੂੰ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ।  ਤੂੰ ਇਸ ਲਈ ਸੋਨੇ ਦੇ ਚਾਰ ਛੱਲੇ ਬਣਾਈਂ ਅਤੇ ਦੋਵੇਂ ਪਾਸਿਆਂ ’ਤੇ ਬਨੇਰੀ ਥੱਲੇ ਦੋ-ਦੋ ਛੱਲੇ ਲਾਈਂ ਜਿਨ੍ਹਾਂ ਵਿਚ ਵੇਦੀ ਨੂੰ ਚੁੱਕਣ ਲਈ ਡੰਡੇ ਪਾਏ ਜਾਣਗੇ।  ਇਹ ਡੰਡੇ ਕਿੱਕਰ ਦੀ ਲੱਕੜ ਦੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।  ਤੂੰ ਇਸ ਨੂੰ ਗਵਾਹੀ ਦੇ ਸੰਦੂਕ ਕੋਲ ਲੱਗੇ ਪਰਦੇ ਦੇ ਅੱਗੇ ਰੱਖੀਂ,+ ਹਾਂ, ਗਵਾਹੀ ਦੇ ਸੰਦੂਕ ਦੇ ਢੱਕਣ ਦੇ ਅੱਗੇ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ।+  “ਹਾਰੂਨ+ ਰੋਜ਼ ਸਵੇਰੇ ਦੀਵੇ ਤਿਆਰ ਕਰਨ ਵੇਲੇ+ ਇਸ ਵੇਦੀ ਉੱਤੇ+ ਖ਼ੁਸ਼ਬੂਦਾਰ ਧੂਪ ਧੁਖਾਏਗਾ।+  ਨਾਲੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਜਦੋਂ ਹਾਰੂਨ ਦੀਵੇ ਬਾਲ਼ੇਗਾ, ਤਾਂ ਉਦੋਂ ਵੀ ਉਹ ਧੂਪ ਧੁਖਾਏਗਾ। ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਯਹੋਵਾਹ ਅੱਗੇ ਹਮੇਸ਼ਾ ਧੂਪ ਧੁਖਾਇਆ ਜਾਵੇ।  ਤੂੰ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਇਸ ਉੱਤੇ ਧੂਪ ਨਾ ਧੁਖਾਈਂ+ ਅਤੇ ਨਾ ਹੀ ਇਸ ਉੱਤੇ ਹੋਮ-ਬਲ਼ੀ ਜਾਂ ਅਨਾਜ ਦਾ ਚੜ੍ਹਾਵਾ ਚੜ੍ਹਾਈਂ ਤੇ ਨਾ ਹੀ ਪੀਣ ਦੀ ਭੇਟ ਡੋਲ੍ਹੀਂ। 10  ਹਾਰੂਨ ਸਾਲ ਵਿਚ ਇਕ ਵਾਰ ਵੇਦੀ ਨੂੰ ਸ਼ੁੱਧ ਕਰਨ ਲਈ+ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਵੇਦੀ ਦੇ ਸਿੰਗਾਂ ਉੱਤੇ ਲਾਵੇ।+ ਉਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਸਾਲ ਵਿਚ ਇਕ ਵਾਰੀ ਇਸ ਤਰ੍ਹਾਂ ਕਰੇ। ਇਹ ਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।” 11  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 12  “ਤੂੰ ਜਦੋਂ ਵੀ ਮਰਦਮਸ਼ੁਮਾਰੀ ਦੌਰਾਨ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਕਰੇਂ,+ ਤਾਂ ਉਦੋਂ ਹਰੇਕ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਯਹੋਵਾਹ ਨੂੰ ਦੇਣੀ ਪਵੇਗੀ ਤਾਂਕਿ ਉਨ੍ਹਾਂ ਦੀ ਗਿਣਤੀ ਵੇਲੇ ਉਨ੍ਹਾਂ ’ਤੇ ਕੋਈ ਆਫ਼ਤ ਨਾ ਲਿਆਂਦੀ ਜਾਵੇ। 