ਉਤਪਤ 31:1-55
31 ਕੁਝ ਸਮੇਂ ਬਾਅਦ ਯਾਕੂਬ ਨੇ ਸੁਣਿਆ ਕਿ ਲਾਬਾਨ ਦੇ ਮੁੰਡੇ ਕਹਿ ਰਹੇ ਸਨ: “ਯਾਕੂਬ ਨੇ ਸਾਡੇ ਪਿਤਾ ਦਾ ਸਭ ਕੁਝ ਲੈ ਲਿਆ ਹੈ ਅਤੇ ਸਾਡੇ ਪਿਤਾ ਦੀ ਜਾਇਦਾਦ ਨਾਲ ਉਹ ਇੰਨਾ ਅਮੀਰ ਹੋ ਗਿਆ ਹੈ।”+
2 ਲਾਬਾਨ ਦਾ ਚਿਹਰਾ ਦੇਖ ਕੇ ਯਾਕੂਬ ਨੂੰ ਅਹਿਸਾਸ ਹੋ ਗਿਆ ਕਿ ਉਸ ਪ੍ਰਤੀ ਲਾਬਾਨ ਦਾ ਰਵੱਈਆ ਪਹਿਲਾਂ ਵਰਗਾ ਨਹੀਂ ਰਿਹਾ।+
3 ਅਖ਼ੀਰ ਯਹੋਵਾਹ ਨੇ ਯਾਕੂਬ ਨੂੰ ਕਿਹਾ: “ਤੂੰ ਆਪਣੇ ਪਿਉ-ਦਾਦਿਆਂ ਦੇ ਦੇਸ਼ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਵਾਪਸ ਚਲਾ ਜਾਹ+ ਅਤੇ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ।”
4 ਫਿਰ ਯਾਕੂਬ ਨੇ ਸੁਨੇਹਾ ਘੱਲ ਕੇ ਰਾਕੇਲ ਅਤੇ ਲੇਆਹ ਨੂੰ ਮੈਦਾਨ ਵਿਚ ਸੱਦ ਲਿਆ ਜਿੱਥੇ ਉਹ ਆਪਣਾ ਇੱਜੜ ਚਾਰ ਰਿਹਾ ਸੀ।
5 ਉਸ ਨੇ ਉਨ੍ਹਾਂ ਨੂੰ ਕਿਹਾ:
“ਮੈਂ ਦੇਖਿਆ ਹੈ ਕਿ ਮੇਰੇ ਪ੍ਰਤੀ ਤੁਹਾਡੇ ਪਿਤਾ ਦਾ ਰਵੱਈਆ ਬਦਲ ਗਿਆ ਹੈ,+ ਜਦ ਕਿ ਮੇਰੇ ਪਿਤਾ ਦਾ ਪਰਮੇਸ਼ੁਰ ਹਮੇਸ਼ਾ ਮੇਰੇ ਨਾਲ ਰਿਹਾ ਹੈ।+
6 ਤੁਸੀਂ ਦੋਵੇਂ ਚੰਗੀ ਤਰ੍ਹਾਂ ਜਾਣਦੀਆਂ ਹੋ ਕਿ ਮੈਂ ਪੂਰੀ ਮਿਹਨਤ ਨਾਲ ਤੁਹਾਡੇ ਪਿਤਾ ਦੀ ਮਜ਼ਦੂਰੀ ਕੀਤੀ।+
7 ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪਰਮੇਸ਼ੁਰ ਨੇ ਉਸ ਦੇ ਹੱਥੋਂ ਮੇਰਾ ਨੁਕਸਾਨ ਨਹੀਂ ਹੋਣ ਦਿੱਤਾ।
8 ਜਦ ਉਸ ਨੇ ਕਿਹਾ, ‘ਡੱਬ-ਖੜੱਬੀਆਂ ਭੇਡਾਂ-ਬੱਕਰੀਆਂ ਤੇਰੀ ਮਜ਼ਦੂਰੀ ਹੋਣਗੀਆਂ,’ ਤਾਂ ਪੂਰੇ ਇੱਜੜ ਨੇ ਡੱਬ-ਖੜੱਬੇ ਬੱਚੇ ਦਿੱਤੇ; ਪਰ ਜਦ ਉਸ ਨੇ ਕਿਹਾ: ‘ਧਾਰੀਆਂ ਵਾਲੀਆਂ ਭੇਡਾਂ-ਬੱਕਰੀਆਂ ਤੇਰੀ ਮਜ਼ਦੂਰੀ ਹੋਣਗੀਆਂ,’ ਤਾਂ ਪੂਰੇ ਇੱਜੜ ਨੇ ਧਾਰੀਆਂ ਵਾਲੇ ਬੱਚੇ ਦਿੱਤੇ।+
