1 ਕੁਰਿੰਥੀਆਂ 10:1-33

10  ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ  ਅਤੇ ਉਨ੍ਹਾਂ ਸਾਰਿਆਂ ਨੇ ਮੂਸਾ ਦੀ ਅਗਵਾਈ ਵਿਚ ਚੱਲ ਕੇ ਬਪਤਿਸਮਾ ਲਿਆ ਸੀ ਜਦੋਂ ਉਹ ਬੱਦਲ ਥੱਲੇ ਸਨ ਅਤੇ ਜਦੋਂ ਉਹ ਸਮੁੰਦਰ ਵਿੱਚੋਂ ਦੀ ਲੰਘੇ ਸਨ  ਅਤੇ ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਭੋਜਨ ਖਾਧਾ ਸੀ  ਅਤੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਪਾਣੀ ਪੀਤਾ ਸੀ। ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਦਿੱਤੀ ਗਈ ਚਟਾਨ ਵਿੱਚੋਂ ਪਾਣੀ ਪੀਤਾ ਸੀ ਜੋ ਉਨ੍ਹਾਂ ਦੇ ਪਿੱਛੇ-ਪਿੱਛੇ ਆਈ ਸੀ ਅਤੇ ਉਹ ਚਟਾਨ ਮਸੀਹ ਸੀ।  ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿਚ ਮਾਰੇ ਗਏ ਸਨ।  ਇਹ ਗੱਲਾਂ ਸਾਡੇ ਲਈ ਸਬਕ ਹਨ ਤਾਂਕਿ ਅਸੀਂ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਰੱਖੀਏ, ਜਿਵੇਂ ਉਨ੍ਹਾਂ ਨੇ ਇੱਛਾ ਰੱਖੀ ਸੀ।  ਨਾ ਹੀ ਮੂਰਤੀ-ਪੂਜਾ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕੀਤੀ ਸੀ; ਜਿਵੇਂ ਲਿਖਿਆ ਹੈ: “ਲੋਕਾਂ ਨੇ ਖਾਧਾ-ਪੀਤਾ ਅਤੇ ਉਨ੍ਹਾਂ ਨੇ ਮੌਜ-ਮਸਤੀ ਕੀਤੀ।”  ਨਾ ਹੀ ਅਸੀਂ ਹਰਾਮਕਾਰੀ* ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।  ਨਾ ਹੀ ਅਸੀਂ ਯਹੋਵਾਹ ਨੂੰ ਪਰਖੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ। 10  ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ। 11  ਇਹ ਸਾਰਾ ਕੁਝ ਜੋ ਉਨ੍ਹਾਂ ਨਾਲ ਹੋਇਆ, ਉਦਾਹਰਣਾਂ ਸਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ। 12  ਇਸ ਲਈ ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ। 13  ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਹੈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ। ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ। 14  ਇਸ ਲਈ ਪਿਆਰੇ ਭਰਾਵੋ, ਮੂਰਤੀ-ਪੂਜਾ ਤੋਂ ਭੱਜੋ। 15  ਤੁਸੀਂ ਆਪ ਸਮਝਦਾਰ ਹੋ, ਇਸ ਲਈ ਆਪ ਫ਼ੈਸਲਾ ਕਰੋ ਕਿ ਮੈਂ ਜੋ ਕਹਿ ਰਿਹਾ ਹਾਂ, ਉਹ ਸਹੀ ਹੈ ਜਾਂ ਨਹੀਂ। 16  ਅਸੀਂ ਬਰਕਤ ਦੇ ਜਿਸ ਪਿਆਲੇ ਉੱਤੇ ਪ੍ਰਾਰਥਨਾ ਕਰਦੇ ਹਾਂ, ਕੀ ਇਹ ਮਸੀਹ ਦੇ ਲਹੂ ਵਿਚ ਹਿੱਸੇਦਾਰੀ ਨਹੀਂ ਹੈ? ਅਸੀਂ ਜਿਹੜੀ ਰੋਟੀ ਤੋੜਦੇ ਹਾਂ, ਕੀ ਇਹ ਮਸੀਹ ਦੇ ਸਰੀਰ ਵਿਚ ਹਿੱਸੇਦਾਰੀ ਨਹੀਂ ਹੈ? 17  ਇੱਕੋ ਰੋਟੀ ਹੈ ਅਤੇ ਭਾਵੇਂ ਅਸੀਂ ਬਹੁਤ ਸਾਰੇ ਹਾਂ, ਫਿਰ ਵੀ ਇਕ ਸਰੀਰ ਹਾਂ ਕਿਉਂਕਿ ਅਸੀਂ ਸਾਰੇ ਇਹ ਇੱਕੋ ਰੋਟੀ ਖਾਂਦੇ ਹਾਂ। 18  ਪੈਦਾਇਸ਼ੀ ਇਜ਼ਰਾਈਲ ਉੱਤੇ ਗੌਰ ਕਰੋ: ਜਿਹੜੇ ਬਲ਼ੀਆਂ ਦਾ ਹਿੱਸਾ ਖਾਂਦੇ ਹਨ, ਕੀ ਉਹ ਵੇਦੀ ਦੇ ਹਿੱਸੇਦਾਰ ਨਹੀਂ ਹੁੰਦੇ? 19  ਮੇਰੇ ਕਹਿਣ ਦਾ ਕੀ ਮਤਲਬ ਹੈ? ਕੀ ਮੈਂ ਇਹ ਕਹਿ ਰਿਹਾ ਹਾਂ ਕਿ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲ਼ੀਆਂ ਕੋਈ ਮਾਅਨੇ ਰੱਖਦੀਆਂ ਹਨ ਜਾਂ ਫਿਰ ਮੂਰਤੀਆਂ ਕੁਝ ਹਨ? 20  ਨਹੀਂ; ਮੈਂ ਇਹ ਕਹਿ ਰਿਹਾ ਹਾਂ ਕਿ ਦੁਨੀਆਂ ਦੇ ਲੋਕ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਹਨ, ਉਹ ਅਸਲ ਵਿਚ ਦੁਸ਼ਟ ਦੂਤਾਂ ਨੂੰ ਚੜ੍ਹਾਉਂਦੇ ਹਨ, ਨਾ ਕਿ ਪਰਮੇਸ਼ੁਰ ਨੂੰ; ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਦੂਤਾਂ ਦੇ ਹਿੱਸੇਦਾਰ ਬਣੋ। 21  ਇਹ ਨਹੀਂ ਹੋ ਸਕਦਾ ਕਿ ਤੁਸੀਂ ਯਹੋਵਾਹ ਦਾ ਪਿਆਲਾ ਵੀ ਪੀਓ ਤੇ ਦੁਸ਼ਟ ਦੂਤਾਂ ਦਾ ਪਿਆਲਾ ਵੀ ਪੀਓ; ਅਤੇ ਤੁਸੀਂ “ਯਹੋਵਾਹ ਦੇ ਮੇਜ਼” ਤੋਂ ਵੀ ਖਾਓ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ। 22  ਜਾਂ ਫਿਰ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? “ਕੀ ਅਸੀਂ ਯਹੋਵਾਹ ਦਾ ਗੁੱਸਾ ਭੜਕਾ ਰਹੇ ਹਾਂ”?* ਕੀ ਸਾਡੇ ਵਿਚ ਉਸ ਦੇ ਗੁੱਸੇ ਦਾ ਸਾਮ੍ਹਣਾ ਕਰਨ ਦੀ ਤਾਕਤ ਹੈ? 23  ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਫ਼ਾਇਦੇਮੰਦ ਨਹੀਂ ਹੁੰਦੀਆਂ। ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਤੋਂ ਹੌਸਲਾ ਨਹੀਂ ਮਿਲਦਾ। 24  ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ। 25  ਮੀਟ ਦੀਆਂ ਦੁਕਾਨਾਂ ਵਿਚ ਜੋ ਵੀ ਵਿੱਕਦਾ ਹੈ, ਖਾ ਲਓ ਅਤੇ ਤੁਹਾਨੂੰ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸ਼ਾਂਤ ਕਰਨ ਲਈ ਕੋਈ ਸਵਾਲ ਪੁੱਛਣ ਦੀ ਲੋੜ ਨਹੀਂ; 26  ਕਿਉਂਕਿ “ਧਰਤੀ ਅਤੇ ਇਸ ­ਉਤਲੀਆਂ ਸਾਰੀਆਂ ਚੀਜ਼ਾਂ ਯਹੋਵਾਹ ਦੀਆਂ ਹਨ।” 27  ਜੇ ਕੋਈ ਅਵਿਸ਼ਵਾਸੀ ਇਨਸਾਨ ਤੁਹਾਨੂੰ ਆਪਣੇ ਘਰ ਰੋਟੀ ’ਤੇ ਬੁਲਾਉਂਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਸਾਮ੍ਹਣੇ ਜੋ ਵੀ ਰੱਖਿਆ ਜਾਂਦਾ ਹੈ, ਖਾ ਲਓ ਅਤੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸ਼ਾਂਤ ਕਰਨ ਲਈ ਕੋਈ ਸਵਾਲ ਨਾ ਪੁੱਛੋ। 28  ਪਰ ਜੇ ਕੋਈ ਤੁਹਾਨੂੰ ਦੱਸੇ, “ਇਹ ਭੋਜਨ ਮੂਰਤੀਆਂ ਨੂੰ ਚੜ੍ਹਾਈ ਗਈ ਬਲ਼ੀ ਵਿੱਚੋਂ ਹੈ,” ਤਾਂ ਜਿਸ ਨੇ ਤੁਹਾਨੂੰ ਦੱਸਿਆ ਹੈ ਉਸ ਕਰਕੇ ਅਤੇ ਜ਼ਮੀਰ ਕਰਕੇ ਤੁਸੀਂ ਨਾ ਖਾਓ। 29  ਮੈਂ ਇੱਥੇ ਤੁਹਾਡੀ ਜ਼ਮੀਰ ਦੀ ਗੱਲ ਨਹੀਂ ਕਰ ਰਿਹਾ, ਸਗੋਂ ਦੂਸਰੇ ਇਨਸਾਨ ਦੀ ਜ਼ਮੀਰ ਦੀ ਗੱਲ ਕਰ ਰਿਹਾ ਹਾਂ। ਮੇਰੀ ਆਜ਼ਾਦੀ ਕਿਸੇ ਦੂਸਰੇ ਇਨਸਾਨ ਦੀ ਜ਼ਮੀਰ ਅਨੁਸਾਰ ਕਿਉਂ ਪਰਖੀ ਜਾਵੇ? 30  ਜੇ ਮੈਂ ਕੋਈ ਚੀਜ਼ ਪਰਮੇਸ਼ੁਰ ਦਾ ­ਧੰਨਵਾਦ ਕਰ ਕੇ ਖਾਂਦਾ ਹਾਂ, ਤਾਂ ਫਿਰ ਮੇਰੀ ਨਿੰਦਿਆ ਕਿਉਂ ਕੀਤੀ ਜਾਂਦੀ ਹੈ ਜਦ ਕਿ ਮੈਂ ਉਸ ਚੀਜ਼ ਲਈ ਧੰਨਵਾਦ ਕੀਤਾ ਹੈ? 31  ਇਸ ਲਈ, ਤੁਸੀਂ ਚਾਹੇ ਖਾਂਦੇ ਚਾਹੇ ਪੀਂਦੇ ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ। 32  ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ, 33  ਜਿਵੇਂ ਮੈਂ ਸਾਰੀਆਂ ਗੱਲਾਂ ਵਿਚ ਸਾਰੇ ਲੋਕਾਂ ਨੂੰ ਖ਼ੁਸ਼ ਰੱਖਦਾ ਹਾਂ ਅਤੇ ਆਪਣੇ ਹੀ ਭਲੇ ਬਾਰੇ ਨਹੀਂ, ਸਗੋਂ ਬਹੁਤਿਆਂ ਦੇ ਭਲੇ ਬਾਰੇ ਸੋਚਦਾ ਹਾਂ ਤਾਂਕਿ ਉਹ ਬਚਾਏ ਜਾਣ।

ਫੁਟਨੋਟ

ਅਪੈਂਡਿਕਸ 4 ਦੇਖੋ।
ਯਾਨੀ, ਯਹੋਵਾਹ ਦੇ ਨਾਲ-ਨਾਲ ਕਿਸੇ ਹੋਰ ਦੀ ਵੀ ਭਗਤੀ ਕਰ ਕੇ ਉਸ ਦਾ ਗੁੱਸਾ ਭੜਕਾਉਣਾ ਜਾਂ ਉਸ ਦੇ ਦਿਲ ਵਿਚ ਈਰਖਾ ਪੈਦਾ ਕਰਨੀ।
1 ਕੁਰਿੰ 1:22, ਫੁਟਨੋਟ ਦੇਖੋ।