ਕੂਚ 10:1-29

  • ਅੱਠਵੀਂ ਆਫ਼ਤ: ਟਿੱਡੀਆਂ (1-20)

  • ਨੌਵੀਂ ਆਫ਼ਤ: ਹਨੇਰਾ (21-29)

10  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਕੋਲ ਜਾਹ ਕਿਉਂਕਿ ਮੈਂ ਉਸ ਦਾ ਅਤੇ ਉਸ ਦੇ ਨੌਕਰਾਂ ਦਾ ਦਿਲ ਕਠੋਰ ਹੋਣ ਦਿੱਤਾ ਹੈ+ ਤਾਂਕਿ ਮੈਂ ਉਸ ਦੀਆਂ ਨਜ਼ਰਾਂ ਸਾਮ੍ਹਣੇ ਆਪਣੀਆਂ ਕਰਾਮਾਤਾਂ ਦਿਖਾਵਾਂ+  ਅਤੇ ਤੂੰ ਆਪਣੇ ਪੁੱਤ-ਪੋਤਿਆਂ ਨੂੰ ਦੱਸੇਂ ਕਿ ਮੈਂ ਮਿਸਰੀਆਂ ਨੂੰ ਕਿੰਨੀ ਸਖ਼ਤ ਸਜ਼ਾ ਦਿੱਤੀ ਅਤੇ ਮੈਂ ਉਨ੍ਹਾਂ ਵਿਚਕਾਰ ਕਿਹੜੀਆਂ-ਕਿਹੜੀਆਂ ਕਰਾਮਾਤਾਂ ਕੀਤੀਆਂ।+ ਇਸ ਤੋਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।”  ਇਸ ਲਈ ਮੂਸਾ ਤੇ ਹਾਰੂਨ ਨੇ ਫ਼ਿਰਊਨ ਕੋਲ ਜਾ ਕੇ ਕਿਹਾ: “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ, ‘ਤੂੰ ਕਦੋਂ ਤਕ ਮੇਰੇ ਸਾਮ੍ਹਣੇ ਝੁਕਣ ਤੋਂ ਇਨਕਾਰ ਕਰਦਾ ਰਹੇਂਗਾ?+ ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।  ਜੇ ਤੂੰ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕਰਦਾ ਰਹੇਂਗਾ, ਤਾਂ ਮੈਂ ਕੱਲ੍ਹ ਨੂੰ ਤੇਰੇ ਦੇਸ਼ ਵਿਚ ਟਿੱਡੀਆਂ ਲਿਆਵਾਂਗਾ।  ਟਿੱਡੀਆਂ ਜ਼ਮੀਨ ਨੂੰ ਪੂਰੀ ਤਰ੍ਹਾਂ ਢਕ ਲੈਣਗੀਆਂ ਜਿਸ ਕਰਕੇ ਜ਼ਮੀਨ ਤਕ ਦਿਖਾਈ ਨਹੀਂ ਦੇਵੇਗੀ। ਟਿੱਡੀਆਂ ਤੇਰਾ ਸਭ ਕੁਝ ਚੱਟ ਕਰ ਜਾਣਗੀਆਂ ਜੋ ਗੜਿਆਂ ਦੀ ਮਾਰ ਤੋਂ ਬਚ ਗਿਆ ਹੈ ਅਤੇ ਖੇਤਾਂ ਵਿਚ ਉੱਗੇ ਤੇਰੇ ਸਾਰੇ ਦਰਖ਼ਤ ਖਾ ਜਾਣਗੀਆਂ।+  ਤੇਰੇ ਘਰ, ਤੇਰੇ ਸਾਰੇ ਨੌਕਰਾਂ ਦੇ ਘਰ ਅਤੇ ਮਿਸਰ ਦੇ ਸਾਰੇ ਘਰ ਟਿੱਡੀਆਂ ਨਾਲ ਭਰ ਜਾਣਗੇ। ਤੇਰੇ ਦਾਦਿਆਂ-ਪੜਦਾਦਿਆਂ ਨੇ ਇਸ ਦੇਸ਼ ਵਿਚ ਵੱਸਣ ਦੇ ਸਮੇਂ ਤੋਂ ਲੈ ਕੇ ਅੱਜ ਤਕ ਇੰਨੀਆਂ ਟਿੱਡੀਆਂ ਨਹੀਂ ਦੇਖੀਆਂ ਹੋਣਗੀਆਂ।’”+ ਇਹ ਕਹਿ ਕੇ ਉਹ ਫ਼ਿਰਊਨ ਕੋਲੋਂ ਚਲਾ ਗਿਆ।  ਫਿਰ ਫ਼ਿਰਊਨ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਇਹ ਬੰਦਾ ਕਦੋਂ ਤਕ ਸਾਡੇ ਲਈ ਮੁਸੀਬਤ* ਬਣਿਆ ਰਹੇਗਾ? ਕੀ ਤੈਨੂੰ ਅਜੇ ਵੀ ਅਹਿਸਾਸ ਨਹੀਂ ਹੋਇਆ ਕਿ ਮਿਸਰ ਬਰਬਾਦ ਹੋ ਗਿਆ ਹੈ? ਇਨ੍ਹਾਂ ਦੇ ਆਦਮੀਆਂ ਨੂੰ ਘੱਲ ਦੇ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ* ਕਰਨ।”  