9 ਪਰਮੇਸ਼ੁਰ ਨੇ ਹੀ ਮੈਨੂੰ ਕਾਮਯਾਬੀ ਬਖ਼ਸ਼ੀ ਅਤੇ ਉਹ ਮੈਨੂੰ ਤੁਹਾਡੇ ਪਿਤਾ ਦੇ ਇੱਜੜ ਵਿੱਚੋਂ ਦਿੰਦਾ ਰਿਹਾ।
10 ਇਕ ਵਾਰ ਜਦੋਂ ਇੱਜੜ ਦੇ ਮੇਲ ਕਰਨ ਦਾ ਸਮਾਂ ਸੀ, ਤਾਂ ਮੈਂ ਆਪਣੀਆਂ ਨਜ਼ਰਾਂ ਚੁੱਕ ਕੇ ਇਕ ਸੁਪਨੇ ਵਿਚ ਦੇਖਿਆ ਕਿ ਬੱਕਰੀਆਂ ਨਾਲ ਮੇਲ ਕਰ ਰਹੇ ਬੱਕਰੇ ਧਾਰੀਆਂ ਵਾਲੇ, ਡੱਬ-ਖੜੱਬੇ ਅਤੇ ਦਾਗ਼ਾਂ ਵਾਲੇ ਹਨ।+
11 ਫਿਰ ਸੱਚੇ ਪਰਮੇਸ਼ੁਰ ਦੇ ਦੂਤ ਨੇ ਸੁਪਨੇ ਵਿਚ ਮੈਨੂੰ ਆਵਾਜ਼ ਮਾਰੀ: ‘ਯਾਕੂਬ!’ ਅਤੇ ਮੈਂ ਉੱਤਰ ਦਿੱਤਾ, ‘ਪ੍ਰਭੂ, ਮੈਂ ਹਾਜ਼ਰ ਹਾਂ।’
12 ਫਿਰ ਉਸ ਨੇ ਅੱਗੇ ਕਿਹਾ, ‘ਕਿਰਪਾ ਕਰ ਕੇ ਦੇਖ ਕਿ ਬੱਕਰੀਆਂ ਨਾਲ ਮੇਲ ਕਰ ਰਹੇ ਬੱਕਰੇ ਧਾਰੀਆਂ ਵਾਲੇ, ਡੱਬ-ਖੜੱਬੇ ਅਤੇ ਦਾਗ਼ਾਂ ਵਾਲੇ ਹਨ। ਮੈਂ ਹੀ ਇਹ ਸਭ ਕੁਝ ਕਰਾ ਰਿਹਾ ਹਾਂ ਕਿਉਂਕਿ ਮੈਂ ਦੇਖਿਆ ਹੈ ਕਿ ਲਾਬਾਨ ਤੇਰੇ ਨਾਲ ਕੀ ਸਲੂਕ ਕਰ ਰਿਹਾ ਹੈ।+
13 ਮੈਂ ਸੱਚਾ ਪਰਮੇਸ਼ੁਰ ਹਾਂ ਜੋ ਬੈਤੇਲ+ ਵਿਚ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ ਜਿੱਥੇ ਤੂੰ ਤੇਲ ਪਾ ਕੇ ਇਕ ਥੰਮ੍ਹ ਨੂੰ ਪਵਿੱਤਰ ਕੀਤਾ ਸੀ ਅਤੇ ਜਿੱਥੇ ਤੂੰ ਮੇਰੇ ਸਾਮ੍ਹਣੇ ਸੁੱਖਣਾ ਸੁੱਖੀ ਸੀ।+ ਹੁਣ ਉੱਠ ਅਤੇ ਇਸ ਦੇਸ਼ ਨੂੰ ਛੱਡ ਕੇ ਆਪਣੀ ਜਨਮ-ਭੂਮੀ ਵਿਚ ਵਾਪਸ ਮੁੜ ਜਾਹ।’”+
14 ਇਹ ਸੁਣ ਕੇ ਰਾਕੇਲ ਅਤੇ ਲੇਆਹ ਨੇ ਯਾਕੂਬ ਨੂੰ ਕਿਹਾ: “ਸਾਨੂੰ ਕਿਹੜਾ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਮਿਲਣਾ!
