ਅੱਯੂਬ 6:1-30
6 ਫਿਰ ਅੱਯੂਬ ਨੇ ਜਵਾਬ ਦਿੱਤਾ:
2 “ਕਾਸ਼ ਮੇਰਾ ਦੁੱਖ+ ਚੰਗੀ ਤਰ੍ਹਾਂ ਤੋਲਿਆ ਜਾਂਦਾ,ਇਸ ਨੂੰ ਮੇਰੀ ਬਿਪਤਾ ਨਾਲ ਤੱਕੜੀ ਵਿਚ ਰੱਖਿਆ ਜਾਂਦਾ!
3 ਹੁਣ ਤਾਂ ਇਹ ਸਮੁੰਦਰਾਂ ਦੀ ਰੇਤ ਨਾਲੋਂ ਵੀ ਭਾਰਾ ਹੈ।
ਇਸੇ ਕਰਕੇ ਮੇਰੇ ਮੂੰਹੋਂ ਆਵਾਗੌਣ* ਗੱਲਾਂ ਨਿਕਲੀਆਂ ਹਨ।+
4 ਸਰਬਸ਼ਕਤੀਮਾਨ ਦੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ,ਉਨ੍ਹਾਂ ਦਾ ਜ਼ਹਿਰ ਮੇਰੀ ਰਗ-ਰਗ ਵਿਚ ਫੈਲ ਰਿਹਾ ਹੈ;+ਪਰਮੇਸ਼ੁਰ ਦੇ ਕਹਿਰ ਮੇਰੇ ਖ਼ਿਲਾਫ਼ ਮੋਰਚਾ ਬੰਨ੍ਹੀ ਖੜ੍ਹੇ ਹਨ।
5 ਕੀ ਘਾਹ ਦੇ ਹੁੰਦਿਆਂ ਜੰਗਲੀ ਗਧਾ+ ਹੀਂਗੇਗਾਜਾਂ ਤੂੜੀ ਦੇ ਹੁੰਦਿਆਂ ਬਲਦ ਅੜਿੰਗੇਗਾ?
6 ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾਂ ਖਾਈਦੀ ਹੈ?
ਭਲਾ, ਗੁਲਖੈਰਾ ਦੇ ਰਸ ਵਿਚ ਕੋਈ ਸੁਆਦ ਹੁੰਦਾ ਹੈ?
7 ਮੈਂ ਤਾਂ ਇਨ੍ਹਾਂ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਉਂਦਾ।
ਇਹ ਮੇਰੇ ਭੋਜਨ ਨੂੰ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਹਨ।
8 ਕਾਸ਼ ਮੇਰੀ ਬੇਨਤੀ ਸੁਣ ਲਈ ਜਾਵੇ,ਪਰਮੇਸ਼ੁਰ ਮੇਰੀ ਖ਼ਾਹਸ਼ ਪੂਰੀ ਕਰ ਦੇਵੇ!
9 ਪਰਮੇਸ਼ੁਰ ਮੈਨੂੰ ਕੁਚਲ ਦੇਵੇ,ਉਹ ਆਪਣਾ ਹੱਥ ਵਧਾ ਕੇ ਮੈਨੂੰ ਮਾਰ ਦੇਵੇ!+
10 ਇਸ ਨਾਲ ਵੀ ਮੈਨੂੰ ਦਿਲਾਸਾ ਮਿਲੇਗਾ;ਅਸਹਿ ਪੀੜਾ ਵਿਚ ਵੀ ਮੈਂ ਖ਼ੁਸ਼ੀ ਨਾਲ ਝੂਮ ਉੱਠਾਂਗਾਕਿਉਂਕਿ ਮੈਂ ਪਵਿੱਤਰ ਪਰਮੇਸ਼ੁਰ+ ਦੀਆਂ ਗੱਲਾਂ ਨੂੰ ਨਹੀਂ ਠੁਕਰਾਇਆ।
11 ਕੀ ਮੇਰੇ ਵਿਚ ਇੰਨੀ ਤਾਕਤ ਹੈ ਕਿ ਮੈਂ ਉਡੀਕਦਾ ਰਹਾਂ?+
ਹੁਣ ਮੈਂ ਜੀ ਕੇ ਕੀ ਕਰਨਾ ਜਦ ਕੁਝ ਰਿਹਾ ਹੀ ਨਹੀਂ?
