1 ਥੱਸਲੁਨੀਕੀਆਂ 3:1-13

3  ਇਸ ਲਈ, ਜਦੋਂ ਅਸੀਂ* ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕੇ, ਤਾਂ ਅਸੀਂ ਐਥਿਨਜ਼ ਵਿਚ ਹੀ ਰਹਿਣਾ ਚੰਗਾ ਸਮਝਿਆ  ਅਤੇ ਅਸੀਂ ਆਪਣੇ ਭਰਾ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਿਆ ਜੋ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਪਰਮੇਸ਼ੁਰ ਦਾ ਸੇਵਕ ਹੈ ਤਾਂਕਿ ਉਹ ਤੁਹਾਨੂੰ ਦਿਲਾਸਾ ਦੇ ਕੇ ਤੁਹਾਡੀ ਨਿਹਚਾ ਪੱਕੀ ਕਰੇ,  ਤਾਂਕਿ ਮੁਸੀਬਤਾਂ ਕਰਕੇ ਕਿਸੇ ਦੀ ਵੀ ਨਿਹਚਾ ਕਮਜ਼ੋਰ ਨਾ ਹੋਵੇ। ਤੁਸੀਂ ਜਾਣਦੇ ਹੀ ਹੋ ਕਿ ਅਸੀਂ ਇਨ੍ਹਾਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ।  ਅਸਲ ਵਿਚ ਜਦੋਂ ਅਸੀਂ ਤੁਹਾਡੇ ਨਾਲ ਸੀ, ਉਦੋਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ ਅਤੇ ਹੁਣ ਇਸੇ ਤਰ੍ਹਾਂ ਹੀ ਹੋਇਆ ਹੈ।  ਇਸ ਕਰਕੇ ਜਦੋਂ ਮੈਂ ਤੁਹਾਡਾ ਵਿਛੋੜਾ ਹੋਰ ਸਹਾਰ ਨਾ ਸਕਿਆ, ਤਾਂ ਮੈਂ ਇਹ ਪਤਾ ਕਰਨ ਲਈ ਤਿਮੋਥਿਉਸ ਨੂੰ ਘੱਲਿਆ ਕਿ ਤੁਹਾਡੀ ਨਿਹਚਾ ਅਜੇ ਵੀ ਪੱਕੀ ਹੈ ਜਾਂ ਨਹੀਂ ਅਤੇ ਸ਼ੈਤਾਨ ਨੇ ਕਿਤੇ ਤੁਹਾਨੂੰ ਕਿਸੇ ਤਰ੍ਹਾਂ ਭਰਮਾ ਕੇ ਸਾਡੀ ਮਿਹਨਤ ਬੇਕਾਰ ਨਾ ਕਰ ਦਿੱਤੀ ਹੋਵੇ।  ਤਿਮੋਥਿਉਸ ਹੁਣੇ-ਹੁਣੇ ਤੁਹਾਡੇ ਕੋਲੋਂ ਆਇਆ ਹੈ ਅਤੇ ਉਸ ਨੇ ਸਾਨੂੰ ਤੁਹਾਡੀ ਪੱਕੀ ਨਿਹਚਾ ਅਤੇ ਪਿਆਰ ਦੀ ਚੰਗੀ ਖ਼ਬਰ ਸੁਣਾਈ ਹੈ ਅਤੇ ਇਹ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਨਾਲ ਚੇਤੇ ਕਰਦੇ ਹੋ ਅਤੇ ਸਾਨੂੰ ਮਿਲਣ ਲਈ ਤਰਸਦੇ ਹੋ ਜਿਵੇਂ ਅਸੀਂ ਵੀ ਤੁਹਾਨੂੰ ਮਿਲਣ ਲਈ ਤਰਸਦੇ ਹਾਂ।  ਇਸੇ ਕਰਕੇ ਭਰਾਵੋ, ਤੁਹਾਡੇ ਕਰਕੇ ਅਤੇ ਤੁਹਾਡੀ ਪੱਕੀ ਨਿਹਚਾ ਕਰਕੇ ਸਾਨੂੰ ਸਾਡੇ ਸਾਰੇ ਕਸ਼ਟਾਂ ਅਤੇ ਮੁਸੀਬਤਾਂ ਵਿਚ ਦਿਲਾਸਾ ਮਿਲਿਆ ਹੈ।  ਇਹ ਗੱਲ ਜਾਣ ਕੇ ਕਿ ਤੁਸੀਂ ਪ੍ਰਭੂ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਿਆ ਹੋਇਆ ਹੈ, ਸਾਡੇ ਵਿਚ ਦੁਬਾਰਾ ਜਾਨ ਪੈ ਗਈ ਹੈ।  ਪਰਮੇਸ਼ੁਰ ਦੀ ਹਜ਼ੂਰੀ ਵਿਚ ਤੁਹਾਡੇ ਕਰਕੇ ਸਾਨੂੰ ਜੋ ਖ਼ੁਸ਼ੀ ਮਿਲੀ ਹੈ, ਉਸ ਲਈ ਅਸੀਂ ਕਿਨ੍ਹਾਂ ਸ਼ਬਦਾਂ ਵਿਚ ਪਰਮੇਸ਼ੁਰ ਦਾ ਧੰਨਵਾਦ ਕਰੀਏ? 10  ਅਸੀਂ ਦਿਨ-ਰਾਤ ਦਿਲੋਂ ਇਹੀ ਫ਼ਰਿਆਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੇਖ ਸਕੀਏ ਅਤੇ ਹਰ ਤਰ੍ਹਾਂ ਤੁਹਾਡੀ ਮਦਦ ਕਰ ਕੇ ਤੁਹਾਡੀ ਨਿਹਚਾ ਪੱਕੀ ਕਰ ਸਕੀਏ। 11  ਹੁਣ ਸਾਡੀ ਇਹੀ ਦੁਆ ਹੈ ਕਿ ਸਾਡਾ ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਸਾਡੇ ਲਈ ਤੁਹਾਡੇ ਕੋਲ ਆਉਣ ਦਾ ਕੋਈ ਰਾਹ ਕੱਢ ਦੇਣ। 12  ਨਾਲੇ, ਸਾਡੀ ਦੁਆ ਹੈ ਕਿ ਪ੍ਰਭੂ ਦੀ ਮਦਦ ਨਾਲ ਤੁਸੀਂ ਵੀ ਇਕ-ਦੂਜੇ ਨਾਲ ਅਤੇ ਸਾਰਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰੋ, ਜਿਵੇਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ; 13  ਤਾਂਕਿ ਸਾਡਾ ਪ੍ਰਭੂ ਯਿਸੂ ਸਾਰੇ ਪਵਿੱਤਰ ਸੇਵਕਾਂ ਨਾਲ ਆਪਣੀ ਮੌਜੂਦਗੀ ਦੌਰਾਨ ਸਾਡੇ ਪਿਤਾ ਪਰਮੇਸ਼ੁਰ ਸਾਮ੍ਹਣੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ ਅਤੇ ਤੁਹਾਨੂੰ ਬੇਕਸੂਰ ­ਠਹਿਰਾਵੇ ਅਤੇ ਪਵਿੱਤਰ ਕਰੇ।

ਫੁਟਨੋਟ

ਜਾਂ, “ਮੈਂ।” ਪੌਲੁਸ ਨੇ ਇੱਥੇ ਆਪਣੇ ਬਾਰੇ ਗੱਲ ਕਰਦੇ ਹੋਏ ਸ਼ਾਇਦ ਬਹੁਵਚਨ “ਅਸੀਂ” ਇਸਤੇਮਾਲ ਕੀਤਾ ਸੀ।