ਗਲਾਤੀਆਂ 4:1-31

4  ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦ ਤਕ ਵਾਰਸ ਬੱਚਾ ਹੁੰਦਾ ਹੈ, ਉਸ ਵਿਚ ਅਤੇ ਨੌਕਰ ਵਿਚ ਕੋਈ ਫ਼ਰਕ ਨਹੀਂ ਹੁੰਦਾ, ਭਾਵੇਂ ਬੱਚਾ ਸਾਰੀਆਂ ਚੀਜ਼ਾਂ ਦਾ ਮਾਲਕ ਹੁੰਦਾ ਹੈ,  ਪਰ ਉਹ ਆਪਣੇ ਪਿਤਾ ਦੇ ਠਹਿਰਾਏ ਦਿਨ ਤਕ ਆਪਣੇ ਦੇਖ-ਰੇਖ ਕਰਨ ਵਾਲਿਆਂ ਅਤੇ ਘਰ ਦੇ ਪ੍ਰਬੰਧਕਾਂ ਦੇ ਅਧੀਨ ਰਹਿੰਦਾ ਹੈ।  ਇਸੇ ਤਰ੍ਹਾਂ ਜਦੋਂ ਅਸੀਂ ਬੱਚੇ ਸੀ, ਤਾਂ ਅਸੀਂ ਵੀ ਦੁਨੀਆਂ ਦੇ ਬੁਨਿਆਦੀ ਅਸੂਲਾਂ ਦੇ ਗ਼ੁਲਾਮ ਹੁੰਦੇ ਸੀ।  ਪਰ ਜਦੋਂ ਸਮਾਂ ਪੂਰਾ ਹੋਇਆ, ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲਿਆ, ਜੋ ਇਕ ਤੀਵੀਂ ਤੋਂ ਪੈਦਾ ਹੋਇਆ ਸੀ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਸੀ,  ਤਾਂਕਿ ਜਿਹੜੇ ਲੋਕ ਮੂਸਾ ਦੇ ਕਾਨੂੰਨ ਦੇ ਅਧੀਨ ਹਨ, ਉਨ੍ਹਾਂ ਨੂੰ ਖ਼ਰੀਦ ਕੇ ਛੁਡਾਇਆ ਜਾ ਸਕੇ ਅਤੇ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾ ਸਕੇ।  ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ ਜੋ ਉਸ ਦੇ ਪੁੱਤਰ ਕੋਲ ਹੈ, ਤੁਹਾਡੇ ਦਿਲਾਂ ਵਿਚ ਪਾਈ ਹੈ ਅਤੇ ਇਹ ਸ਼ਕਤੀ ਤੁਹਾਨੂੰ “ਅੱਬਾ, ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।  ਇਸ ਲਈ ਹੁਣ ਤੁਸੀਂ ਗ਼ੁਲਾਮ ਨਹੀਂ ਰਹੇ, ਸਗੋਂ ਪੁੱਤਰ ਹੋ; ਅਤੇ ਜੇ ਤੁਸੀਂ ਪੁੱਤਰ ਹੋ, ਤਾਂ ਫਿਰ ਪਰਮੇਸ਼ੁਰ ਨੇ ਤੁਹਾਨੂੰ ਵਾਰਸ ਵੀ ਬਣਾਇਆ ਹੈ।  ਪਰ ਜਦੋਂ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ, ਉਦੋਂ ਤੁਸੀਂ ਉਨ੍ਹਾਂ ਦੇ ਗ਼ੁਲਾਮ ਸੀ ਜੋ ਅਸਲ ਵਿਚ ਪਰਮੇਸ਼ੁਰ ਨਹੀਂ ਹਨ।  ਹੁਣ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ, ਜਾਂ ਕਹਿ ਲਓ ਕਿ ਪਰਮੇਸ਼ੁਰ ਤੁਹਾਨੂੰ ਜਾਣਦਾ ਹੈ, ਤਾਂ ਫਿਰ ਤੁਸੀਂ ਬੇਕਾਰ ਤੇ ਫਜ਼ੂਲ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਕਿਉਂ ਜਾ ਰਹੇ ਹੋ ਅਤੇ ਦੁਬਾਰਾ ਉਨ੍ਹਾਂ ਦੀ ਗ਼ੁਲਾਮੀ ਕਿਉਂ ਕਰਨੀ ਚਾਹੁੰਦੇ ਹੋ? 10  ਹਾਂ, ਤੁਸੀਂ ਬੜੇ ਧਿਆਨ ਨਾਲ ਖ਼ਾਸ ਦਿਨ, ਮਹੀਨੇ, ਸਮੇਂ* ਅਤੇ ਸਾਲ ਮਨਾਉਂਦੇ ਹੋ। 11  ਮੈਨੂੰ ਡਰ ਹੈ ਕਿ ਮੈਂ ਤੁਹਾਡੇ ਲਈ ਜੋ ਮਿਹਨਤ ਕੀਤੀ ਹੈ, ਉਹ ਕਿਤੇ ਬੇਕਾਰ ਨਾ ਚਲੀ ਜਾਵੇ। 