1 ਕੁਰਿੰਥੀਆਂ 14:1-40

14  ਇਕ-ਦੂਜੇ ਨਾਲ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਪਰ ਪਵਿੱਤਰ ਸ਼ਕਤੀ ਰਾਹੀਂ ਮਿਲਣ ਵਾਲੀਆਂ ਦਾਤਾਂ ਨੂੰ, ਖ਼ਾਸ ਕਰਕੇ ਭਵਿੱਖਬਾਣੀਆਂ* ਕਰਨ ਦੀ ਦਾਤ ਨੂੰ ਪ੍ਰਾਪਤ ਕਰਨ ਦਾ ਜਤਨ ਕਰੋ।  ਕਿਉਂਕਿ ਜਿਹੜਾ ਹੋਰ ਬੋਲੀ ਵਿਚ ਗੱਲ ਕਰਦਾ ਹੈ, ਉਸ ਦੀ ਗੱਲ ਨੂੰ ਕੋਈ ਵੀ ਨਹੀਂ ਸਮਝਦਾ, ਸਿਰਫ਼ ਪਰਮੇਸ਼ੁਰ ਹੀ ਸਮਝਦਾ ਹੈ। ਭਾਵੇਂ ਉਹ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਦੇ ਭੇਤ ਦੱਸਦਾ ਹੈ, ਫਿਰ ਵੀ ਕੋਈ ਉਸ ਦੀ ਗੱਲ ਨਹੀਂ ਸਮਝਦਾ।  ਪਰ ਜਿਹੜਾ ਭਵਿੱਖਬਾਣੀਆਂ ਕਰਦਾ ਹੈ, ਉਹ ਆਪਣੀਆਂ ਗੱਲਾਂ ਨਾਲ ਦੂਸਰਿਆਂ ਨੂੰ ਤਕੜਾ ਕਰਦਾ ਹੈ ਅਤੇ ਉਨ੍ਹਾਂ ਨੂੰ ਹੌਸਲਾ ਤੇ ਦਿਲਾਸਾ ਦਿੰਦਾ ਹੈ।  ਜਿਹੜਾ ਹੋਰ ਬੋਲੀਆਂ ਵਿਚ ਗੱਲ ਕਰਦਾ ਹੈ, ਉਹ ਆਪਣੇ ਆਪ ਨੂੰ ਤਕੜਾ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀਆਂ ਕਰਦਾ ਹੈ, ਉਹ ਮੰਡਲੀ ਨੂੰ ਤਕੜਾ ਕਰਦਾ ਹੈ।  ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੋਰ ਬੋਲੀਆਂ ਬੋਲੋ, ਪਰ ਇਸ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਭਵਿੱਖਬਾਣੀਆਂ ਕਰੋ। ਅਸਲ ਵਿਚ, ਭਵਿੱਖਬਾਣੀ ਕਰਨੀ ਹੋਰ ਬੋਲੀਆਂ ਵਿਚ ਗੱਲ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਹੋਰ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਨਹੀਂ ਕੀਤਾ ਜਾਂਦਾ, ਤਾਂ ਮੰਡਲੀ ਤਕੜੀ ਨਹੀਂ ਹੋਵੇਗੀ।  ਇਸ ਦੇ ਨਾਲ-ਨਾਲ ਭਰਾਵੋ, ਜੇ ਮੈਂ ਆ ਕੇ ਤੁਹਾਡੇ ਨਾਲ ਹੋਰ ਬੋਲੀਆਂ ਵਿਚ ਗੱਲ ਕਰਾਂ, ਤਾਂ ਤੁਹਾਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ? ਤੁਹਾਡੇ ਫ਼ਾਇਦੇ ਲਈ ਜ਼ਰੂਰੀ ਹੈ ਕਿ ਮੈਂ ਜਾਂ ਤਾਂ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਸੁਣਾਵਾਂ ਜਾਂ ਗਿਆਨ ਦੇਵਾਂ ਜਾਂ ਭਵਿੱਖਬਾਣੀ ਕਰਾਂ ਜਾਂ ਸਿੱਖਿਆ ਦੇਵਾਂ।  