ਕੂਚ 26:1-37

  • ਡੇਰਾ (1-37)

    • ਪਰਦੇ (1-14)

    • ਚੌਖਟੇ ਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ (15-30)

    • ਪਰਦਾ ਅਤੇ ਤੰਬੂ ਦੇ ਅਗਲੇ ਪਾਸੇ ਦਾ ਪਰਦਾ (31-37)

26  “ਤੂੰ ਡੇਰੇ+ ਲਈ ਦਸ ਪਰਦੇ ਬਣਾਈਂ। ਇਹ ਪਰਦੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਬਣਾਏ ਜਾਣ। ਤੂੰ ਉਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ+ ਬਣਾਈਂ।+  ਹਰ ਪਰਦਾ 28 ਹੱਥ* ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ ਪਰਦੇ ਇੱਕੋ ਨਾਪ ਦੇ ਹੋਣ।+  ਪੰਜ ਪਰਦੇ ਇਕ-ਦੂਜੇ ਨਾਲ ਜੋੜੇ ਜਾਣ ਅਤੇ ਦੂਜੇ ਪੰਜ ਪਰਦੇ ਵੀ ਇਕ-ਦੂਜੇ ਨਾਲ ਜੋੜੇ ਜਾਣ।  ਤੂੰ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਨੀਲੇ ਧਾਗੇ ਦੀਆਂ ਲੁੱਪੀਆਂ ਬਣਾ ਕੇ ਲਾਈਂ ਅਤੇ ਦੂਸਰੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਵੀ ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਮਿਲਣਗੇ।  ਤੂੰ ਪਰਦੇ ਦੇ ਇਕ ਪਾਸੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਰਦੇ ਦੇ ਇਕ ਪਾਸੇ ਵੀ 50 ਲੁੱਪੀਆਂ ਲਾਈਂ ਤਾਂਕਿ ਜਿੱਥੇ ਇਹ ਪਰਦੇ ਜੋੜੇ ਜਾਣ, ਉੱਥੇ ਲੁੱਪੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ।  ਤੂੰ ਸੋਨੇ ਦੀਆਂ 50 ਚੂੰਢੀਆਂ ਬਣਾਈਂ ਅਤੇ ਉਨ੍ਹਾਂ ਨਾਲ ਪਰਦਿਆਂ ਨੂੰ ਜੋੜੀਂ ਤਾਂਕਿ ਸਾਰੇ ਪਰਦੇ ਜੁੜ ਕੇ ਡੇਰੇ ਵਾਸਤੇ ਇਕ ਵੱਡਾ ਪਰਦਾ ਬਣ ਜਾਵੇ।+  “ਤੂੰ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ+ ਦੇ ਵੀ ਪਰਦੇ ਬਣਾਈਂ। ਤੂੰ ਇਸ ਤਰ੍ਹਾਂ ਦੇ 11 ਪਰਦੇ ਬਣਾਈਂ।+  ਹਰ ਪਰਦਾ 30 ਹੱਥ ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ 11 ਪਰਦੇ ਇੱਕੋ ਨਾਪ ਦੇ ਹੋਣ।  ਤੂੰ ਪੰਜ ਪਰਦੇ ਇਕ-ਦੂਜੇ ਨਾਲ ਜੋੜੀਂ ਅਤੇ ਬਾਕੀ ਛੇ ਪਰਦੇ ਵੀ ਇਕ-ਦੂਜੇ ਨਾਲ ਜੋੜੀਂ। ਛੇਵੇਂ ਪਰਦੇ ਨੂੰ ਤੰਬੂ ਦੇ ਅਗਲੇ ਪਾਸੇ ਮੋੜ ਕੇ ਦੋਹਰਾ ਕਰ ਦੇਈਂ। 