12  ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ ਕਿਉਂਕਿ ਪਹਿਲਾਂ ਮੈਂ ਵੀ ਤੁਹਾਡੇ ਵਾਂਗ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀਆਂ ਗੱਲਾਂ ’ਤੇ ਚੱਲਦਾ ਸੀ। ਤੁਸੀਂ ਮੇਰੇ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ। 13  ਪਰ ਤੁਸੀਂ ਜਾਣਦੇ ਹੋ ਕਿ ਮੇਰੀ ਬੀਮਾਰੀ ਕਰਕੇ ਮੈਨੂੰ ਪਹਿਲੀ ਵਾਰ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ। 14  ਅਤੇ ਬੇਸ਼ੱਕ ਮੇਰੀ ਬੀਮਾਰੀ ਤੁਹਾਡੇ ਲਈ ਅਜ਼ਮਾਇਸ਼ ਸੀ, ਫਿਰ ਵੀ ਤੁਸੀਂ ਮੇਰੇ ਨਾਲ ਘਿਰਣਾ ਨਹੀਂ ਕੀਤੀ ਜਾਂ ਮੇਰੇ ਮੂੰਹ ’ਤੇ ਨਹੀਂ ਥੁੱਕਿਆ; ਪਰ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਵੇਂ ਮੈਂ ਪਰਮੇਸ਼ੁਰ ਦਾ ਇਕ ਦੂਤ ਹੋਵਾਂ ਜਾਂ ਆਪ ਮਸੀਹ ਯਿਸੂ ਹੋਵਾਂ। 15  ਤਾਂ ਫਿਰ, ਤੁਹਾਡੀ ਉਹ ਖ਼ੁਸ਼ੀ ਕਿੱਥੇ ਗਈ? ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜੇ ਮੁਮਕਿਨ ਹੁੰਦਾ, ਤਾਂ ਤੁਸੀਂ ਆਪਣੀਆਂ ਅੱਖਾਂ ਕੱਢ ਕੇ ਮੈਨੂੰ ਦੇ ਦੇਣੀਆਂ ਸਨ। 16  ਤਾਂ ਫਿਰ, ਕੀ ਮੈਂ ਇਸ ਲਈ ਤੁਹਾਡਾ ਦੁਸ਼ਮਣ ਬਣ ਗਿਆ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਦਾ ਹਾਂ? 17  ਕੁਝ ਲੋਕ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਦਾ ਇਰਾਦਾ ਨੇਕ ਨਹੀਂ ਹੈ। ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨਾ ਚਾਹੁੰਦੇ ਹਨ, ਤਾਂਕਿ ਤੁਸੀਂ ਬੜੇ ਜੋਸ਼ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਜਾਓ। 18  ਪਰ ਮੇਰੇ ਪਿਆਰੇ ਬੱਚਿਓ, ਜੇ ਕੋਈ ਇਨਸਾਨ ਹਰ ਵੇਲੇ ਨੇਕ ਇਰਾਦੇ ਨਾਲ ਤੁਹਾਨੂੰ ਆਪਣੇ ਵੱਲ ਖਿੱਚਣਾ ਚਾਹੇ, ਨਾ ਸਿਰਫ਼ ਉਦੋਂ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਇਹ ਤੁਹਾਡੇ ਲਈ ਚੰਗੀ ਗੱਲ ਹੈ। 19  ਮੈਂ ਤੁਹਾਡੇ ਲਈ ਫਿਰ ਤੋਂ ਜਣਨ-ਪੀੜਾਂ ਸਹਿ ਰਿਹਾ ਹਾਂ ਅਤੇ ਉਦੋਂ ਤਕ ਸਹਿੰਦਾ ਰਹਾਂਗਾ ਜਦ ਤਕ ਤੁਸੀਂ ਮਸੀਹ ਵਰਗੇ ਨਹੀਂ ਬਣ ਜਾਂਦੇ। 20  ਕਾਸ਼ ਮੈਂ ਤੁਹਾਡੇ ਕੋਲ ਹੁੰਦਾ ਅਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਨੂੰ ਕਿਵੇਂ ਸਮਝਾਵਾਂ। 21  ਮੈਨੂੰ ਦੱਸੋ, ਤੁਸੀਂ ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹੋਣਾ ਚਾਹੁੰਦੇ ਹੋ, ਕੀ ਤੁਸੀਂ ਸੁਣਿਆ ਨਹੀਂ ਕਿ ਮੂਸਾ ਦਾ ਕਾਨੂੰਨ ਕੀ ਕਹਿੰਦਾ ਹੈ? 22  ਮਿਸਾਲ ਲਈ, ਧਰਮ-ਗ੍ਰੰਥ ਵਿਚ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇਕ ਗ਼ੁਲਾਮ ਤੀਵੀਂ ਤੋਂ ਅਤੇ ਦੂਜਾ ਆਜ਼ਾਦ ਤੀਵੀਂ ਤੋਂ; 23  ਜਿਹੜਾ ਗ਼ੁਲਾਮ ਤੀਵੀਂ ਤੋਂ ਸੀ, ਉਹ ਕੁਦਰਤੀ ਤਰੀਕੇ ਨਾਲ ਪੈਦਾ ਹੋਇਆ ਸੀ, ਪਰ ਜਿਹੜਾ ਆਜ਼ਾਦ ਤੀਵੀਂ ਤੋਂ ਸੀ, ਉਹ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਪੈਦਾ ਹੋਇਆ ਸੀ। 24  ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ ਉੱਤੇ ਕੀਤਾ ਗਿਆ ਸੀ ਅਤੇ ਇਸ ਇਕਰਾਰ ਦੇ ਅਧੀਨ ਗ਼ੁਲਾਮੀ ਦੇ ਬੱਚੇ ਪੈਦਾ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ। 25  ਹਾਜਰਾ ਅਰਬ ਦੇ ਸੀਨਈ ਪਹਾੜ ਨੂੰ ਦਰਸਾਉਂਦੀ ਹੈ ਅਤੇ ਉਹ ਅੱਜ ਦੇ ਯਰੂਸ਼ਲਮ ਦੇ ਸਮਾਨ ਹੈ ਕਿਉਂਕਿ ਉਹ ਅਤੇ ਉਸ ਦੇ ਬੱਚੇ ਗ਼ੁਲਾਮੀ ਵਿਚ ਹਨ। 26  ਪਰ ਇਸ ਤੋਂ ਉਲਟ ਸਵਰਗੀ ­ਯਰੂਸ਼ਲਮ ਆਜ਼ਾਦ ਤੀਵੀਂ ਹੈ ਅਤੇ ਇਹ ਸਾਡੀ ਮਾਂ ਹੈ। 27  ਧਰਮ-ਗ੍ਰੰਥ ਵਿਚ ਲਿਖਿਆ ਹੈ: “ਖ਼ੁਸ਼ੀਆਂ ਮਨਾ, ਤੂੰ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ; ਅਤੇ ਤੂੰ ਜਿਸ ਨੂੰ ਜਣਨ-ਪੀੜਾਂ ਨਹੀਂ ਲੱਗੀਆਂ, ਉੱਚੀ ਆਵਾਜ਼ ਵਿਚ ਖ਼ੁਸ਼ੀਆਂ ਮਨਾ; ਕਿਉਂਕਿ ਛੁੱਟੜ ਤੀਵੀਂ ਦੇ ਉਸ ਤੀਵੀਂ ਨਾਲੋਂ ਜ਼ਿਆਦਾ ਬੱਚੇ ਹੋਣਗੇ ਜਿਸ ਦਾ ਪਤੀ ਹੈ।” 28  ਭਰਾਵੋ, ਇਸਹਾਕ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹਾਂ। 29  ਪਰ ਜਿਵੇਂ ਕੁਦਰਤੀ ਤੌਰ ਤੇ ਪੈਦਾ ਹੋਇਆ ਪੁੱਤਰ, ਉਦੋਂ ਉਸ ਪੁੱਤਰ ਨੂੰ ਸਤਾਉਣ ਲੱਗ ਪਿਆ ਜਿਸ ਦਾ ਜਨਮ ਪਵਿੱਤਰ ਸ਼ਕਤੀ ਰਾਹੀਂ ਹੋਇਆ ਸੀ, ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ। 30  ਪਰ ਧਰਮ-ਗ੍ਰੰਥ ਵਿਚ ਕੀ ਲਿਖਿਆ ਗਿਆ ਹੈ? “ਗ਼ੁਲਾਮ ਤੀਵੀਂ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢ ਦੇ ਕਿਉਂਕਿ ਗ਼ੁਲਾਮ ਤੀਵੀਂ ਦਾ ਪੁੱਤਰ ਆਜ਼ਾਦ ਤੀਵੀਂ ਦੇ ਪੁੱਤਰ ਨਾਲ ਹਰਗਿਜ਼ ਵਾਰਸ ਨਹੀਂ ਬਣੇਗਾ।” 31  ਸੋ ਭਰਾਵੋ, ਅਸੀਂ ਗ਼ੁਲਾਮ ਤੀਵੀਂ ਦੇ ਬੱਚੇ ਨਹੀਂ ਹਾਂ, ਸਗੋਂ ਅਸੀਂ ਆਜ਼ਾਦ ਤੀਵੀਂ ਦੇ ਬੱਚੇ ਹਾਂ।

ਫੁਟਨੋਟ

ਯਾਨੀ, ਜਿਹੜੇ ਸਮੇਂ ਤਿਉਹਾਰਾਂ ਵਾਸਤੇ ਰੱਖੇ ਹੁੰਦੇ ਸਨ।