15 ਕੀ ਉਹ ਸਾਨੂੰ ਪਰਾਇਆ ਨਹੀਂ ਸਮਝਦਾ? ਇਕ ਤਾਂ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਫਿਰ ਜੋ ਪੈਸਾ ਸਾਡਾ ਹੋਣਾ ਸੀ, ਉਹ ਆਪ ਬੈਠਾ ਖਾ ਰਿਹਾ ਹੈ।+
16 ਪਰਮੇਸ਼ੁਰ ਨੇ ਜੋ ਵੀ ਧਨ-ਦੌਲਤ ਸਾਡੇ ਪਿਤਾ ਤੋਂ ਲਈ ਹੈ, ਉਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ।+ ਇਸ ਲਈ ਜਿਵੇਂ ਪਰਮੇਸ਼ੁਰ ਨੇ ਕਿਹਾ ਹੈ, ਉਵੇਂ ਕਰ।”+
17 ਫਿਰ ਯਾਕੂਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ʼਤੇ ਬਿਠਾਇਆ+
18 ਅਤੇ ਉਹ ਆਪਣਾ ਪੂਰਾ ਇੱਜੜ ਅਤੇ ਸਾਰੀਆਂ ਚੀਜ਼ਾਂ ਅਤੇ ਪਦਨ-ਅਰਾਮ ਵਿਚ ਇਕੱਠੇ ਕੀਤੇ ਸਾਰੇ ਪਸ਼ੂ+ ਲੈ ਕੇ ਕਨਾਨ ਵਿਚ ਆਪਣੇ ਪਿਤਾ ਇਸਹਾਕ ਕੋਲ ਜਾਣ ਲਈ ਤੁਰ ਪਿਆ।+
19 ਉਸ ਵੇਲੇ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਕਤਰਨ ਗਿਆ ਹੋਇਆ ਸੀ ਅਤੇ ਰਾਕੇਲ ਨੇ ਉਹ ਬੁੱਤ*+ ਚੋਰੀ ਕਰ ਲਏ ਜੋ ਉਸ ਦੇ ਪਿਤਾ ਦੇ ਸਨ।+
20 ਯਾਕੂਬ ਨੇ ਹੁਸ਼ਿਆਰੀ ਤੋਂ ਕੰਮ ਲਿਆ ਅਤੇ ਲਾਬਾਨ ਅਰਾਮੀ ਨੂੰ ਦੱਸੇ ਬਿਨਾਂ ਉੱਥੋਂ ਭੱਜ ਗਿਆ।
21 ਉਹ ਆਪਣਾ ਸਭ ਕੁਝ ਲੈ ਕੇ ਦਰਿਆ* ਪਾਰ ਚਲਾ ਗਿਆ।+ ਫਿਰ ਉਹ ਗਿਲਆਦ ਦੇ ਪਹਾੜੀ ਇਲਾਕੇ ਵੱਲ ਨੂੰ ਤੁਰ ਪਿਆ।+
22 ਤੀਸਰੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਸੀ।
23 ਇਸ ਲਈ ਉਹ ਆਪਣੇ ਬੰਦਿਆਂ* ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤਕ ਉਨ੍ਹਾਂ ਦਾ ਪਿੱਛਾ ਕਰਦਾ-ਕਰਦਾ ਗਿਲਆਦ ਦੇ ਪਹਾੜੀ ਇਲਾਕੇ ਵਿਚ ਪਹੁੰਚ ਗਿਆ।
24 ਫਿਰ ਪਰਮੇਸ਼ੁਰ ਨੇ ਲਾਬਾਨ ਅਰਾਮੀ+ ਨੂੰ ਰਾਤ ਨੂੰ ਸੁਪਨੇ ਵਿਚ+ ਪ੍ਰਗਟ ਹੋ ਕੇ ਕਿਹਾ: “ਖ਼ਬਰਦਾਰ ਜੇ ਤੂੰ ਉਸ ਨੂੰ ਕੁਝ ਵੀ ਬੁਰਾ-ਭਲਾ ਕਿਹਾ!”+
25 ਯਾਕੂਬ ਨੇ ਗਿਲਆਦ ਦੇ ਪਹਾੜੀ ਇਲਾਕੇ ਵਿਚ ਤੰਬੂ ਲਾਏ ਹੋਏ ਸਨ ਅਤੇ ਲਾਬਾਨ ਤੇ ਉਸ ਦੇ ਬੰਦਿਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿਚ ਤੰਬੂ ਲਾ ਲਏ। ਫਿਰ ਲਾਬਾਨ ਆ ਕੇ ਉਸ ਨੂੰ ਮਿਲਿਆ।
26 ਲਾਬਾਨ ਨੇ ਯਾਕੂਬ ਨੂੰ ਕਿਹਾ: “ਤੂੰ ਇਹ ਕੀ ਕੀਤਾ? ਤੂੰ ਮੇਰੇ ਨਾਲ ਹੁਸ਼ਿਆਰੀ ਕਿਉਂ ਵਰਤੀ ਅਤੇ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆਂ ਜਿਵੇਂ ਕੋਈ ਤਲਵਾਰ ਦੇ ਜ਼ੋਰ ʼਤੇ ਕਿਸੇ ਨੂੰ ਬੰਦੀ ਬਣਾ ਕੇ ਲਿਜਾਂਦਾ ਹੈ?
