ਮਰਕੁਸ 5:1-43

5  ਫਿਰ ਉਹ ਝੀਲ ਦੇ ਦੂਜੇ ਪਾਸੇ ਗਿਰਸੇਨੀਆਂ ਦੇ ਇਲਾਕੇ ਵਿਚ ਪਹੁੰਚੇ।  ਅਜੇ ਯਿਸੂ ਕਿਸ਼ਤੀ ਵਿੱਚੋਂ ਉੱਤਰਿਆ ਹੀ ਸੀ ਕਿ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਇਆ।  ਉਹ ਆਦਮੀ ਕਬਰਸਤਾਨ ਵਿਚ ਹੀ ਰਹਿੰਦਾ ਸੀ, ਅਤੇ ਕੋਈ ਵੀ ਉਸ ਨੂੰ ਬੰਨ੍ਹ ਨਹੀਂ ਸਕਿਆ ਸੀ, ਇੱਥੋਂ ਤਕ ਕਿ ਸੰਗਲਾਂ ਨਾਲ ਵੀ ਨਹੀਂ।  ਉਸ ਨੂੰ ਕਈ ਵਾਰ ਬੇੜੀਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਸੀ, ਪਰ ਉਹ ਸੰਗਲਾਂ ਦੇ ਟੋਟੇ-ਟੋਟੇ ਕਰ ਦਿੰਦਾ ਸੀ ਅਤੇ ਬੇੜੀਆਂ ਤੋੜ ਦਿੰਦਾ ਸੀ; ਕਿਸੇ ਵਿਚ ਵੀ ਉਸ ਨੂੰ ਕਾਬੂ ਕਰਨ ਦੀ ਤਾਕਤ ਨਹੀਂ ਸੀ।  ਅਤੇ ਉਹ ਦਿਨ-ਰਾਤ ਕਬਰਸਤਾਨ ਅਤੇ ਪਹਾੜਾਂ ਵਿਚ ਚੀਕਾਂ ਮਾਰਦਾ ਤੇ ਪੱਥਰਾਂ ਨਾਲ ਆਪਣੇ ਸਰੀਰ ਨੂੰ ਲਹੂ-ਲੁਹਾਨ ਕਰਦਾ ਰਹਿੰਦਾ ਸੀ।  ਪਰ ਉਹ ਯਿਸੂ ਨੂੰ ਦੂਰੋਂ ਦੇਖ ਕੇ ਭੱਜਾ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਬੈਠ ਗਿਆ।  ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਵਾਸਤਾ? ਤੈਨੂੰ ਪਰਮੇਸ਼ੁਰ ਦੀ ਸਹੁੰ, ਮੈਨੂੰ ਨਾ ਸਤਾ।”  ਕਿਉਂਕਿ ਯਿਸੂ ਉਸ ਨੂੰ ਕਹਿ ਰਿਹਾ ਸੀ: “ਓਏ ਦੁਸ਼ਟ ਦੂਤਾ, ਇਸ ਆਦਮੀ ਵਿੱਚੋਂ ਨਿਕਲ ਜਾਹ।”  ਪਰ ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਅਤੇ ਉਸ ਨੇ ਯਿਸੂ ਨੂੰ ਕਿਹਾ: “ਮੇਰਾ ਨਾਂ ਪਲਟਣ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।” 10  ਅਤੇ ਦੁਸ਼ਟ ਦੂਤਾਂ ਨੇ ਯਿਸੂ ਅੱਗੇ ਵਾਰ-ਵਾਰ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਉਸ ਇਲਾਕੇ ਵਿੱਚੋਂ ਨਾ ਕੱਢੇ। 11  ਹੁਣ ਉੱਥੇ ਪਹਾੜ ਉੱਤੇ ਸੂਰਾਂ ਦਾ ਵੱਡਾ ਝੁੰਡ ਚਰ ਰਿਹਾ ਸੀ। 12  ਇਸ ਲਈ ਦੁਸ਼ਟ ਦੂਤਾਂ ਨੇ ਉਸ ਅੱਗੇ ਬੇਨਤੀ ਕੀਤੀ: “ਸਾਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇ।” 13  ਅਤੇ ਉਸ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ। ਉਸੇ ਵੇਲੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਚਿੰਬੜ ਗਏ; ਤਕਰੀਬਨ 2,000 ਸੂਰਾਂ ਦਾ ਝੁੰਡ ਤੇਜ਼-ਤੇਜ਼ ਭੱਜਣ ਲੱਗ ਪਿਆ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਇਕ ਤੋਂ ਬਾਅਦ ਇਕ ਸਾਰੇ ਸੂਰ ਝੀਲ ਵਿਚ ਡੁੱਬ ਗਏ। 14  ਪਰ ਚਰਵਾਹੇ ਭੱਜ ਗਏ ਅਤੇ ਉਨ੍ਹਾਂ ਨੇ ਸ਼ਹਿਰ ਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ, ਅਤੇ ਲੋਕ ਵੀ ਦੇਖਣ ਆਏ ਕਿ ਕੀ ਹੋਇਆ ਸੀ। 15  ਤੇ ਯਿਸੂ ਕੋਲ ਆ ਕੇ ਉਨ੍ਹਾਂ ਨੇ ਦੇਖਿਆ ਕਿ ਜਿਹੜਾ ਆਦਮੀ ਪਹਿਲਾਂ ਦੁਸ਼ਟ ਦੂਤਾਂ ਦੀ ਪਲਟਣ ਦੇ ਵੱਸ ਵਿਚ ਸੀ, ਉਸ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਬੈਠਾ ਸੀ; ਅਤੇ ਉਹ ਬਹੁਤ ਡਰ ਗਏ। 16  ਨਾਲੇ, ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਸੀ, ਉਨ੍ਹਾਂ ਨੇ ਦੱਸਿਆ ਕਿ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਆਦਮੀ ਅਤੇ ਸੂਰਾਂ ਨਾਲ ਕੀ ਹੋਇਆ ਸੀ। 17  ਇਸ ਕਰਕੇ, ਲੋਕ ਯਿਸੂ ਅੱਗੇ ਮਿੰਨਤਾਂ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕਿਆਂ ਵਿੱਚੋਂ ਚਲਾ ਜਾਵੇ। 18  ਅਤੇ ਜਦ ਉਹ ਕਿਸ਼ਤੀ ਵਿਚ ਚੜ੍ਹਨ ਲੱਗਾ, ਤਾਂ ਜਿਸ ਆਦਮੀ ਨੂੰ ਪਹਿਲਾਂ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਨੇ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਨਾਲ ਲੈ ਜਾਵੇ। 19  ਪਰ ਯਿਸੂ ਨੇ ਉਸ ਨੂੰ ਨਾਂਹ ਕਹਿੰਦੇ ਹੋਏ ਕਿਹਾ: “ਆਪਣੇ ਘਰਦਿਆਂ ਕੋਲ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਤੇਰੇ ਲਈ ਕੀ-ਕੀ ਕੀਤਾ ਹੈ ਅਤੇ ਉਸ ਨੇ ਤੇਰੇ ਉੱਤੇ ਕਿੰਨੀ ਦਇਆ ਕੀਤੀ ਹੈ।” 20  ਅਤੇ ਉਹ ਚਲਾ ਗਿਆ ਅਤੇ ਦਿਕਾਪੁਲਿਸ* ਵਿਚ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ, ਅਤੇ ਸਾਰੇ ਲੋਕ ਹੈਰਾਨ ਰਹਿ ਗਏ। 21  ਯਿਸੂ ਕਿਸ਼ਤੀ ਵਿਚ ਝੀਲ ਪਾਰ ਕਰ ਕੇ ਵਾਪਸ ਆਇਆ। ਉਹ ਅਜੇ ਝੀਲ ਦੇ ਲਾਗੇ ਹੀ ਸੀ ਕਿ ਉਸ ਦੁਆਲੇ ਵੱਡੀ ਭੀੜ ਇਕੱਠੀ ਹੋ ਗਈ। 22  ਉੱਥੇ ਸਭਾ ਘਰ ਦਾ ਇਕ ਨਿਗਾਹਬਾਨ, ਜਿਸ ਦਾ ਨਾਂ ਜੈਰੁਸ ਸੀ, ਆਇਆ ਅਤੇ ਯਿਸੂ ਨੂੰ ਦੇਖ ਕੇ ਉਸ ਦੇ ਪੈਰੀਂ ਪੈ ਗਿਆ 23  ਅਤੇ ਮਿੰਨਤਾਂ ਕਰਨ ਲੱਗਾ: “ਮੇਰੀ ਧੀ ਬਹੁਤ ਬੀਮਾਰ ਹੈ।* ਆ ਕੇ ਉਸ ਦੇ ਸਿਰ ’ਤੇ ਹੱਥ ਰੱਖ ਤਾਂਕਿ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।” 24  ਉਹ ਉਸੇ ਵੇਲੇ ਉਸ ਨਾਲ ਤੁਰ ਪਿਆ। ਅਤੇ ਵੱਡੀ ਭੀੜ ਵੀ ਉਸ ਦੇ ਮਗਰ-ਮਗਰ ਤੁਰੀ ਜਾਂਦੀ ਸੀ ਅਤੇ ਉਸ ਨੂੰ ਦਬਾਉਂਦੀ ਸੀ। 25  ਉੱਥੇ ਇਕ ਤੀਵੀਂ ਸੀ ਜਿਸ ਦੇ ਬਾਰਾਂ ਸਾਲਾਂ ਤੋਂ ਲਹੂ ਵਹਿ ਰਿਹਾ ਸੀ। 26  ਉਸ ਨੇ ਕਈ ਹਕੀਮਾਂ ਤੋਂ ਇਲਾਜ ਕਰਾ-ਕਰਾ ਕੇ ਬੜਾ ਦੁੱਖ ਝੱਲਿਆ ਅਤੇ ਉਹ ਆਪਣਾ ਸਾਰਾ ਪੈਸਾ ਖ਼ਰਚ ਕਰ ਚੁੱਕੀ ਸੀ, ਫਿਰ ਵੀ ਉਸ ਨੂੰ ਆਰਾਮ ਨਹੀਂ ਆਇਆ ਸੀ, ਸਗੋਂ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ ਸੀ। 27  ਜਦੋਂ ਉਸ ਨੇ ਯਿਸੂ ਬਾਰੇ ਸੁਣਿਆ, ਤਾਂ ਉਹ ਪਿੱਛਿਓਂ ਦੀ ਭੀੜ ਵਿਚ ਆਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ, 28  ਕਿਉਂਕਿ ਉਹ ਮਨ ਹੀ ਮਨ ਕਹਿੰਦੀ ਰਹੀ: “ਜੇ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ।” 29  ਅਤੇ ਉਸੇ ਵੇਲੇ ਉਸ ਦੇ ਲਹੂ ਦਾ ਵਹਾਅ ਰੁਕ ਗਿਆ ਅਤੇ ਉਸ ਨੂੰ ਆਪਣੇ ਸਰੀਰ ਵਿਚ ਮਹਿਸੂਸ ਹੋਇਆ ਕਿ ਉਹ ਆਪਣੀ ਦਰਦਨਾਕ ਬੀਮਾਰੀ ਤੋਂ ਠੀਕ ਹੋ ਗਈ ਸੀ। 30  ਉਸੇ ਵੇਲੇ ਯਿਸੂ ਨੂੰ ਮਹਿਸੂਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਸੀ, ਅਤੇ ਉਸ ਨੇ ਪਿੱਛੇ ਮੁੜ ਕੇ ਕਿਹਾ: “ਕਿਸ ਨੇ ਮੇਰੇ ਕੱਪੜੇ ਨੂੰ ਛੂਹਿਆ?” 31  ਪਰ ਉਸ ਦੇ ਚੇਲੇ ਕਹਿਣ ਲੱਗੇ: “ਤੂੰ ਦੇਖਦਾ ਹੈਂ ਕਿ ਭੀੜ ਤੇਰੇ ਉੱਤੇ ਚੜ੍ਹੀ ਜਾਂਦੀ ਹੈ, ਅਤੇ ਤੂੰ ਕਹਿੰਦਾ ਹੈਂ, ‘ਕਿਸ ਨੇ ਮੈਨੂੰ ਛੂਹਿਆ?’” 32  ਉਸ ਨੇ ਇਹ ਜਾਣਨ ਲਈ ਆਸੇ-ਪਾਸੇ ਦੇਖਿਆ ਕਿ ਕਿਸ ਤੀਵੀਂ ਨੇ ਉਸ ਨੂੰ ਛੂਹਿਆ ਸੀ। 33  ਪਰ ਉਹ ਤੀਵੀਂ ਇਹ ਜਾਣਦੇ ਹੋਏ ਕਿ ਉਹ ਠੀਕ ਹੋ ਗਈ ਸੀ, ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਨੇ ਯਿਸੂ ਦੇ ਪੈਰੀਂ ਪੈ ਕੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। 