ਤੀਤੁਸ 1:1-16

1  ਮੈਂ ਪੌਲੁਸ, ਪਰਮੇਸ਼ੁਰ ਦਾ ਦਾਸ ਅਤੇ ਯਿਸੂ ਮਸੀਹ ਦਾ ਰਸੂਲ ਹਾਂ। ਮੈਂ ਪਰਮੇਸ਼ੁਰ ਦੇ ਚੁਣੇ ਹੋਏ ਸੇਵਕਾਂ ਵਾਂਗ ਨਿਹਚਾ ਕਰਦਾ ਹਾਂ ਅਤੇ ਸੱਚਾਈ ਦੇ ਸਹੀ ਗਿਆਨ ਉੱਤੇ ਚੱਲ ਕੇ ਸੇਵਾ ਕਰਦਾ ਹਾਂ, ਜਿਸ ਅਨੁਸਾਰ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ।  ਇਸ ਭਗਤੀ ਦਾ ਆਧਾਰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ ਜਿਸ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।  ਉਸ ਨੇ ਆਪਣੇ ਮਿਥੇ ਹੋਏ ਸਮੇਂ ’ਤੇ ਆਪਣੇ ਬਚਨ ਨੂੰ ਪ੍ਰਚਾਰ ਦੇ ਕੰਮ ਰਾਹੀਂ ਜ਼ਾਹਰ ਕੀਤਾ। ਮੈਨੂੰ ਇਹ ਕੰਮ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਹੁਕਮ ਨਾਲ ਸੌਂਪਿਆ ਗਿਆ ਹੈ।  ਮੈਂ ਮਸੀਹੀ ਰਾਹ ਉੱਤੇ ਚੱਲ ਰਹੇ ਆਪਣੇ ਸੱਚੇ ਬੇਟੇ ਤੀਤੁਸ ਨੂੰ ਇਹ ਚਿੱਠੀ ਲਿਖ ਰਿਹਾ ਹਾਂ। ਪਿਤਾ ਪਰਮੇਸ਼ੁਰ ਅਤੇ ਸਾਡਾ ਮੁਕਤੀਦਾਤਾ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ ਤੇ ਸ਼ਾਂਤੀ ਬਖ਼ਸ਼ਣ।  ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਕਿਹਾ ਸੀ।  ਉਸ ਭਰਾ ਨੂੰ ਬਜ਼ੁਰਗ ਨਿਯੁਕਤ ਕੀਤਾ ਜਾ ਸਕਦਾ ਹੈ ਜਿਹੜਾ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਨਿਹਚਾਵਾਨ ਹੋਣ ਅਤੇ ਉਨ੍ਹਾਂ ਉੱਤੇ ਅਯਾਸ਼ੀ ਕਰਨ ਜਾਂ ਬਾਗ਼ੀ ਹੋਣ ਦਾ ਦੋਸ਼ ਨਾ ਲੱਗਾ ਹੋਵੇ  ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ ਅਤੇ ਨਾ ਹੀ ਉਹ ਗੁੱਸੇਖ਼ੋਰ, ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਉਠਾਉਣ ਵਾਲਾ ਹੋਵੇ,  ਸਗੋਂ ਉਹ ਪਰਾਹੁਣਚਾਰੀ ਕਰਨ ਵਾਲਾ, ਚੰਗੇ ਕੰਮ ਕਰਨ ਵਾਲਾ, ਸਮਝਦਾਰ, ਨੇਕ, ਵਫ਼ਾਦਾਰ ਅਤੇ ਆਪਣੇ ਉੱਤੇ ਕਾਬੂ ਰੱਖਣ ਵਾਲਾ ਹੋਵੇ।  ਨਾਲੇ, ਉਸ ਨੂੰ ਸਿਖਾਉਣ ਦੀ ਕਲਾ ਵਰਤਦੇ ਹੋਏ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਪੱਕਾ ਰਹਿਣਾ ਚਾਹੀਦਾ ਹੈ ਤਾਂਕਿ ਉਹ ਸਹੀ ਸਿੱਖਿਆ ਦੇ ਅਨੁਸਾਰ ਨਸੀਹਤ ਦੇਣ ਅਤੇ ਇਸ ਸਿੱਖਿਆ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਤਾੜਨਾ ਦੇਣ ਦੇ ਕਾਬਲ ਹੋਵੇ। 