ਇਸ ਲਈ ਮੂਸਾ ਤੇ ਹਾਰੂਨ ਨੂੰ ਦੁਬਾਰਾ ਫ਼ਿਰਊਨ ਸਾਮ੍ਹਣੇ ਲਿਆਂਦਾ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ, ਜਾ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ* ਕਰੋ। ਪਰ ਇਹ ਦੱਸੋ ਕਿ ਤੁਹਾਡੇ ਵਿੱਚੋਂ ਕੌਣ-ਕੌਣ ਜਾਵੇਗਾ?”  ਮੂਸਾ ਨੇ ਜਵਾਬ ਦਿੱਤਾ: “ਅਸੀਂ ਸਾਰੇ ਜਾਵਾਂਗੇ, ਸਾਡੇ ਬੁੱਢੇ ਤੇ ਜਵਾਨ, ਸਾਡੇ ਧੀਆਂ-ਪੁੱਤਰ, ਸਾਡੀਆਂ ਭੇਡਾਂ-ਬੱਕਰੀਆਂ ਤੇ ਸਾਡੇ ਗਾਂਵਾਂ-ਬਲਦ+ ਕਿਉਂਕਿ ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਵਾਂਗੇ।”+ 10  ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਕੀ ਲੱਗਦਾ ਕਿ ਮੈਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜਾਣ ਦਿਆਂਗਾ? ਜੇ ਇੱਦਾਂ ਹੋ ਗਿਆ, ਤਾਂ ਇਸ ਤੋਂ ਸਾਬਤ ਹੋਵੇਗਾ ਕਿ ਯਹੋਵਾਹ ਵਾਕਈ ਤੁਹਾਡੇ ਨਾਲ ਹੈ!+ ਇਹ ਗੱਲ ਤਾਂ ਸਾਫ਼ ਹੈ ਕਿ ਤੁਸੀਂ ਕੁਝ ਬੁਰਾ ਕਰਨ ਦਾ ਇਰਾਦਾ ਕੀਤਾ ਹੈ। 11  ਇਸ ਲਈ ਮੈਂ ਸਾਰਿਆਂ ਨੂੰ ਨਹੀਂ ਜਾਣ ਦਿਆਂਗਾ। ਸਿਰਫ਼ ਤੁਹਾਡੇ ਆਦਮੀ ਹੀ ਜਾ ਕੇ ਯਹੋਵਾਹ ਦੀ ਭਗਤੀ* ਕਰ ਸਕਦੇ ਹਨ ਕਿਉਂਕਿ ਪਹਿਲਾਂ ਤੁਸੀਂ ਇਹੀ ਬੇਨਤੀ ਕੀਤੀ ਸੀ।” ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਰਊਨ ਦੇ ਸਾਮ੍ਹਣਿਓਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ। 12  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂਕਿ ਪੂਰੇ ਦੇਸ਼ ਵਿਚ ਟਿੱਡੀਆਂ ਆ ਜਾਣ ਅਤੇ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਚੱਟ ਕਰ ਜਾਣ।” 13  ਉਸੇ ਵੇਲੇ ਮੂਸਾ ਨੇ ਮਿਸਰ ਵੱਲ ਆਪਣਾ ਡੰਡਾ ਕੀਤਾ ਅਤੇ ਯਹੋਵਾਹ ਨੇ ਸਾਰਾ ਦਿਨ ਤੇ ਸਾਰੀ ਰਾਤ ਪੂਰਬ ਵੱਲੋਂ ਹਵਾ ਵਗਾਈ। ਸਵੇਰ ਨੂੰ ਪੂਰਬ ਵੱਲੋਂ ਹਵਾ ਆਪਣੇ ਨਾਲ ਟਿੱਡੀਆਂ ਲੈ ਆਈ। 