12 ਕੀ ਮੇਰਾ ਬਲ ਚਟਾਨ ਦਾ ਬਲ ਹੈ?
ਕੀ ਮੇਰਾ ਸਰੀਰ ਤਾਂਬੇ ਦਾ ਬਣਿਆ ਹੈ?
13 ਮੈਂ ਆਪਣੀ ਮਦਦ ਕਿਵੇਂ ਕਰ ਸਕਦਾਂਜਦ ਕਿ ਮੇਰੇ ਹਰ ਸਹਾਰੇ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਗਿਆ ਹੈ?
14 ਆਪਣੇ ਸਾਥੀ ਨਾਲ ਅਟੱਲ ਪਿਆਰ ਨਾ ਕਰਨ ਵਾਲਾ+ਸਰਬਸ਼ਕਤੀਮਾਨ ਦਾ ਡਰ ਮੰਨਣਾ ਛੱਡ ਦੇਵੇਗਾ।+
15 ਮੇਰੇ ਭਰਾ ਸਰਦ ਰੁੱਤ ਦੀ ਨਦੀ ਵਾਂਗ ਧੋਖੇਬਾਜ਼ ਹਨ,+ਹਾਂ, ਸਰਦ ਰੁੱਤ ਦੀਆਂ ਨਦੀਆਂ ਦੇ ਉਨ੍ਹਾਂ ਪਾਣੀਆਂ ਵਾਂਗ ਜੋ ਸੁੱਕ ਜਾਂਦੇ ਹਨ।
16 ਉਹ ਬਰਫ਼ ਨਾਲ ਕਾਲੀਆਂ ਹੋ ਗਈਆਂ ਹਨਅਤੇ ਹੇਠਾਂ ਬਰਫ਼ ਅਲੋਪ ਹੋ ਜਾਂਦੀ ਹੈ।
17 ਸਮਾਂ ਆਉਣ ਤੇ ਉਹ ਸੱਖਣੀਆਂ ਹੋ ਜਾਂਦੀਆਂ, ਉਨ੍ਹਾਂ ਦਾ ਪਾਣੀ ਖ਼ਤਮ ਹੋ ਜਾਂਦਾ;ਤਪਦੀ ਧੁੱਪ ਵਿਚ ਉਹ ਸੁੱਕ ਜਾਂਦੀਆਂ ਹਨ।
18 ਉਹ ਆਪਣਾ ਰੁਖ ਮੋੜ ਲੈਂਦੀਆਂ ਹਨ;ਉਹ ਰੇਗਿਸਤਾਨ ਵਿਚ ਵਹਿ ਜਾਂਦੀਆਂ ਤੇ ਗਾਇਬ ਹੋ ਜਾਂਦੀਆਂ ਹਨ।
19 ਤੇਮਾ+ ਦੇ ਕਾਫ਼ਲੇ ਉਨ੍ਹਾਂ ਦਾ ਰਾਹ ਤੱਕਦੇ ਹਨ;ਸਬਾ+ ਦੇ ਮੁਸਾਫ਼ਰ* ਉਨ੍ਹਾਂ ਦਾ ਇੰਤਜ਼ਾਰ ਕਰਦੇ ਹਨ।
20 ਉਹ ਉਨ੍ਹਾਂ ’ਤੇ ਭਰੋਸਾ ਰੱਖ ਕੇ ਸ਼ਰਮਿੰਦਾ ਹੁੰਦੇ ਹਨ;ਉੱਥੇ ਆ ਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ।
21 ਹੁਣ ਤੁਸੀਂ ਮੇਰੇ ਲਈ ਇਵੇਂ ਹੀ ਹੋ;+ਤੁਸੀਂ ਮੇਰੀ ਬਿਪਤਾ ਦੇ ਕਹਿਰ ਨੂੰ ਦੇਖ ਕੇ ਡਰ ਗਏ ਹੋ।+
22 ਕੀ ਮੈਂ ਕਿਹਾ, ‘ਮੈਨੂੰ ਕੁਝ ਦਿਓ,’ਜਾਂ ਕੀ ਮੈਂ ਤੁਹਾਥੋਂ ਤੁਹਾਡੀ ਧਨ-ਦੌਲਤ ਵਿੱਚੋਂ ਆਪਣੇ ਲਈ ਤੋਹਫ਼ਾ ਮੰਗਿਆ?
