ਇਬਰਾਨੀਆਂ 4:1-16

4  ਉਸ ਦੇ ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ, ਇਸ ਲਈ ਆਓ ਆਪਾਂ ਖ਼ਬਰਦਾਰ ਰਹੀਏ ਕਿ ਸਾਡੇ ਵਿੱਚੋਂ ਕੋਈ ਵੀ ਇਸ ਆਰਾਮ ਦੀ ਜਗ੍ਹਾ ਵਿਚ ਵੜਨ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਰਕੇ ਅਯੋਗ ਨਾ ਠਹਿਰਾਇਆ ਜਾਵੇ।  ਕਿਉਂਕਿ ਸਾਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਜਿਵੇਂ ਸਾਡੇ ਪਿਉ-ਦਾਦਿਆਂ ਨੂੰ ਸੁਣਾਈ ਗਈ ਸੀ; ਪਰ ਉਨ੍ਹਾਂ ਨੂੰ ਸੁਣੇ ਬਚਨ ਤੋਂ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਂਗ ਨਿਹਚਾ ਨਹੀਂ ਕੀਤੀ ਜਿਨ੍ਹਾਂ ਨੇ ਬਚਨ ਸੁਣ ਕੇ ਆਗਿਆਕਾਰੀ ਕੀਤੀ ਸੀ।  ਅਸੀਂ ਜਿਨ੍ਹਾਂ ਨੇ ਨਿਹਚਾ ਕੀਤੀ ਹੈ ਇਸ ਆਰਾਮ ਵਿਚ ਸ਼ਾਮਲ ਹੁੰਦੇ ਹਾਂ, ਪਰ ਅਣਆਗਿਆਕਾਰ ਲੋਕਾਂ ਬਾਰੇ ਉਸ ਨੇ ਕਿਹਾ ਸੀ: “ਸੋ ਮੈਂ ਗੁੱਸੇ ਵਿਚ ਕਸਮ ਖਾਧੀ, ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ,’” ਭਾਵੇਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਉਸ ਦੇ ਕੰਮ ਪੂਰੇ ਹੋ ਗਏ ਸਨ।  ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਉਸ ਨੇ ਸੱਤਵੇਂ ਦਿਨ ਬਾਰੇ ਇਸ ਤਰ੍ਹਾਂ ਕਿਹਾ ਹੈ: “ਅਤੇ ਪਰਮੇਸ਼ੁਰ ਨੇ ਆਪਣੇ ਸਾਰੇ ਕੰਮਾਂ ਤੋਂ ਸੱਤਵੇਂ ਦਿਨ ਆਰਾਮ ਕੀਤਾ,”  ਅਤੇ ਉਹ ਇੱਥੇ ਵੀ ਦੁਬਾਰਾ ਕਹਿੰਦਾ ਹੈ: “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”  ਜਿਨ੍ਹਾਂ ਨੂੰ ਪਹਿਲਾਂ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਉਹ ਆਪਣੀ ਅਣਆਗਿਆਕਾਰੀ ਕਰਕੇ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ। ਪਰ ਕੁਝ ਲੋਕਾਂ ਲਈ ਉਸ ਦੇ ਆਰਾਮ ਵਿਚ ਸ਼ਾਮਲ ਹੋਣਾ ਅਜੇ ਵੀ ਮੁਮਕਿਨ ਹੈ।  ਇਸ ਲਈ ਉਸ ਨੇ ਲੰਬੇ ਸਮੇਂ ਬਾਅਦ ਦਾਊਦ ਦੇ ਜ਼ਬੂਰ ਵਿਚ “ਅੱਜ” ਕਹਿ ਕੇ ਦਿਖਾਇਆ ਕਿ ਉਸ ਨੇ ਦੁਬਾਰਾ ਇਕ ਖ਼ਾਸ ਦਿਨ ਠਹਿਰਾਇਆ ਹੈ; ਠੀਕ ਜਿਵੇਂ ਉੱਪਰ ਕਿਹਾ ਗਿਆ ਹੈ: “ਅੱਜ ਜਦੋਂ ਤੁਸੀਂ ਮੇਰੀ ਆਵਾਜ਼ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”  ਕਿਉਂਕਿ ਜੇ ਯਹੋਸ਼ੁਆ ਉਨ੍ਹਾਂ ਨੂੰ ਆਰਾਮ ਵਾਲੀ ਜਗ੍ਹਾ ਲੈ ਕੇ ਗਿਆ ਹੁੰਦਾ, ਤਾਂ ਪਰਮੇਸ਼ੁਰ ਨੇ ਬਾਅਦ ਵਿਚ ਇਕ ਹੋਰ ਦਿਨ ਬਾਰੇ ਗੱਲ ਨਹੀਂ ਕਰਨੀ ਸੀ।  