ਰਸੂਲਾਂ ਦੇ ਕੰਮ 25:1-27

25  ਫਿਰ ਫ਼ੇਸਤੁਸ ਨੇ ਸੂਬੇ ਵਿਚ ਆ ਕੇ ਰਾਜਪਾਲ ਦਾ ਅਹੁਦਾ ਸੰਭਾਲਿਆ ਅਤੇ ਤਿੰਨਾਂ ਦਿਨਾਂ ਬਾਅਦ ਕੈਸਰੀਆ ਤੋਂ ਯਰੂਸ਼ਲਮ ਨੂੰ ਗਿਆ;  ਅਤੇ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਵੱਡੇ-ਵੱਡੇ ਬੰਦਿਆਂ ਨੇ ਉਸ ਨਾਲ ਪੌਲੁਸ ਦੇ ਖ਼ਿਲਾਫ਼ ਗੱਲ ਕੀਤੀ। ਉਹ ਬੰਦੇ ਉਸ ਨੂੰ ਬੇਨਤੀ ਕਰਨ ਲੱਗੇ ਕਿ  ਉਹ ਮਿਹਰਬਾਨੀ ਕਰ ਕੇ ਪੌਲੁਸ ਨੂੰ ਯਰੂਸ਼ਲਮ ਸੱਦ ਲਵੇ। ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿਚ ਹੀ ਘਾਤ ਲਾ ਕੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੋਈ ਸੀ।  ਪਰ ਫ਼ੇਸਤੁਸ ਨੇ ਜਵਾਬ ਦਿੱਤਾ ਕਿ ਪੌਲੁਸ ਨੂੰ ਕੈਸਰੀਆ ਵਿਚ ਹੀ ਰੱਖਿਆ ਜਾਵੇਗਾ ਅਤੇ ਉਹ ਆਪ ਵੀ ਛੇਤੀ ਉੱਥੇ ਜਾਵੇਗਾ।  ਉਸ ਨੇ ਕਿਹਾ: “ਜੇ ਪੌਲੁਸ ਨੇ ਵਾਕਈ ਕੋਈ ਗ਼ਲਤ ਕੰਮ ਕੀਤਾ ਹੈ, ਤਾਂ ਤੁਹਾਡੇ ਵਿੱਚੋਂ ਮੋਹਰੀ ਬੰਦੇ ਮੇਰੇ ਨਾਲ ਚੱਲ ਕੇ ਉਸ ਉੱਤੇ ਦੋਸ਼ ਲਾਉਣ।”  ਇਸ ਲਈ, ਫ਼ੇਸਤੁਸ ਉਨ੍ਹਾਂ ਵਿਚ ਅੱਠ-ਦਸ ਦਿਨ ਰਹਿ ਕੇ ਕੈਸਰੀਆ ਚਲਾ ਗਿਆ ਅਤੇ ਅਗਲੇ ਦਿਨ ਨਿਆਂ ਦੇ ਸਿੰਘਾਸਣ ’ਤੇ ਬੈਠ ਗਿਆ ਅਤੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ।  ਜਦੋਂ ਪੌਲੁਸ ਪੇਸ਼ ਹੋਇਆ, ਤਾਂ ਯਰੂਸ਼ਲਮ ਤੋਂ ਆਏ ਯਹੂਦੀਆਂ ਨੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਜਿਨ੍ਹਾਂ ਦਾ ਉਹ ਕੋਈ ਸਬੂਤ ਨਾ ਦੇ ਸਕੇ।  ਪਰ ਪੌਲੁਸ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ: “ਮੈਂ ਨਾ ਤਾਂ ਯਹੂਦੀਆਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼, ਨਾ ਹੀ ਮੰਦਰ ਦੇ ਖ਼ਿਲਾਫ਼ ਅਤੇ ਨਾ ਹੀ ਸਮਰਾਟ* ਦੇ ਖ਼ਿਲਾਫ਼ ਕੋਈ ਪਾਪ ਕੀਤਾ ਹੈ।”  ਫ਼ੇਸਤੁਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪੌਲੁਸ ਨੂੰ ਪੁੱਛਿਆ: “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਤਾਂਕਿ ਉੱਥੇ ਮੇਰੀ ਹਾਜ਼ਰੀ ਵਿਚ ਇਨ੍ਹਾਂ ਮਸਲਿਆਂ ਬਾਰੇ ਤੇਰਾ ਨਿਆਂ ਕੀਤਾ ਜਾਵੇ?” 10  ਪਰ ਪੌਲੁਸ ਨੇ ਕਿਹਾ: “ਮੈਂ ਸਮਰਾਟ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾ ਹਾਂ, ਇਸ ਲਈ ਇੱਥੇ ਹੀ ਮੇਰਾ ਨਿਆਂ ਕੀਤਾ ਜਾਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਨਹੀਂ ਵਿਗਾੜਿਆ ਜਿਵੇਂ ਕਿ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ। 11  ਜੇ ਮੈਂ ਸੱਚੀਂ ਗੁਨਾਹਗਾਰ ਹਾਂ ਅਤੇ ਵਾਕਈ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਕੀਤਾ ਹੈ, ਤਾਂ ਮੈਂ ਮਰਨ ਤੋਂ ਨਹੀਂ ਡਰਦਾ; ਪਰ ਜੇ ਇਨ੍ਹਾਂ ਆਦਮੀਆਂ ਵੱਲੋਂ ਮੇਰੇ ਉੱਤੇ ਲਾਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ, ਤਾਂ ਕਿਸੇ ਕੋਲ ਵੀ ਇਹ ਹੱਕ ਨਹੀਂ ਕਿ ਉਹ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਨੂੰ ਇਨ੍ਹਾਂ ਦੇ ਹਵਾਲੇ ਕਰੇ। ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” 12  ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਗੱਲ ਕਰ ਕੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ, ਇਸ ਲਈ ਤੂੰ ਸਮਰਾਟ ਕੋਲ ਹੀ ਜਾਵੇਂਗਾ।” 13  ਫਿਰ ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ* ਅਤੇ ਬਰਨੀਕੇ* ਫ਼ੇਸਤੁਸ ਦੇ ਦਰਸ਼ਣ ਕਰਨ ਲਈ ਕੈਸਰੀਆ ਆਏ। 14  ਉਨ੍ਹਾਂ ਨੇ ਉੱਥੇ ਕਈ ਦਿਨ ਰਹਿਣਾ ਸੀ, ਇਸ ਲਈ ਫ਼ੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮੇ ਬਾਰੇ ਗੱਲ ਕਰਦਿਆਂ ਕਿਹਾ: “ਫ਼ੇਲਿਕਸ ਇਕ ਆਦਮੀ ਨੂੰ ਕੈਦ ਵਿਚ ਛੱਡ ਗਿਆ ਸੀ, 15  ਅਤੇ ਜਦੋਂ ਮੈਂ ਯਰੂਸ਼ਲਮ ਵਿਚ ਸਾਂ, ਤਾਂ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਮੇਰੇ ਨਾਲ ਉਸ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਮੈਂ ਉਸ ਨੂੰ ਸਜ਼ਾ ਦਾ ਹੁਕਮ ਸੁਣਾਵਾਂ। 