1 ਤਿਮੋਥਿਉਸ 6:1-21

6  ਗ਼ੁਲਾਮ ਆਪਣੇ ਮਾਲਕਾਂ ਦਾ ਦਿਲੋਂ ਆਦਰ ਕਰਦੇ ਰਹਿਣ ਤਾਂਕਿ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਸਿੱਖਿਆ ਦੀ ਨਿੰਦਿਆ ਨਾ ਹੋਵੇ।  ਇਸ ਤੋਂ ਇਲਾਵਾ, ਜਿਨ੍ਹਾਂ ਦੇ ਮਾਲਕ ਮਸੀਹੀ ਹਨ, ਉਹ ਇਹ ਸੋਚ ਕੇ ਆਪਣੇ ਮਾਲਕਾਂ ਦਾ ਨਿਰਾਦਰ ਨਾ ਕਰਨ ਕਿ ਉਹ ਉਨ੍ਹਾਂ ਦੇ ਮਸੀਹੀ ਭਰਾ ਹਨ। ਇਸ ਦੀ ਬਜਾਇ, ਉਨ੍ਹਾਂ ਨੂੰ ਹੋਰ ਵੀ ਮਨ ਲਾ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਚੰਗੇ ਕੰਮਾਂ ਤੋਂ ਉਨ੍ਹਾਂ ਦੇ ਮਸੀਹੀ ਅਤੇ ਪਿਆਰੇ ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ। ਜੋ ਗੱਲਾਂ ਮੈਂ ਤੈਨੂੰ ਕਹਿੰਦਾ ਹਾਂ, ਉਨ੍ਹਾਂ ਗੱਲਾਂ ਮੁਤਾਬਕ ਸਿੱਖਿਆ ਅਤੇ ਨਸੀ­ਹਤਾਂ ਦਿੰਦਾ ਰਹਿ।  ਜੇ ਕੋਈ ਇਨਸਾਨ ਗ਼ਲਤ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਹੀ ਸਿੱਖਿਆ ਨਾਲ ਤੇ ਉਸ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ ਜਿਸ ਅਨੁਸਾਰ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ,  ਤਾਂ ਉਹ ਘਮੰਡ ਨਾਲ ਫੁੱਲ ਗਿਆ ਹੈ ਅਤੇ ਉਸ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ। ਉਹ ਵਾਦ-ਵਿਵਾਦ ਕਰਨ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਵਿਚ ਲੱਗਾ ਰਹਿੰਦਾ ਹੈ। ਇਨ੍ਹਾਂ ਗੱਲਾਂ ਕਰਕੇ ਈਰਖਾ, ਝਗੜਾ ਤੇ ਗਾਲ਼ੀ-ਗਲੋਚ ਹੁੰਦਾ ਹੈ, ਸ਼ੱਕ ਕਰਨ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ  ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਾਈਆਂ ਹੁੰਦੀਆਂ ਹਨ। ਇਹ ਸਾਰੇ ਕੰਮ ਭ੍ਰਿਸ਼ਟ ਮਨਾਂ ਵਾਲੇ ਇਨਸਾਨ ਕਰਦੇ ਹਨ ਜਿਹੜੇ ਸੱਚਾਈ ਨੂੰ ਹੁਣ ਨਹੀਂ ਸਮਝਦੇ। ਨਾਲੇ, ਇਹ ਇਨਸਾਨ ਆਪਣੇ ਫ਼ਾਇਦੇ ਅਤੇ ਲਾਲਚ ਲਈ ਹੀ ਪਰਮੇਸ਼ੁਰ ਦੀ ਭਗਤੀ ਕਰਦੇ ਹਨ।  ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ।  ਕਿਉਂਕਿ ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ।  ਇਸ ਲਈ, ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।  ਪਰ ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਅਤੇ ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ। 10  ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ। 11  ਪਰ ਤੂੰ, ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ। ਇਸ ਦੀ ਬਜਾਇ, ਨੇਕ ਰਹਿ, ਪਰਮੇਸ਼ੁਰ ਦੀ ਭਗਤੀ ਕਰ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰ। 