14  ਪੂਰੇ ਮਿਸਰ ਵਿਚ ਟਿੱਡੀਆਂ ਹੀ ਟਿੱਡੀਆਂ ਹੋ ਗਈਆਂ ਅਤੇ ਸਾਰੇ ਇਲਾਕੇ ਵਿਚ ਜ਼ਮੀਨ ’ਤੇ ਬੈਠ ਗਈਆਂ।+ ਇਨ੍ਹਾਂ ਨੇ ਬਹੁਤ ਤਬਾਹੀ ਮਚਾਈ।+ ਪਹਿਲਾਂ ਕਦੀ ਇੰਨੀਆਂ ਟਿੱਡੀਆਂ ਨਹੀਂ ਆਈਆਂ ਤੇ ਨਾ ਹੀ ਦੁਬਾਰਾ ਕਦੇ ਆਉਣਗੀਆਂ। 15  ਉਨ੍ਹਾਂ ਨੇ ਮਿਸਰ ਦੀ ਪੂਰੀ ਜ਼ਮੀਨ ਨੂੰ ਢਕ ਲਿਆ ਅਤੇ ਉਨ੍ਹਾਂ ਕਰਕੇ ਦੇਸ਼ ਵਿਚ ਹਨੇਰਾ ਛਾ ਗਿਆ।* ਉਹ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਅਤੇ ਦਰਖ਼ਤਾਂ ਦੇ ਫਲ ਖਾ ਗਈਆਂ; ਉਨ੍ਹਾਂ ਨੇ ਪੂਰੇ ਮਿਸਰ ਵਿਚ ਦਰਖ਼ਤਾਂ ਅਤੇ ਪੇੜ-ਪੌਦਿਆਂ ’ਤੇ ਇਕ ਵੀ ਹਰਾ ਪੱਤਾ ਨਾ ਛੱਡਿਆ। 16  ਇਸ ਲਈ ਫ਼ਿਰਊਨ ਨੇ ਫਟਾਫਟ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਮੈਂ ਤੁਹਾਡੇ ਪਰਮੇਸ਼ੁਰ ਯਹੋਵਾਹ ਅਤੇ ਤੁਹਾਡੇ ਖ਼ਿਲਾਫ਼ ਪਾਪ ਕੀਤਾ ਹੈ। 17  ਕਿਰਪਾ ਕਰ ਕੇ ਤੁਸੀਂ ਇਸ ਵਾਰ ਮੇਰਾ ਪਾਪ ਮਾਫ਼ ਕਰ ਦਿਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ’ਤੇ ਆਈ ਇਹ ਭਿਆਨਕ ਆਫ਼ਤ ਹਟਾ ਦੇਵੇ।” 18  ਇਸ ਲਈ ਉਹ* ਫ਼ਿਰਊਨ ਦੇ ਕੋਲੋਂ ਚਲਾ ਗਿਆ ਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 19  ਫਿਰ ਯਹੋਵਾਹ ਨੇ ਹਵਾ ਦਾ ਰੁਖ ਬਦਲ ਦਿੱਤਾ ਅਤੇ ਇਹ ਹਨੇਰੀ ਦਾ ਰੂਪ ਧਾਰ ਕੇ ਪੱਛਮ ਵੱਲੋਂ ਵਗਣ ਲੱਗੀ ਅਤੇ ਟਿੱਡੀਆਂ ਨੂੰ ਉਡਾ ਕੇ ਲੈ ਗਈ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਵਿਚ ਸੁੱਟ ਦਿੱਤਾ। ਪੂਰੇ ਮਿਸਰ ਵਿਚ ਇਕ ਵੀ ਟਿੱਡੀ ਨਾ ਬਚੀ। 20  ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ+ ਅਤੇ ਉਸ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ। 21  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਆਕਾਸ਼ ਵੱਲ ਚੁੱਕ ਤਾਂਕਿ ਮਿਸਰ ਵਿਚ ਹਨੇਰਾ ਛਾ ਜਾਵੇ, ਇੰਨਾ ਘੁੱਪ ਹਨੇਰਾ ਜਿਸ ਨੂੰ ਮਹਿਸੂਸ ਕੀਤਾ ਜਾ ਸਕੇ।” 22  ਮੂਸਾ ਨੇ ਉਸੇ ਵੇਲੇ ਆਕਾਸ਼ ਵੱਲ ਆਪਣਾ ਹੱਥ ਚੁੱਕਿਆ ਅਤੇ ਪੂਰੇ ਮਿਸਰ ਵਿਚ ਤਿੰਨ ਦਿਨ ਘੁੱਪ ਹਨੇਰਾ ਛਾਇਆ ਰਿਹਾ।