16  ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀ ਕਾਨੂੰਨ ਮੁਤਾਬਕ ਜਦੋਂ ਤਕ ਦੋਸ਼ੀ ਨੂੰ ਦੋਸ਼ ਲਾਉਣ ਵਾਲਿਆਂ ਦੀ ਹਾਜ਼ਰੀ ਵਿਚ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, ਉਦੋਂ ਤਕ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਜਾਂਦਾ। 17  ਇਸ ਲਈ, ਜਦੋਂ ਉਹ ਇੱਥੇ ਇਕੱਠੇ ਹੋਏ, ਤਾਂ ਮੈਂ ਬਿਨਾਂ ਦੇਰ ਕੀਤੇ ਅਗਲੇ ਹੀ ਦਿਨ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਉਸ ਕੈਦੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 18  ਅਤੇ ਦੋਸ਼ ਲਾਉਣ ਵਾਲਿਆਂ ਨੇ ਖੜ੍ਹੇ ਹੋ ਕੇ ਉਸ ਉੱਤੇ ਬੁਰੇ ਕੰਮ ਕਰਨ ਦੇ ਦੋਸ਼ ਲਾਏ ਅਤੇ ਮੈਨੂੰ ਉਮੀਦ ਸੀ ਕਿ ਉਹ ਇਨ੍ਹਾਂ ਦਾ ਕੋਈ ਸਬੂਤ ਵੀ ਦੇਣਗੇ, ਪਰ ਉਨ੍ਹਾਂ ਨੇ ਕੋਈ ਸਬੂਤ ਨਾ ਦਿੱਤਾ। 19  ਉਹ ਆਪਣੇ ਈਸ਼ਵਰ ਦੀ ਭਗਤੀ ਕਰਨ ਦੇ ਤਰੀਕੇ ਉੱਤੇ ਅਤੇ ਯਿਸੂ ਨਾਂ ਦੇ ਇਕ ਆਦਮੀ ਕਰਕੇ ਪੌਲੁਸ ਨਾਲ ਝਗੜ ਰਹੇ ਹਨ। ਇਹ ਯਿਸੂ ਮਰ ਚੁੱਕਾ ਹੈ, ਪਰ ਪੌਲੁਸ ਕਹਿ ਰਿਹਾ ਹੈ ਕਿ ਉਹ ਜੀਉਂਦਾ ਹੈ। 20  ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਨ੍ਹਾਂ ਮਸਲਿਆਂ ਨੂੰ ਕਿਵੇਂ ਹੱਲ ਕੀਤਾ ਜਾਵੇ, ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਯਰੂਸ਼ਲਮ ਜਾਣਾ ਚਾਹੁੰਦਾ ਹੈ ਤਾਂਕਿ ਉੱਥੇ ਇਨ੍ਹਾਂ ਮਸਲਿਆਂ ਬਾਰੇ ਉਸ ਦਾ ਨਿਆਂ ਕੀਤਾ ਜਾਵੇ। 21  ਪਰ ਪੌਲੁਸ ਨੇ ਬੇਨਤੀ ਕੀਤੀ ਕਿ ­ਸਮਰਾਟ* ਦਾ ਫ਼ੈਸਲਾ ਮਿਲ ਜਾਣ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ। ਸੋ ਮੈਂ ਉਸ ਨੂੰ ਉਦੋਂ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਹੈ ਜਦ ਤਕ ਮੈਂ ਉਸ ਨੂੰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਣ ਲਈ ਨਹੀਂ ਘੱਲ ਦਿੰਦਾ।” 