10  ਤੂੰ ਇਕ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ’ਤੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ’ਤੇ ਵੀ 50 ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 11  ਤੂੰ ਤਾਂਬੇ ਦੀਆਂ 50 ਚੂੰਢੀਆਂ ਬਣਾਈਂ ਅਤੇ ਲੁੱਪੀਆਂ ਨੂੰ ਚੂੰਢੀਆਂ ਲਾਈਂ ਤਾਂਕਿ ਸਾਰੇ ਪਰਦੇ ਜੁੜ ਕੇ ਇਕ ਵੱਡਾ ਪਰਦਾ ਬਣ ਜਾਵੇ। 12  ਤੰਬੂ ਦੇ ਪਿਛਲੇ ਪਾਸੇ ਪਰਦੇ ਦਾ ਕੁਝ ਹਿੱਸਾ ਵਾਧੂ ਹੋਵੇਗਾ। ਉਸ ਨੂੰ ਪਿੱਛੇ ਵੱਲ ਲਟਕਦਾ ਰਹਿਣ ਦੇਈਂ। 13  ਤੰਬੂ ਦੇ ਦੋਵੇਂ ਪਾਸਿਆਂ ’ਤੇ ਪਰਦੇ ਇਕ-ਇਕ ਹੱਥ ਲੰਬੇ ਹੋਣਗੇ। ਤੂੰ ਤੰਬੂ ਨੂੰ ਢਕਣ ਲਈ ਇਨ੍ਹਾਂ ਨੂੰ ਲਟਕਦਾ ਰਹਿਣ ਦੇਈਂ। 14  “ਤੂੰ ਤੰਬੂ ਨੂੰ ਢਕਣ ਲਈ ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ ਦਾ ਇਕ ਪਰਦਾ ਬਣਾਈਂ ਅਤੇ ਫਿਰ ਉਸ ਉੱਪਰ ਪਾਉਣ ਲਈ ਸੀਲ ਮੱਛੀ ਦੀਆਂ ਖੱਲਾਂ ਦਾ ਇਕ ਪਰਦਾ ਬਣਾਈਂ।+ 15  “ਤੂੰ ਤੰਬੂ ਵਾਸਤੇ ਕਿੱਕਰ ਦੀ ਲੱਕੜ ਦੇ ਚੌਖਟੇ*+ ਬਣਾਈਂ ਜੋ ਸਿੱਧੇ ਖੜ੍ਹੇ ਹੋਣ।+ 16  ਹਰ ਚੌਖਟਾ ਦਸ ਹੱਥ ਉੱਚਾ ਅਤੇ ਡੇਢ ਹੱਥ ਚੌੜਾ ਹੋਵੇ। 17  ਹਰ ਚੌਖਟੇ ਦੀਆਂ ਦੋ ਚੂਲਾਂ* ਹੋਣ ਜੋ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਤੂੰ ਤੰਬੂ ਦੇ ਸਾਰੇ ਚੌਖਟੇ ਇਸੇ ਤਰ੍ਹਾਂ ਬਣਾਈਂ। 18  ਤੂੰ ਤੰਬੂ ਦੇ ਦੱਖਣ ਵਾਲੇ ਪਾਸੇ ਲਈ 20 ਚੌਖਟੇ ਬਣਾਈਂ। 19  “ਤੂੰ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ+ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।+ 20  ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਈਂ। 21  ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ। 22  ਤੰਬੂ ਦੇ ਪਿਛਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਲਈ ਛੇ ਚੌਖਟੇ ਬਣਾਈਂ।+ 23  ਤੂੰ ਤੰਬੂ ਨੂੰ ਸਹਾਰਾ ਦੇਣ ਲਈ ਪਿਛਲੇ ਪਾਸੇ ਦੇ ਦੋਵੇਂ ਖੂੰਜਿਆਂ ਲਈ ਦੋ ਚੌਖਟੇ ਬਣਾਈਂ। 24  ਇਸ ਚੌਖਟੇ ਦੇ ਥੱਲੇ ਤੋਂ ਲੈ ਕੇ ਉੱਪਰ ਤਕ ਦੋ ਹਿੱਸੇ ਹੋਣ ਜੋ ਪਹਿਲੇ ਛੱਲੇ ’ਤੇ ਜੋੜੇ ਜਾਣ। ਦੂਸਰਾ ਚੌਖਟਾ ਵੀ ਇਸੇ ਤਰ੍ਹਾਂ ਬਣਾਇਆ ਜਾਵੇ। 25  ਤੂੰ ਅੱਠ ਚੌਖਟੇ ਬਣਾਈਂ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ। 26  “ਤੂੰ ਤੰਬੂ ਦੇ ਇਕ ਪਾਸੇ ਦੇ ਚੌਖਟਿਆਂ ਲਈ ਕਿੱਕਰ ਦੀ ਲੱਕੜ ਦੇ ਪੰਜ ਡੰਡੇ ਬਣਾਈਂ।