ਮੱਤੀ 5:1-48

5  ਜਦ ਉਸ ਨੇ ਲੋਕਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਪਹਾੜ ’ਤੇ ਚਲਾ ਗਿਆ; ਅਤੇ ਉਸ ਦੇ ਬੈਠਣ ਤੋਂ ਬਾਅਦ ਉਸ ਦੇ ਚੇਲੇ ਉਸ ਕੋਲ ਆਏ।  ਫਿਰ ਉਹ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਾ:  “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।  “ਖ਼ੁਸ਼ ਹਨ ਜਿਹੜੇ ਸੋਗ ਮਨਾਉਂਦੇ ਹਨ; ਕਿਉਂਕਿ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾਵੇਗਾ।  “ਖ਼ੁਸ਼ ਹਨ ਨਰਮ ਸੁਭਾਅ ਵਾਲੇ; ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।  “ਖ਼ੁਸ਼ ਹਨ ਜਿਹੜੇ ਇਨਸਾਫ਼* ਦੇ ਭੁੱਖੇ ਅਤੇ ਪਿਆਸੇ ਹਨ; ਕਿਉਂਕਿ ਉਨ੍ਹਾਂ ਨੂੰ ਰਜਾਇਆ ਜਾਵੇਗਾ।  “ਖ਼ੁਸ਼ ਹਨ ਦਇਆਵਾਨ; ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।  “ਖ਼ੁਸ਼ ਹਨ ਸਾਫ਼ ਦਿਲ ਵਾਲੇ; ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।  “ਖ਼ੁਸ਼ ਹਨ ਮੇਲ-ਮਿਲਾਪ* ਰੱਖਣ ਵਾਲੇ; ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ। 10  “ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ। 11  “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ’ਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ। 12  ਖ਼ੁਸ਼ੀਆਂ ਮਨਾਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ। 13  “ਤੁਸੀਂ ਧਰਤੀ ਦਾ ਲੂਣ ਹੋ। ਜੇ ਲੂਣ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਇਸ ਨੂੰ ਦੁਬਾਰਾ ਕਿਵੇਂ ਸਲੂਣਾ ਕੀਤਾ ਜਾਵੇਗਾ? ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਹ ਬਾਹਰ ਸੁੱਟੇ ਜਾਣ ਤੇ ਇਨਸਾਨਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਹੁੰਦਾ ਹੈ। 14  “ਤੁਸੀਂ ਦੁਨੀਆਂ ਦਾ ਚਾਨਣ ਹੋ। ਪਹਾੜ ਉੱਤੇ ਵੱਸਿਆ ਸ਼ਹਿਰ ਲੁਕਿਆ ਨਹੀਂ ਰਹਿ ਸਕਦਾ। 15  ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਪਰ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ। 16  ਇਸੇ ਤਰ੍ਹਾਂ ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ। 17  “ਇਹ ਨਾ ਸੋਚੋ ਕਿ ਮੈਂ ਮੂਸਾ ਦੇ ਕਾਨੂੰਨ ਜਾਂ ਨਬੀਆਂ ਦੀਆਂ ਗੱਲਾਂ ਨੂੰ ਰੱਦ ਕਰਨ ਆਇਆ ਹਾਂ। ਮੈਂ ਉਨ੍ਹਾਂ ਨੂੰ ਰੱਦ ਕਰਨ ਨਹੀਂ, ਸਗੋਂ ਪੂਰਾ ਕਰਨ ਆਇਆ ਹਾਂ, 18  ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਆਕਾਸ਼ ਅਤੇ ਧਰਤੀ ਤਾਂ ਮਿਟ ਸਕਦੇ ਹਨ, ਪਰ ਮੂਸਾ ਦੇ ਕਾਨੂੰਨ ਦਾ ਇਕ ਵੀ ਅੱਖਰ ਜਾਂ ਬਿੰਦੀ ਉਦੋਂ ਤਕ ਨਹੀਂ ਮਿਟੇਗੀ, ਜਦੋਂ ਤਕ ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ। 19  ਇਸ ਲਈ ਜੇ ਕੋਈ ਕਾਨੂੰਨ ਦੇ ਛੋਟੇ ਤੋਂ ਛੋਟੇ ਹੁਕਮ ਨੂੰ ਤੋੜਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦਿੰਦਾ ਹੈ, ਉਹ ਸਵਰਗ ਦੇ ਰਾਜ ਵਿਚ ਜਾਣ ਦੇ ਯੋਗ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇ ਕੋਈ ਇਸ ਦੇ ਹੁਕਮ ਮੰਨਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦਿੰਦਾ ਹੈ, ਉਹ ਸਵਰਗ ਦੇ ਰਾਜ ਵਿਚ ਜਾਣ ਦੇ ਯੋਗ ਹੋਵੇਗਾ। 