1 ਕੁਰਿੰਥੀਆਂ 2:1-16

2  ਇਸ ਲਈ, ਭਰਾਵੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ੁਰ ਦੇ ਭੇਤ ਦਾ ਐਲਾਨ ਕਰਨ ਆਇਆ ਸਾਂ, ਤਾਂ ਮੈਂ ਵੱਡੇ-ਵੱਡੇ ਸ਼ਬਦ ਵਰਤ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਇਹ ਦਿਖਾਵਾ ਨਹੀਂ ਕੀਤਾ ਕਿ ਮੈਂ ਬਹੁਤ ਬੁੱਧੀਮਾਨ ਹਾਂ।  ਮੈਂ ਸਿਰਫ਼ ਯਿਸੂ ਮਸੀਹ ਅਤੇ ਉਸ ਨੂੰ ਸੂਲ਼ੀ ’ਤੇ ਟੰਗੇ ਜਾਣ ਵੱਲ ਤੁਹਾਡਾ ਧਿਆਨ ਖਿੱਚਣ ਦਾ ਫ਼ੈਸਲਾ ਕੀਤਾ ਸੀ।  ਅਤੇ ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਉਦੋਂ ਮੈਂ ਕਮਜ਼ੋਰ ਤੇ ਡਰਿਆ ਹੋਇਆ ਸਾਂ ਤੇ ਥਰ-ਥਰ ਕੰਬ ਰਿਹਾ ਸਾਂ;  ਅਤੇ ਮੈਂ ਤੁਹਾਨੂੰ ਆਪਣੇ ਗਿਆਨ ਨਾਲ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮੇਰੀ ਬੋਲੀ ਅਤੇ ਪ੍ਰਚਾਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਤਾਕਤ ਦਾ ਸਬੂਤ ਸੀ,  ਤਾਂਕਿ ਤੁਸੀਂ ਇਨਸਾਨੀ ਬੁੱਧ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਉੱਤੇ ਨਿਹਚਾ ਕਰੋ।  ਅਸੀਂ ਸਮਝਦਾਰ ਲੋਕਾਂ ਨੂੰ ਬੁੱਧ ਦੀਆਂ ਗੱਲਾਂ ਦੱਸਦੇ ਹਾਂ, ਪਰ ਇਹ ਗੱਲਾਂ ਇਸ ਦੁਨੀਆਂ ਦੀ ਬੁੱਧ ਦੀਆਂ ਨਹੀਂ ਹਨ ਅਤੇ ਨਾ ਹੀ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਦੀਆਂ ਹਨ ਜਿਹੜੇ ਨਾਸ਼ ਹੋ ਜਾਣਗੇ।  ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਭੇਤ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ।  ਇਸ ਦੁਨੀਆਂ ਦਾ ਕੋਈ ਵੀ ਹਾਕਮ ਇਸ ਬੁੱਧ ਨੂੰ ਸਮਝ ਨਹੀਂ ਸਕਿਆ। ਜੇ ਉਹ ਸਮਝੇ ਹੁੰਦੇ, ਤਾਂ ਸਾਡੇ ਮਹਿਮਾਵਾਨ ਪ੍ਰਭੂ ਨੂੰ ਸੂਲ਼ੀ ਉੱਤੇ ਨਾ ਟੰਗਦੇ।  ਧਰਮ-ਗ੍ਰੰਥ ਵਿਚ ਇਸੇ ਤਰ੍ਹਾਂ ਲਿਖਿਆ ਗਿਆ ਹੈ: “ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਨਾ ਅੱਖਾਂ ਨੇ ਕਦੀ ਦੇਖਿਆ ਹੈ ਅਤੇ ਨਾ ਉਨ੍ਹਾਂ ਬਾਰੇ ਕੰਨਾਂ ਨੇ ਕਦੀ ਸੁਣਿਆ ਹੈ ਅਤੇ ਨਾ ਹੀ ਕਦੀ ਉਹ ਕਿਸੇ ਇਨਸਾਨ ਦੇ ਮਨ ਵਿਚ ਆਈਆਂ ਹਨ।” 10  ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ ਕਿਉਂਕਿ ਇਹ ਸ਼ਕਤੀ ਸਾਰੀਆਂ ਗੱਲਾਂ ਦੀ ਜਾਂਚ ਕਰਦੀ ਹੈ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ। 11  ਕੋਈ ਇਨਸਾਨ ਇਹ ਨਹੀਂ ਜਾਣ ਸਕਦਾ ਕਿ ਦੂਸਰੇ ਇਨਸਾਨ ਦੇ ਦਿਲ ਵਿਚ ਕੀ ਹੈ। ਹਰ ਇਨਸਾਨ ਖ਼ੁਦ ਜਾਣਦਾ ਹੈ ਕਿ ਉਸ ਦੇ ਦਿਲ* ਵਿਚ ਕੀ ਹੈ। ਇਸੇ ਤਰ੍ਹਾਂ, ਕੋਈ ਵੀ ਇਨਸਾਨ ਪਰਮੇਸ਼ੁਰ ਦੇ ਦਿਲ ਦੀਆਂ ਗੱਲਾਂ ਨਹੀਂ ਜਾਣ ਸਕਿਆ ਹੈ, ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਹੀ ਜਾਣ ਸਕਦਾ ਹੈ। 12  ਅਸੀਂ ਦੁਨੀਆਂ ਦੀ ਸੋਚ ਨੂੰ ਕਬੂਲ ਨਹੀਂ ਕੀਤਾ ਹੈ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕੀਤਾ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਸਮਝ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ। 13  ਅਸੀਂ ਇਨ੍ਹਾਂ ਗੱਲਾਂ ਬਾਰੇ ਦੱਸਦੇ ਵੀ ਹਾਂ, ਪਰ ਇਨਸਾਨੀ ਬੁੱਧ ਦੁਆਰਾ ਸਿਖਾਏ ਸ਼ਬਦ ਵਰਤ ਕੇ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਸ਼ਬਦ ਵਰਤ ਕੇ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਸਮਝਾਉਂਦੇ ਹਾਂ। 14  ਪਰ ਜਿਹੜਾ ਇਨਸਾਨ ਆਪਣੀਆਂ ਇੱਛਾਵਾਂ ਅਨੁਸਾਰ ਚੱਲਦਾ ਹੈ, ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਉਹ ਗੱਲਾਂ ਉਸ ਲਈ ਮੂਰਖਤਾ ਹਨ; ਅਤੇ ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦਾ ਕਿਉਂਕਿ ਉਨ੍ਹਾਂ ਗੱਲਾਂ ਦੀ ਜਾਂਚ ਕਰਨ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ। 15  ਪਰ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਸਾਰੀਆਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਇਸ ਇਨਸਾਨ ਦੀ ਜਾਂਚ ਕੋਈ* ਵੀ ਨਹੀਂ ਕਰ ਸਕਦਾ। 16  ਕਿਉਂਕਿ ­ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ? ਪਰ ਸਾਡੇ ਕੋਲ ਮਸੀਹ ਦਾ ਮਨ ਹੈ।”

ਫੁਟਨੋਟ

ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।
ਯਾਨੀ, ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ।