ਰੋਮੀਆਂ 4:1-25

4  ਜੇ ਇਸ ਤਰ੍ਹਾਂ ਹੈ, ਤਾਂ ਫਿਰ ਸਾਡੇ ਪੂਰਵਜ ਅਬਰਾਹਾਮ ਬਾਰੇ ਕੀ ਕਿਹਾ ਜਾ ਸਕਦਾ ਹੈ?  ਮਿਸਾਲ ਲਈ, ਜੇ ਅਬਰਾਹਾਮ ਨੂੰ ਕੰਮਾਂ ਦੇ ਆਧਾਰ ਤੇ ਧਰਮੀ ਠਹਿਰਾਇਆ ਗਿਆ ਹੁੰਦਾ, ਤਾਂ ਉਸ ਕੋਲ ਘਮੰਡ ਕਰਨ ਦਾ ਕਾਰਨ ਹੁੰਦਾ; ਪਰ ਉਸ ਕੋਲ ਪਰਮੇਸ਼ੁਰ ਅੱਗੇ ਘਮੰਡ ਕਰਨ ਦਾ ਕੋਈ ਕਾਰਨ ਨਹੀਂ ਸੀ।  ਯਾਦ ਰੱਖੋ ਕਿ ­ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ: ­“ਅਬਰਾਹਾਮ ਨੇ ਯਹੋਵਾਹ ਉੱਤੇ ਨਿਹਚਾ ਕੀਤੀ ਅਤੇ ਇਸ ਕਰਕੇ ਉਸ ਨੂੰ ਧਰਮੀ ਠਹਿਰਾਇਆ ਗਿਆ।”  ਧਿਆਨ ਦਿਓ ਕਿ ਕੰਮ ਕਰਨ ਵਾਲੇ ਇਨਸਾਨ ਨੂੰ ਜੋ ­ਮਜ਼ਦੂਰੀ ਦਿੱਤੀ ਜਾਂਦੀ ਹੈ, ਉਹ ਮਜ਼ਦੂਰੀ ਉਸ ਦਾ ਹੱਕ ਮੰਨੀ ਜਾਂਦੀ ਹੈ, ਨਾ ਕਿ ਦਇਆ।  ਦੂਜੇ ਪਾਸੇ, ਜਿਹੜਾ ­ਇਨਸਾਨ ਕੰਮ ਨਹੀਂ ਕਰਦਾ, ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਹੜਾ ਪਾਪੀਆਂ ਨੂੰ ਧਰਮੀ ਠਹਿਰਾਉਂਦਾ ਹੈ, ਤਾਂ ਉਹ ਇਨਸਾਨ ਆਪਣੀ ਨਿਹਚਾ ਕਰਕੇ ਧਰਮੀ ਠਹਿਰਦਾ ਹੈ।  ਠੀਕ ਜਿਵੇਂ ਦਾਊਦ ਨੇ ਵੀ ਉਸ ਇਨਸਾਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਸੀ ਜਿਸ ਨੂੰ ਪਰਮੇਸ਼ੁਰ ਧਰਮੀ ­ਠਹਿਰਾਉਂਦਾ ਹੈ, ਭਾਵੇਂ ਉਸ ਦੇ ਕੰਮ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਮੁਤਾਬਕ ਨਹੀਂ ਹਨ:  “ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ ਗਏ ਹਨ;  ਖ਼ੁਸ਼ ਹੈ ਉਹ ਇਨਸਾਨ ਜਿਸ ਦੇ ਪਾਪਾਂ ਦਾ ਹਿਸਾਬ ਯਹੋਵਾਹ ਨਹੀਂ ਰੱਖੇਗਾ।”  ਤਾਂ ਫਿਰ, ਕੀ ਇਹ ਖ਼ੁਸ਼ੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਸੁੰਨਤ ਕਰਾਈ ਹੈ ਜਾਂ ਫਿਰ ਉਨ੍ਹਾਂ ਨੂੰ ਵੀ ਮਿਲਦੀ ਹੈ ਜਿਨ੍ਹਾਂ ਨੇ ਸੁੰਨਤ ਨਹੀਂ ਕਰਾਈ? ਅਸੀਂ ਪਹਿਲਾਂ ਕਹਿ ਚੁੱਕੇ ਹਾਂ: “ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ।” 10  ਪਰਮੇਸ਼ੁਰ ਨੇ ਕਦੋਂ ਉਸ ਨੂੰ ਧਰਮੀ ਗਿਣਿਆ ਸੀ? ਕੀ ਉਸ ਵੇਲੇ ਜਦੋਂ ਉਸ ਨੇ ਸੁੰਨਤ ਕਰਾਈ ਸੀ ਜਾਂ ਫਿਰ ਜਦੋਂ ਉਸ ਨੇ ਅਜੇ ਸੁੰਨਤ ਨਹੀਂ ਕਰਾਈ ਸੀ? ਉਹ ਉਸ ਵੇਲੇ ਧਰਮੀ ਗਿਣਿਆ ਗਿਆ ਸੀ ਜਦੋਂ ਉਸ ਨੇ ਸੁੰਨਤ ਨਹੀਂ ਕਰਾਈ ਸੀ। 