ਮੱਤੀ 18:1-35

18  ਉਸ ਵੇਲੇ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ ਹੋਵੇਗਾ?”  ਉਸ ਨੇ ਇਕ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦੇ ਗੱਭੇ ਖੜ੍ਹਾ ਕੀਤਾ  ਅਤੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਬੱਚਿਆਂ ਵਰਗੇ ਨਹੀਂ ਬਣਾਉਂਦੇ, ਤਾਂ ਤੁਸੀਂ ਸਵਰਗ ਦੇ ਰਾਜ ਵਿਚ ਕਦੇ ਨਹੀਂ ਜਾ ਸਕਦੇ।  ਇਸ ਲਈ ਜਿਹੜਾ ਇਸ ਬੱਚੇ ਵਾਂਗ ਨਿਮਰ ਬਣੇਗਾ, ਉਹੀ ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਹੋਵੇਗਾ,  ਅਤੇ ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਵਰਗੇ ਨਿਮਾਣੇ ਇਨਸਾਨ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ।  ਪਰ ਜੇ ਕੋਈ ਇਨਸਾਨ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਨੂੰ ਖ਼ਤਮ ਕਰ ਦਿੰਦਾ ਹੈ,* ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ* ਪਾ ਕੇ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।  “ਇਸ ਦੁਨੀਆਂ ਦਾ ਹਾਲ ਬਹੁਤ ਬੁਰਾ ਹੋਵੇਗਾ ਕਿਉਂਕਿ ਇਹ ਨਿਹਚਾ ਦੇ ਰਾਹ ਵਿਚ ਰੁਕਾਵਟਾਂ ਪਾਉਂਦੀ ਹੈ। ਰੁਕਾਵਟਾਂ ਤਾਂ ­ਆਉਣੀਆਂ ਹੀ ਹਨ, ਪਰ ਅਫ਼ਸੋਸ ਉਸ ਇਨਸਾਨ ਉੱਤੇ ਜੋ ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦਾ ਹੈ!  ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ* ਕਰਾਵੇ, ਤਾਂ ਉਸ ਨੂੰ ਵੱਢ ਸੁੱਟ; ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਉਂਦਾ* ਰਹੇਂ, ਇਸ ਦੀ ਬਜਾਇ ਕਿ ਦੋਵੇਂ ਹੱਥਾਂ ਜਾਂ ਪੈਰਾਂ ਦੇ ਹੁੰਦੇ ਹੋਏ ਉਸ ਜਗ੍ਹਾ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।  ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ* ਕਰਾਵੇ, ਤਾਂ ਉਸ ਨੂੰ ਕੱਢ ਸੁੱਟ; ਤੇਰੇ ਲਈ ਕਾਣਾ ਹੋ ਕੇ ਜੀਉਂਦਾ ਰਹਿਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਹੁੰਦੇ ਹੋਏ ਤੂੰ ‘ਗ਼ਹੈਨਾ’* ਦੀ ਅੱਗ ਵਿਚ ਸੁੱਟਿਆ ਜਾਵੇਂ। 10  ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਵਰਗ ਵਿਚ ਇਨ੍ਹਾਂ ਦੇ ਦੂਤ ਹਮੇਸ਼ਾ ਮੇਰੇ ਸਵਰਗੀ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ। 11  *—— 12  “ਦੱਸੋ, ਜੇ ਕਿਸੇ ਕੋਲ ਸੌ ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ, ਤਾਂ ਕੀ ਉਹ ਨੜ੍ਹਿੰਨਵੇਂ ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13  ਅਤੇ ਜਦੋਂ ਉਸ ਨੂੰ ਭੇਡ ਲੱਭ ਪਵੇਗੀ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨੂੰ ਉਨ੍ਹਾਂ ਨੜ੍ਹਿੰਨਵੇਂ ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ ਇੰਨੀ ਖ਼ੁਸ਼ੀ ਨਹੀਂ ਹੋਵੇਗੀ, ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ। 