+ 27  ਤੰਬੂ ਦੇ ਦੂਸਰੇ ਪਾਸੇ ਦੇ ਚੌਖਟਿਆਂ ਲਈ ਪੰਜ ਡੰਡੇ ਅਤੇ ਤੰਬੂ ਦੇ ਪਿਛਲੇ ਪਾਸੇ ਦੇ ਯਾਨੀ ਪੱਛਮ ਵਾਲੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਬਣਾਈਂ। 28  ਵਿਚਕਾਰਲਾ ਡੰਡਾ ਚੌਖਟਿਆਂ ਦੇ ਅੱਧ ਵਿਚ ਲਾਇਆ ਜਾਵੇ ਅਤੇ ਚੌਖਟਿਆਂ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਜਾਵੇ। 29  “ਤੂੰ ਇਨ੍ਹਾਂ ਚੌਖਟਿਆਂ ਨੂੰ ਸੋਨੇ ਨਾਲ ਮੜ੍ਹੀਂ+ ਅਤੇ ਤੂੰ ਡੰਡਿਆਂ ਲਈ ਸੋਨੇ ਦੇ ਛੱਲੇ ਬਣਾਈਂ ਅਤੇ ਡੰਡਿਆਂ ਨੂੰ ਸੋਨੇ ਨਾਲ ਮੜ੍ਹੀਂ। 30  ਤੂੰ ਉਸ ਨਮੂਨੇ ਦੇ ਮੁਤਾਬਕ ਤੰਬੂ ਖੜ੍ਹਾ ਕਰੀਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।+ 31  “ਤੂੰ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ ਦਾ ਇਕ ਪਰਦਾ+ ਬਣਾਈਂ। ਤੂੰ ਇਸ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਈਂ। 32  ਤੂੰ ਇਹ ਪਰਦਾ ਕਿੱਕਰ ਦੀ ਲੱਕੜ ਦੇ ਬਣੇ ਚਾਰ ਥੰਮ੍ਹਾਂ ਉੱਤੇ ਲਾਈਂ। ਇਹ ਥੰਮ੍ਹ ਸੋਨੇ ਨਾਲ ਮੜ੍ਹੇ ਹੋਣ ਅਤੇ ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ ਜਾਣ। 33  ਤੂੰ ਚੂੰਢੀਆਂ* ਥੱਲੇ ਇਹ ਪਰਦਾ ਲਾਈਂ ਅਤੇ ਪਰਦੇ ਦੇ ਅੰਦਰਲੇ ਪਾਸੇ ਗਵਾਹੀ ਦਾ ਸੰਦੂਕ+ ਰੱਖੀਂ। ਇਹ ਪਰਦਾ ਪਵਿੱਤਰ+ ਅਤੇ ਅੱਤ ਪਵਿੱਤਰ ਕਮਰੇ+ ਦੇ ਵਿਚ ਲੱਗਾ ਹੋਵੇ। 34  ਤੂੰ ਅੱਤ ਪਵਿੱਤਰ ਕਮਰੇ ਵਿਚ ਗਵਾਹੀ ਦੇ ਸੰਦੂਕ ਉੱਤੇ ਢੱਕਣ ਰੱਖੀਂ। 35  “ਤੂੰ ਪਰਦੇ ਦੇ ਬਾਹਰਲੇ ਪਾਸੇ ਮੇਜ਼ ਰੱਖੀਂ। ਇਹ ਮੇਜ਼ ਤੰਬੂ ਦੇ ਉੱਤਰ ਵਾਲੇ ਪਾਸੇ ਹੋਵੇ ਅਤੇ ਉਸ ਦੇ ਬਿਲਕੁਲ ਸਾਮ੍ਹਣੇ ਯਾਨੀ ਦੱਖਣ ਵਾਲੇ ਪਾਸੇ ਸ਼ਮਾਦਾਨ ਰੱਖੀਂ।+ 36  ਤੂੰ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ ਬਣਾਈਂ। ਇਹ ਪਰਦਾ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬੁਣਿਆ ਹੋਵੇ।+ 37  ਤੂੰ ਇਸ ਪਰਦੇ ਲਈ ਕਿੱਕਰ ਦੀ ਲੱਕੜ ਦੇ ਪੰਜ ਥੰਮ੍ਹ ਬਣਾਈਂ ਅਤੇ ਇਨ੍ਹਾਂ ਸੋਨੇ ਨਾਲ ਮੜ੍ਹੀਂ। ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਬਣਾਈਆਂ ਜਾਣ।

ਫੁਟਨੋਟ

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਫਰੇਮ।”
ਜਾਂ, “ਸਿੱਧੀਆਂ ਥੰਮ੍ਹੀਆਂ।”
ਇਹ ਚੂੰਢੀਆਂ ਡੇਰੇ ਦੇ ਉੱਤੇ ਪਾਏ ਪਰਦਿਆਂ ਨੂੰ ਜੋੜਨ ਲਈ ਵਰਤੀਆਂ ਗਈਆਂ ਸਨ।