12  ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਚੰਗੀ ਲੜਾਈ ਲੜ, ਹਮੇਸ਼ਾ ਦੀ ਜ਼ਿੰਦਗੀ ਨੂੰ ਘੁੱਟ ਕੇ ਫੜ, ਜਿਸ ਲਈ ਤੈਨੂੰ ਸੱਦਿਆ ਗਿਆ ਸੀ ਅਤੇ ਜਿਸ ਬਾਰੇ ਤੂੰ ਬਹੁਤ ਸਾਰੇ ਗਵਾਹਾਂ ਸਾਮ੍ਹਣੇ ਖੁੱਲ੍ਹ ਕੇ ਐਲਾਨ ਕੀਤਾ ਸੀ। 13  ਸਾਰਿਆਂ ਨੂੰ ਜੀਉਂਦਾ ਰੱਖਣ ਵਾਲੇ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਹਜ਼ੂਰੀ ਵਿਚ, ਜਿਸ ਨੇ ਪੁੰਤੀਅਸ ਪਿਲਾਤੁਸ ਸਾਮ੍ਹਣੇ ਨਿਡਰ ਹੋ ਕੇ ਗਵਾਹੀ ਦਿੱਤੀ ਸੀ, ਮੈਂ ਤੈਨੂੰ ਕਹਿੰਦਾ ਹਾਂ 14  ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤਕ ਬੇਦਾਗ਼ ਅਤੇ ਨਿਰਦੋਸ਼ ਰਹਿ ਕੇ ਉਸ ਹੁਕਮ ਦੀ ਪਾਲਣਾ ਕਰ ਜੋ ਮੈਂ ਤੈਨੂੰ ਦਿੱਤਾ ਸੀ। 15  ਪ੍ਰਭੂ ਯਿਸੂ ਖ਼ੁਸ਼ਦਿਲ ਅਤੇ ਇੱਕੋ ਇਕ ਹਾਕਮ ਹੈ ਜੋ ਆਪਣੇ ਮਿਥੇ ਹੋਏ ਸਮੇਂ ’ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। 16  ਸਿਰਫ਼ ਉਹੀ ਅਮਰ ਹੈ ਅਤੇ ਉਹ ਉਸ ਚਾਨਣ ਵਿਚ ਵੱਸਦਾ ਹੈ ਜਿਸ ਦੀ ਚਮਕ ਨੂੰ ਕੋਈ ਸਹਾਰ ਨਹੀਂ ਸਕਦਾ। ਉਸ ਨੂੰ ਕਿਸੇ ਇਨਸਾਨ ਨੇ ਨਾ ਹੀ ਦੇਖਿਆ ਹੈ ਅਤੇ ਨਾ ਹੀ ਦੇਖ ਸਕਦਾ ਹੈ। ਯੁਗੋ-ਯੁਗ ਉਸ ਦਾ ਆਦਰ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ। 17  ਜਿਹੜੇ ਇਸ ਜ਼ਮਾਨੇ ਵਿਚ ਅਮੀਰ ਹਨ, ਉਨ੍ਹਾਂ ਨੂੰ ਕਹਿ ਕਿ ਉਹ ਹੰਕਾਰ ਨਾ ਕਰਨ ਤੇ ਨਾ ਹੀ ਧਨ-ਦੌਲਤ ਉੱਤੇ ਉਮੀਦ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ, ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ ਜਿਹੜਾ ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ। 18  ਨਾਲੇ ਉਨ੍ਹਾਂ ਨੂੰ ਕਹਿ ਕਿ ਉਹ ਦੂਸਰਿਆਂ ਨਾਲ ਭਲਾਈ ਕਰਨ, ਚੰਗੇ ਕੰਮ ਕਰਨ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਜੋ ਉਨ੍ਹਾਂ ਕੋਲ ਹੈ, ਉਹ ਦੂਸਰਿਆਂ ਨਾਲ ਵੰਡਣ ਲਈ ਤਿਆਰ ਰਹਿਣ। 19  ਇਸ ਤਰ੍ਹਾਂ ਕਰ ਕੇ ਉਹ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਨ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਨ, ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ। 20  ਪਿਆਰੇ ਤਿਮੋਥਿਉਸ, ਤੈਨੂੰ ਜੋ ­ਅਮਾਨਤ ਸੌਂਪੀ ਗਈ ਹੈ, ਉਸ ਦੀ ਰਾਖੀ ਕਰ, ਖੋਖਲੀਆਂ ਗੱਲਾਂ ਤੋਂ ਜੋ ਪਵਿੱਤਰ ਗੱਲਾਂ ਦੇ ਉਲਟ ਹਨ ਅਤੇ ਉਸ ਝੂਠੇ “ਗਿਆਨ” ਤੋਂ ਦੂਰ ਰਹਿ ਜੋ ਸੱਚਾਈ ਤੋਂ ਉਲਟ ਹੈ। 21  ਅਜਿਹੇ ਗਿਆਨ ਦਾ ਦਿਖਾਵਾ ਕਰ ਕੇ ਕੁਝ ਲੋਕਾਂ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ। ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ’ਤੇ ਹੋਵੇ।

ਫੁਟਨੋਟ