ਕੂਚ 25:1-40
25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
2 “ਇਜ਼ਰਾਈਲੀਆਂ ਨੂੰ ਕਹਿ ਕਿ ਉਹ ਮੇਰੇ ਲਈ ਦਾਨ ਲੈ ਕੇ ਆਉਣ; ਜਿਸ ਦਾ ਵੀ ਦਿਲ ਉਸ ਨੂੰ ਦਾਨ ਦੇਣ ਲਈ ਪ੍ਰੇਰਦਾ ਹੈ, ਤੂੰ ਉਸ ਕੋਲੋਂ ਦਾਨ ਲਈਂ।+
3 ਤੂੰ ਉਨ੍ਹਾਂ ਤੋਂ ਇਹ ਚੀਜ਼ਾਂ ਦਾਨ ਵਜੋਂ ਲਈਂ: ਸੋਨਾ,+ ਚਾਂਦੀ,+ ਤਾਂਬਾ,+
4 ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼,
5 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ, ਕਿੱਕਰ ਦੀ ਲੱਕੜ,+
6 ਦੀਵਿਆਂ ਲਈ ਤੇਲ,+ ਪਵਿੱਤਰ ਤੇਲ+ ਤੇ ਖ਼ੁਸ਼ਬੂਦਾਰ ਧੂਪ+ ਬਣਾਉਣ ਲਈ ਬਲਸਾਨ ਅਤੇ
7 ਏਫ਼ੋਦ+ ਤੇ ਸੀਨੇਬੰਦ+ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ।
8 ਉਹ ਮੇਰੇ ਲਈ ਪਵਿੱਤਰ ਸਥਾਨ ਬਣਾਉਣ ਅਤੇ ਮੈਂ ਉਨ੍ਹਾਂ ਵਿਚ ਵੱਸਾਂਗਾ।+
9 ਤੂੰ ਇਹ ਡੇਰਾ ਅਤੇ ਇਸ ਦਾ ਸਾਰਾ ਸਾਮਾਨ ਉਸੇ ਨਮੂਨੇ ਅਨੁਸਾਰ ਬਣਾਈਂ ਜਿਹੜਾ ਮੈਂ ਤੈਨੂੰ ਦਿਖਾਵਾਂਗਾ।+
10 “ਉਹ ਕਿੱਕਰ ਦੀ ਲੱਕੜ ਦਾ ਸੰਦੂਕ* ਬਣਾਉਣ ਜੋ ਢਾਈ ਹੱਥ* ਲੰਬਾ ਅਤੇ ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ।+
11 ਫਿਰ ਤੂੰ ਇਸ ਨੂੰ ਖਾਲਸ ਸੋਨੇ ਨਾਲ ਮੜ੍ਹੀਂ।+ ਤੂੰ ਇਸ ਨੂੰ ਅੰਦਰੋਂ-ਬਾਹਰੋਂ ਮੜ੍ਹੀਂ ਅਤੇ ਤੂੰ ਇਸ ਦੇ ਚਾਰੇ ਪਾਸੇ ਸੋਨੇ ਦੀ ਬਨੇਰੀ ਬਣਾਈਂ।+
12 ਅਤੇ ਤੂੰ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਇਸ ਦੇ ਚਾਰੇ ਪਾਵਿਆਂ ਤੋਂ ਉੱਪਰ ਲਾਈਂ, ਦੋ ਛੱਲੇ ਇਕ ਪਾਸੇ ਅਤੇ ਦੋ ਛੱਲੇ ਦੂਜੇ ਪਾਸੇ।
13 ਤੂੰ ਕਿੱਕਰ ਦੀ ਲੱਕੜ ਦੇ ਡੰਡੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।+
14 ਫਿਰ ਤੂੰ ਸੰਦੂਕ ਦੇ ਦੋਵੇਂ ਪਾਸਿਆਂ ’ਤੇ ਲੱਗੇ ਛੱਲਿਆਂ ਵਿਚ ਇਹ ਡੰਡੇ ਪਾਈਂ ਤਾਂਕਿ ਇਨ੍ਹਾਂ ਡੰਡਿਆਂ ਨਾਲ ਸੰਦੂਕ ਨੂੰ ਚੁੱਕਿਆ ਜਾ ਸਕੇ।
15 ਇਹ ਡੰਡੇ ਸੰਦੂਕ ’ਤੇ ਲੱਗੇ ਛੱਲਿਆਂ ਵਿਚ ਹੀ ਰਹਿਣ; ਇਨ੍ਹਾਂ ਨੂੰ ਛੱਲਿਆਂ ਵਿੱਚੋਂ ਕੱਢਿਆ ਨਾ ਜਾਵੇ।+
16 ਤੂੰ ਸੰਦੂਕ ਵਿਚ ਗਵਾਹੀ ਦੀਆਂ ਫੱਟੀਆਂ ਰੱਖੀਂ ਜੋ ਮੈਂ ਤੈਨੂੰ ਦਿਆਂਗਾ।+
17 “ਤੂੰ ਇਸ ਦਾ ਢੱਕਣ ਖਾਲਸ ਸੋਨੇ ਦਾ ਬਣਾਈਂ। ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਵੇ।+
18 ਤੂੰ ਸੋਨੇ ਦੇ ਦੋ ਕਰੂਬੀ ਬਣਾਈਂ; ਤੂੰ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਇਨ੍ਹਾਂ ਨੂੰ ਬਣਾਈਂ ਅਤੇ ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ’ਤੇ ਰੱਖੀਂ।+
19 ਤੂੰ ਇਹ ਕਰੂਬੀ ਢੱਕਣ ਦੇ ਦੋਵੇਂ ਸਿਰਿਆਂ ’ਤੇ ਰੱਖੀਂ, ਇਕ ਕਰੂਬੀ ਇਕ ਸਿਰੇ ’ਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ’ਤੇ।
20 ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਣ ਅਤੇ ਆਪਣੇ ਖੰਭਾਂ ਨਾਲ ਸੰਦੂਕ ਦੇ ਢੱਕਣ ਨੂੰ ਢਕਿਆ ਹੋਵੇ+ ਅਤੇ ਉਹ ਦੋਵੇਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਉਨ੍ਹਾਂ ਨੇ ਆਪਣੇ ਮੂੰਹ ਥੱਲੇ ਨੂੰ ਸੰਦੂਕ ਦੇ ਢੱਕਣ ਵੱਲ ਕੀਤੇ ਹੋਣ।
21 ਤੂੰ ਸੰਦੂਕ ਉੱਤੇ ਢੱਕਣ ਰੱਖੀਂ+ ਅਤੇ ਸੰਦੂਕ ਵਿਚ ਗਵਾਹੀ ਦੀਆਂ ਫੱਟੀਆਂ ਰੱਖੀਂ ਜਿਹੜੀਆਂ ਮੈਂ ਤੈਨੂੰ ਦਿਆਂਗਾ।
22 ਮੈਂ ਉੱਥੇ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਗਵਾਹੀ ਦੇ ਸੰਦੂਕ ਉੱਤੇ ਰੱਖੇ ਦੋਵੇਂ ਕਰੂਬੀਆਂ ਦੇ ਵਿੱਚੋਂ ਦੀ ਤੈਨੂੰ ਹੁਕਮ ਦਿਆਂਗਾ ਅਤੇ ਤੂੰ ਉਹ ਹੁਕਮ ਇਜ਼ਰਾਈਲੀਆਂ ਨੂੰ ਦੇਈਂ।
23 “ਤੂੰ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਈਂ।+ ਇਹ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ।+
24 ਤੂੰ ਇਸ ਨੂੰ ਖਾਲਸ ਸੋਨੇ ਨਾਲ ਮੜ੍ਹੀਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ।
25 ਤੂੰ ਇਸ ਦੇ ਆਲੇ-ਦੁਆਲੇ ਚੱਪਾ* ਕੁ ਚੌੜੀ ਫੱਟੀ ਲਾਈਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ।
26 ਤੂੰ ਇਸ ਦੇ ਲਈ ਸੋਨੇ ਦੇ ਚਾਰ ਛੱਲੇ ਬਣਾਈਂ ਅਤੇ ਇਨ੍ਹਾਂ ਛੱਲਿਆਂ ਨੂੰ ਮੇਜ਼ ਦੇ ਚਾਰੇ ਕੋਨਿਆਂ ’ਤੇ ਉੱਥੇ ਲਾਈਂ ਜਿੱਥੇ ਇਸ ਦੀਆਂ ਲੱਤਾਂ ਜੋੜੀਆਂ ਜਾਣਗੀਆਂ।
27 ਇਹ ਛੱਲੇ ਫੱਟੀ ਦੇ ਲਾਗੇ ਲਾਏ ਜਾਣ ਤਾਂਕਿ ਇਨ੍ਹਾਂ ਵਿਚ ਡੰਡੇ ਪਾ ਕੇ ਮੇਜ਼ ਨੂੰ ਚੁੱਕਿਆ ਜਾ ਸਕੇ।
28 ਤੂੰ ਕਿੱਕਰ ਦੀ ਲੱਕੜ ਦੇ ਡੰਡੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਇਨ੍ਹਾਂ ਡੰਡਿਆਂ ਨਾਲ ਮੇਜ਼ ਨੂੰ ਚੁੱਕਿਆ ਜਾਵੇ।
29 “ਤੂੰ ਮੇਜ਼ ਲਈ ਥਾਲੀਆਂ, ਪਿਆਲੇ ਅਤੇ ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਤੇ ਕਟੋਰੇ ਬਣਾਈਂ। ਤੂੰ ਇਹ ਸਾਰਾ ਕੁਝ ਖਾਲਸ ਸੋਨੇ ਦਾ ਬਣਾਈਂ।+
30 ਤੂੰ ਮੇਰੇ ਅੱਗੇ ਮੇਜ਼ ’ਤੇ ਹਮੇਸ਼ਾ ਚੜ੍ਹਾਵੇ ਦੀਆਂ ਰੋਟੀਆਂ ਰੱਖੀਂ।+
31 “ਤੂੰ ਖਾਲਸ ਸੋਨੇ ਦਾ ਸ਼ਮਾਦਾਨ ਬਣਾਈਂ।+ ਤੂੰ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਟਾਹਣੀਆਂ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਂ।+
32 ਸ਼ਮਾਦਾਨ ਦੀ ਡੰਡੀ ’ਤੇ ਛੇ ਟਾਹਣੀਆਂ ਹੋਣ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ।
33 ਇਕ ਪਾਸੇ ਦੀ ਹਰ ਟਾਹਣੀ ’ਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ ਜਾਣ।
34 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਹੋਣ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ।
35 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਵੀ ਇਕ ਡੋਡੀ ਹੋਵੇ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਜਾਵੇ।
36 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਜਾਵੇ।+
37 ਤੂੰ ਇਸ ਲਈ ਸੱਤ ਦੀਵੇ ਬਣਾਈਂ। ਜਦੋਂ ਇਹ ਦੀਵੇ ਬਾਲ਼ੇ ਜਾਣ, ਤਾਂ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨਗੇ।+
38 ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਖਾਲਸ ਸੋਨੇ ਦੇ ਬਣਾਏ ਜਾਣ।+
39 ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ।
40 ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।+
ਫੁਟਨੋਟ
^ ਜਾਂ, “ਬਕਸਾ।”
^ ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।