ਰਸੂਲਾਂ ਦੇ ਕੰਮ 6:1-15

6  ਹੁਣ ਉਨ੍ਹਾਂ ਦਿਨਾਂ ਵਿਚ, ਜਦੋਂ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਇਬਰਾਨੀ ਬੋਲਣ ਵਾਲੇ ਯਹੂਦੀ ਚੇਲਿਆਂ ਦੇ ਖ਼ਿਲਾਫ਼ ਯੂਨਾਨੀ ਬੋਲਣ ਵਾਲੇ ਯਹੂਦੀ ਚੇਲੇ ਸ਼ਿਕਾਇਤ ਲਾਉਣ ਲੱਗੇ ਕਿਉਂਕਿ ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।  ਇਸ ਲਈ, ਬਾਰਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਾ ਕਰ ਕੇ ਕਿਹਾ: “ਸਾਡੇ ਲਈ ਇਹ ਠੀਕ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰੀਏ।  ਸੋ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ;  ਪਰ ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।”  ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਨ੍ਹਾਂ ਸੱਤਾਂ ਨੂੰ ਚੁਣਿਆ: ਇਸਤੀਫ਼ਾਨ, ਜਿਹੜਾ ਨਿਹਚਾ ਅਤੇ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ, ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਅੰਤਾਕੀਆ ਦਾ ਨਿਕਲਾਉਸ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ।  ਉਨ੍ਹਾਂ ਨੇ ਸੱਤਾਂ ਨੂੰ ਰਸੂਲਾਂ ਕੋਲ ਲਿਆਂਦਾ ਅਤੇ ਰਸੂਲਾਂ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਸੱਤਾਂ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।  ਇਸ ਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ; ਬਹੁਤ ਸਾਰੇ ਪੁਜਾਰੀ ਵੀ ਯਿਸੂ ’ਤੇ ਨਿਹਚਾ ਕਰਨ ਲੱਗ ਪਏ।  ਇਸਤੀਫ਼ਾਨ ਲੋਕਾਂ ਵਿਚ ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ ਕਿਉਂਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ।  ਪਰ ­ਲਿਬਰਤੀਨੀਆਂ ਦੇ ਸਭਾ ਘਰ* ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ­ਕਿਲਿਕੀਆ ਅਤੇ ਏਸ਼ੀਆ* ਦੇ ਕੁਝ ਆਦਮੀ ­ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ; 10  ਪਰ ਉਹ ਇਸਤੀਫ਼ਾਨ ਦਾ ­ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ। 11  ਫਿਰ ਉਨ੍ਹਾਂ ਨੇ ਚੋਰੀ-ਛਿਪੇ ਕੁਝ ਆਦਮੀਆਂ ਨੂੰ ਇਹ ਕਹਿਣ ਲਈ ਉਕਸਾਇਆ: “ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਦੇ ਸੁਣਿਆ ਹੈ।” 12  ਅਤੇ ਉਨ੍ਹਾਂ ਨੇ ਲੋਕਾਂ ਨੂੰ ਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਸਾਰਿਆਂ ਨੇ ਉਸ ਉੱਤੇ ਅਚਾਨਕ ਹਮਲਾ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਮਹਾਸਭਾ ਕੋਲ ਲੈ ਗਏ। 13  ਅਤੇ ਉਨ੍ਹਾਂ ਨੇ ਝੂਠੇ ਗਵਾਹ ਲਿਆਂਦੇ ਜਿਨ੍ਹਾਂ ਨੇ ਕਿਹਾ: “ਇਹ ਆਦਮੀ ਇਸ ਪਵਿੱਤਰ ਜਗ੍ਹਾ ਅਤੇ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਬੋਲਣੋਂ ਨਹੀਂ ਹਟਦਾ। 14  ਮਿਸਾਲ ਲਈ, ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸੂ ਨਾਸਰੀ ਆ ਕੇ ਇਸ ਪਵਿੱਤਰ ਜਗ੍ਹਾ ਨੂੰ ਢਾਹ ਦੇਵੇਗਾ ਅਤੇ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਸਾਰੀਆਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਦਿੱਤੀਆਂ ਹਨ।” 15  ਅਤੇ ਮਹਾਸਭਾ ਵਿਚ ਬੈਠੇ ਸਾਰੇ ਲੋਕਾਂ ਨੇ ਇਸਤੀਫ਼ਾਨ ਨੂੰ ਟਿਕਟਿਕੀ ਲਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।

ਫੁਟਨੋਟ

ਲਿਬਰਤੀਨੀਆਂ ਦਾ ਸਭਾ ਘਰ ਸ਼ਾਇਦ ਉਨ੍ਹਾਂ ਯਹੂਦੀਆਂ ਜਾਂ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਦਾ ਸਭਾ ਘਰ ਸੀ ਜਿੱਥੇ ਉਹ ਪ੍ਰਾਰਥਨਾ ਕਰਨ ਅਤੇ ਧਰਮ-ਗ੍ਰੰਥ ਪੜ੍ਹਨ ਲਈ ਇਕੱਠੇ ਹੁੰਦੇ ਸਨ। ਇਹ ਲੋਕ ਪਹਿਲਾਂ ਕੈਦੀ ਜਾਂ ਗ਼ੁਲਾਮ ਹੁੰਦੇ ਸਨ, ਪਰ ਇਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ।
ਰਸੂ 2:9, ਫੁਟਨੋਟ ਦੇਖੋ।