27 ਤੂੰ ਮੇਰੇ ਨਾਲ ਚਲਾਕੀ ਕਿਉਂ ਵਰਤੀ? ਤੂੰ ਚੋਰੀ-ਚੋਰੀ ਕਿਉਂ ਭੱਜਿਆ, ਮੈਨੂੰ ਦੱਸਿਆ ਕਿਉਂ ਨਹੀਂ? ਜੇ ਤੂੰ ਮੈਨੂੰ ਦੱਸਿਆ ਹੁੰਦਾ, ਤਾਂ ਅਸੀਂ ਗੀਤ ਗਾ ਕੇ, ਡਫਲੀ ਤੇ ਰਬਾਬ ਵਜਾ ਕੇ ਖ਼ੁਸ਼ੀ-ਖ਼ੁਸ਼ੀ ਤੈਨੂੰ ਵਿਦਾ ਕਰਦੇ।
28 ਪਰ ਤੂੰ ਤਾਂ ਮੈਨੂੰ ਆਪਣੀਆਂ ਧੀਆਂ ਅਤੇ ਬੱਚਿਆਂ* ਨੂੰ ਚੁੰਮਣ ਦਾ ਮੌਕਾ ਤਕ ਨਹੀਂ ਦਿੱਤਾ। ਤੂੰ ਬੜੀ ਮੂਰਖਤਾ ਕੀਤੀ।
29 ਮੈਂ ਆਪਣੀ ਤਾਕਤ ਦੇ ਦਮ ʼਤੇ ਤੇਰੇ ਨਾਲ ਕੁਝ ਵੀ ਕਰ ਸਕਦਾਂ, ਪਰ ਕੱਲ੍ਹ ਰਾਤ ਤੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਕਿਹਾ: ‘ਖ਼ਬਰਦਾਰ ਜੇ ਤੂੰ ਉਸ ਨੂੰ ਕੁਝ ਵੀ ਬੁਰਾ-ਭਲਾ ਕਿਹਾ!’+
30 ਤੂੰ ਆਪਣੇ ਪਿਤਾ ਦੇ ਘਰ ਜਾਣ ਲਈ ਤਰਸ ਰਿਹਾ ਸੀ। ਹੁਣ ਤੂੰ ਇੱਥੇ ਆ ਗਿਆ ਹੈਂ। ਪਰ ਦੱਸ ਕਿ ਤੂੰ ਮੇਰੇ ਬੁੱਤ ਕਿਉਂ ਚੋਰੀ ਕੀਤੇ।”+
31 ਯਾਕੂਬ ਨੇ ਲਾਬਾਨ ਨੂੰ ਕਿਹਾ: “ਮੈਂ ਡਰਦਾ ਸੀ ਕਿਉਂਕਿ ਮੈਂ ਸੋਚਿਆ ਕਿ ਤੂੰ ਧੱਕੇ ਨਾਲ ਆਪਣੀਆਂ ਕੁੜੀਆਂ ਮੇਰੇ ਤੋਂ ਖੋਹ ਲਵੇਂਗਾ।
32 ਹੁਣ ਤੂੰ ਮੇਰੇ ਅਤੇ ਆਪਣੇ ਬੰਦਿਆਂ ਸਾਮ੍ਹਣੇ ਮੇਰੇ ਸਾਮਾਨ ਦੀ ਤਲਾਸ਼ੀ ਲੈ ਤੇ ਜੋ ਕੁਝ ਤੇਰਾ ਹੈ, ਤੂੰ ਲੈ ਸਕਦਾ ਹੈਂ। ਜਿਸ ਕੋਲੋਂ ਵੀ ਤੇਰੇ ਬੁੱਤ ਲੱਭੇ, ਉਹ ਜੀਉਂਦਾ ਨਹੀਂ ਬਚੇਗਾ।” ਪਰ ਯਾਕੂਬ ਨੂੰ ਪਤਾ ਨਹੀਂ ਸੀ ਕਿ ਰਾਕੇਲ ਨੇ ਉਹ ਬੁੱਤ ਚੋਰੀ ਕੀਤੇ ਸਨ।