ਇਹ ਇਸੇ ਤਰ੍ਹਾਂ ਹੈ ਜਿਵੇਂ ਬੰਸਰੀ ਤੇ ਰਬਾਬ ਵਰਗੀਆਂ ਬੇਜਾਨ ਚੀਜ਼ਾਂ ਵਿੱਚੋਂ ਆਵਾਜ਼ਾਂ ਕੱਢੀਆਂ ਜਾਂਦੀਆਂ ਹਨ। ਪਰ ਜੇ ਵਜਾਉਂਦੇ ਵੇਲੇ ਸੁਰਾਂ ਨਾ ਬਦਲੀਆਂ ਜਾਣ, ਤਾਂ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬੰਸਰੀ ਜਾਂ ਰਬਾਬ ਉੱਤੇ ਕਿਹੜਾ ਰਾਗ ਵਜਾਇਆ ਜਾ ਰਿਹਾ ਹੈ?  ਜੇ ਤੁਰ੍ਹੀ ਦੀ ਆਵਾਜ਼ ਸਹੀ ਨਹੀਂ ਕੱਢੀ ਜਾਂਦੀ, ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ?  ਇਸੇ ਤਰ੍ਹਾਂ, ਜਿਹੜੇ ਹੋਰ ਬੋਲੀਆਂ ਵਿਚ ਗੱਲ ਕਰਦੇ ਹਨ, ਜੇ ਉਹ ਆਸਾਨੀ ਨਾਲ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਕਰਦੇ, ਤਾਂ ਦੂਸਰਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਕਿਹਾ ਜਾ ਰਿਹਾ ਹੈ? ਉਨ੍ਹਾਂ ਦੀਆਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। 10  ਸ਼ਾਇਦ ਦੁਨੀਆਂ ਵਿਚ ਕਈ ਤਰ੍ਹਾਂ ਦੀਆਂ ਬੋਲੀਆਂ ਹਨ, ਪਰ ਕੋਈ ਵੀ ਬੋਲੀ ਇਸ ਤਰ੍ਹਾਂ ਦੀ ਨਹੀਂ ਹੈ ਜਿਸ ਦਾ ਕੋਈ ਅਰਥ ਨਾ ਹੋਵੇ। 11  ਇਸ ਲਈ, ਜੇ ਮੈਨੂੰ ਕਿਸੇ ਬੋਲੀ ਦਾ ਮਤਲਬ ਸਮਝ ਨਹੀਂ ਆਉਂਦਾ, ਤਾਂ ਮੈਂ ਗੱਲ ਕਰਨ ਵਾਲੇ ਇਨਸਾਨ ਲਈ ਵਿਦੇਸ਼ੀ ਹੋਵਾਂਗਾ ਅਤੇ ਉਹ ਇਨਸਾਨ ਮੇਰੇ ਲਈ ਵਿਦੇਸ਼ੀ ਹੋਵੇਗਾ। 12  ਇਹੀ ਗੱਲ ਤੁਹਾਡੇ ਉੱਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਤੁਹਾਡੇ ਅੰਦਰ ਪਵਿੱਤਰ ਸ਼ਕਤੀ ਦੀਆਂ ਦਾਤਾਂ ਪ੍ਰਾਪਤ ਕਰਨ ਦੀ ਬਹੁਤ ਇੱਛਾ ਹੈ, ਇਸ ਲਈ ਤੁਸੀਂ ਮੰਡਲੀ ਨੂੰ ਤਕੜਾ ਕਰਨ ਦੇ ਇਰਾਦੇ ਨਾਲ ਪਵਿੱਤਰ ਸ਼ਕਤੀ ਦੀਆਂ ਵੱਧ ਤੋਂ ਵੱਧ ਦਾਤਾਂ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰੋ। 13  ਇਸ ਲਈ ਜਿਹੜਾ ਹੋਰ ਬੋਲੀ ਵਿਚ ਗੱਲ ਕਰਦਾ ਹੈ, ਉਹ ਪ੍ਰਾਰਥਨਾ ਕਰੇ ਕਿ ਉਹ ਆਪਣੀਆਂ ਗੱਲਾਂ ਦਾ ਅਨੁਵਾਦ ਕਰ ਸਕੇ। 14  ਕਿਉਂਕਿ ਜੇ ਮੈਂ ਕਿਸੇ ਹੋਰ ਬੋਲੀ ਵਿਚ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਦਾ ਹਾਂ, ਪਰ ਮੈਂ ਆਪਣੀ ਪ੍ਰਾਰਥਨਾ ਦਾ ਮਤਲਬ ਨਹੀਂ ਸਮਝਦਾ। 15  ਤਾਂ ਫਿਰ, ਕੀ ਕਰਨਾ ਚਾਹੀਦਾ ਹੈ? ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਾਂਗਾ, ਪਰ ਮੈਂ ਉਨ੍ਹਾਂ ਸ਼ਬਦਾਂ ਵਿਚ ਪ੍ਰਾਰਥਨਾ ਵੀ ਕਰਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ। ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵਾਂਗਾ ਅਤੇ ਮੈਂ ਉਹ ਮਹਿਮਾ ਦੇ ਗੀਤ ਵੀ ਗਾਵਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ। 16  ਨਹੀਂ ਤਾਂ, ਜੇ ਤੁਸੀਂ ਪਵਿੱਤਰ ਸ਼ਕਤੀ ਦੁਆਰਾ ਮਿਲੀ ਦਾਤ ਅਨੁਸਾਰ ਮਹਿਮਾ ਕਰਦੇ ਹੋ, ਤਾਂ ਤੁਹਾਡੇ ਵਿਚ ਬੈਠਾ ਆਮ ਬੰਦਾ ਤੁਹਾਡੇ ਦੁਆਰਾ ਕੀਤੀ ਪ੍ਰਾਰਥਨਾ ਵਿਚ ਧੰਨਵਾਦ ਕਰਨ ਤੋਂ ਬਾਅਦ “ਆਮੀਨ” ਕਿਵੇਂ ਕਹੇਗਾ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕੀ ਕਹਿ ਰਹੇ ਹੋ? 17  ਇਹ ਸੱਚ ਹੈ ਕਿ ਤੁਸੀਂ ਸੋਹਣੇ ਤਰੀਕੇ ਨਾਲ ਪ੍ਰਾਰਥਨਾ ਵਿਚ ਧੰਨਵਾਦ ਕਰਦੇ ਹੋ, ਪਰ ਇਸ ਨਾਲ ਆਮ ਬੰਦਾ ਤਕੜਾ ਨਹੀਂ ਹੋਵੇਗਾ। 18  ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਬੋਲੀਆਂ ਬੋਲ ਸਕਦਾ ਹਾਂ। 19  ਫਿਰ ਵੀ ਮੈਂ ਮੰਡਲੀ ਵਿਚ ਸਿੱਖਿਆ ਦੇਣ ਲਈ ਕਿਸੇ ਹੋਰ ਬੋਲੀ ਵਿਚ 10,000 ਸ਼ਬਦ ਬੋਲਣ ਦੀ ਬਜਾਇ ਸਿਰਫ਼ ਪੰਜ ਸ਼ਬਦ ਹੀ ਬੋਲਾਂਗਾ ਜਿਹੜੇ ਸਮਝੇ ਜਾ ਸਕਦੇ ਹਨ। 20  ਭਰਾਵੋ, ਨਿਆਣਿਆਂ ਵਾਲੀ ਸਮਝ ਨਾ ਰੱਖੋ, ਸਗੋਂ ਬੁਰਾਈ ਵਿਚ ਨਿਆਣੇ ਬਣੋ; ਪਰ ਸਮਝ ਵਿਚ ਸਿਆਣੇ ਬਣੋ। 21  ਮੂਸਾ ਦੇ ਕਾਨੂੰਨ ਵਿਚ ਇਹ ਲਿਖਿਆ ਹੈ: “‘ਮੈਂ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਅਤੇ ਅਜਨਬੀਆਂ ਰਾਹੀਂ ਇਨ੍ਹਾਂ ਨਾਲ ਗੱਲ ਕਰਾਂਗਾ, ਫਿਰ ਵੀ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ,’ ਯਹੋਵਾਹ ਕਹਿੰਦਾ ਹੈ।” 22  ਇਸ ਕਰਕੇ, ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾ­ਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ, ਜਦ ਕਿ ਭਵਿੱਖਬਾਣੀਆਂ ਕਰਨ ਦੀ ਦਾਤ ਅਵਿਸ਼ਵਾਸੀ ਲੋਕਾਂ ਲਈ ਨਹੀਂ, ਸਗੋਂ ਨਿਹਚਾਵਾਨਾਂ ਲਈ ਇਕ ਨਿਸ਼ਾਨੀ ਹੈ। 23  ਇਸ ਲਈ, ਜੇ ਪੂਰੀ ਮੰਡਲੀ ਇਕ ਜਗ੍ਹਾ ਇਕੱਠੀ ਹੁੰਦੀ ਹੈ ਅਤੇ ਸਾਰੇ ਜਣੇ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦੇ ਹਨ, ਤਾਂ ਕੀ ਉੱਥੇ ਆਉਣ ਵਾਲੇ ਆਮ ਬੰਦੇ ਜਾਂ ਅਵਿਸ਼­ਵਾਸੀ ਲੋਕ ਤੁਹਾਨੂੰ ਪਾਗਲ ਨਹੀਂ ਕਹਿਣਗੇ? 24  ਪਰ ਜੇ ਤੁਸੀਂ ਸਾਰੇ ਭਵਿੱਖਬਾਣੀਆਂ ਕਰਦੇ ਹੋ ਅਤੇ ਕੋਈ ­ਅਵਿਸ਼ਵਾਸੀ ਜਾਂ ਆਮ ਬੰਦਾ ਆਉਂਦਾ ਹੈ, ਤਾਂ ਉਸ ਨੂੰ ਤੁਹਾਡੇ ਸਾਰਿਆਂ ਦੀਆਂ ਗੱਲਾਂ ਤੋਂ ਤਾੜਨਾ ਮਿਲੇਗੀ ਅਤੇ ਉਹ ਧਿਆਨ ਨਾਲ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਹੋਵੇਗਾ।  25  ਫਿਰ ਉਸ ਦੇ ਦਿਲ ਦੇ ਭੇਤ ਜ਼ਾਹਰ ਹੋ ਜਾਣਗੇ ਅਤੇ ਉਹ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਕਹੇਗਾ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” 26  ਤਾਂ ਫਿਰ ਭਰਾਵੋ, ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਕੋਈ ਜ਼ਬੂਰ ਗਾਉਂਦਾ ਹੈ, ਕੋਈ ਸਿਖਾਉਂਦਾ ਹੈ, ਕੋਈ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦਾ ਹੈ, ਕੋਈ ਦੂਸਰੀ ਬੋਲੀ ਵਿਚ ਗੱਲ ਕਰਦਾ ਹੈ ਅਤੇ ਕੋਈ ਹੋਰ ਉਨ੍ਹਾਂ ਗੱਲਾਂ ਦਾ ਅਨੁਵਾਦ ਕਰਦਾ ਹੈ। ਇਕ-ਦੂਜੇ ਨੂੰ ਤਕੜਾ ਕਰਨ ਲਈ ਹੀ ਸਭ ਕੁਝ ਕਰੋ। 27  ਅਤੇ ਜੇ ਕਿਸੇ ਨੇ ਹੋਰ ਬੋਲੀ ਵਿਚ ਗੱਲ ਕਰਨੀ ਹੈ, ਤਾਂ ਦੋ ਜਾਂ ਤਿੰਨ ਤੋਂ ਵੱਧ ਜਣੇ ਹੋਰ ਬੋਲੀ ਵਿਚ ਗੱਲ ਨਾ ਕਰਨ ਅਤੇ ਸਾਰੇ ਵਾਰੀ-ਵਾਰੀ ਗੱਲ ਕਰਨ; ਅਤੇ ਕੋਈ ਜਣਾ ਉਨ੍ਹਾਂ ਦੀਆਂ ਗੱਲਾਂ ਦਾ ਅਰਥ ਸਮਝਾਵੇ। 28  ਪਰ ਜੇ ਉੱਥੇ ਅਨੁਵਾਦ ਕਰਨ ਲਈ ਕੋਈ ਨਹੀਂ ਹੈ, ਤਾਂ ਉਹ ਮੰਡਲੀ ਵਿਚ ਚੁੱਪ ਰਹੇ ਅਤੇ ਆਪਣੇ ਮਨ ਵਿਚ ਪਰਮੇਸ਼ੁਰ ਨਾਲ ਗੱਲ ਕਰੇ। 29  ਨਾਲੇ ਦੋ ਜਾਂ ਤਿੰਨ ਨਬੀ ਹੀ ਗੱਲ ਕਰਨ ਅਤੇ ਦੂਸਰੇ ਉਨ੍ਹਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨ। 30  ਪਰ ਜੇ ਉੱਥੇ ਬੈਠੇ-ਬੈਠੇ ਕਿਸੇ ਨੂੰ ਪਰਮੇਸ਼ੁਰ ਤੋਂ ਸੰਦੇਸ਼ ਮਿਲਦਾ ਹੈ, ਤਾਂ ਜਿਹੜਾ ਗੱਲ ਕਰ ਰਿਹਾ ਹੈ, ਉਹ ਚੁੱਪ ਕਰ ਜਾਵੇ। 31  ਤੁਸੀਂ ਸਾਰੇ ਇਕ-ਇਕ ਕਰ ਕੇ ਭਵਿੱਖਬਾਣੀਆਂ ਕਰ ਸਕਦੇ ਹੋ ਤਾਂਕਿ ਸਾਰੇ ਜਣੇ ਸਿੱਖਣ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਮਿਲੇ। 32  ਜਦੋਂ ਨਬੀ ਪਵਿੱਤਰ ਸ਼ਕਤੀ ਦੁਆਰਾ ਮਿਲੀਆਂ ਦਾਤਾਂ ਨੂੰ ਇਸਤੇਮਾਲ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਕਾਬੂ ਵਿਚ ਰੱਖਣ। 33  ਕਿਉਂਕਿ ਪਰਮੇਸ਼ੁਰ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ, ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ। ਜਿਵੇਂ ਪਵਿੱਤਰ ਸੇਵਕਾਂ ਦੀਆਂ ਸਾਰੀਆਂ ਮੰਡਲੀਆਂ ਵਿਚ ਹੁੰਦਾ ਹੈ, 34  ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਇਸ ਦੀ ਬਜਾਇ, ਉਹ ਅਧੀਨ ਰਹਿਣ, ਜਿਵੇਂ ਪਰਮੇਸ਼ੁਰ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਹੈ। 35  ਜੇ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਉਹ ਘਰ ਆਪਣੇ ਪਤੀਆਂ ਨੂੰ ਪੁੱਛਣ ਕਿਉਂਕਿ ਤੀਵੀਆਂ ਲਈ ਮੰਡਲੀ ਵਿਚ ਬੋਲਣਾ ਸ਼ਰਮ ਦੀ ਗੱਲ ਹੈ। 36  ਕੀ ਪਰਮੇਸ਼ੁਰ ਦਾ ਬਚਨ ਤੁਹਾਡੇ ਤੋਂ ਆਇਆ ਸੀ ਜਾਂ ਸਿਰਫ਼ ਤੁਹਾਨੂੰ ਹੀ ਮਿਲਿਆ ਸੀ? 37  ਜੇ ਕੋਈ ਸੋਚਦਾ ਹੈ ਕਿ ਉਹ ਨਬੀ ਹੈ ਜਾਂ ਉਸ ਨੂੰ ਪਵਿੱਤਰ ਸ਼ਕਤੀ ਰਾਹੀਂ ਦਾਤਾਂ ਮਿਲੀਆਂ ਹਨ, ਤਾਂ ਉਸ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੈਂ ਜੋ ਲਿਖ ਰਿਹਾ ਹਾਂ, ਉਹ ਪ੍ਰਭੂ ਦੇ ਹੁਕਮ ਹਨ। 38  ਪਰ ਜੇ ਕੋਈ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ, ਤਾਂ ਉਹ ਅਣਜਾਣ ਰਹੇਗਾ। 39  ਇਸ ਕਰਕੇ, ਮੇਰੇ ਭਰਾਵੋ, ਤੁਸੀਂ ਭਵਿੱਖਬਾਣੀਆਂ ਕਰਨ ਦੀ ਦਾਤ ਪ੍ਰਾਪਤ ਕਰਨ ਦਾ ਪੂਰਾ ਜਤਨ ਕਰੋ, ਪਰ ਜਿਹੜੇ ਹੋਰ ਬੋਲੀਆਂ ਵਿਚ ਗੱਲ ਕਰਦੇ ਹਨ, ਉਨ੍ਹਾਂ ਨੂੰ ਨਾ ਰੋਕੋ। 40  ਪਰ ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।

ਫੁਟਨੋਟ

1 ਕੁਰਿੰ 11:4, ਫੁਟਨੋਟ ਦੇਖੋ।