11  ਫਿਰ ਪਰਮੇਸ਼ੁਰ ਨੇ ਉਸ ਨੂੰ ਸੁੰਨਤ ਕਰਾਉਣ ਲਈ ਕਿਹਾ। ਇਹ ਸੁੰਨਤ ਇਸ ਗੱਲ ਦੀ ਨਿਸ਼ਾਨੀ ਸੀ ਕਿ ਬੇਸੁੰਨਤਾ ਹੋਣ ਦੇ ਬਾਵਜੂਦ ਵੀ ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ ਸੀ। ਇਸ ਤਰ੍ਹਾਂ ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਬੇਸੁੰਨਤੇ ਹੋਣ ਦੇ ਬਾਵਜੂਦ ਵੀ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਗਿਆ ਹੈ। 12  ਉਹ ਸਿਰਫ਼ ਉਨ੍ਹਾਂ ਦਾ ਹੀ ਪਿਤਾ ਨਹੀਂ ਬਣਿਆ ਜਿਹੜੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ, ਸਗੋਂ ਉਨ੍ਹਾਂ ਦਾ ਵੀ ਪਿਤਾ ਬਣਿਆ ਜਿਹੜੇ ਨਿਹਚਾ ਦੇ ਰਾਹ ਉੱਤੇ ਚੱਲਦੇ ਹਨ। ਸਾਡਾ ਪਿਤਾ ਅਬਰਾਹਾਮ ਵੀ ਇਸ ਨਿਹਚਾ ਦੇ ਰਾਹ ਉੱਤੇ ਚੱਲਿਆ ਸੀ ਜਦੋਂ ਅਜੇ ਉਸ ਨੇ ਸੁੰਨਤ ਨਹੀਂ ਕਰਾਈ ਸੀ। 13  ਅਬਰਾਹਾਮ ਜਾਂ ਉਸ ਦੀ ਸੰਤਾਨ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਦੁਨੀਆਂ* ਦਾ ਵਾਰਸ ਬਣੇਗਾ। ਪਰ ਉਸ ਨਾਲ ਇਹ ਵਾਅਦਾ ਇਸ ਕਰਕੇ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਮੂਸਾ ਦੇ ਕਾਨੂੰਨ ਉੱਤੇ ਚੱਲਿਆ ਸੀ, ਸਗੋਂ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਉਸ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ ਸੀ। 14  ਜੇ ਕਾਨੂੰਨ ਉੱਤੇ ਚੱਲਣ ਵਾਲੇ ਲੋਕਾਂ ਨੂੰ ਵਾਰਸ ਬਣਾਇਆ ਜਾਂਦਾ ਹੈ, ਤਾਂ ਨਿਹਚਾ ਕਰਨ ਦਾ ਕੋਈ ਫ਼ਾਇਦਾ ਨਹੀਂ ਅਤੇ ਵਾਅਦਾ ਖੋਖਲਾ ਸਾਬਤ ਹੁੰਦਾ ਹੈ। 15  ਅਸਲ ਵਿਚ, ਮੂਸਾ ਦੇ ਕਾਨੂੰਨ ਕਰਕੇ ਇਨਸਾਨ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਜੇ ਕੋਈ ਕਾਨੂੰਨ ਹੈ ਹੀ ਨਹੀਂ, ਤਾਂ ਫਿਰ ਉਸ ਦੀ ਉਲੰਘਣਾ ਵੀ ਨਹੀਂ ਹੁੰਦੀ। 16  ਪਰਮੇਸ਼ੁਰ ਨੇ ਅਪਾਰ ਕਿਰਪਾ ਕਰ ਕੇ ਅਬਰਾਹਾਮ ਨਾਲ ਉਸ ਦੀ ਨਿਹਚਾ ਕਾਰਨ ਇਹ ਵਾਅਦਾ ਕੀਤਾ ਸੀ। ਉਸ ਦੀ ਸੰਤਾਨ ਨਾਲ ਵੀ ਇਹ ਵਾਅਦਾ ਕੀਤਾ ਗਿਆ। ਇਹ ਵਾਅਦਾ ਸਿਰਫ਼ ਉਨ੍ਹਾਂ ਨਾਲ ਹੀ ਨਹੀਂ ਕੀਤਾ ਗਿਆ ਸੀ ਜਿਹੜੇ ਮੂਸਾ ਦੇ ਕਾਨੂੰਨ ਉੱਤੇ ਚੱਲਦੇ ਸਨ, ਸਗੋਂ ਉਨ੍ਹਾਂ ਨਾਲ ਵੀ ਕੀਤਾ ਗਿਆ ਜਿਹੜੇ ਅਬਰਾਹਾਮ ਵਾਂਗ ਨਿਹਚਾ ਕਰਦੇ ਹਨ, ਜੋ ਸਾਡਾ ਸਾਰਿਆਂ ਦਾ ਪਿਤਾ ਹੈ। 