20  ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਸੀਂ ਸੱਚੇ ਦਿਲੋਂ ਧਰਮੀ ਨਹੀਂ ਹੋ, ਤਾਂ ਤੁਸੀਂ ਗ੍ਰੰਥੀਆਂ ਅਤੇ ਫ਼ਰੀਸੀਆਂ ਵਰਗੇ ਹੋ ਅਤੇ ਸਵਰਗ ਦੇ ਰਾਜ ਵਿਚ ਨਹੀਂ ਜਾਓਗੇ। 21  “ਤੁਸੀਂ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ ਗਿਆ ਸੀ: ‘ਤੂੰ ਖ਼ੂਨ ਨਾ ਕਰ, ਜਿਹੜਾ ਖ਼ੂਨ ਕਰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ।’ 22  ਪਰ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਪਣੇ ਭਰਾ ਦੇ ਖ਼ਿਲਾਫ਼ ਗੁੱਸੇ ਨਾਲ ਭਰਿਆ ਰਹਿੰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ, ਪਰ ਜੇ ਕੋਈ ਬੁਰਾ-ਭਲਾ ਕਹਿ ਕੇ ਆਪਣੇ ਭਰਾ ਦੀ ਬੇਇੱਜ਼ਤੀ ਕਰਦਾ ਹੈ, ਉਸ ਨੂੰ ਸੁਪਰੀਮ ਕੋਰਟ* ਵਿਚ ਦੋਸ਼ੀ ਠਹਿਰਾਇਆ ਜਾਵੇਗਾ, ਪਰ ਜੇ ਕੋਈ ਆਪਣੇ ਭਰਾ ਨੂੰ ਕਹਿੰਦਾ ਹੈ, ‘ਓਏ ਨਿਕੰਮਿਆ ਅਤੇ ਮੂਰਖਾ!’ ਉਹ ‘ਗ਼ਹੈਨਾ’* ਦੀ ਅੱਗ ਵਿਚ ਸੁੱਟੇ ਜਾਣ ਦੇ ਲਾਇਕ ਹੋਵੇਗਾ। 23  “ਇਸ ਲਈ ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, 24  ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ। 25  “ਜੇ ਤੇਰੇ ’ਤੇ ਕੋਈ ਮੁਕੱਦਮਾ ਕਰਦਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਤੂੰ ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ, ਤਾਂਕਿ ਦੋਸ਼ ਲਾਉਣ ਵਾਲਾ ਤੈਨੂੰ ਜੱਜ ਦੇ ਹਵਾਲੇ ਨਾ ਕਰ ਦੇਵੇ, ਤੇ ਜੱਜ ਸਿਪਾਹੀ ਦੇ ਹਵਾਲੇ ਕਰ ਦੇਵੇ, ਅਤੇ ਤੈਨੂੰ ਕੈਦ ਵਿਚ ਸੁੱਟਿਆ ਜਾਵੇ। 26  ਮੈਂ ਤੈਨੂੰ ਸੱਚ ਕਹਿੰਦਾ ਹਾਂ: ਜਦ ਤਕ ਤੂੰ ਇਕ-ਇਕ ਪੈਸਾ* ਨਹੀਂ ਚੁਕਾ ਦਿੰਦਾ, ਉਦੋਂ ਤਕ ਤੈਨੂੰ ਕੈਦ ਵਿੱਚੋਂ ਰਿਹਾ ਨਹੀਂ ਕੀਤਾ ਜਾਵੇਗਾ। 27  “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’ 28  ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ। 29  ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ* ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ; ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਇਸ ਦੀ ਬਜਾਇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’ ਵਿਚ ਸੁੱਟਿਆ ਜਾਵੇ। 30  ਨਾਲੇ, ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾ ਰਿਹਾ ਹੈ, ਤਾਂ ਉਸ ਨੂੰ ਵੱਢ ਕੇ ਆਪਣੇ ਤੋਂ ਦੂਰ ਸੁੱਟ ਦੇ; ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਇਸ ਦੀ ਬਜਾਇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’ ਵਿਚ ਜਾਵੇ। 31  “ਇਹ ਵੀ ਕਿਹਾ ਗਿਆ ਸੀ: ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਤਲਾਕਨਾਮਾ ਲਿਖ ਕੇ ਦੇਵੇ।’ 32  ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਦਮੀ ਆਪਣੀ ਪਤਨੀ ਨੂੰ ਹਰਾਮਕਾਰੀ* ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਹਰਾਮਕਾਰੀ ਕਰਨ ਦੇ ਖ਼ਤਰੇ ਵਿਚ ਪਾਉਂਦਾ ਹੈ, ਅਤੇ ਜੋ ਆਦਮੀ ਉਸ ਤਲਾਕ-ਸ਼ੁਦਾ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ। 