33 ਇਸ ਲਈ ਲਾਬਾਨ ਯਾਕੂਬ ਦੇ ਤੰਬੂ ਵਿਚ ਅਤੇ ਲੇਆਹ ਦੇ ਤੰਬੂ ਵਿਚ ਅਤੇ ਦੋਵੇਂ ਨੌਕਰਾਣੀਆਂ+ ਦੇ ਤੰਬੂਆਂ ਵਿਚ ਤਲਾਸ਼ੀ ਲੈਣ ਗਿਆ, ਪਰ ਉਸ ਨੂੰ ਬੁੱਤ ਨਹੀਂ ਲੱਭੇ। ਫਿਰ ਉਹ ਲੇਆਹ ਦੇ ਤੰਬੂ ਵਿੱਚੋਂ ਨਿਕਲ ਕੇ ਰਾਕੇਲ ਦੇ ਤੰਬੂ ਵਿਚ ਆਇਆ।
34 ਰਾਕੇਲ ਉਨ੍ਹਾਂ ਬੁੱਤਾਂ ਨੂੰ ਊਠ ਦੀ ਕਾਠੀ* ਵਿਚ ਲੁਕਾ ਕੇ ਉਨ੍ਹਾਂ ਉੱਤੇ ਬੈਠੀ ਹੋਈ ਸੀ। ਇਸ ਲਈ ਪੂਰੇ ਤੰਬੂ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਲਾਬਾਨ ਨੂੰ ਬੁੱਤ ਨਹੀਂ ਲੱਭੇ।
35 ਫਿਰ ਰਾਕੇਲ ਨੇ ਆਪਣੇ ਪਿਤਾ ਨੂੰ ਕਿਹਾ: “ਮੇਰੇ ਸੁਆਮੀ, ਮੇਰੇ ʼਤੇ ਗੁੱਸਾ ਨਾ ਕਰੀਂ ਕਿਉਂਕਿ ਮੈਂ ਇਸ ਵੇਲੇ ਤੀਵੀਆਂ ਵਾਲੀ ਹਾਲਤ ਵਿਚ ਹੋਣ ਕਰਕੇ ਉੱਠ ਨਹੀਂ ਸਕਦੀ।”+ ਇਸ ਲਈ ਧਿਆਨ ਨਾਲ ਤਲਾਸ਼ੀ ਲੈਣ ਤੋਂ ਬਾਅਦ ਵੀ ਲਾਬਾਨ ਨੂੰ ਬੁੱਤ ਨਹੀਂ ਲੱਭੇ।+
36 ਫਿਰ ਯਾਕੂਬ ਨੂੰ ਗੁੱਸਾ ਆ ਗਿਆ ਅਤੇ ਉਹ ਲਾਬਾਨ ਨਾਲ ਝਗੜਨ ਲੱਗਾ। ਉਸ ਨੇ ਲਾਬਾਨ ਨੂੰ ਕਿਹਾ: “ਮੇਰਾ ਕੀ ਦੋਸ਼ ਹੈ ਅਤੇ ਮੇਰੇ ਤੋਂ ਕੀ ਗੁਨਾਹ ਹੋਇਆ ਕਿ ਤੂੰ ਦਗੜ-ਦਗੜ ਕਰਦਾ ਮੇਰੇ ਪਿੱਛੇ ਆਇਆਂ?