+ 23  ਮਿਸਰੀ ਇਕ-ਦੂਜੇ ਨੂੰ ਦੇਖ ਨਾ ਸਕੇ ਅਤੇ ਉਹ ਜਿੱਥੇ ਵੀ ਸਨ, ਉਹ ਤਿੰਨ ਦਿਨ ਉੱਥੇ ਹੀ ਰਹੇ; ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।+ 24  ਫਿਰ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਕਿਹਾ: “ਜਾਓ, ਜਾ ਕੇ ਯਹੋਵਾਹ ਦੀ ਭਗਤੀ ਕਰੋ।+ ਤੁਸੀਂ ਆਪਣੇ ਬੱਚੇ ਵੀ ਨਾਲ ਲਿਜਾ ਸਕਦੇ ਹੋ, ਪਰ ਆਪਣੀਆਂ ਭੇਡਾਂ-ਬੱਕਰੀਆਂ ਤੇ ਗਾਂਵਾਂ-ਬਲਦ ਨਹੀਂ ਲਿਜਾ ਸਕਦੇ।” 25  ਪਰ ਮੂਸਾ ਨੇ ਕਿਹਾ: “ਤੂੰ ਆਪ ਸਾਨੂੰ ਬਲ਼ੀਆਂ ਤੇ ਹੋਮ-ਬਲ਼ੀਆਂ ਲਈ ਜਾਨਵਰ ਵੀ ਦੇਵੇਂਗਾ* ਅਤੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਉਨ੍ਹਾਂ ਦੀਆਂ ਬਲ਼ੀਆਂ ਚੜ੍ਹਾਵਾਂਗੇ।+ 26  ਅਸੀਂ ਆਪਣੇ ਪਸ਼ੂ ਵੀ ਨਾਲ ਲੈ ਕੇ ਜਾਵਾਂਗੇ। ਅਸੀਂ ਕੋਈ ਵੀ ਪਸ਼ੂ* ਛੱਡ ਕੇ ਨਹੀਂ ਜਾਵਾਂਗੇ ਕਿਉਂਕਿ ਅਸੀਂ ਉਨ੍ਹਾਂ ਵਿੱਚੋਂ ਕੁਝ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਵੇਲੇ ਚੜ੍ਹਾਵਾਂਗੇ। ਸਾਨੂੰ ਨਹੀਂ ਪਤਾ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਵੇਲੇ ਕਿਹੜੇ ਜਾਨਵਰ ਚੜ੍ਹਾਵਾਂਗੇ, ਉੱਥੇ ਪਹੁੰਚ ਕੇ ਹੀ ਸਾਨੂੰ ਪਤਾ ਲੱਗੇਗਾ।” 27  ਇਸ ਲਈ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਹ ਉਨ੍ਹਾਂ ਨੂੰ ਘੱਲਣ ਲਈ ਨਹੀਂ ਮੰਨਿਆ।+ 28  ਫ਼ਿਰਊਨ ਨੇ ਉਸ ਨੂੰ ਕਿਹਾ: “ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਹ! ਤੂੰ ਦੁਬਾਰਾ ਮੇਰੇ ਸਾਮ੍ਹਣੇ ਆਉਣ ਦੀ ਜੁਰਅਤ ਨਾ ਕਰੀਂ ਕਿਉਂਕਿ ਜਿਸ ਦਿਨ ਤੂੰ ਮੇਰੇ ਸਾਮ੍ਹਣੇ ਆ ਗਿਆ, ਉਸ ਦਿਨ ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ।” 29  ਇਹ ਸੁਣ ਕੇ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਮੈਂ ਕਦੇ ਤੇਰੇ ਸਾਮ੍ਹਣੇ ਨਹੀਂ ਆਵਾਂਗਾ।”

ਫੁਟਨੋਟ

ਇਬ, “ਸੇਵਾ।”
ਇਬ, “ਫੰਦਾ।”
ਇਬ, “ਸੇਵਾ।”
ਇਬ, “ਸੇਵਾ।”
ਇਬ, “ਸੇਵਾ।”
ਜਾਂ, “ਜ਼ਮੀਨ ਕਾਲੀ ਹੋ ਗਈ।”
ਲੱਗਦਾ ਹੈ ਕਿ ਇੱਥੇ ਮੂਸਾ ਦੀ ਗੱਲ ਕੀਤੀ ਗਈ ਹੈ।
ਜਾਂ, “ਲਿਜਾਣ ਦੇਵੇਂਗਾ।”
ਇਬ, “ਖੁਰ।”