13  ਜਿਨ੍ਹਾਂ ਦੀ ਵੀ ਗਿਣਤੀ ਕੀਤੀ ਜਾਵੇਗੀ, ਉਨ੍ਹਾਂ ਸਾਰਿਆਂ ਨੂੰ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ* ਦੇਣਾ ਪਵੇਗਾ।+ ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੁੰਦਾ ਹੈ। ਅੱਧਾ ਸ਼ੇਕੇਲ ਯਹੋਵਾਹ ਲਈ ਦਾਨ ਹੈ।+ 14  ਜਿਨ੍ਹਾਂ ਆਦਮੀਆਂ ਦੀ ਉਮਰ 20 ਸਾਲ ਜਾਂ ਇਸ ਤੋਂ ਉੱਪਰ ਹੈ, ਉਹ ਯਹੋਵਾਹ ਲਈ ਦਾਨ ਦੇਣਗੇ।+ 15  ਆਪਣੀ ਜਾਨ ਦੀ ਰਿਹਾਈ ਦੀ ਕੀਮਤ ਦੇ ਤੌਰ ਤੇ* ਅਮੀਰ ਲੋਕ ਯਹੋਵਾਹ ਨੂੰ ਅੱਧੇ ਸ਼ੇਕੇਲ* ਤੋਂ ਜ਼ਿਆਦਾ ਦਾਨ ਨਾ ਦੇਣ ਅਤੇ ਗ਼ਰੀਬ ਇਸ ਤੋਂ ਘੱਟ ਨਾ ਦੇਣ। 16  ਤੂੰ ਇਜ਼ਰਾਈਲੀਆਂ ਤੋਂ ਰਿਹਾਈ ਦੀ ਕੀਮਤ ਦੇ ਤੌਰ ਤੇ* ਚਾਂਦੀ ਲਈਂ ਅਤੇ ਇਸ ਨੂੰ ਮੰਡਲੀ ਦੇ ਤੰਬੂ ਦੇ ਕੰਮਾਂ ਲਈ ਦੇ ਦੇਈਂ। ਇਹ ਦਾਨ ਇਜ਼ਰਾਈਲੀਆਂ ਲਈ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਹੋਵੇਗਾ ਅਤੇ ਇਹ ਉਨ੍ਹਾਂ ਦੀਆਂ ਜਾਨਾਂ ਦੀ ਰਿਹਾਈ ਦੀ ਕੀਮਤ ਹੋਵੇਗੀ।” 17  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 18  “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ 19  ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਣਗੇ।+ 20  ਜਦੋਂ ਉਹ ਮੰਡਲੀ ਦੇ ਤੰਬੂ ਅੰਦਰ ਜਾਣ ਜਾਂ ਵੇਦੀ ਕੋਲ ਸੇਵਾ ਕਰਨ ਅਤੇ ਯਹੋਵਾਹ ਸਾਮ੍ਹਣੇ ਅੱਗ ਵਿਚ ਭੇਟ ਚੜ੍ਹਾਉਣ ਲਈ ਆਉਣ, ਤਾਂ ਉਹ ਉਸ ਪਾਣੀ ਨਾਲ ਆਪਣੇ ਹੱਥ-ਪੈਰ ਧੋਣ ਤਾਂਕਿ ਉਹ ਮਰ ਨਾ ਜਾਣ। 21  ਉਹ ਜ਼ਰੂਰ ਆਪਣੇ ਹੱਥ-ਪੈਰ ਧੋਣ ਤਾਂਕਿ ਉਹ ਮਰ ਨਾ ਜਾਣ। ਉਹ ਅਤੇ ਉਸ ਦੀ ਔਲਾਦ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰੇ।”+ 22  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 23  “ਫਿਰ ਤੂੰ ਵਧੀਆ ਤੋਂ ਵਧੀਆ ਖ਼ੁਸ਼ਬੂਦਾਰ ਮਸਾਲੇ ਲਈਂ: 500 ਸ਼ੇਕੇਲ ਸਖ਼ਤ ਹੋ ਚੁੱਕਾ ਗੰਧਰਸ, ਉਸ ਤੋਂ ਅੱਧੀ ਮਾਤਰਾ ਯਾਨੀ 250 ਸ਼ੇਕੇਲ ਸੁਗੰਧਿਤ ਦਾਲਚੀਨੀ, 250 ਸ਼ੇਕੇਲ ਸੁਗੰਧਿਤ ਕੁਸਾ 24  ਅਤੇ 500 ਸ਼ੇਕੇਲ ਦਾਲਚੀਨੀ ਲਈਂ ਜੋ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ।+ ਨਾਲੇ ਇਕ ਹੀਨ* ਜ਼ੈਤੂਨ ਦਾ ਤੇਲ ਲਈਂ। 25  ਤੂੰ ਇਨ੍ਹਾਂ ਤੋਂ ਪਵਿੱਤਰ ਤੇਲ ਬਣਾਈਂ; ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਇਹ ਤੇਲ ਬਣਾਇਆ ਜਾਵੇ।+ ਇਹ ਪਵਿੱਤਰ ਤੇਲ ਹੈ। 26  “ਤੂੰ ਇਹ ਪਵਿੱਤਰ ਤੇਲ ਮੰਡਲੀ ਦੇ ਤੰਬੂ ਅਤੇ ਗਵਾਹੀ ਦੇ ਸੰਦੂਕ ’ਤੇ ਪਾਈਂ।+ 27  ਨਾਲੇ ਮੇਜ਼ ਅਤੇ ਇਸ ਉੱਤੇ ਰੱਖੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਸ਼ਮਾਦਾਨ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਧੂਪ ਧੁਖਾਉਣ ਦੀ ਵੇਦੀ ਉੱਤੇ, 28  ਹੋਮ-ਬਲ਼ੀ ਦੀ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਅਤੇ ਇਸ ਦੀ ਚੌਂਕੀ ਉੱਤੇ ਵੀ ਇਹ ਤੇਲ ਪਾਈਂ। 29  ਤੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰੀਂ ਤਾਂਕਿ ਇਹ ਅੱਤ ਪਵਿੱਤਰ ਹੋ ਜਾਣ।+ ਜਿਹੜਾ ਇਨ੍ਹਾਂ ਨੂੰ ਛੂੰਹਦਾ ਵੀ ਹੈ, ਉਹ ਪਵਿੱਤਰ ਹੋਣਾ ਚਾਹੀਦਾ ਹੈ।+ 30  ਅਤੇ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਿਰਾਂ ’ਤੇ ਤੇਲ ਪਾ ਕੇ ਉਨ੍ਹਾਂ ਨੂੰ ਪਵਿੱਤਰ ਕਰੀਂ+ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।+ 31  “ਤੂੰ ਇਜ਼ਰਾਈਲੀਆਂ ਨੂੰ ਕਹੀਂ, ‘ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਇਹ ਤੇਲ ਮੇਰੀਆਂ ਨਜ਼ਰਾਂ ਵਿਚ ਪਵਿੱਤਰ ਹੋਵੇਗਾ।+ 32  ਕੋਈ ਵੀ ਇਨਸਾਨ ਇਸ ਨੂੰ ਆਪਣੇ ਸਰੀਰ ਉੱਤੇ ਨਾ ਮਲ਼ੇ ਅਤੇ ਨਾ ਹੀ ਤੂੰ ਇਸ ਸਾਮੱਗਰੀ ਤੋਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਬਣਾਈਂ ਕਿਉਂਕਿ ਇਹ ਪਵਿੱਤਰ ਹੈ। ਇਹ ਤੁਹਾਡੀਆਂ ਨਜ਼ਰਾਂ ਵਿਚ ਵੀ ਪਵਿੱਤਰ ਰਹੇ। 33  ਜੇ ਕੋਈ ਇਸ ਤਰ੍ਹਾਂ ਦਾ ਤੇਲ ਬਣਾਏ ਅਤੇ ਉਸ ਇਨਸਾਨ ਉੱਤੇ ਲਾਵੇ ਜਿਸ ਨੂੰ ਇਹ ਲਾਉਣ ਦਾ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”+ 34  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇੱਕੋ ਜਿਹੀ ਮਾਤਰਾ ਵਿਚ ਇਹ ਖ਼ੁਸ਼ਬੂਦਾਰ ਮਸਾਲੇ ਲੈ:+ ਗੰਧਰਸ ਦੇ ਤੇਲ ਦੀਆਂ ਬੂੰਦਾਂ, ਲੌਨ,* ਸੁਗੰਧਿਤ ਬਰੋਜ਼ਾ ਅਤੇ ਖਾਲਸ ਲੋਬਾਨ। 