2 ਤਿਮੋਥਿਉਸ 4:1-22

4  ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ, ਜਿਸ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨਾ ਹੈ ਜਦੋਂ ਉਹ ਪ੍ਰਗਟ ਹੋਵੇਗਾ ਅਤੇ ਆਪਣੇ ਰਾਜ ਵਿਚ ਆਵੇਗਾ, ਦੀ ਹਜ਼ੂਰੀ ਵਿਚ ਤੈਨੂੰ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ  ਕਿ ਤੂੰ ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ। ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ ਵਰਤ ਕੇ ਤਾੜਨਾ ਦੇ, ਸਖ਼ਤੀ ਨਾਲ ਸਮਝਾ ਅਤੇ ਹੱਲਾਸ਼ੇਰੀ ਦੇ।  ਕਿਉਂਕਿ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਬਰਦਾਸ਼ਤ ਨਹੀਂ ਕਰਨਗੇ, ਸਗੋਂ ਆਪਣੀਆਂ ਇੱਛਾਵਾਂ ਮੁਤਾਬਕ ਚੱਲ ਕੇ ਆਪਣੇ ਲਈ ਅਜਿਹੇ ਸਿੱਖਿਅਕ ਇਕੱਠੇ ਕਰਨਗੇ ਜੋ ਉਹੀ ਗੱਲਾਂ ਕਰਨਗੇ ਜਿਹੜੀਆਂ ਉਹ ਸੁਣਨੀਆਂ ਚਾਹੁੰਦੇ ਹਨ।  ਉਹ ਸੱਚਾਈ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਨਗੇ, ਪਰ ਝੂਠੀਆਂ ਕਹਾਣੀਆਂ ਵੱਲ ਆਪਣੇ ਕੰਨ ਲਾਉਣਗੇ।  ਪਰ ਤੂੰ ਸਾਰੀਆਂ ਗੱਲਾਂ ਵਿਚ ਖ਼ਬਰਦਾਰ ਰਹਿ, ਦੁੱਖ ਝੱਲ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ, ਸੇਵਾ ਦਾ ਆਪਣਾ ਕੰਮ ਪੂਰਾ ਕਰ।  ਕਿਉਂਕਿ ਹੁਣ ਮੈਨੂੰ ਪੀਣ ਦੀ ਭੇਟ* ਵਾਂਗ ਡੋਲ੍ਹਿਆ ਜਾ ਰਿਹਾ ਹੈ ਅਤੇ ਮੇਰੇ ਛੁਟਕਾਰੇ ਦਾ ਸਮਾਂ ਨੇੜੇ ਆ ਗਿਆ ਹੈ।  ਮੈਂ ਚੰਗੀ ਲੜਾਈ ਲੜੀ ਹੈ, ਮੈਂ ਆਪਣੀ ਦੌੜ ਪੂਰੀ ਕਰ ਲਈ ਹੈ, ਮੈਂ ਮਸੀਹੀ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਚੱਲਿਆ ਹਾਂ।  ਹੁਣ ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਅਤੇ ਇਹ ਇਨਾਮ ਮੈਨੂੰ ਪ੍ਰਭੂ, ਜਿਹੜਾ ਧਰਮੀ ਨਿਆਂਕਾਰ ਹੈ, ਨਿਆਂ ਦੇ ਦਿਨ ਦੇਵੇਗਾ। ਪਰ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਉਨ੍ਹਾਂ ਸਾਰਿਆਂ ਨੂੰ ਵੀ ਦੇਵੇਗਾ ਜਿਹੜੇ ਉਸ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।  ਮੇਰੇ ਕੋਲ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰ। 10  ਦੇਮਾਸ ਨੇ ਮੈਨੂੰ ਛੱਡ ਦਿੱਤਾ ਹੈ ਕਿਉਂਕਿ ਉਸ ਨੂੰ ਦੁਨੀਆਂ ਨਾਲ ਪਿਆਰ ਸੀ ਅਤੇ ਉਹ ਥੱਸਲੁਨੀਕਾ ਨੂੰ ਚਲਾ ਗਿਆ ਹੈ। ਕਰੇਸਕੇਸ ਗਲਾਤੀਆ ਨੂੰ ਤੇ ਤੀਤੁਸ ਦਲਮਾਤੀਆ ਨੂੰ ਚਲਾ ਗਿਆ ਹੈ। 11  ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਮਰਕੁਸ ਨੂੰ ਆਪਣੇ ਨਾਲ ਲੈਂਦਾ ਆਵੀਂ ਕਿਉਂਕਿ ਸੇਵਾ ਦੇ ਕੰਮ ਵਿਚ ਮੈਨੂੰ ਉਸ ਤੋਂ ਬਹੁਤ ਮਦਦ ਮਿਲਦੀ ਹੈ। 12  ਪਰ ਮੈਂ ਤੁਖੀਕੁਸ ਨੂੰ ਅਫ਼ਸੁਸ ਘੱਲ ਦਿੱਤਾ ਹੈ। 13  ਆਉਂਦਾ ਹੋਇਆ ਆਪਣੇ ਨਾਲ ਮੇਰਾ ਚੋਗਾ ਵੀ ਲੈ ਆਵੀਂ ਜਿਹੜਾ ਮੈਂ ਤ੍ਰੋਆਸ ਵਿਚ ਕਾਰਪੁਸ ਕੋਲ ਛੱਡ ਦਿੱਤਾ ਸੀ, ਨਾਲੇ ਕਿਤਾਬਾਂ,* ਖ਼ਾਸ ਕਰਕੇ ਚੰਮ-ਪੱਤਰ* ਵੀ ਲੈ ਆਵੀਂ। 14  ਸਿਕੰਦਰ ਠਠਿਆਰ ਨੇ ਮੈਨੂੰ ਬੜੇ ਦੁੱਖ ਦਿੱਤੇ ਹਨ। ਯਹੋਵਾਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ। 15  ਤੂੰ ਵੀ ਉਸ ਤੋਂ ਖ਼ਬਰਦਾਰ ਰਹੀਂ ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਬਹੁਤ ਹੀ ਵਿਰੋਧ ਕੀਤਾ ਸੀ। 16  ਮੇਰੇ ਮੁਕੱਦਮੇ ਦੀ ਪਹਿਲੀ ਪੇਸ਼ੀ ਵੇਲੇ ਕੋਈ ਵੀ ਮੇਰੇ ਨਾਲ ਨਹੀਂ ਆਇਆ, ਸਗੋਂ ਸਾਰੇ ਮੇਰਾ ਸਾਥ ਛੱਡ ਗਏ। ਫਿਰ ਵੀ ਮੇਰੀ ਇਹੋ ਦੁਆ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਇਸ ਦਾ ਲੇਖਾ ਨਾ ਲਵੇ। 17  ਪਰ ਪ੍ਰਭੂ ਨੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਤਾਕਤ ਬਖ਼ਸ਼ੀ ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਪੂਰਾ ਕਰਾਂ ਅਤੇ ਸਾਰੀਆਂ ਕੌਮਾਂ ਦੇ ਲੋਕ ਖ਼ੁਸ਼ ਖ਼ਬਰੀ ਸੁਣਨ; ਅਤੇ ਮੈਨੂੰ ਸ਼ੇਰ ਦੇ ਮੂੰਹੋਂ ਬਚਾਇਆ ਗਿਆ। 18  ਪ੍ਰਭੂ ਮੈਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾ ਕੇ ਆਪਣੇ ਸਵਰਗੀ ਰਾਜ ਵਿਚ ਲੈ ਜਾਵੇਗਾ। ਉਸ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ। 19  ਪਰਿਸਕਾ* ਤੇ ਅਕੂਲਾ ਨੂੰ ਅਤੇ ­ਉਨੇਸਿਫੁਰੁਸ ਦੇ ਪਰਿਵਾਰ ਨੂੰ ਮੇਰੇ ਵੱਲੋਂ ਨਮਸਕਾਰ। 20  ਅਰਾਸਤੁਸ ਕੁਰਿੰਥੁਸ ਵਿਚ ਰਹਿ ਗਿਆ, ਪਰ ਮੈਂ ਤ੍ਰੋਫ਼ਿਮੁਸ ਨੂੰ ਬੀਮਾਰ ਹੋਣ ਕਰਕੇ ਮਿਲੇਤੁਸ ਵਿਚ ਛੱਡ ਦਿੱਤਾ ਸੀ। 21  ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਕੋਲ ਆਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਂ। ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਤੇ ਬਾਕੀ ਸਾਰੇ ਭਰਾਵਾਂ ਵੱਲੋਂ ਤੈਨੂੰ ਨਮਸਕਾਰ। 22  ਤੇਰੇ ਸਹੀ ਰਵੱਈਏ ਕਰਕੇ ਪ੍ਰਭੂ ਤੇਰੇ ਨਾਲ ਰਹੇ। ਤੁਹਾਡੇ ਉੱਤੇ ਉਸ ਦੀ ਅਪਾਰ ਕਿਰਪਾ ਹੋਵੇ।

