ਰੋਮੀਆਂ 1:1-32

1  ਮੈਂ ਪੌਲੁਸ, ਯਿਸੂ ਮਸੀਹ ਦਾ ਦਾਸ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਗਿਆ ਰਸੂਲ ਹਾਂ।  ਇਹ ਖ਼ੁਸ਼ ਖ਼ਬਰੀ ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਪਵਿੱਤਰ ਧਰਮ-ਗ੍ਰੰਥ ਵਿਚ ਪਹਿਲਾਂ ਤੋਂ ਹੀ ਦੱਸੀ ਸੀ,  ਅਤੇ ਇਹ ਉਸ ਦੇ ਪੁੱਤਰ ਬਾਰੇ ਸੀ ਜੋ ਇਨਸਾਨ ਦੇ ਰੂਪ ਵਿਚ ਦਾਊਦ ਦੇ ਘਰਾਣੇ ਵਿਚ ਪੈਦਾ ਹੋਇਆ ਸੀ।  ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਦੀ ਪਛਾਣ ਆਪਣੇ ਪੁੱਤਰ ਵਜੋਂ ਕਰਾਈ ਜਦੋਂ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ। ਇਹ ਪੁੱਤਰ ਸਾਡਾ ਪ੍ਰਭੂ ਯਿਸੂ ਮਸੀਹ ਹੈ,  ਜਿਸ ਰਾਹੀਂ ਸਾਡੇ* ’ਤੇ ਅਪਾਰ ਕਿਰਪਾ ਹੋਈ ਅਤੇ ਸਾਨੂੰ ਰਸੂਲ ਬਣਾਇਆ ਗਿਆ ਤਾਂਕਿ ਸਾਰੀਆਂ ਕੌਮਾਂ ਵਿੱਚੋਂ ਲੋਕ ਨਿਹਚਾ ਕਰ ਕੇ ਆਗਿਆਕਾਰ ਬਣਨ ਅਤੇ ਮਸੀਹ ਦੇ ਨਾਂ ਦੀ ਮਹਿਮਾ ਕਰਨ।  ਇਨ੍ਹਾਂ ਕੌਮਾਂ ਵਿੱਚੋਂ ਤੁਹਾਨੂੰ ਵੀ ਯਿਸੂ ਮਸੀਹ ਦੇ ਚੇਲੇ ਬਣਨ ਲਈ ਸੱਦਿਆ ਗਿਆ ਹੈ।  ਮੈਂ ਰੋਮ ਵਿਚ ਰਹਿ ਰਹੇ ਪਰਮੇਸ਼ੁਰ ਦੇ ਸਾਰੇ ਪਿਆਰੇ ਭਗਤਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ: ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।  ਸਭ ਤੋਂ ਪਹਿਲਾਂ, ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਾਰਿਆਂ ਕਰਕੇ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਰੀ ਦੁਨੀਆਂ ਵਿਚ ਤੁਹਾਡੀ ਨਿਹਚਾ ਦੀ ਚਰਚਾ ਹੋ ਰਹੀ ਹੈ।  ਪਰਮੇਸ਼ੁਰ, ਜਿਸ ਦੀ ਭਗਤੀ ਮੈਂ ਉਸ ਦੇ ਪੁੱਤਰ ਦੀ ਖ਼ੁਸ਼ ਖ਼ਬਰੀ ਸੁਣਾ ਕੇ ਜੀ-ਜਾਨ ਨਾਲ ਕਰਦਾ ਹਾਂ, ਇਸ ਗੱਲ ਵਿਚ ਮੇਰਾ ਗਵਾਹ ਹੈ ਕਿ ਮੈਂ ਹਰ ਵੇਲੇ ਪ੍ਰਾਰਥਨਾਵਾਂ ਵਿਚ ਤੁਹਾਡਾ ਜ਼ਿਕਰ ਕਰਦਾ ਹਾਂ, 10  ਅਤੇ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਮੈਨੂੰ ਤੁਹਾਡੇ ਕੋਲ ਆਉਣ ਦਾ ਮੌਕਾ ਮਿਲੇਗਾ। 11  ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਮੈਂ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ; 12  ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ। 13  ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਨਾ ਰਹੋ ਕਿ ਮੈਂ ਕਈ ਵਾਰ ਤੁਹਾਡੇ ਕੋਲ ਆਉਣਾ ਚਾਹਿਆ, ਪਰ ਹੁਣ ਤਕ ਕੋਈ-ਨਾ-ਕੋਈ ਅੜਿੱਕਾ ਪੈਂਦਾ ਰਿਹਾ। ਪਰ ਫਿਰ ਵੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ, ਤਾਂਕਿ ਉੱਥੇ ਤੁਹਾਡੇ ਕੋਲ ਵੀ ਮੇਰੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਣ, ਜਿਵੇਂ ਦੂਸਰੀਆਂ ਕੌਮਾਂ ਵਿਚ ਨਿਕਲੇ ਹਨ। 14  ਮੈਂ ਦੋਵੇਂ ਯੂਨਾਨੀਆਂ ਤੇ ਵਿਦੇਸ਼ੀਆਂ ਅਤੇ ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦਾ ਕਰਜ਼ਦਾਰ ਹਾਂ, 15  ਇਸੇ ਲਈ, ਮੈਂ ਰੋਮ ਵਿਚ ਤੁਹਾਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲਾ ਹਾਂ। 16  ਮੈਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਅਸਲ ਵਿਚ, ਖ਼ੁਸ਼ ਖ਼ਬਰੀ ਤਾਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਮੁਕਤੀ ਦੇਣ ਲਈ ਪਰਮੇਸ਼ੁਰ ਦਾ ­ਸ਼ਕਤੀਸ਼ਾਲੀ ਜ਼ਰੀਆ ਹੈ, ਪਹਿਲਾਂ ਯਹੂਦੀਆਂ ਨੂੰ ਤੇ ਫਿਰ ਯੂਨਾਨੀਆਂ* ਨੂੰ; 17  ਨਿਹਚਾ ਰੱਖਣ ਵਾਲੇ ਲੋਕ ਦੇਖਦੇ ਹਨ ਕਿ ਖ਼ੁਸ਼ ਖ਼ਬਰੀ ਰਾਹੀਂ ਪਰਮੇਸ਼ੁਰ ਆਪਣੀ ਧਾਰਮਿਕਤਾ ਪ੍ਰਗਟ ਕਰਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਨਿਹਚਾ ਹੋਰ ਪੱਕੀ ਹੁੰਦੀ ਹੈ, ਠੀਕ ਜਿਵੇਂ ਲਿਖਿਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।” 