ਸੋ ਪਰਮੇਸ਼ੁਰ ਦੇ ਲੋਕਾਂ ਲਈ ਸਬਤ ਦੇ ਦਿਨ ਵਾਂਗ ਆਰਾਮ ਦਾ ਦਿਨ ਅਜੇ ਵੀ ਹੈ। 10  ਜਿਹੜਾ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਇਆ ਹੈ, ਉਸ ਨੇ ਆਪਣੇ ਕੰਮਾਂ ਤੋਂ ਵੀ ਆਰਾਮ ਕੀਤਾ ਹੈ, ਜਿਵੇਂ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ। 11  ਇਸ ਲਈ, ਆਓ ਆਪਾਂ ਇਸ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੀਏ, ਤਾਂਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੀ ਅਣਆਗਿਆਕਾਰੀ ਦੀ ਮਿਸਾਲ ਉੱਤੇ ਨਾ ਚੱਲੇ। 12  ਕਿਉਂਕਿ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ ਅਤੇ ਜਿਵੇਂ ਤਿੱਖੀ ਤਲਵਾਰ ਹੱਡੀਆਂ ਨੂੰ ਗੁੱਦੇ ਤਕ ਆਰ-ਪਾਰ ਵੱਢਦੀ ਹੈ, ਉਸੇ ਤਰ੍ਹਾਂ ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ। 13  ਅਤੇ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ ਹੈ, ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਹੈ ਅਤੇ ਉਹ ਸਭ ਕੁਝ ਦੇਖ ਸਕਦਾ ਹੈ ਅਤੇ ਅਸੀਂ ਉਸ ਨੂੰ ਲੇਖਾ ਦੇਣਾ ਹੈ। 14  ਪਰਮੇਸ਼ੁਰ ਦਾ ਪੁੱਤਰ ਯਿਸੂ ਸਾਡਾ ਉੱਤਮ ਮਹਾਂ ਪੁਜਾਰੀ ਹੈ ਜਿਹੜਾ ਸਵਰਗ ਨੂੰ ਗਿਆ, ਇਸ ਲਈ ਆਓ ਆਪਾਂ ਉਸ ਉੱਤੇ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਰਹੀਏ। 15  ਸਾਡਾ ਮਹਾਂ ਪੁਜਾਰੀ ਇਹੋ ਜਿਹਾ ਨਹੀਂ ਹੈ ਕਿ ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝ ਨਾ ਸਕੇ, ਸਗੋਂ ਉਸ ਨੂੰ ਸਾਡੇ ਵਾਂਗ ਹਰ ਤਰ੍ਹਾਂ ਪਰਖਿਆ ਗਿਆ ਹੈ, ਪਰ ਉਹ ਪਾਪ ਤੋਂ ਰਹਿਤ ਹੈ। 16  ਇਸ ਲਈ ਆਓ ਆਪਾਂ ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਆਈਏ ਅਤੇ ਉਸ ਨੂੰ ਬੇਝਿਜਕ ਹੋ ਕੇ ਪ੍ਰਾਰਥਨਾ ਕਰੀਏ ਕਿ ਜਦੋਂ ਸਾਨੂੰ ਮਦਦ ਦੀ ਲੋੜ ਹੋਵੇ, ਤਾਂ ਉਹ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।

ਫੁਟਨੋਟ

ਮੱਤੀ 13:35, ਫੁਟਨੋਟ ਦੇਖੋ।