ਫੁਟਨੋਟ

ਇੱਥੇ ਪੌਲੁਸ ਨੇ ਆਪਣੀ ਤੁਲਨਾ “ਪੀਣ ਦੀ ਭੇਟ” ਨਾਲ ਕਰ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ।
ਪੁਰਾਣੇ ਜ਼ਮਾਨੇ ਵਿਚ ਕਿਤਾਬਾਂ ਲੰਬੇ ਸਾਰੇ ਕਾਗਜ਼ ਦੇ ਰੂਪ ਵਿਚ ਹੁੰਦੀਆਂ ਸਨ ਅਤੇ ਇਹ ਕਾਗਜ਼ ਦੋਵੇਂ ਸਿਰਿਆਂ ਤੋਂ ਡੰਡਿਆਂ ਉੱਤੇ ਲਪੇਟਿਆ ਹੁੰਦਾ ਸੀ।
ਚੰਮ-ਪੱਤਰ ਜਾਨਵਰਾਂ ਦੀ ਚਮੜੀ ਤੋਂ ਬਣਾਏ ਜਾਂਦੇ ਸਨ ਅਤੇ ਇਨ੍ਹਾਂ ਨੂੰ ਕਾਗਜ਼ ਵਾਂਗ ਲਿਖਣ ਲਈ ਵਰਤਿਆ ਜਾਂਦਾ ਸੀ।
ਇਸ ਨੂੰ ਪ੍ਰਿਸਕਿੱਲਾ ਵੀ ਕਿਹਾ ਜਾਂਦਾ ਹੈ।