14  ਇਸੇ ਤਰ੍ਹਾਂ, ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ। 15  “ਨਾਲੇ, ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ। ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ’ਤੇ ਮੋੜ ਲਿਆਂਦਾ ਹੈ। 16  ਪਰ ਜੇ ਉਹ ਤੇਰੀ ਗੱਲ ਨਹੀਂ ਸੁਣਦਾ, ਤਾਂ ਆਪਣੇ ਨਾਲ ਇਕ ਜਾਂ ਦੋ ਜਣਿਆਂ ਨੂੰ ਲੈ ਜਾ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ। 17  ਜੇ ਉਹ ਉਨ੍ਹਾਂ ਦੀ ਵੀ ਗੱਲ ਨਹੀਂ ਸੁਣਦਾ, ਤਾਂ ਮੰਡਲੀ ਨਾਲ ਗੱਲ ਕਰ। ਜੇ ਉਹ ਮੰਡਲੀ ਦੀ ਵੀ ਗੱਲ ਨਹੀਂ ਸੁਣਦਾ, ਤਾਂ ਉਹ ਤੇਰੀ ਨਜ਼ਰ ਵਿਚ ਦੁਨਿਆਵੀ ਲੋਕਾਂ ਵਰਗਾ ਜਾਂ ਟੈਕਸ ਵਸੂਲਣ ਵਾਲਿਆਂ ਵਰਗਾ ਹੋਵੇ। 18  “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੁਸੀਂ ਧਰਤੀ ਉੱਤੇ ਜੋ ਬੰਨ੍ਹੋਗੇ,* ਉਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੈ, ਅਤੇ ਤੁਸੀਂ ਧਰਤੀ ਉੱਤੇ ਜੋ ਖੋਲ੍ਹੋਗੇ, ਉਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੈ। 19  ਮੈਂ ਦੁਬਾਰਾ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿੱਚੋਂ ਦੋ ਜਣੇ ਸਹਿਮਤ ਹੋ ਕੇ ਕਿਸੇ ਖ਼ਾਸ ਗੱਲ ਲਈ ਬੇਨਤੀ ਕਰਨ, ਤਾਂ ਮੇਰਾ ਸਵਰਗੀ ਪਿਤਾ ਉਨ੍ਹਾਂ ਦੀ ਬੇਨਤੀ ਸੁਣੇਗਾ। 20  ਜਿੱਥੇ ਕਿਤੇ ਦੋ ਜਾਂ ਤਿੰਨ ਜਣੇ ਮੇਰੇ ਨਾਂ ’ਤੇ ਇਕੱਠੇ ਹੁੰਦੇ ਹਨ, ਮੈਂ ਉਨ੍ਹਾਂ ਦੇ ਨਾਲ ਹੁੰਦਾ ਹਾਂ।” 21  ਫਿਰ ਪਤਰਸ ਨੇ ਉਸ ਨੂੰ ਪੁੱਛਿਆ: “ਪ੍ਰਭੂ, ਮੇਰਾ ਭਰਾ ਕਿੰਨੀ ਵਾਰ ਮੇਰੇ ਖ਼ਿਲਾਫ਼ ਪਾਪ ਕਰੇ ਕਿ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ?” 22  ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ।* 23  “ਇਸ ਲਈ ਸਵਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸ ਨੇ ਹੁਕਮ ਦਿੱਤਾ ਕਿ ਉਸ ਦੇ ਨੌਕਰ ਆਪੋ-ਆਪਣਾ ਕਰਜ਼ਾ ਮੋੜਨ। 24  ਜਦੋਂ ਉਹ ਹਿਸਾਬ-ਕਿਤਾਬ ਕਰ ਰਿਹਾ ਸੀ, ਤਾਂ ਉਸ ਅੱਗੇ ਇਕ ਨੌਕਰ ਨੂੰ ਪੇਸ਼ ਕੀਤਾ ਗਿਆ ਜਿਸ ਨੇ ਉਸ ਦੇ ਛੇ ਕਰੋੜ ਦੀਨਾਰ* ਦੇਣੇ ਸਨ। 25  ਪਰ ਉਸ ਨੌਕਰ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਉਸ ਨੂੰ, ਉਸ ਦੀ ਘਰਵਾਲੀ ਨੂੰ, ਉਸ ਦੇ ਬੱਚਿਆਂ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਵੇਚ ਕੇ ਕਰਜ਼ਾ ਮੋੜਿਆ ਜਾਵੇ। 