ਕੂਚ 16:1-36

  • ਲੋਕਾਂ ਨੇ ਭੋਜਨ ਬਾਰੇ ਬੁੜ-ਬੁੜ ਕੀਤੀ (1-3)

  • ਯਹੋਵਾਹ ਨੇ ਬੁੜ-ਬੁੜ ਸੁਣੀ (4-12)

  • ਬਟੇਰੇ ਅਤੇ ਮੰਨ ਦਿੱਤਾ ਗਿਆ (13-21)

  • ਸਬਤ ਦੇ ਦਿਨ ਮੰਨ ਨਹੀਂ ਮਿਲਿਆ (22-30)

  • ਕੁਝ ਮੰਨ ਯਾਦਗਾਰ ਵਜੋਂ ਰੱਖਿਆ ਗਿਆ (31-36)

16  ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਏਲੀਮ ਤੋਂ ਤੁਰ ਪਈ ਅਤੇ ਸੀਨ ਦੀ ਉਜਾੜ ਵਿਚ ਆਈ+ ਜੋ ਏਲੀਮ ਅਤੇ ਸੀਨਈ ਦੇ ਵਿਚਕਾਰ ਸੀ। ਇੱਥੇ ਉਹ ਮਿਸਰ ਛੱਡਣ ਤੋਂ ਬਾਅਦ ਦੂਜੇ ਮਹੀਨੇ ਦੀ 15 ਤਾਰੀਖ਼ ਨੂੰ ਆਏ।  ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਜਾੜ ਵਿਚ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗੀ।+  ਇਜ਼ਰਾਈਲੀ ਉਨ੍ਹਾਂ ਨੂੰ ਕਹਿੰਦੇ ਰਹੇ: “ਤੁਸੀਂ ਸਾਨੂੰ ਉਜਾੜ ਵਿਚ ਇਸ ਲਈ ਲਿਆਂਦਾ ਹੈ ਤਾਂਕਿ ਸਾਰੀ ਮੰਡਲੀ ਭੁੱਖੀ ਮਰ ਜਾਵੇ।+ ਇਸ ਤੋਂ ਤਾਂ ਚੰਗਾ ਹੁੰਦਾ ਕਿ ਤੁਸੀਂ ਸਾਨੂੰ ਯਹੋਵਾਹ ਦੇ ਹੱਥੋਂ ਹੀ ਮਿਸਰ ਵਿਚ ਮਰਨ ਦਿੰਦੇ ਜਿੱਥੇ ਅਸੀਂ ਮੀਟ ਦਿਆਂ ਪਤੀਲਿਆਂ ਕੋਲ ਬੈਠਦੇ ਸੀ ਅਤੇ ਰੱਜ ਕੇ ਰੋਟੀ ਖਾਂਦੇ ਸੀ।”+  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਤੁਹਾਡੇ ਲਈ ਆਕਾਸ਼ੋਂ ਰੋਟੀ ਵਰ੍ਹਾਵਾਂਗਾ+ ਅਤੇ ਤੁਹਾਡੇ ਵਿੱਚੋਂ ਹਰੇਕ ਰੋਜ਼ ਬਾਹਰ ਜਾ ਕੇ ਆਪਣੀ ਲੋੜ ਮੁਤਾਬਕ ਰੋਟੀ ਇਕੱਠੀ ਕਰੇ।+ ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਖਾਂਗਾ ਕਿ ਉਹ ਮੇਰੇ ਕਾਨੂੰਨ ਮੁਤਾਬਕ ਚੱਲਦੇ ਹਨ ਜਾਂ ਨਹੀਂ।+  ਪਰ ਉਹ ਛੇਵੇਂ ਦਿਨ+ ਆਪਣੇ ਲਈ ਬਾਕੀ ਦਿਨਾਂ ਨਾਲੋਂ ਦੁਗਣਾ ਖਾਣਾ ਇਕੱਠਾ ਕਰਨ ਅਤੇ ਉਸ ਨੂੰ ਤਿਆਰ ਕਰਨ।”+  ਇਸ ਲਈ ਮੂਸਾ ਤੇ ਹਾਰੂਨ ਨੇ ਸਾਰੇ ਇਜ਼ਰਾਈਲੀਆਂ ਨੂੰ ਕਿਹਾ: “ਸ਼ਾਮੀਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ।+  ਸਵੇਰੇ ਤੁਸੀਂ ਯਹੋਵਾਹ ਦੀ ਮਹਿਮਾ ਦੇਖੋਗੇ ਕਿਉਂਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜ-ਬੁੜ ਕਰੋ?”  ਮੂਸਾ ਨੇ ਅੱਗੇ ਕਿਹਾ: “ਜਦ ਯਹੋਵਾਹ ਸ਼ਾਮੀਂ ਤੁਹਾਨੂੰ ਰੱਜ ਕੇ ਖਾਣ ਲਈ ਮੀਟ ਅਤੇ ਸਵੇਰ ਨੂੰ ਰੋਟੀ ਦੇਵੇਗਾ, ਤਦ ਤੁਸੀਂ ਜਾਣ ਲਵੋਗੇ ਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਪਰ ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜਬੁੜਾ ਰਹੇ ਹੋ? ਤੁਸੀਂ ਸਾਡੇ ਖ਼ਿਲਾਫ਼ ਨਹੀਂ, ਸਗੋਂ ਯਹੋਵਾਹ ਦੇ ਖ਼ਿਲਾਫ਼ ਬੁੜਬੁੜਾ ਰਹੇ ਹੋ।”+  ਤਦ ਮੂਸਾ ਨੇ ਹਾਰੂਨ ਨੂੰ ਕਿਹਾ: “ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਕਹਿ, ‘ਤੁਸੀਂ ਸਾਰੇ ਯਹੋਵਾਹ ਕੋਲ ਆਓ ਕਿਉਂਕਿ ਉਸ ਨੇ ਤੁਹਾਡੀ ਬੁੜ-ਬੁੜ ਸੁਣ ਲਈ ਹੈ।’”+ 10  ਜਿਉਂ ਹੀ ਹਾਰੂਨ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨਾਲ ਆਪਣੀ ਗੱਲ ਖ਼ਤਮ ਕੀਤੀ ਅਤੇ ਉਨ੍ਹਾਂ ਸਾਰਿਆਂ ਨੇ ਮੁੜ ਕੇ ਉਜਾੜ ਵੱਲ ਮੂੰਹ ਕੀਤਾ, ਤਾਂ ਦੇਖੋ! ਯਹੋਵਾਹ ਦੀ ਮਹਿਮਾ ਬੱਦਲ ਵਿਚ ਦਿਖਾਈ ਦਿੱਤੀ।+ 11  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 12  “ਮੈਂ ਇਜ਼ਰਾਈਲੀਆਂ ਦੀ ਬੁੜ-ਬੁੜ ਸੁਣ ਲਈ ਹੈ।+ ਉਨ੍ਹਾਂ ਨੂੰ ਕਹਿ, ‘ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਰੱਜ ਕੇ ਮੀਟ ਖਾਓਗੇ ਅਤੇ ਸਵੇਰੇ ਤੁਸੀਂ ਰੋਟੀ ਖਾਓਗੇ+ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+ 13  ਫਿਰ ਉਸ ਸ਼ਾਮ ਨੂੰ ਬਟੇਰੇ ਆਏ ਅਤੇ ਉਨ੍ਹਾਂ ਨੇ ਪੂਰੀ ਛਾਉਣੀ ਨੂੰ ਢਕ ਲਿਆ+ ਅਤੇ ਸਵੇਰੇ ਛਾਉਣੀ ਦੇ ਚਾਰੇ ਪਾਸੇ ਤ੍ਰੇਲ ਪਈ ਹੋਈ ਸੀ। 14  ਜਦ ਤ੍ਰੇਲ ਉੱਡ ਗਈ, ਤਾਂ ਉਜਾੜ ਵਿਚ ਜ਼ਮੀਨ ਉੱਤੇ ਸਾਰੇ ਪਾਸੇ ਬਾਰੀਕ ਤੇ ਪੇਪੜੀਦਾਰ ਚੀਜ਼ ਪਈ ਸੀ,+ ਜਿਵੇਂ ਜ਼ਮੀਨ ’ਤੇ ਕੋਰਾ ਪਿਆ ਹੋਵੇ। 15  ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+ 16  ਯਹੋਵਾਹ ਨੇ ਹੁਕਮ ਦਿੱਤਾ ਹੈ, ‘ਹਰ ਕੋਈ ਆਪਣੀ ਲੋੜ ਅਨੁਸਾਰ ਉੱਨਾ ਇਕੱਠਾ ਕਰੇ ਜਿੰਨਾ ਉਹ ਖਾ ਸਕਦਾ ਹੈ। ਤੁਹਾਡੇ ਤੰਬੂ ਵਿਚ ਜਿੰਨੇ ਲੋਕ ਹਨ ਉਨ੍ਹਾਂ ਦੀ ਗਿਣਤੀ ਮੁਤਾਬਕ ਹਰ ਕਿਸੇ ਲਈ ਇਕ-ਇਕ ਓਮਰ*+ ਮਿਣ ਕੇ ਲਓ।’” 17  ਇਜ਼ਰਾਈਲੀਆਂ ਨੇ ਇਸੇ ਤਰ੍ਹਾਂ ਕੀਤਾ। ਉਹ ਜਾ ਕੇ ਖਾਣਾ ਇਕੱਠਾ ਕਰਨ ਲੱਗੇ ਅਤੇ ਕਈਆਂ ਨੇ ਜ਼ਿਆਦਾ ਇਕੱਠਾ ਕੀਤਾ ਅਤੇ ਕਈਆਂ ਨੇ ਘੱਟ। 18  ਜਦੋਂ ਉਨ੍ਹਾਂ ਨੇ ਇਸ ਨੂੰ ਓਮਰ ਨਾਲ ਮਿਣਿਆ, ਤਾਂ ਜਿਸ ਨੇ ਜ਼ਿਆਦਾ ਇਕੱਠਾ ਕੀਤਾ ਉਸ ਕੋਲ ਜ਼ਿਆਦਾ ਨਾ ਨਿਕਲਿਆ ਅਤੇ ਜਿਸ ਨੇ ਘੱਟ ਇਕੱਠਾ ਕੀਤਾ, ਤਾਂ ਉਸ ਕੋਲ ਘੱਟ ਨਾ ਨਿਕਲਿਆ।+ ਹਰੇਕ ਨੇ ਆਪੋ-ਆਪਣੇ ਖਾਣ ਜੋਗਾ ਇਕੱਠਾ ਕੀਤਾ ਸੀ। 19  ਫਿਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਕੋਈ ਵੀ ਸਵੇਰ ਹੋਣ ਤਕ ਆਪਣੇ ਕੋਲ ਇਸ ਨੂੰ ਬਚਾ ਕੇ ਨਾ ਰੱਖੇ।”+ 20  ਪਰ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਸੁਣੀ। ਕੁਝ ਲੋਕਾਂ ਨੇ ਇਸ ਨੂੰ ਸਵੇਰ ਤਕ ਬਚਾ ਕੇ ਰੱਖਿਆ, ਪਰ ਉਸ ਵਿਚ ਕੀੜੇ ਪੈ ਗਏ ਅਤੇ ਬਦਬੂ ਆਉਣ ਲੱਗ ਪਈ। ਇਹ ਦੇਖ ਮੂਸਾ ਦਾ ਗੁੱਸਾ ਲੋਕਾਂ ’ਤੇ ਭੜਕ ਉੱਠਿਆ। 21  ਉਹ ਰੋਜ਼ ਸਵੇਰੇ ਆਪੋ-ਆਪਣੇ ਖਾਣ ਜੋਗਾ ਇਕੱਠਾ ਕਰਦੇ ਸਨ। ਜਦ ਧੁੱਪ ਤਿੱਖੀ ਹੁੰਦੀ ਸੀ, ਤਾਂ ਇਹ ਪਿਘਲ ਜਾਂਦਾ ਸੀ। 22  ਛੇਵੇਂ ਦਿਨ ਉਹ ਦੁਗਣਾ ਖਾਣਾ ਇਕੱਠਾ ਕਰਦੇ ਸਨ।+ ਉਹ ਹਰੇਕ ਲਈ ਦੋ ਓਮਰ ਮਿਣ ਕੇ ਲੈਂਦੇ ਸੀ। ਇਸ ਲਈ ਮੰਡਲੀ ਦੇ ਸਾਰੇ ਮੁਖੀਆਂ ਨੇ ਮੂਸਾ ਨੂੰ ਆ ਕੇ ਇਸ ਬਾਰੇ ਦੱਸਿਆ। 23  ਮੂਸਾ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਕਿਹਾ ਹੈ: ਕੱਲ੍ਹ ਪੂਰੀ ਤਰ੍ਹਾਂ ਆਰਾਮ ਕਰਨ* ਦਾ ਦਿਨ ਹੈ। ਇਹ ਯਹੋਵਾਹ ਦਾ ਪਵਿੱਤਰ ਸਬਤ*+ ਹੈ। ਇਸ ਲਈ ਤੁਸੀਂ ਜੋ ਪਕਾਉਣਾ ਹੈ, ਪਕਾ ਲਵੋ ਅਤੇ ਜੋ ਉਬਾਲਣਾ ਹੈ, ਉਬਾਲ ਲਵੋ।+ ਅਤੇ ਬਚਿਆ ਹੋਇਆ ਖਾਣਾ ਤੁਸੀਂ ਕੱਲ੍ਹ ਸਵੇਰ ਲਈ ਰੱਖ ਲਓ।” 24  ਇਸ ਲਈ ਉਨ੍ਹਾਂ ਨੇ ਮੂਸਾ ਦੇ ਕਹੇ ਮੁਤਾਬਕ ਇਸ ਨੂੰ ਸਵੇਰ ਤਕ ਬਚਾ ਕੇ ਰੱਖਿਆ ਅਤੇ ਨਾ ਤਾਂ ਇਸ ਵਿੱਚੋਂ ਬਦਬੂ ਆਈ ਅਤੇ ਨਾ ਹੀ ਇਸ ਵਿਚ ਕੀੜੇ ਪਏ। 25  ਫਿਰ ਮੂਸਾ ਨੇ ਕਿਹਾ: “ਤੁਸੀਂ ਇਸ ਨੂੰ ਅੱਜ ਖਾਓ ਕਿਉਂਕਿ ਅੱਜ ਯਹੋਵਾਹ ਦਾ ਸਬਤ ਹੈ। ਅੱਜ ਇਹ ਤੁਹਾਨੂੰ ਜ਼ਮੀਨ ਉੱਤੇ ਨਹੀਂ ਮਿਲੇਗਾ। 26  ਤੁਸੀਂ ਛੇ ਦਿਨ ਇਸ ਨੂੰ ਇਕੱਠਾ ਕਰੋ, ਪਰ ਸੱਤਵਾਂ ਦਿਨ ਸਬਤ ਦਾ ਦਿਨ+ ਹੋਣ ਕਰਕੇ ਤੁਹਾਨੂੰ ਇਹ ਨਹੀਂ ਮਿਲੇਗਾ।” 27  ਫਿਰ ਵੀ ਕੁਝ ਲੋਕ ਸੱਤਵੇਂ ਦਿਨ ਬਾਹਰ ਖਾਣਾ ਇਕੱਠਾ ਕਰਨ ਗਏ, ਪਰ ਉਨ੍ਹਾਂ ਨੂੰ ਕੁਝ ਨਾ ਮਿਲਿਆ। 28  ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੁਸੀਂ ਕਦ ਤਕ ਮੇਰੇ ਹੁਕਮਾਂ ਅਤੇ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਗੇ?+ 29  ਯਾਦ ਰੱਖੋ ਕਿ ਯਹੋਵਾਹ ਨੇ ਤੁਹਾਡੇ ਲਈ ਸਬਤ ਦਾ ਦਿਨ ਠਹਿਰਾਇਆ ਹੈ।+ ਇਸੇ ਕਰਕੇ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦੇ ਰਿਹਾ ਹੈ। ਸੱਤਵੇਂ ਦਿਨ ਹਰ ਕੋਈ ਆਪੋ-ਆਪਣੀ ਜਗ੍ਹਾ ’ਤੇ ਰਹੇ ਅਤੇ ਬਾਹਰ ਨਾ ਜਾਵੇ।” 30  ਇਸ ਲਈ ਲੋਕਾਂ ਨੇ ਸੱਤਵੇਂ ਦਿਨ ਸਬਤ ਮਨਾਇਆ।*+ 31  ਇਜ਼ਰਾਈਲ ਦੇ ਘਰਾਣੇ ਨੇ ਉਸ ਰੋਟੀ ਦਾ ਨਾਂ “ਮੰਨ”* ਰੱਖਿਆ। ਇਹ ਧਨੀਏ ਦੇ ਬੀਆਂ ਵਾਂਗ ਚਿੱਟਾ ਸੀ ਅਤੇ ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ।+ 32  ਫਿਰ ਮੂਸਾ ਨੇ ਕਿਹਾ: “ਯਹੋਵਾਹ ਨੇ ਹੁਕਮ ਦਿੱਤਾ ਹੈ, ‘ਇਸ ਦਾ ਇਕ ਓਮਰ ਮਿਣ ਕੇ ਰੱਖੋ ਤਾਂਕਿ ਇਹ ਪੀੜ੍ਹੀਓ-ਪੀੜ੍ਹੀ ਰਹੇ+ ਅਤੇ ਤੁਹਾਡੀਆਂ ਪੀੜ੍ਹੀਆਂ ਦੇਖ ਸਕਣ ਕਿ ਜਦੋਂ ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਤਾਂ ਮੈਂ ਤੁਹਾਨੂੰ ਉਜਾੜ ਵਿਚ ਕੀ ਖਾਣ ਲਈ ਦਿੱਤਾ ਸੀ।’” 33  ਇਸ ਲਈ ਮੂਸਾ ਨੇ ਹਾਰੂਨ ਨੂੰ ਕਿਹਾ: “ਇਕ ਮਰਤਬਾਨ ਲੈ ਅਤੇ ਇਕ ਓਮਰ ਮਿਣ ਕੇ ਮੰਨ ਇਸ ਵਿਚ ਪਾ ਅਤੇ ਇਸ ਨੂੰ ਯਹੋਵਾਹ ਦੇ ਸਾਮ੍ਹਣੇ ਰੱਖ ਦੇ ਤਾਂ ਜੋ ਇਹ ਪੀੜ੍ਹੀਓ-ਪੀੜ੍ਹੀ ਸਾਂਭਿਆ ਰਹੇ।”+ 34  ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਮੁਤਾਬਕ ਹਾਰੂਨ ਨੇ ਇਸ ਨੂੰ ਗਵਾਹੀ ਦੇ ਸੰਦੂਕ*+ ਦੇ ਅੱਗੇ ਰੱਖ ਦਿੱਤਾ ਤਾਂਕਿ ਇਹ ਸਾਂਭਿਆ ਰਹੇ। 35  ਇਜ਼ਰਾਈਲੀਆਂ ਨੇ ਕਨਾਨ ਦੇਸ਼ ਦੀ ਸਰਹੱਦ ’ਤੇ+ ਪਹੁੰਚਣ ਤਕ 40 ਸਾਲ ਮੰਨ ਖਾਧਾ।+ ਉਨ੍ਹਾਂ ਨੇ ਤਦ ਤਕ ਮੰਨ ਖਾਧਾ ਜਦ ਤਕ ਉਹ ਵੱਸੇ-ਵਸਾਏ ਦੇਸ਼ ਵਿਚ ਨਹੀਂ ਆ ਗਏ।+ 36  ਇਕ ਓਮਰ ਏਫਾ* ਦਾ ਦਸਵਾਂ ਹਿੱਸਾ ਹੁੰਦਾ ਹੈ।

ਫੁਟਨੋਟ

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।
ਲਗਭਗ 2.2 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਸਬਤ ਮਨਾਉਣ।”
ਜਾਂ, “ਆਰਾਮ ਕੀਤਾ।”
ਸ਼ਾਇਦ ਇਬਰਾਨੀ ਵਿਚ ਮਤਲਬ ਹੈ, “ਆਹ ਕੀ ਹੈ?”
ਇਸ ਵਿਚ ਜ਼ਰੂਰੀ ਦਸਤਾਵੇਜ਼ ਸਾਂਭ ਕੇ ਰੱਖੇ ਜਾਂਦੇ ਸਨ।
ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।