34  ਉਸ ਨੇ ਤੀਵੀਂ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।” 35  ਅਜੇ ਉਹ ਗੱਲ ਕਰ ਹੀ ਰਿਹਾ ਸੀ ਕਿ ਜੈਰੁਸ ਦੇ ਘਰੋਂ ਕੁਝ ਬੰਦਿਆਂ ਨੇ ਆ ਕੇ ਦੱਸਿਆ: “ਤੇਰੀ ਧੀ ਮਰ ਗਈ ਹੈ! ਹੁਣ ਗੁਰੂ ਜੀ ਨੂੰ ਕਿਉਂ ਖੇਚਲ਼ ਦੇਈਏ?” 36  ਪਰ ਯਿਸੂ ਨੇ ਉਨ੍ਹਾਂ ਦੀ ਗੱਲ ਸੁਣ ਕੇ ਜੈਰੁਸ ਨੂੰ ਕਿਹਾ: “ਫ਼ਿਕਰ ਨਾ ਕਰ, ਨਿਹਚਾ ਰੱਖ।” 37  ਅਤੇ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਤੋਂ ਸਿਵਾਇ ਹੋਰ ਕਿਸੇ ਨੂੰ ਆਪਣੇ ਪਿੱਛੇ ਨਾ ਆਉਣ ਦਿੱਤਾ। 38  ਜਦੋਂ ਉਹ ਜੈਰੁਸ ਦੇ ਘਰ ਪਹੁੰਚੇ, ਤਾਂ ਉਸ ਨੇ ਲੋਕਾਂ ਨੂੰ ਚੀਕ-ਚਿਹਾੜਾ ਪਾਉਂਦੇ, ਰੋਂਦੇ-ਕੁਰਲਾਉਂਦੇ ਅਤੇ ਉੱਚੀ-ਉੱਚੀ ਵੈਣ ਪਾਉਂਦੇ ਦੇਖਿਆ। 39  ਅਤੇ ਅੰਦਰ ਵੜਨ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਚੀਕ-ਚਿਹਾੜਾ ਪਾਇਆ ਹੋਇਆ ਹੈ ਅਤੇ ਰੋ ਰਹੇ ਹੋ? ਬੱਚੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।” 40  ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। ਪਰ, ਯਿਸੂ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਆਪਣੇ ਨਾਲ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲਿਆਂ ਨੂੰ ਉਸ ਕਮਰੇ ਵਿਚ ਲੈ ਗਿਆ ਜਿੱਥੇ ਉਸ ਬੱਚੀ ਨੂੰ ਰੱਖਿਆ ਹੋਇਆ ਸੀ। 41  ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ: “ਤਲੀਥਾ ਕੂਮੀ,” ਜਿਸ ਦਾ ਮਤਲਬ ਹੈ: “ਬੇਟੀ, ਮੈਂ ਤੈਨੂੰ ਕਹਿੰਦਾ ਹਾਂ, ‘ਉੱਠ!’” 42  ਅਤੇ ਉਹ ਕੁੜੀ ਉਸੇ ਵੇਲੇ ਉੱਠ ਕੇ ਤੁਰਨ-ਫਿਰਨ ਲੱਗ ਪਈ। (ਉਹ ਬਾਰਾਂ ਸਾਲਾਂ ਦੀ ਸੀ।) ਅਤੇ ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। 43  ਪਰ ਉਸ ਨੇ ਉਨ੍ਹਾਂ ਨੂੰ ਵਾਰ-ਵਾਰ ਹੁਕਮ ਦਿੱਤਾ ਕਿ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਅਤੇ ਉਸ ਨੇ ਕਿਹਾ ਕਿ ਬੱਚੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ।

ਫੁਟਨੋਟ

ਮੱਤੀ 4:25, ਫੁਟਨੋਟ ਦੇਖੋ।
ਜਾਂ, “ਆਖ਼ਰੀ ਸਾਹਾਂ ’ਤੇ ਹੈ।”