37 ਤੂੰ ਹੁਣ ਮੇਰੇ ਸਾਰੇ ਸਾਮਾਨ ਦੀ ਤਲਾਸ਼ੀ ਲੈ ਲਈ ਹੈ। ਦੱਸ ਤੈਨੂੰ ਆਪਣੀ ਕੋਈ ਚੀਜ਼ ਲੱਭੀ। ਉਹ ਚੀਜ਼ ਮੇਰੇ ਅਤੇ ਆਪਣੇ ਬੰਦਿਆਂ ਦੇ ਸਾਮ੍ਹਣੇ ਰੱਖ ਤਾਂਕਿ ਉਹ ਫ਼ੈਸਲਾ ਕਰਨ ਕਿ ਸਾਡੇ ਦੋਹਾਂ ਵਿੱਚੋਂ ਕੌਣ ਬੇਕਸੂਰ ਹੈ।
38 ਮੈਂ 20 ਸਾਲ ਤੇਰੇ ਨਾਲ ਰਿਹਾ ਅਤੇ ਇਨ੍ਹਾਂ ਸਾਲਾਂ ਦੌਰਾਨ ਨਾ ਤਾਂ ਤੇਰੀਆਂ ਭੇਡਾਂ-ਬੱਕਰੀਆਂ ਦੇ ਗਰਭ ਡਿਗੇ+ ਅਤੇ ਨਾ ਕਦੀ ਮੈਂ ਤੇਰੇ ਇੱਜੜ ਵਿੱਚੋਂ ਭੇਡੂ ਲੈ ਕੇ ਖਾਧੇ।
39 ਜੇ ਕੋਈ ਜੰਗਲੀ ਜਾਨਵਰ ਕਿਸੇ ਭੇਡ ਜਾਂ ਬੱਕਰੀ ਨੂੰ ਮਾਰ ਦਿੰਦਾ ਸੀ,+ ਤਾਂ ਮੈਂ ਉਸ ਨੂੰ ਤੇਰੇ ਕੋਲ ਲਿਆ ਕੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ, ਸਗੋਂ ਉਸ ਦਾ ਨੁਕਸਾਨ ਮੈਂ ਆਪ ਝੱਲਦਾ ਸੀ। ਜੇ ਦਿਨੇ ਜਾਂ ਰਾਤ ਨੂੰ ਕੋਈ ਜਾਨਵਰ ਚੋਰੀ ਹੋ ਜਾਂਦਾ ਸੀ, ਤਾਂ ਤੂੰ ਮੈਨੂੰ ਘਾਟਾ ਪੂਰਾ ਕਰਨ ਲਈ ਕਹਿੰਦਾ ਸੀ।
40 ਦਿਨੇ ਧੁੱਪ ਨਾਲ ਤੇ ਰਾਤ ਨੂੰ ਠੰਢ ਨਾਲ ਮੈਂ ਹਾਲੋ ਬੇਹਾਲ ਹੁੰਦਾ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਜਾਂਦੀ ਸੀ।+
41 ਮੈਂ 20 ਸਾਲ ਤੇਰੇ ਘਰ ਰਹਿੰਦਿਆਂ ਮਜ਼ਦੂਰੀ ਕੀਤੀ, 14 ਸਾਲ ਤੇਰੀਆਂ ਧੀਆਂ ਲਈ ਅਤੇ 6 ਸਾਲ ਤੇਰੇ ਇੱਜੜ ਲਈ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲੀ।+
42 ਜੇ ਅਬਰਾਹਾਮ ਦਾ ਪਰਮੇਸ਼ੁਰ+ ਅਤੇ ਮੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਜਿਸ ਦਾ ਉਹ ਡਰ ਮੰਨਦਾ ਹੈ,+ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਮੈਨੂੰ ਖਾਲੀ ਹੱਥ ਤੋਰ ਦੇਣਾ ਸੀ। ਪਰਮੇਸ਼ੁਰ ਨੇ ਮੇਰਾ ਦਰਦ ਅਤੇ ਮੇਰੇ ਹੱਥਾਂ ਦੀ ਮਿਹਨਤ ਦੇਖੀ ਹੈ, ਇਸੇ ਕਰਕੇ ਉਸ ਨੇ ਕੱਲ੍ਹ ਰਾਤ ਤੈਨੂੰ ਝਿੜਕਿਆ ਸੀ।”+
43 ਫਿਰ ਲਾਬਾਨ ਨੇ ਯਾਕੂਬ ਨੂੰ ਜਵਾਬ ਦਿੱਤਾ: “ਇਹ ਮੇਰੀਆਂ ਆਪਣੀਆਂ ਧੀਆਂ ਹਨ ਅਤੇ ਇਹ ਬੱਚੇ ਮੇਰੇ ਬੱਚੇ ਹਨ ਅਤੇ ਇਹ ਇੱਜੜ ਮੇਰਾ ਇੱਜੜ ਹੈ ਅਤੇ ਜੋ ਵੀ ਤੂੰ ਦੇਖ ਰਿਹਾ ਹੈਂ, ਉਹ ਮੇਰਾ ਅਤੇ ਮੇਰੀਆਂ ਧੀਆਂ ਦਾ ਹੈ। ਕੀ ਮੈਂ ਅੱਜ ਇਨ੍ਹਾਂ ਜਾਂ ਇਨ੍ਹਾਂ ਦੇ ਢਿੱਡੋਂ ਜਾਏ ਬੱਚਿਆਂ ਖ਼ਿਲਾਫ਼ ਆਪਣਾ ਹੱਥ ਚੁੱਕ ਸਕਦਾ ਹਾਂ?