22  ਫਿਰ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: “ਮੈਂ ਆਪ ਉਸ ਆਦਮੀ ਦੀ ਗੱਲ ਸੁਣਨੀ ਚਾਹਾਂਗਾ।” ਫ਼ੇਸਤੁਸ ਨੇ ਕਿਹਾ: “ਕੱਲ੍ਹ ਨੂੰ ਤੂੰ ਉਸ ਆਦਮੀ ਦੀ ਗੱਲ ਸੁਣ ਲਵੀਂ।” 23  ਇਸ ਲਈ, ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਠਾਠ-ਬਾਠ ਨਾਲ ਦਰਬਾਰ ਵਿਚ ਆਏ ਅਤੇ ਉਨ੍ਹਾਂ ਨਾਲ ਫ਼ੌਜ ਦੇ ਕਮਾਂਡਰ ਅਤੇ ਸ਼ਹਿਰ ਦੇ ਮੰਨੇ-ਪ੍ਰਮੰਨੇ ਆਦਮੀ ਵੀ ਸਨ। ਫ਼ੇਸਤੁਸ ਦੇ ਹੁਕਮ ’ਤੇ ਪੌਲੁਸ ਨੂੰ ਪੇਸ਼ ਕੀਤਾ ਗਿਆ। 24  ­ਫ਼ੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ ਅਤੇ ਇੱਥੇ ਸਾਡੇ ਨਾਲ ਹਾਜ਼ਰ ਸਾਰੇ ਸੱਜਣੋ, ਤੁਸੀਂ ਇਸ ਆਦਮੀ ਨੂੰ ਦੇਖ ਰਹੇ ਹੋ ਜਿਸ ਦੇ ਖ਼ਿਲਾਫ਼ ਯਰੂਸ਼ਲਮ ਵਿਚ ਅਤੇ ਇੱਥੇ ਵੀ ਸਾਰੇ ਯਹੂਦੀ ਮੇਰੇ ਪਿੱਛੇ ਪਏ ਹੋਏ ਸਨ ਅਤੇ ਉਨ੍ਹਾਂ ਨੇ ਉੱਚੀ-ਉੱਚੀ ਰੌਲ਼ਾ ਪਾ ਕੇ ਕਿਹਾ ਕਿ ਇਹ ਆਦਮੀ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ। 25  ਪਰ ਮੈਂ ਦੇਖਿਆ ਕਿ ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ। ਇਸ ਲਈ, ਜਦੋਂ ਇਸ ਨੇ ਸਮਰਾਟ ਅੱਗੇ ਫ਼ਰਿਆਦ ਕੀਤੀ, ਤਾਂ ਮੈਂ ਇਸ ਨੂੰ ਸਮਰਾਟ ਕੋਲ ਘੱਲਣ ਦਾ ਫ਼ੈਸਲਾ ਕੀਤਾ। 26  ਪਰ ਇਸ ਆਦਮੀ ਦੇ ਦੋਸ਼ ਬਾਰੇ ­ਸਮਰਾਟ ਨੂੰ ਲਿਖਣ ਲਈ ਮੇਰੇ ਕੋਲ ਕੁਝ ਨਹੀਂ ਹੈ। ਇਸ ਲਈ ਮੈਂ ਇਸ ਨੂੰ ਤੁਹਾਡੇ ਸਾਮ੍ਹਣੇ, ਖ਼ਾਸ ਕਰਕੇ ਰਾਜਾ ਅਗ੍ਰਿੱਪਾ ਤੇਰੇ ਸਾਮ੍ਹਣੇ ਪੇਸ਼ ਕੀਤਾ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਰੇ ਕੁਝ ਲਿਖ ਸਕਾਂ। 27  ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਮੈਂ ਇਕ ਕੈਦੀ ਨੂੰ ਰੋਮ ਵਿਚ ਸਮਰਾਟ ਕੋਲ ਤਾਂ ਘੱਲਾਂ, ਪਰ ਇਸ ਦੇ ਦੋਸ਼ ਨਾ ਲਿਖਾਂ।”

ਫੁਟਨੋਟ

ਯੂਨਾਨੀ ਵਿਚ, “ਕੈਸਰ,” ਯਾਨੀ ਰੋਮ ਦਾ ਸਮਰਾਟ।
ਯਾਨੀ, ਹੇਰੋਦੇਸ ਅਗ੍ਰਿੱਪਾ ਦੂਜਾ।
ਹੇਰੋਦੇਸ ਅਗ੍ਰਿੱਪਾ ਦੂਜੇ ਦੀ ਭੈਣ।
ਜਾਂ, “ਅਗਸਟਸ।” ਇਹ ਸਮਰਾਟ ਨੀਰੋ ਦਾ ਖ਼ਿਤਾਬ ਸੀ। ਸਭ ਤੋਂ ਪਹਿਲਾਂ ਇਹ ਖ਼ਿਤਾਬ ਸਮਰਾਟ ਆਕਟੇਵੀਅਨ ਨੂੰ ਦਿੱਤਾ ਗਿਆ ਸੀ।