26  ਇਹ ਸੁਣ ਕੇ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਗਿੜਗਿੜਾ ਕੇ ਕਹਿਣ ਲੱਗਾ, ‘ਮੇਰੇ ਮਾਲਕ, ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 27  ਰਾਜੇ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। 28  ਪਰ ਉਸ ਨੌਕਰ ਨੇ ਬਾਹਰ ਜਾ ਕੇ ਇਕ ਹੋਰ ਨੌਕਰ ਨੂੰ ਲੱਭਿਆ ਜਿਸ ਨੇ ਉਸ ਦੇ ਸਿਰਫ਼ ਸੌ ਦੀਨਾਰ ਦੇਣੇ ਸਨ, ਉਹ ਉਸ ਨੂੰ ਫੜ ਕੇ ਉਸ ਦਾ ਗਲ਼ਾ ਘੁੱਟਣ ਲੱਗਾ ਤੇ ਕਹਿਣ ਲੱਗਾ, ‘ਜੋ ਕੁਝ ਤੇਰੇ ਵੱਲ ਮੇਰਾ ਬਣਦਾ ਹੈ, ਮੈਨੂੰ ਹੁਣੇ ਦੇ।’ 29  ਉਹ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਮਿੰਨਤਾਂ-ਤਰਲੇ ਕਰਨ ਲੱਗਾ, ‘ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 30  ਪਰ ਉਸ ਨੇ ਉਸ ਦੀ ਇਕ ਨਾ ਸੁਣੀ, ਸਗੋਂ ਜਾ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਜਿੰਨਾ ਚਿਰ ਉਹ ਉਸ ਦੇ ਪੈਸੇ ਨਹੀਂ ਮੋੜ ਦਿੰਦਾ। 31  ਦੂਸਰੇ ਨੌਕਰ ਇਹ ਸਭ ਦੇਖ ਕੇ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ। 32  ਫਿਰ ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਤੇ ਕਿਹਾ: ‘ਓਏ ਦੁਸ਼ਟਾ, ਜਦ ਤੂੰ ਮੇਰੀਆਂ ਮਿੰਨਤਾਂ ਕੀਤੀਆਂ ਸਨ, ਤਾਂ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ। 33  ਤਾਂ ਫਿਰ, ਕੀ ਤੇਰਾ ਫ਼ਰਜ਼ ਨਹੀਂ ਸੀ ਬਣਦਾ ਕਿ ਜਿਵੇਂ ਮੈਂ ਤੇਰੇ ’ਤੇ ਦਇਆ ਕੀਤੀ ਸੀ, ਤੂੰ ਵੀ ਆਪਣੇ ਸਾਥੀ ਉੱਤੇ ਦਇਆ ਕਰਦਾ?’ 34  ਇਸ ਲਈ, ਰਾਜੇ ਨੇ ਕ੍ਰੋਧ ਵਿਚ ਆ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹਰਾਂ ਦੇ ਹਵਾਲੇ ਕਰ ਦਿੱਤਾ ਜਿੰਨਾ ਚਿਰ ਉਹ ਇਕ-ਇਕ ਪੈਸਾ ਨਹੀਂ ਮੋੜ ਦਿੰਦਾ। 35  ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ ਜੇ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰਦੇ।”

ਫੁਟਨੋਟ

ਯੂਨਾਨੀ ਵਿਚ, “ਤੁਹਾਨੂੰ ਠੋਕਰ ਖੁਆਵੇ।”
ਜਾਂ, “ਜਿਹੋ ਜਿਹਾ ਚੱਕੀ ਦਾ ਪੁੜ ਗਧਾ ਖਿੱਚਦਾ ਹੈ।”
ਯੂਨਾਨੀ ਵਿਚ, “ਤੁਹਾਨੂੰ ਠੋਕਰ ਖੁਆਵੇ।”
ਯਾਨੀ, ਹਮੇਸ਼ਾ ਦੀ ਜ਼ਿੰਦਗੀ।
ਯੂਨਾਨੀ ਵਿਚ, “ਤੁਹਾਨੂੰ ਠੋਕਰ ਖੁਆਵੇ।”
ਯਰੂਸ਼ਲਮ ਦੇ ਬਾਹਰ ਉਹ ਜਗ੍ਹਾ ਜਿੱਥੇ ਕੂੜਾ-ਕਰਕਟ ਸਾੜਿਆ ਜਾਂਦਾ ਸੀ। ਅਪੈਂਡਿਕਸ 9 ਦੇਖੋ।
ਮੱਤੀ 17:21, ਫੁਟਨੋਟ ਦੇਖੋ।
ਮੱਤੀ 16:19, ਫੁਟਨੋਟ ਦੇਖੋ।
ਜਾਂ, “ਸੱਤਰ ਦੇ ਸੱਤ ਵਾਰ।”
ਯੂਨਾਨੀ ਵਿਚ, “10,000 ਟੈਲੰਟ,” ਜੋ ਕਿ 6 ਕਰੋੜ ਦੀਨਾਰ ਦੇ ਬਰਾਬਰ ਸਨ। ਦੀਨਾਰ ਚਾਂਦੀ ਦਾ ਇਕ ਰੋਮੀ ਸਿੱਕਾ ਸੀ ਜਿਸ ਦਾ ਭਾਰ 3.85 ਗ੍ਰਾਮ ਸੀ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ।