ਯੂਹੰਨਾ 17:1-26

17  ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਕਾਸ਼ ਵੱਲ ਨਜ਼ਰਾਂ ਚੁੱਕ ਕੇ ਪ੍ਰਾਰਥਨਾ ਕਰਨ ਲੱਗਾ: “ਹੇ ਪਿਤਾ, ਸਮਾਂ ਆ ਗਿਆ ਹੈ; ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਤੇਰਾ ਪੁੱਤਰ ਤੇਰੀ ਮਹਿਮਾ ਕਰੇ,  ਕਿਉਂਕਿ ਤੂੰ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ, ਤਾਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪੁੱਤਰ ਦੇ ਹੱਥ ਸੌਂਪਿਆ ਹੈ, ਹਮੇਸ਼ਾ ਦੀ ਜ਼ਿੰਦਗੀ ਦੇਵੇ।  ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।  ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕਰ ਕੇ ਧਰਤੀ ਉੱਤੇ ਤੇਰੀ ਮਹਿਮਾ ਕੀਤੀ ਹੈ।  ਇਸ ਲਈ ਹੇ ਪਿਤਾ, ਹੁਣ ਤੂੰ ਮੈਨੂੰ ਆਪਣੇ ਨਾਲ ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ।  “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। ਉਹ ਤੇਰੇ ਸਨ ਅਤੇ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪਿਆ ਹੈ ਅਤੇ ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ।  ਉਹ ਹੁਣ ਜਾਣ ਗਏ ਹਨ ਕਿ ਤੂੰ ਮੈਨੂੰ ਜੋ ਵੀ ਦਿੱਤਾ ਹੈ, ਉਹ ਤੇਰੇ ਤੋਂ ਹੈ;  ਕਿਉਂਕਿ ਤੂੰ ਮੈਨੂੰ ਜੋ ਵੀ ਦੱਸਿਆ, ਉਹੀ ਮੈਂ ਉਨ੍ਹਾਂ ਨੂੰ ਦੱਸਿਆ ਹੈ ਅਤੇ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੈਂ ਤੇਰੇ ਵੱਲੋਂ ਆਇਆ ਹਾਂ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਕਿ ਤੂੰ ਹੀ ਮੈਨੂੰ ਘੱਲਿਆ ਹੈ।  ਮੈਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ; ਮੈਂ ਦੁਨੀਆਂ ਲਈ ਨਹੀਂ, ਸਗੋਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ; ਕਿਉਂਕਿ ਉਹ ਤੇਰੇ ਹਨ, 10  ਅਤੇ ਮੇਰਾ ਸਭ ਕੁਝ ਤੇਰਾ ਹੈ ਅਤੇ ਤੇਰਾ ਸਭ ਕੁਝ ਮੇਰਾ ਹੈ, ਅਤੇ ਉਨ੍ਹਾਂ ਨੇ ਮੇਰੀ ਮਹਿਮਾ ਕੀਤੀ ਹੈ। 11  “ਨਾਲੇ, ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ। ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ* ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ। 12  ਜਦੋਂ ਮੈਂ ਉਨ੍ਹਾਂ ਦੇ ਨਾਲ ਹੁੰਦਾ ਸੀ, ਤਾਂ ਮੈਂ ਤੇਰੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ ਉਨ੍ਹਾਂ ਦੀ ਰੱਖਿਆ ਕੀਤੀ; ਮੈਂ ਉਨ੍ਹਾਂ ਨੂੰ ਬਚਾਅ ਕੇ ਰੱਖਿਆ ਅਤੇ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਨਾਸ਼ ਨਹੀਂ ਹੋਇਆ, ਸਿਵਾਇ ਇਕ ਜਣੇ ਦੇ ਜਿਸ ਦਾ ਨਾਸ਼ ਹੋਣਾ ਹੈ,* ਤਾਂਕਿ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਹੋਵੇ। 13  ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਮੈਂ ਦੁਨੀਆਂ ਵਿਚ ਰਹਿੰਦਿਆਂ ਇਹ ਗੱਲਾਂ ਕਹਿ ਰਿਹਾ ਹਾਂ ਤਾਂਕਿ ਮੇਰੇ ਵਾਂਗ ਉਨ੍ਹਾਂ ਦੇ ਦਿਲ ਵੀ ਖ਼ੁਸ਼ੀ ਨਾਲ ਭਰ ਜਾਣ। 