10  ਕਿਉਂਕਿ ਉੱਥੇ ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ਬਾਗ਼ੀ, ਫ਼ਜ਼ੂਲ ਗੱਲਾਂ ਕਰਨ ਵਾਲੇ ਤੇ ਧੋਖੇਬਾਜ਼ ਹਨ। ਇਨ੍ਹਾਂ ਵਿਚ ਖ਼ਾਸ ਕਰਕੇ ਅਜਿਹੇ ਆਦਮੀ ਹਨ ਜਿਹੜੇ ਸੁੰਨਤ ਦੀ ਰੀਤ ਉੱਤੇ ਚੱਲਣ ’ਤੇ ਜ਼ੋਰ ਦਿੰਦੇ ਹਨ। 11  ਇਨ੍ਹਾਂ ਦੇ ਮੂੰਹ ਬੰਦ ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਆਦਮੀ ਬੇਈਮਾਨੀ ਨਾਲ ਆਪਣੇ ਫ਼ਾਇਦੇ ਲਈ ਅਜਿਹੀਆਂ ਸਿੱਖਿਆਵਾਂ ਦੇ ਕੇ, ਜੋ ਇਨ੍ਹਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ, ਪੂਰੇ-ਪੂਰੇ ਪਰਿਵਾਰਾਂ ਦੀ ਨਿਹਚਾ ਨੂੰ ਬਰਬਾਦ ਕਰ ਦਿੰਦੇ ਹਨ। 12  ਕ੍ਰੀਟ ਦੇ ਲੋਕਾਂ ਦੇ ਹੀ ਇਕ ਨਬੀ* ਨੇ ਕਿਹਾ ਸੀ: “ਕ੍ਰੀਟ ਦੇ ਲੋਕ ਹਮੇਸ਼ਾ ਝੂਠੇ, ਖ਼ਤਰਨਾਕ ਜੰਗਲੀ ਜਾਨਵਰ, ਆਲਸੀ ਤੇ ਪੇਟੂ ਹੁੰਦੇ ਹਨ।” 13  ਇਹ ਗੱਲ ਸੱਚੀ ਹੈ। ਇਸੇ ਕਰਕੇ ਤੂੰ ਉਨ੍ਹਾਂ ਨੂੰ ਸਖ਼ਤੀ ਨਾਲ ਤਾੜਨਾ ਦਿੰਦਾ ਰਹਿ ਤਾਂਕਿ ਉਨ੍ਹਾਂ ਦੀ ਨਿਹਚਾ ਮਜ਼ਬੂਤ ਰਹੇ, 14  ਉਹ ਮਨਘੜਤ ਯਹੂਦੀ ਕਹਾਣੀਆਂ ਅਤੇ ਉਨ੍ਹਾਂ ਇਨਸਾਨਾਂ ਦੇ ਹੁਕਮਾਂ ਵੱਲ ਧਿਆਨ ਨਾ ਦੇਣ ਜਿਨ੍ਹਾਂ ਨੇ ਸੱਚਾਈ ਨੂੰ ਤਿਆਗ ਦਿੱਤਾ ਹੈ। 15  ਸ਼ੁੱਧ ਲੋਕਾਂ ਲਈ ਤਾਂ ਸਾਰੀਆਂ ਚੀਜ਼ਾਂ ਸ਼ੁੱਧ ਹੁੰਦੀਆਂ ਹਨ, ਪਰ ਭ੍ਰਿਸ਼ਟ ਤੇ ਅਵਿਸ਼ਵਾਸੀ ਲੋਕਾਂ ਲਈ ਕੁਝ ਵੀ ਸ਼ੁੱਧ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਮਨ ਤੇ ਉਨ੍ਹਾਂ ਦੀ ਜ਼ਮੀਰ ਦੋਵੇਂ ਭ੍ਰਿਸ਼ਟ ਹੋ ਚੁੱਕੇ ਹਨ। 16  ਉਹ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਨੂੰ ਜਾਣਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ ਕਿਉਂਕਿ ਉਹ ਨੀਚ ਤੇ ਅਣਆਗਿਆਕਾਰ ਇਨਸਾਨ ਹਨ ਅਤੇ ਉਹ ਕੋਈ ਵੀ ਚੰਗਾ ਕੰਮ ਕਰਨ ਦੇ ਯੋਗ ਨਹੀਂ ਹਨ।

ਫੁਟਨੋਟ

6ਵੀਂ ਸਦੀ ਈਸਵੀ ਪੂਰਵ ਵਿਚ ਕ੍ਰੀਟ ਵਿਚ ਐਪੀਮੈਨੀਡੀਸ ਨਾਂ ਦਾ ਇਕ ਕਵੀ।