18  ਪਰਮੇਸ਼ੁਰ ਦਾ ਕ੍ਰੋਧ ਸਵਰਗੋਂ ਸਾਰੇ ਦੁਸ਼ਟ ਅਤੇ ਅਧਰਮੀ ਲੋਕਾਂ ਉੱਤੇ ਭੜਕ ਰਿਹਾ ਹੈ ਜੋ ਪਰਮੇਸ਼ੁਰ ਬਾਰੇ ਸੱਚਾਈ ਨੂੰ ਭ੍ਰਿਸ਼ਟ ਤਰੀਕੇ ਨਾਲ ਦਬਾਉਂਦੇ ਹਨ, 19  ਕਿਉਂਕਿ ਪਰਮੇਸ਼ੁਰ ਦੇ ਬਾਰੇ ਜੋ ਕੁਝ ਉਹ ਜਾਣ ਸਕਦੇ ਹਨ ਉਹ ਸਭ ਕੁਝ ਉਨ੍ਹਾਂ ਦੇ ਸਾਮ੍ਹਣੇ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਸਭ ਕੁਝ ਸਾਫ਼-ਸਾਫ਼ ਦਿਖਾਇਆ ਹੈ। 20  ਭਾਵੇਂ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ। ਇਸ ਲਈ ਉਨ੍ਹਾਂ ਕੋਲ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ; 21  ਕਿਉਂਕਿ ਭਾਵੇਂ ਉਹ ਪਰਮੇਸ਼ੁਰ ਨੂੰ ਜਾਣਦੇ ਸਨ, ਉਨ੍ਹਾਂ ਨੇ ਉਸ ਨੂੰ ਉਹ ਮਹਿਮਾ ਨਹੀਂ ਦਿੱਤੀ ਜਿਸ ਦਾ ਉਹ ਹੱਕਦਾਰ ਹੈ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਪਰ ਉਹ ਵਿਅਰਥ ਸੋਚਾਂ ਸੋਚਣ ਲੱਗ ਪਏ ਅਤੇ ਉਨ੍ਹਾਂ ਦੇ ਮੂਰਖ ਦਿਲਾਂ ਉੱਤੇ ਹਨੇਰਾ ਛਾ ਗਿਆ। 22  ਭਾਵੇਂ ਉਹ ਸਮਝਦਾਰ ਹੋਣ ਦਾ ਦਾਅਵਾ ਕਰਦੇ ਸਨ, ਪਰ ਮੂਰਖ ਨਿਕਲੇ 23  ਅਤੇ ਉਨ੍ਹਾਂ ਨੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਬਜਾਇ ਨਾਸ਼ਵਾਨ ਇਨਸਾਨਾਂ, ਪੰਛੀਆਂ, ਚਾਰ ਪੈਰਾਂ ਵਾਲੇ ਜਾਨਵਰਾਂ ਅਤੇ ਰੀਂਗਣ ਵਾਲੇ ਜੀਵ-ਜੰਤੂਆਂ ਦੀਆਂ ਮੂਰਤਾਂ ਦੀ ਮਹਿਮਾ ਕੀਤੀ। 24  ਇਸ ਲਈ, ਉਨ੍ਹਾਂ ਦੇ ਦਿਲਾਂ ਦੀਆਂ ਇੱਛਾਵਾਂ ਨੂੰ ਜਾਣਦੇ ਹੋਏ ਪਰਮੇਸ਼ੁਰ ਨੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਉਹ ਗੰਦੇ-ਮੰਦੇ ਕੰਮ ਕਰ ਕੇ ਆਪਣੇ ਸਰੀਰਾਂ ਦਾ ਨਿਰਾਦਰ ਕਰਨ। 25  ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਸੱਚਾਈ ਉੱਤੇ ਵਿਸ਼ਵਾਸ ਕਰਨ ਦੀ ਬਜਾਇ ਝੂਠ ਉੱਤੇ ਵਿਸ਼ਵਾਸ ਕੀਤਾ, ਨਾਲੇ ਸਿਰਜਣਹਾਰ ਦੀ ਬਜਾਇ ਉਸ ਦੀਆਂ ਬਣਾਈਆਂ ਚੀਜ਼ਾਂ ਪ੍ਰਤੀ ਸ਼ਰਧਾ ਰੱਖੀ ਅਤੇ ਉਨ੍ਹਾਂ ਦੀ ਪੂਜਾ ਕੀਤੀ। ਪਰ ਸਿਰਫ਼ ਸਿਰਜਣਹਾਰ ਹੀ ਯੁਗੋ-ਯੁਗ ਮਹਿਮਾ ਲੈਣ ਦੇ ਯੋਗ ਹੈ। ਆਮੀਨ। 