17  (ਠੀਕ ਜਿਵੇਂ ਲਿਖਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।”) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਂ ਇਹ ਵਾਅਦਾ ਪੂਰਾ ਹੋਣ ਦੇ ਬਰਾਬਰ ਸੀ। ਅਬਰਾਹਾਮ ਨੂੰ ਪਰਮੇਸ਼ੁਰ ਉੱਤੇ ਨਿਹਚਾ ਸੀ ਜਿਹੜਾ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ ਅਤੇ ਜਿਹੜੀਆਂ ਚੀਜ਼ਾਂ ਨਹੀਂ ਹਨ, ਉਨ੍ਹਾਂ ਬਾਰੇ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਹਨ। 18  ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ, ਭਾਵੇਂ ਕਿ ਇਸ ਤਰ੍ਹਾਂ ਹੋਣਾ ਨਾਮੁਮਕਿਨ ਲੱਗਦਾ ਸੀ। ਉਸ ਨੇ ਪਹਿਲਾਂ ਕਹੀ ਗਈ ਇਸ ਗੱਲ ਉੱਤੇ ਭਰੋਸਾ ਕੀਤਾ ਸੀ: “ਤੇਰੀ ਸੰਤਾਨ ਅਣਗਿਣਤ ਹੋਵੇਗੀ।” 19  ਅਤੇ ਭਾਵੇਂ ਉਸ ਦੀ ਨਿਹਚਾ ਕਮਜ਼ੋਰ ਨਹੀਂ ਪਈ, ਪਰ ਉਸ ਨੂੰ ਪਤਾ ਸੀ ਕਿ ਉਸ ਦਾ ਸਰੀਰ ਪਹਿਲਾਂ ਹੀ ਮੁਰਦਿਆਂ ਵਰਗਾ ਹੋ ਚੁੱਕਾ ਸੀ ਕਿਉਂਕਿ ਉਸ ਦੀ ਉਮਰ ਲਗਭਗ ਸੌ ਸਾਲ ਸੀ, ਨਾਲੇ ਉਸ ਨੂੰ ਪਤਾ ਸੀ ਕਿ ਸਾਰਾਹ ਦੀ ਕੁੱਖ ਬਾਂਝ ਸੀ। 20  ਪਰ ਪਰਮੇਸ਼ੁਰ ਦੇ ਵਾਅਦੇ ਕਰਕੇ ਉਸ ਨੂੰ ਨਿਹਚਾ ਸੀ, ਇਸ ਲਈ ਉਸ ਨੇ ਸ਼ੱਕ ਨਹੀਂ ਕੀਤਾ, ਸਗੋਂ ਆਪਣੀ ਨਿਹਚਾ ਨੂੰ ਮਜ਼ਬੂਤ ਕੀਤਾ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ। 21  ਉਸ ਨੂੰ ਪੱਕਾ ਭਰੋਸਾ ਸੀ ਕਿ ਪਰਮੇਸ਼ੁਰ ਨੇ ਜੋ ਵਾਅਦਾ ਕੀਤਾ ਸੀ, ਉਹ ਉਸ ਨੂੰ ਪੂਰਾ ਕਰਨ ਦੇ ਕਾਬਲ ਸੀ। 22  ਇਸ ਲਈ “ਉਸ ਨੂੰ ਧਰਮੀ ਗਿਣਿਆ ਗਿਆ।” 23  ਪਰ ਇਹ ਸ਼ਬਦ, “ਉਸ ਨੂੰ ਧਰਮੀ ਗਿਣਿਆ ਗਿਆ” ਸਿਰਫ਼ ਉਸ ਲਈ ਹੀ ਨਹੀਂ ਲਿਖੇ ਗਏ ਸਨ, 24  ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ, ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ। 25  ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਯਿਸੂ ਨੂੰ ਇਨਸਾਨਾਂ ਦੇ ਹੱਥੋਂ ਮਰਨ ਦਿੱਤਾ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਤਾਂਕਿ ਪਰਮੇਸ਼ੁਰ ਸਾਨੂੰ ਧਰਮੀ ਠਹਿਰਾ ਸਕੇ।

ਫੁਟਨੋਟ

ਜਾਂ, “ਨਵੀਂ ਦੁਨੀਆਂ।”