33  “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ, ਪਰ ਯਹੋਵਾਹ ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’ 34  ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਸਹੁੰ ਨਾ ਖਾਓ, ਨਾ ਸਵਰਗ ਦੀ, ਕਿਉਂਕਿ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ; 35  ਨਾ ਧਰਤੀ ਦੀ, ਕਿਉਂਕਿ ਉਹ ਉਸ ਦੇ ਪੈਰ ਰੱਖਣ ਦੀ ਚੌਂਕੀ ਹੈ; ਨਾ ਯਰੂਸ਼ਲਮ ਦੀ, ਕਿਉਂਕਿ ਉਹ ਮਹਾਰਾਜੇ ਦਾ ਸ਼ਹਿਰ ਹੈ। 36  ਨਾ ਹੀ ਆਪਣੇ ਸਿਰ ਦੀ, ਕਿਉਂਕਿ ਤੂੰ ਆਪਣੇ ਸਿਰ ਦਾ ਇਕ ਵੀ ਵਾਲ਼ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37  ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ; ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ। 38  “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ 39  ਪਰ, ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਪਰ ਜੇ ਕੋਈ ਤੇਰੀ ਸੱਜੀ ਗੱਲ੍ਹ ’ਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ। 40  ਅਤੇ ਜੇ ਕੋਈ ਤੇਰੇ ’ਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਚਾਦਰ ਵੀ ਦੇ ਦੇ, 41  ਅਤੇ ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣਾ ਕੰਮ ਕਰਾਉਣ ਵਾਸਤੇ ਤੈਨੂੰ ਆਪਣੇ ਨਾਲ ਇਕ ਕਿਲੋਮੀਟਰ ਚੱਲਣ ਲਈ ਮਜਬੂਰ ਕਰਦਾ ਹੈ, ਤਾਂ ਤੂੰ ਉਸ ਨਾਲ ਦੋ ਕਿਲੋਮੀਟਰ ਚਲਾ ਜਾਹ। 42  ਜੇ ਕੋਈ ਤੇਰੇ ਤੋਂ ਕੁਝ ਮੰਗਦਾ ਹੈ, ਤਾਂ ਉਸ ਨੂੰ ਦੇ ਦੇ, ਅਤੇ ਜੇ ਕੋਈ ਤੇਰੇ ਤੋਂ ਉਧਾਰ ਮੰਗੇ,* ਤਾਂ ਉਸ ਨੂੰ ਇਨਕਾਰ ਨਾ ਕਰ। 43  “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ 44  ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ­ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ, 45  ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ, ਕਿਉਂਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ’ਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ’ਤੇ ਮੀਂਹ ਵਰ੍ਹਾਉਂਦਾ ਹੈ। 46  ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਕੀ ਤੁਹਾਨੂੰ ਕੋਈ ਇਨਾਮ ਮਿਲੇਗਾ? ਕੀ ਟੈਕਸ ਵਸੂਲਣ ਵਾਲੇ ਵੀ ਇਸੇ ਤਰ੍ਹਾਂ ਨਹੀਂ ਕਰਦੇ? 47  ਅਤੇ ਜੇ ਤੁਸੀਂ ਸਿਰਫ਼ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ, ਤਾਂ ਤੁਸੀਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਦੁਨੀਆਂ ਦੇ ਲੋਕ ਵੀ ਇਸੇ ਤਰ੍ਹਾਂ ਨਹੀਂ ਕਰਦੇ? 48  ਇਸ ਲਈ, ਤੁਸੀਂ ਪੂਰੀ ਤਰ੍ਹਾਂ ਆਪਣੇ ਸਵਰਗੀ ਪਿਤਾ ਵਰਗੇ ਬਣੋ।

ਫੁਟਨੋਟ

ਜਾਂ, “ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਅਤੇ ਉਸ ਦੇ ਹੁਕਮ ਮੰਨਣੇ ਚਾਹੁੰਦੇ ਹਨ।”
ਯੂਨਾਨੀ ਵਿਚ, “ਮੇਲ-ਮਿਲਾਪ ਤੇ ਸੁਲ੍ਹਾ ਕਰਨ ਵਾਲੇ।”
ਯਾਨੀ, ਯਹੂਦੀ ਮਹਾਸਭਾ।
ਯਰੂਸ਼ਲਮ ਦੇ ਬਾਹਰ ਉਹ ਜਗ੍ਹਾ ਜਿੱਥੇ ਕੂੜਾ-ਕਰਕਟ ਸਾੜਿਆ ਜਾਂਦਾ ਸੀ। ਅਪੈਂਡਿਕਸ 9 ਦੇਖੋ।
ਯੂਨਾਨੀ ਵਿਚ, “ਆਖ਼ਰੀ ਕੁਆਡਰੰਨ।” ਇਹ ਸਿੱਕਾ ਲਗਭਗ 10 ਮਿੰਟਾਂ ਦੇ ਕੰਮ ਦੀ ਮਜ਼ਦੂਰੀ ਹੁੰਦੀ ਸੀ।
ਯੂਨਾਨੀ ਵਿਚ, “ਤੁਹਾਨੂੰ ਠੋਕਰ ਖੁਆਵੇ।”
ਅਪੈਂਡਿਕਸ 4 ਦੇਖੋ।
ਇੱਥੇ ਬਿਨਾਂ ਵਿਆਜ ਤੋਂ ਉਧਾਰ ਮੰਗਣ ਦੀ ਗੱਲ ਕੀਤੀ ਗਈ ਹੈ।