44 ਇਸ ਲਈ ਚੱਲ ਆਪਾਂ ਦੋਵੇਂ ਸ਼ਾਂਤੀ ਦਾ ਇਕਰਾਰ ਕਰੀਏ ਅਤੇ ਇਹ ਇਕਰਾਰ ਆਪਣੇ ਦੋਹਾਂ ਵਿਚ ਗਵਾਹ ਹੋਵੇਗਾ।”
45 ਇਸ ਲਈ ਯਾਕੂਬ ਨੇ ਇਕ ਪੱਥਰ ਲੈ ਕੇ ਉਸ ਨੂੰ ਇਕ ਯਾਦਗਾਰ ਦੇ ਤੌਰ ਤੇ ਖੜ੍ਹਾ ਕੀਤਾ।+
46 ਫਿਰ ਯਾਕੂਬ ਨੇ ਆਪਣੇ ਬੰਦਿਆਂ ਨੂੰ ਕਿਹਾ: “ਹੋਰ ਪੱਥਰ ਲੈ ਕੇ ਆਓ!” ਉਨ੍ਹਾਂ ਨੇ ਪੱਥਰਾਂ ਦਾ ਢੇਰ ਲਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਥਰਾਂ ਦੇ ਢੇਰ ਦੇ ਨੇੜੇ ਖਾਧਾ।
47 ਲਾਬਾਨ ਨੇ ਇਸ ਢੇਰ ਦਾ ਨਾਂ ਯਗਰ-ਸਾਹਦੂਥਾ* ਰੱਖਿਆ, ਪਰ ਯਾਕੂਬ ਨੇ ਇਸ ਦਾ ਨਾਂ ਗਲੇਦ* ਰੱਖਿਆ।
48 ਫਿਰ ਲਾਬਾਨ ਨੇ ਕਿਹਾ: “ਇਹ ਢੇਰ ਅੱਜ ਮੇਰੇ ਤੇ ਤੇਰੇ ਵਿਚ ਗਵਾਹ ਹੈ।” ਇਸੇ ਕਰਕੇ ਯਾਕੂਬ ਨੇ ਇਸ ਦਾ ਨਾਂ ਗਲੇਦ+
49 ਅਤੇ ਪਹਿਰਾਬੁਰਜ ਰੱਖਿਆ ਕਿਉਂਕਿ ਲਾਬਾਨ ਨੇ ਕਿਹਾ: “ਜਦੋਂ ਅਸੀਂ ਇਕ-ਦੂਸਰੇ ਦੀਆਂ ਨਜ਼ਰਾਂ ਤੋਂ ਦੂਰ ਹੋਈਏ, ਤਾਂ ਯਹੋਵਾਹ ਤੇਰੇ ਅਤੇ ਮੇਰੇ ਉੱਤੇ ਨਜ਼ਰ ਰੱਖੇ।
50 ਜੇ ਤੂੰ ਮੇਰੀਆਂ ਧੀਆਂ ਨਾਲ ਬਦਸਲੂਕੀ ਕਰੇਂ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਔਰਤਾਂ ਨਾਲ ਵਿਆਹ ਕਰੇਂ, ਤਾਂ ਯਾਦ ਰੱਖੀਂ ਕਿ ਭਾਵੇਂ ਇਹ ਕਿਸੇ ਇਨਸਾਨ ਨੂੰ ਨਜ਼ਰ ਨਾ ਆਵੇ, ਪਰ ਪਰਮੇਸ਼ੁਰ ਨੂੰ ਦਿਖਾਈ ਦੇਵੇਗਾ ਜੋ ਮੇਰੇ ਅਤੇ ਤੇਰੇ ਵਿਚ ਗਵਾਹ ਹੈ।”
51 ਲਾਬਾਨ ਨੇ ਯਾਕੂਬ ਨੂੰ ਅੱਗੇ ਕਿਹਾ: “ਮੈਂ ਆਪਣੇ ਤੇ ਤੇਰੇ ਵਿਚ ਜੋ ਪੱਥਰਾਂ ਦਾ ਢੇਰ ਅਤੇ ਯਾਦਗਾਰੀ ਥੰਮ੍ਹ ਖੜ੍ਹਾ ਕੀਤਾ ਹੈ, ਉਹ ਇਸ ਇਕਰਾਰ ਦੀ ਨਿਸ਼ਾਨੀ ਹੋਣਗੇ।
52 ਇਹ ਪੱਥਰਾਂ ਦਾ ਢੇਰ ਅਤੇ ਥੰਮ੍ਹ ਗਵਾਹੀ ਦੇਣਗੇ+ ਕਿ ਨਾ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਉਣ ਲਈ ਇਸ ਢੇਰ ਦੇ ਪਾਰ ਜਾਵਾਂਗਾ ਅਤੇ ਨਾ ਹੀ ਤੂੰ ਮੈਨੂੰ ਨੁਕਸਾਨ ਪਹੁੰਚਾਉਣ ਲਈ ਇਸ ਢੇਰ ਦੇ ਪਾਰ ਆਵੇਂਗਾ।
53 ਅਬਰਾਹਾਮ ਦਾ ਪਰਮੇਸ਼ੁਰ,+ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦਾ ਪਰਮੇਸ਼ੁਰ ਸਾਡੇ ਦੋਹਾਂ ਦਾ ਨਿਆਂ ਕਰੇ।” ਯਾਕੂਬ ਨੇ ਪਰਮੇਸ਼ੁਰ ਦੀ ਸਹੁੰ ਖਾਧੀ ਜਿਸ ਤੋਂ ਉਸ ਦਾ ਪਿਤਾ ਇਸਹਾਕ ਡਰਦਾ ਸੀ।+
54 ਇਸ ਤੋਂ ਬਾਅਦ ਯਾਕੂਬ ਨੇ ਪਹਾੜ ਉੱਤੇ ਬਲ਼ੀ ਚੜ੍ਹਾਈ ਅਤੇ ਸਾਰਿਆਂ* ਨੂੰ ਰੋਟੀ ਲਈ ਸੱਦਿਆ। ਉਨ੍ਹਾਂ ਨੇ ਰੋਟੀ ਖਾਧੀ ਅਤੇ ਉਹ ਰਾਤ ਪਹਾੜ ʼਤੇ ਰਹੇ।
55 ਫਿਰ ਲਾਬਾਨ ਸਵੇਰੇ ਜਲਦੀ ਉੱਠਿਆ ਅਤੇ ਉਸ ਨੇ ਆਪਣੇ ਬੱਚਿਆਂ* ਅਤੇ ਧੀਆਂ ਨੂੰ ਚੁੰਮਿਆ+ ਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ।+ ਫਿਰ ਲਾਬਾਨ ਉੱਥੋਂ ਆਪਣੇ ਘਰ ਮੁੜ ਆਇਆ।+
ਫੁਟਨੋਟ
^ ਯਾਨੀ, ਫ਼ਰਾਤ ਦਰਿਆ।
^ ਇਬ, “ਭਰਾਵਾਂ।”
^ ਇਬ, “ਪੁੱਤਰਾਂ,” ਯਾਨੀ ਦੋਹਤੇ-ਦੋਹਤੀਆਂ।
^ ਔਰਤਾਂ ਦੇ ਬੈਠਣ ਲਈ ਕਾਠੀ ਜਿਸ ਵਿਚ ਚੀਜ਼ਾਂ ਰੱਖਣ ਦੀ ਜਗ੍ਹਾ ਹੁੰਦੀ ਸੀ।
^ ਇਕ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਗਵਾਹੀ ਦਾ ਢੇਰ।”
^ ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਗਵਾਹੀ ਦਾ ਢੇਰ।”
^ ਜਾਂ, “ਆਪਣੇ ਭਰਾਵਾਂ।”
^ ਇਬ, “ਪੁੱਤਰਾਂ,” ਯਾਨੀ ਦੋਹਤੇ-ਦੋਹਤੀਆਂ।