14  ਮੈਂ ਉਨ੍ਹਾਂ ਨੂੰ ਤੇਰਾ ਬਚਨ ਦੱਸਿਆ ਹੈ, ਪਰ ਦੁਨੀਆਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਹੈ ਕਿਉਂਕਿ ਉਹ ਦੁਨੀਆਂ ਵਰਗੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਵਰਗਾ ਨਹੀਂ ਹਾਂ। 15  “ਮੈਂ ਤੈਨੂੰ ਇਹ ਫ਼ਰਿਆਦ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਦੁਨੀਆਂ ਵਿੱਚੋਂ ਚੁੱਕ ਲਵੇਂ, ਸਗੋਂ ਇਹ ਫ਼ਰਿਆਦ ਕਰਦਾ ਹਾਂ ਕਿ ਤੂੰ ਉਸ ਦੁਸ਼ਟ* ਤੋਂ ਉਨ੍ਹਾਂ ਦੀ ਰੱਖਿਆ ਕਰੇਂ। 16  ਉਹ ਦੁਨੀਆਂ ਵਰਗੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਵਰਗਾ ਨਹੀਂ ਹਾਂ। 17  ਉਨ੍ਹਾਂ ਨੂੰ ਸੱਚਾਈ ਨਾਲ ਪਵਿੱਤਰ* ਕਰ; ਤੇਰਾ ਬਚਨ ਹੀ ਸੱਚਾਈ ਹੈ। 18  ਜਿਵੇਂ ਤੂੰ ਮੈਨੂੰ ਦੁਨੀਆਂ ਵਿਚ ਘੱਲਿਆ, ਤਿਵੇਂ ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿਚ ਘੱਲਿਆ ਹੈ। 19  ਅਤੇ ਉਨ੍ਹਾਂ ਦੀ ਖ਼ਾਤਰ ਮੈਂ ਆਪਣੇ ਆਪ ਨੂੰ ਪਵਿੱਤਰ ਰੱਖ ਰਿਹਾ ਹਾਂ ਤਾਂਕਿ ਉਹ ਵੀ ਸੱਚਾਈ ਨਾਲ ਪਵਿੱਤਰ ਹੋਣ। 20  “ਮੈਂ ਸਿਰਫ਼ ਇਨ੍ਹਾਂ ਲਈ ਹੀ ਫ਼ਰਿਆਦ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਕਰਦਾ ਹਾਂ ਜਿਹੜੇ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੇ ਉੱਤੇ ਨਿਹਚਾ ਕਰਦੇ ਹਨ; 21  ਤਾਂਕਿ ਸਾਰਿਆਂ ਵਿਚ ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਉਹ ਵੀ ਸਾਡੇ ਨਾਲ ਏਕਤਾ ਵਿਚ ਬੱਝੇ ਰਹਿਣ, ਤਾਂਕਿ ਦੁਨੀਆਂ ਨੂੰ ਵਿਸ਼ਵਾਸ ਹੋਵੇ ਕਿ ਤੂੰ ਮੈਨੂੰ ਘੱਲਿਆ ਹੈ। 22  ਨਾਲੇ, ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਮਹਿਮਾ ਤੂੰ ਮੈਨੂੰ ਦਿੱਤੀ ਹੈ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ। 23  ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਤੂੰ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈਂ, ਤਾਂਕਿ ਉਨ੍ਹਾਂ ਵਿਚ ਪੂਰੀ ਤਰ੍ਹਾਂ ਏਕਤਾ ਹੋਵੇ, ਨਾਲੇ ਦੁਨੀਆਂ ਨੂੰ ਇਹ ਪਤਾ ਲੱਗੇ ਕਿ ਤੂੰ ਮੈਨੂੰ ਘੱਲਿਆ ਹੈ ਅਤੇ ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ। 24  ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ, ਤਾਂਕਿ ਉਹ ਮੇਰੀ ਮਹਿਮਾ ਦੇਖਣ ਜੋ ਤੂੰ ਮੈਨੂੰ ਦਿੱਤੀ ਹੈ ਕਿਉਂਕਿ ਤੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਹੈ। 25  ਹੇ ਸੱਚੇ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ; ਪਰ ਮੈਂ ਤੈਨੂੰ ਜਾਣਦਾ ਹਾਂ ਅਤੇ ਉਹ ਵੀ ਜਾਣ ਗਏ ਹਨ ਕਿ ਤੂੰ ਮੈਨੂੰ ਘੱਲਿਆ ਹੈ। 26  ਅਤੇ ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ ਤਾਂਕਿ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ, ਉਹ ਵੀ ਉਸੇ ਤਰ੍ਹਾਂ ਪਿਆਰ ਕਰਨ ਅਤੇ ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਰਹਾਂ।”

ਫੁਟਨੋਟ

ਯਿਸੂ ਦੇ ਨਾਂ ਦਾ ਮਤਲਬ ਹੈ, “ਯਹੋਵਾਹ ਮੁਕਤੀ ਹੈ।”
ਯੂਨਾਨੀ ਵਿਚ, “ਵਿਨਾਸ਼ ਦਾ ਪੁੱਤਰ।”
ਯਾਨੀ, ਸ਼ੈਤਾਨ।
ਜਾਂ, “ਪਰਮੇਸ਼ੁਰ ਦੀ ਸੇਵਾ ਲਈ ਅਲੱਗ ਕਰਨਾ।”
ਮੱਤੀ 13:35, ਫੁਟਨੋਟ ਦੇਖੋ।