23 ਕੀ ਮੈਂ ਕਿਹਾ ਕਿ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾਓਜਾਂ ਜ਼ਾਲਮਾਂ ਕੋਲੋਂ ਬਚਾਓ?*
24 ਮੈਨੂੰ ਸਿਖਾਓ ਤੇ ਮੈਂ ਚੁੱਪ ਰਹਾਂਗਾ;+ਮੈਨੂੰ ਸਮਝਾਓ ਕਿ ਮੈਥੋਂ ਕਿਹੜੀ ਭੁੱਲ ਹੋਈ ਹੈ।
25 ਸੱਚੀਆਂ ਗੱਲਾਂ ਦੁੱਖ ਨਹੀਂ ਪਹੁੰਚਾਉਂਦੀਆਂ!+
ਪਰ ਤੁਹਾਡੇ ਤਾੜਨਾ ਦੇਣ ਦਾ ਕੀ ਫ਼ਾਇਦਾ?+
26 ਕੀ ਤੁਸੀਂ ਮੇਰੀਆਂ ਗੱਲਾਂ ਵਿਚ ਨੁਕਸ ਕੱਢਣਾ ਚਾਹੁੰਦੇ ਹੋ,ਇਕ ਦੁਖੀ ਇਨਸਾਨ ਦੀਆਂ ਗੱਲਾਂ+ ਵਿਚ ਜਿਨ੍ਹਾਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ?
27 ਤੁਸੀਂ ਤਾਂ ਯਤੀਮ ਉੱਤੇ ਵੀ ਗੁਣੇ ਪਾਉਣ ਤੋਂ ਗੁਰੇਜ਼ ਨਹੀਂ ਕਰਨਾ+ਅਤੇ ਆਪਣੇ ਹੀ ਦੋਸਤ ਨੂੰ ਵੇਚ ਦੇਣਾ!*+
28 ਹੁਣ ਮੁੜ ਕੇ ਮੇਰੇ ਵੱਲ ਦੇਖੋਕਿਉਂਕਿ ਮੈਂ ਤੁਹਾਡੇ ਸਾਮ੍ਹਣੇ ਝੂਠ ਨਹੀਂ ਬੋਲਾਂਗਾ।
29 ਮੇਰੀ ਬੇਨਤੀ ਹੈ, ਇਕ ਵਾਰ ਫਿਰ ਸੋਚੋ, ਮੈਨੂੰ ਗ਼ਲਤ ਨਾ ਸਮਝੋ,ਹਾਂ, ਦੁਬਾਰਾ ਸੋਚ-ਵਿਚਾਰ ਕਰੋ ਕਿਉਂਕਿ ਮੈਂ ਹਾਲੇ ਵੀ ਧਰਮੀ ਹਾਂ।
30 ਕੀ ਮੈਂ ਕੁਝ ਗ਼ਲਤ ਕਹਿ ਰਿਹਾ ਹਾਂ?
ਕੀ ਮੇਰਾ ਤਾਲੂ ਪਛਾਣ ਨਹੀਂ ਸਕਦਾ ਕਿ ਕੁਝ ਗ਼ਲਤ ਹੈ?
ਫੁਟਨੋਟ
^ ਜਾਂ, “ਜਲਦਬਾਜ਼ੀ ਵਿਚ।”
^ ਜਾਂ, “ਸਬਾ ਦੇ ਲੋਕਾਂ ਦੇ ਕਾਫ਼ਲੇ।”
^ ਇਬ, “ਛੁਡਾਓ।”
^ ਜਾਂ, “ਦਾ ਸੌਦਾ ਕਰ ਦੇਣਾ।”