26  ਇਸੇ ਲਈ, ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਕਾਮ-ਵਾਸ਼ਨਾਵਾਂ ਦੇ ਵੱਸ ਵਿਚ ਰਹਿਣ ਦਿੱਤਾ, ਅਤੇ ਉਨ੍ਹਾਂ ਦੀਆਂ ਤੀਵੀਆਂ ਨੇ ਆਪਸ ਵਿਚ ਗ਼ੈਰ-ਕੁਦਰਤੀ ਸਰੀਰਕ ਸੰਬੰਧ ਬਣਾਏ; 27  ਅਤੇ ਇਸੇ ਤਰ੍ਹਾਂ ਬੰਦਿਆਂ ਨੇ ਵੀ ਤੀਵੀਆਂ ਨਾਲ ਕੁਦਰਤੀ ਸੰਬੰਧ ਛੱਡ ਦਿੱਤੇ, ਅਤੇ ਬੰਦੇ ਬੰਦਿਆਂ ਨਾਲ ਆਪਣੀ ਕਾਮ-ਵਾਸ਼ਨਾ ਦੀ ਅੱਗ ਵਿਚ ਮਚਣ ਲੱਗੇ ਅਤੇ ਅਸ਼ਲੀਲ ਕੰਮ ਕਰਨ ਲੱਗੇ। ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਅੰਜਾਮ ਪੂਰੀ ਤਰ੍ਹਾਂ ਭੁਗਤਣਾ ਪਿਆ। 28  ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਹੀ ਤਰ੍ਹਾਂ ਨਾਲ ਜਾਣਨਾ ਨਹੀਂ ਚਾਹਿਆ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਨ ਦੀ ਭ੍ਰਿਸ਼ਟ ਹਾਲਤ ਵਿਚ ਛੱਡ ਦਿੱਤਾ ਕਿ ਉਹ ਗ਼ਲਤ ਕੰਮ ਕਰਦੇ ਰਹਿਣ। 29  ਇਹ ਲੋਕ ਹਰ ਤਰ੍ਹਾਂ ਦੇ ਕੁਧਰਮ, ਦੁਸ਼ਟਤਾ, ਲੋਭ ਤੇ ਬੁਰਾਈ ਨਾਲ ਭਰੇ ਹੋਏ ਸਨ ਅਤੇ ਈਰਖਾ, ਕਤਲ, ਲੜਾਈ-ਝਗੜੇ ਤੇ ਧੋਖਾ ਕਰਦੇ ਸਨ ਤੇ ਦੂਜਿਆਂ ਨਾਲ ਖਾਰ ਖਾਂਦੇ ਸਨ ਅਤੇ ਇਹ ਲੋਕ ਤੁਹਮਤ ਲਾਉਣ ਵਾਲੇ, 30  ਚੁਗ਼ਲਖ਼ੋਰ, ਪਰਮੇਸ਼ੁਰ ਨਾਲ ਨਫ਼ਰਤ ਕਰਨ ਵਾਲੇ, ਬਦਤਮੀਜ਼, ਘਮੰਡੀ, ਸ਼ੇਖ਼ੀਬਾਜ਼, ਬੁਰੇ ਕੰਮਾਂ ਦੀਆਂ ਜੁਗਤਾਂ ਘੜਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, 31  ਬੇਸਮਝ, ਵਾਅਦੇ ਤੋੜਨ ਵਾਲੇ, ਨਿਰਮੋਹੀ ਤੇ ਬੇਰਹਿਮ ਸਨ। 32  ਭਾਵੇਂ ਉਹ ਪਰਮੇਸ਼ੁਰ ਦੇ ਧਰਮੀ ਫ਼ਰਮਾਨ ਚੰਗੀ ਤਰ੍ਹਾਂ ਜਾਣਦੇ ਹਨ, ਫਿਰ ਵੀ ਅਜਿਹੇ ਕੰਮ ਕਰਦੇ ਰਹਿੰਦੇ ਹਨ ਜੋ ਮੌਤ ਦੀ ਸਜ਼ਾ ਦੇ ਲਾਇਕ ਹਨ। ਉਹ ਇਹ ਕੰਮ ਸਿਰਫ਼ ਕਰਦੇ ਹੀ ਨਹੀਂ ਰਹਿੰਦੇ, ਸਗੋਂ ਇਹ ਕੰਮ ਕਰਨ ਵਾਲੇ ਹੋਰ ਲੋਕਾਂ ਦੀ ਵਾਹ-ਵਾਹ ਵੀ ਕਰਦੇ ਹਨ।

ਫੁਟਨੋਟ

ਜਾਂ, “ਜਿਸ ਰਾਹੀਂ ਮੇਰੇ ’ਤੇ।” ਪੌਲੁਸ ਨੇ ਇੱਥੇ ਆਪਣੇ ਬਾਰੇ ਗੱਲ ਕਰਦੇ ਹੋਏ ਸ਼ਾਇਦ ਬਹੁਵਚਨ “ਸਾਡੇ” ਇਸਤੇਮਾਲ ਕੀਤਾ ਸੀ।
ਇੱਥੇ ਉਨ੍ਹਾਂ ਗ਼ੈਰ-ਯਹੂਦੀ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਯੂਨਾਨੀ ਭਾਸ਼ਾ ਬੋਲਦੇ ਸਨ।