35  ਤੂੰ ਇਨ੍ਹਾਂ ਮਸਾਲਿਆਂ ਦਾ ਧੂਪ ਬਣਾਈਂ;+ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ* ਮਿਲਾਇਆ ਜਾਵੇ ਅਤੇ ਇਸ ਵਿਚ ਲੂਣ ਰਲ਼ਾਇਆ ਜਾਵੇ+ ਅਤੇ ਇਹ ਸ਼ੁੱਧ ਤੇ ਪਵਿੱਤਰ ਹੋਵੇ। 36  ਤੂੰ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਹ ਲਈਂ ਅਤੇ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਸਾਮ੍ਹਣੇ ਰੱਖ ਦੇਈਂ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ। ਇਹ ਤੁਹਾਡੇ ਲਈ ਅੱਤ ਪਵਿੱਤਰ ਹੋਵੇ। 37  ਤੂੰ ਇਸ ਸਾਮੱਗਰੀ ਤੋਂ ਆਪਣੇ ਇਸਤੇਮਾਲ ਵਾਸਤੇ ਧੂਪ ਨਾ ਬਣਾਈਂ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ, ਇਸ ਲਈ ਤੂੰ ਵੀ ਇਸ ਨੂੰ ਪਵਿੱਤਰ ਮੰਨੀਂ। 38  ਜੇ ਕੋਈ ਇਸ ਦੀ ਖ਼ੁਸ਼ਬੂ ਦਾ ਆਨੰਦ ਮਾਣਨ ਲਈ ਇਸ ਤਰ੍ਹਾਂ ਦਾ ਧੂਪ ਬਣਾਉਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।”

ਫੁਟਨੋਟ

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।
ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਗੀਰਾਹ 0.57 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਆਪਣੇ ਪਾਪਾਂ ਦੀ ਮਾਫ਼ੀ ਲਈ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਪਾਪਾਂ ਦੀ ਮਾਫ਼ੀ ਲਈ।”
ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”
ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਸੁਗੰਧਿਤ ਤੇਲ ਬਣਾਉਣ ਵਾਲੇ ਦੀ ਕੁਸ਼ਲਤਾ ਅਨੁਸਾਰ।”
ਇਬ, “ਅਜਨਬੀ ਉੱਤੇ ਲਾਵੇ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।
ਇਬ, “ਸ਼ੇਕਲੇਥ।” ਇਹ ਸ਼ਾਇਦ ਕਿਸੇ ਪੌਦੇ ਜਾਂ ਸਿੱਪੀ ਤੋਂ ਬਣਾਇਆ ਜਾਂਦਾ ਸੀ, ਪਰ ਇਸ ਬਾਰੇ ਪੱਕਾ ਪਤਾ ਨਹੀਂ ਹੈ।
ਜਾਂ, “ਸੁਗੰਧਿਤ ਤੇਲ ਬਣਾਉਣ ਵਾਲੇ ਦੀ ਕੁਸ਼ਲਤਾ ਅਨੁਸਾਰ।”